ਖ਼ਬਰਾਂ

ਸ਼੍ਰੋਮਣੀ ਅਕਾਲੀ ਦਲ ਵਲੋਂ ਝੋਨੇ ਦੀ ਖਰੀਦ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜਾਹਰਾ

ਸ਼੍ਰੋਮਣੀ ਅਕਾਲੀ ਦਲ ਵਲੋਂ ਝੋਨੇ ਦੀ ਖਰੀਦ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜਾਹਰਾ 
ਮੋਗਾ, 6 ਨਵੰਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) :  ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਮੋਗਾ ਦੀ ਸਮੁੱਚੀ ਲੀਡਰਸ਼ਿਪ ਵਲੋਂ ਝੋਨੇ ਦੀ ਖਰੀਦ ਦੇ ਮਾੜੇ ਪ੍ਰਬੰਧਾਂ, ਕਿਸਾਨਾਂ ਦੀ ਕੱਟ ਲਗਾ ਕੇ ਕੀਤੀ ਜਾ  ਰਹੀ ਕਥਿਤ ਲੁੱਟ, ਡੀ. ਏ. ਪੀ. ਖਾਦ ਦੀ  ਘਾਟ ਅਤੇ ਕਾਲਾਬਜਾਰੀ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੀਤਾ ਗਿਆ ਜਿਸ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਕਿਸਾਨਾਂ ਦੇ ਹੱਕ ਵਿੱਚ ਖੜਦਿਆਂ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ,ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ,ਰਾਜਿੰਦਰ ਸਿੰਘ ਡੱਲਾ ,ਦੇਵਿੰਦਰ ਸਿੰਘ ਰਣੀਆ, ਰਾਜਵਿੰਦਰ ਸਿੰਘ ਧਰਮਕੋਟ ,ਰਾਜਵੰਤ ਸਿੰਘ ਮਾਹਲਾ,ਜਗਦੀਸ਼ ਛਾਬੜਾ,  ਆਦਿ ਆਗੂਆਂ ਨੇ ਆਖਿਆ ਕਿ ਕਿਸਾਨੀ ਸਭ ਤੋਂ ਔਖੇ ਦੌਰ ਵਿਚੋਂ ਗੁਜ਼ਰ ਰਹੀ ਹੈ। ਧਰਨੇ ਵਿਚ ਗੁਰਬਿੰਦ ਸਿੰਘ ਸਿੰਘ ਵਾਲਾ ,ਜੌਨੀ ਗਿੱਲ ,ਰਾਵਦੀਪ ਸੰਘਾ,ਬਿਪਨਪਾਲ ਖੋਸਾ ,ਗੁਰਪ੍ਰੀਤ ਧੱਲੇਕੇ ,ਹਰਜਿੰਦਰ ਅਨਟੂ,ਬਲਜੀਤ ਜੱਸ ਮਾਂਗੇਵਾਲ ਅਤੇ ਵਰਕਰ ਹਾਜ਼ਿਰ ਸਨ।  ਧਰਨੇ ਉਪਰੰਤ ਸਮੂਹ ਆਗੂਆਂ ਅਤੇ ਵਰਕਰਾਂ ਨੇ ਰਾਜਪਾਲ ਪੰਜਾਬ , ਦੇ ਨਾਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਨੂੰ  ਮੈਮੋਰੰਡਮ ਸੌਂਪਿਆ ।
  

ਵਿਸ਼ਵਕਰਮਾ ਦਿਵਸ ਮੌਕੇ ਵੱਖ ਵੱਖ ਸਿਆਸੀ ਸ਼ਖ਼ਸੀਅਤਾਂ ਨੇ ਕੀਤੇ ਸ਼ਰਧਾ ਸੁਮਨ ਭੇਟ

   -----* ਸ੍ਰੀ ਗੁਰੂ ਗਰੰਥ ਸਾਹਿਬ ਜੀਦੇ ਭੋਗ ਉਪਰੰਤ ਸਜਿਆ  ਕੀਰਤਨ ਤੇ ਢਾਡੀ ਦਰਬਾਰ  -----            

   *ਪੰਜਾਬ ਸਰਕਾਰ ਤੋੱ ਰਾਮਗੜੀਆ ਭਾਈਚਾਰੇ ਦੀਆਂ ਮੰਗਾਂ ਮੰਨਜੂਰ ਕਰਵਾਈਆਂ ਜਾਣਗੀਆਂ- ਅਮਨਦੀਪ ਅਰੋੜਾ--------

 ਮੋਗਾ, 2 ਨਵੰਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਵਿਸ਼ਵਕਰਮਾ ਭਵਨ ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸ੍ਰਿਸ਼ਟੀ ਤੇ ਕਲਾ ਦੇ ਨਿਰਮਾਤਾ ਸ੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਨ  ਸਮੂਹ ਜੱਥੇਬੰਦੀਆਂ ਦੇ ਸਹਿਯੋਗ ਨਾਲ  ਮਨਾਇਆ ਗਿਆ। ਸ੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ  ਭਾਈ ਪਰਮਜੀਤ ਸਿੰਘ ਦੇ ਰਾਗੀ ਜੱਥੇ ਅਤੇ ਸੁਖਮਨੀ ਸਾਹਿਬ ਸੁਸਾਇਟੀ ਜੱਥਾ ਬੀਬੀਆਂ ਵਲੋੰ ਕੀਰਤਨ ਤੇ ਬਲਕਰਨ ਸਿੰਘ ਬਾਜ਼ ਦੇ ਢਾਡੀ ਜੱਥੇ ਨੇ ਵਿਸ਼ਵਕਰਮਾਂ ਦੀ ਮਹਿਮਾਂ ਬਾਰੇ ਢਾਡੀ ਵਾਰਾਂ ਪੇਸ ਕੀਤੀਆਂ।  ਸਮਾਗਮ ਵਿਚ ਮੁੱਖ ਮਹਿਮਾਨ ਵਜੋੰ ਡਾਕਟਰ ਅਮਨਦੀਪ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਵਲੋੰ ਸਮੂਹ ਸੰਗਤਾਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਰਾਮਗੜੀਆ ਵੈਲਫੇਅਰ ਸੁਸਾਇਟੀ ਵਲੋੰ ਪੇਸ ਕੀਤੇ ਮਾਨਪੱਤਰ ਵਿਚ ਰੱਖੀਆਂ ਮੰਗਾਂ ਪੰਜਾਬ ਸਰਕਾਰ ਤੋੰ ਪਹਿਲ ਦੇ  ਅਧਾਰ ਤੇ ਪੂਰੀਆਂ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਵਿਸ਼ਵਕਰਮਾ ਵੰਸੀਆਂ ਨੂੰ ਸਮਾਜਿਕ ਭਾਈਚਾਰੇ ਤੇ ਏਕਤਾ ਲਈ ਮਿਲਕੇ ਕੰਮ ਕਰਨ ਦੀ ਲੋੜ ਹੈ।ਉਹਨਾਂ ਸਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਰਾਮਗੜੀਆ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਮੋਗਾ ਸ਼ਹਿਰ ਵਿਚੋ ਸੜਕ ਨਿਕਲਣ ਨਾਲ ਉਦਯੋਗਿਕ ਇਕਾਈਆਂ ਤੇ ਬਾਡੀ ਮੇਕਰ ਉਦਯੋਗ ਪਰਵਾਵਿਤ ਹੋਏ ਹਨ ਜਿਸ ਕਰਕੇ ਨਵੇ ਟਰਂਸਪੋਰਟ ਨਗਰ ਦੀ ਲੋੜ ਹੈ। ਮੰਗ ਪੱਤਰ ਵਿਚ ਪੱਛੜੀਆਂ ਸ੍ਰੇਣੀਆਂ ਦੇ ਕਮਿਸ਼ਨ ਦੇ ਚੇਅਰਮੈਨ ਤੇ ਮੈਬਰਾਂ ਦੀ ਨਿਯੁਕਤੀ, ਪੱਛੜੀਆਂ ਸ੍ਰੇਣੀਆਂ ਲਈ ਮੰਡਲ ਕਮਿਸ਼ਨ ਦੀ ਸਿਫਾਰਸਾਂ ਲਾਗੂ ਕਰਨ, ਬੈਕਵਰਡ ਕਲਾਸ ਖਤਮ ਕਰਕੇ ਪੱਛੜੀਆਂ ਸ੍ਰੇਣੀਆਂ ਰੱਖਿਆ ਜਾਵੇ ਤਾਂ ਜੋ ਸਾਰੇ ਨੂੰ ਜਾਤੀ ਸਰਟੀਫਿਕੇਟ ਬਣਾ ਕੇ ਸਹੂਲਤਾਂ ਲੈ ਸਕਣ।  ਇਸ ਮੌਕੇ  ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ, ਡਾਕਟਰ ਹਰਜੋਤ ਕਮਲ ਸਾਬਕਾ ਵਿਧਾਇਕ, ਸ੍ਰੀ ਵਿਜੈ ਸਾਥੀ ਸਾਬਕਾ ਵਿਧਾਇਕ, ਮ ਚੰਦ ਚੱਕੀਵਾਲਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਸ ਨਿਧੱੜਕ ਸਿੰਘ ਬਰਾੜ, ਸਾਬਕਾ ਸੂਚਨਾ ਕਮਿਸ਼ਨਰ, ਰਣਵਿੰਦਰ ਸਿੰਘ ਪੱਪੂ ਰਾਂਮੂਵਾਲੀਆ,ਪ੍ਰੇ ਕੁਲਵੰਤ ਸਿੰਘ ਰਾਮਗੜੀਆ,ਕੁਲਵੰਤ ਸਿੰਘ ਰਿੱਚੀ ਨੂੰ ਸੰਬੋਧਨ ਕਰਨ ਉਪਰੰਤ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਚਰਨਜੀਤ ਸਿੰਘ ਝੰਡੇਆਣਾ ਨੇ ਕਰਦਿਆਂ ਸਿੱਖ ਇਤਿਹਾਸ ਤੇ ਚਾਨਣਾ ਪਾਇਆ। ਇਸ ਮੌਕੇ ਰਾਜਿੰਦਰ ਸਿੰਘ ਡੱਲਾ ,ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਨਚਾਰਜ ਸ੍ਰੋਮਣੀ ਅਕਾਲੀਦਲ, ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕਿਟ ਕਮੇਟੀ ਅਤੇ ਮਨਜੀਤ ਸਿੰਘ ਧੰਮੂ ਨਗਰ ਕੌਸ਼ਲਰ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋ ਲੈਬਾਰਟਰੀ ਵਿਚ ਮੁਫਤ ਟੈਸਟ ਕਰਨ ਲਈ 65 ਵਿਅਕਤੀਆਂ ਪਰਚੀਆਂ ਵੰਡੀਆਂ ਗਈਆਂ।  ਸ ਹਰਮੇਲ ਸਿੰਘ ਡਰੋਲੀ ਪ੍ਰਧਾਨ ਨੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਕਰਮਾ ਦਿਵਸ਼ ਦੀ ਵਧਾਈ ਦਿੱਤੀ। ਇਸ ਮੌਕੇ ਅਤੁੱਟ ਲੰਗਰ  ਵਰਤਾਇਆ ਗਿਆ। ਇਸ ਮੌਕੇ ਜੋਗਿੰਦਰ ਸਿੰਘ ਕੋਕਰੀ ਦੀ ਟੀਮ ਨੇ ਲੰਗਰ ਅਤੇ ਖਾਲਸਾ ਸੇਵਾ ਸੁਸਾਇਟੀ ਨੇ ਜੋੜਿਆਂ ਦੀ ਸੇਵਾ ਨਿਭਾਈ।ਇਸ ਤੋੰ ਇਲਾਵਾ ਸੋਹਣ ਸਿੰਘ ਸੱਗੂ, ਮਾਸਟਰ ਇੰਦਰਜੀਤ ਸਿੰਘ, ਗੁਰਦਰਸ਼ਨ ਸਿੰਘ, ਚਰਨਜੀਤ ਸਿੰਘ ਹੈਪੀ, ਮਹਿੰਦਰ ਸਿੱਘ ਕਲਸੀ, ਗੁਰਨਾਮ ਸਿੰਘ ਲੱਵਲੀ, ਗੁਰਸੇਵਕ ਸਿੰਘ ਸੰਨਿਆਸੀ, ਤੇਜਿੰਦਰ ਸਿੰਘ ਜ਼ਸਨ ਸਟੇਟ ਆਵਾਰਡੀ,ਹਰਦੇਵ ਸਿੰਘ ਦੇਵ, ਗੁਰਪ੍ਰੀਤਮ ਸਿੰਘ ਚੀਮਾ,ਸਵਰਨ ਸਿੰਘ ਆਰੇਵਾਲੇ, ਬਚਿੱਤਰ ਸਿੰਘ ਕਲਸੀ, ਰਣਜੀਤ ਸਿੰਘ ਮਾਲਵਾ, ਪ੍ਰੀਤਮ ਸਿੰਘ ਆਰੇਵਾਲੇ,ਪਿ੍ੰਸੀਪਲ ਦਰਸ਼ਨ ਸਿੰਘ, ਮੁਖਤਿਆਰ ਸਿੰਘ ਮਾਧੋ, ਰਣਜੀਤ ਸਿੰਘ ਸੋਹਲ,ਸੁਰਿੰਦਰਪਾਲ ਸਿੰਘ ਇੰਨਚਾਰਜ ਸਬ ਆਫਿਸ ਅਜੀਤ ਤੇ ਜਸਪਾਲ ਬੱਬੀ,ਦਰਸ਼ਨ ਸਿੰਘ ਵਿਰਦੀ, ਹਾਕਮ ਸਿੰਘ ਖੋਸਾ ਨੇ ਵੀ ਸੇਵਾਂਵਾ ਨਿਭਾਈਆਂ।

'ਆਪ' ਆਗੂਆਂ ਨੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਚੰਡੀਗੜ੍ਹ 'ਚ ਕੀਤਾ ਵੱਡਾ ਪ੍ਰਦਰਸ਼ਨ

 ਚੰਡੀਗੜ੍ਹ, 30 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) :

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੀ ਸਮੱਸਿਆ ਅਤੇ ਪੁਰਾਣੇ ਅਨਾਜ ਦੀ ਧੀਮੀ ਲਿਫਟਿੰਗ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ। 

ਚੰਡੀਗੜ੍ਹ 'ਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ 'ਆਪ' ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਰੋਕਣ ਲਈ ਉਨ੍ਹਾਂ 'ਤੇ ਜਲ ਤੋਪਾਂ ਦੀ ਵਰਖਾ ਕੀਤੀ।  ‘ਆਪ’ ਆਗੂਆਂ ਦੀ ਪੁਲੀਸ ਨਾਲ ਹੱਥੋਪਾਈ ਅਤੇ ਝੜਪਾਂ ਵੀ ਹੋਈਆਂ।  ਝੜਪ ਦੌਰਾਨ ਮੰਤਰੀ ਹਰਜੋਤ ਬੈਂਸ ਦੀ ਪੱਗ ਉਤਰ ਗਈ, ਜਿਸ ਕਾਰਨ ਵਿਵਾਦ ਹੋਰ ਵਧ ਗਿਆ।  ਇਸ ਦੇ ਵਿਰੋਧ ਵਿੱਚ ‘ਆਪ’ ਆਗੂਆਂ ਨੇ ਚੰਡੀਗੜ੍ਹ ਪੁਲੀਸ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ਵਿੱਚ ‘ਆਪ’ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ.ਟੀ.ਓ., ਤਰੁਣ ਪ੍ਰੀਤ ਸਿੰਘ ਸੌਂਧ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਡਾ. ਰਵਜੋਤ ਸਿੰਘ, ਹਰਦੀਪ ਸਿੰਘ ਮੁੰਡੀਆ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ, ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਰਣਬੀਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸੁੱਖੀ, ਨਰਿੰਦਰ ਕੌਰ ਭਾਰਜ, ਦਿਨੇਸ਼ ਚੱਢਾ, ਚਰਨਜੀਤ ਸਿੰਘ ਚੰਨੀ, ਇੰਦਰਬੀਰ ਸਿੰਘ ਨਿੱਝਰ, ਬਲਕਾਰ ਸਿੰਘ, ਰੁਪਿੰਦਰ ਸਿੰਘ ਹੈਪੀ, ਜਮੀਲ-ਉਰ-ਰਹਿਮਾਨ, ਸੰਤੋਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, 'ਆਪ' ਆਗੂ ਪਵਨ ਟੀਨੂੰ, ਸੰਨੀ ਆਹਲੂਵਾਲੀਆ, ਪਰਮਿੰਦਰ ਗੋਲਡੀ, ਪ੍ਰਭਜੋਤ ਕੌਰ ਅਤੇ ਹੋਰ ਅਹੁਦੇਦਾਰਾਂ ਸਮੇਤ ਸੈਂਕੜੇ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।

ਧਰਨੇ ਦੌਰਾਨ ‘ਆਪ’ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਹਰ ਸਾਲ ਅਕਤੂਬਰ ਮਹੀਨੇ ਝੋਨਾ ਮੰਡੀਆਂ ਵਿੱਚ ਆ ਜਾਂਦਾ ਹੈ ਪਰ ਇਸ ਵਾਰ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਲਿਫਟਿੰਗ ਨਹੀਂ ਕਰਵਾਈ। ਹੁਣ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗੇ ਹੋਏ ਹਨ। ਕਿਸਾਨ, ਆੜ੍ਹਤੀਆਂ, ਸ਼ੈਲਰ ਮਾਲਕ ਅਤੇ ਮਜ਼ਦੂਰ ਸਭ ਪ੍ਰੇਸ਼ਾਨ ਹੋ ਰਹੇ ਹਨ ਪਰ ਕੇਂਦਰ ਸਰਕਾਰ ਨਹੀਂ ਸੁਣ ਰਹੀ ਹੈ।

ਈਟੀਓ ਨੇ ਕਿਹਾ ਕਿ ਭਾਜਪਾ ਵਾਲੇ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ।  ਜਦੋਂ ਕਿ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕੇਂਦਰ ਸਰਕਾਰ ਅਤੇ ਉਸ ਦੀ ਸੰਸਥਾ ਐਫ.ਸੀ.ਆਈ. ਹੈ। ਪੰਜਾਬ ਸਰਕਾਰ ਪਿਛਲੇ 7-8 ਮਹੀਨਿਆਂ ਤੋਂ ਲਗਾਤਾਰ ਐਫ.ਸੀ.ਆਈ. ਨੂੰ ਪੱਤਰ ਲਿਖ ਰਹੀ ਸੀ, ਮੁੱਖ ਮੰਤਰੀ ਭਗਵੰਤ ਮਾਨ ਖੁਦ ਕੇਂਦਰੀ ਮੰਤਰੀਆਂ ਨੂੰ ਮਿਲੇ ਪਰ ਕੋਈ ਹੱਲ ਨਹੀਂ ਨਿਕਲਿਆ। 

ਈਟੀਓ ਨੇ ਕਿਹਾ ਕਿ ਸਾਡਾ ਰੋਸ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਖ਼ਿਲਾਫ਼ ਹੈ। ਅਸੀਂ ਕਿਸਾਨਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਾਂਗੇ ਅਤੇ ਸਮੱਸਿਆ ਦਾ ਹੱਲ ਕਰਵਾਵਾਂਗੇ।

‘ਆਪ’ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਇੱਥੇ ਮੰਤਰੀ ਜਾਂ ਵਿਧਾਇਕ ਵਜੋਂ ਨਹੀਂ ਆਇਆ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਆਇਆ ਹਾਂ।  ਅੱਜ ਮੈਂ ਪੰਜਾਬ ਦੇ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਆਇਆ ਹਾਂ।

ਬੈਂਸ ਨੇ ਕਿਹਾ ਕਿ ਮੇਰੇ ਪੁਰਖਿਆਂ ਨੇ ਪੰਜਾਬ ਦੀ ਮਿੱਟੀ ਵਿੱਚ ਆਪਣਾ ਖੂਨ-ਪਸੀਨਾ ਵਹਾ ਕੇ ਜ਼ਮੀਨ ਨੂੰ ਖੇਤੀ ਯੋਗ ਬਣਾਇਆ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਦੇਸ਼ ਭਰ ਵਿੱਚ ਲੋਕ ਦੀਵਾਲੀ ਮਨਾ ਰਹੇ ਹਨ ਪਰ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਸਦਾ ਕਸੂਰ ਇਹ ਹੈ ਕਿ ਉਸਨੇ ਭਾਜਪਾ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜੀ। 

ਉਨ੍ਹਾਂ ਕਿਹਾ ਕਿ ਭਾਜਪਾ ਜਿੰਨੀ ਚਾਹੇ ਜੋਰ ਲਗਾ ਲਵੇ, ਪਰ ਅਸੀਂ ਆਪਣੇ ਕਿਸਾਨਾਂ ਨੂੰ ਪ੍ਰੇਸ਼ਾਨ ਨਹੀਂ ਹੋਣ ਦੇਵਾਂਗੇ। ਪੁਲਿਸ ਨਾਲ ਝੜਪ ਦੌਰਾਨ  ਉਨ੍ਹਾਂ ਦੀ ਪੱਗ ਉਤਰਨ ਤੇ ਬੈਂਸ ਨੇ ਕਿਹਾ ਕਿ ਜੇਕਰ ਉਹ ਮੇਰੇ 'ਤੇ ਵਾਰ ਕਰਦੇ ਤਾਂ ਕੋਈ ਦੁੱਖ ਨਹੀਂ ਹੁੰਦਾ ਪਰ ਮੈਨੂੰ ਬਹੁਤ ਦੁੱਖ ਹੈ ਕਿ ਉਨ੍ਹਾਂ ਨੇ ਮੇਰੀ ਪੱਗ 'ਤੇ ਹਮਲਾ ਕੀਤਾ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ। ਉਨ੍ਹਾਂ ਕਿਹਾ ਸੀ ਕਿ ਧੱਕਾ ਕਰਨਾ ਪਾਪ ਹੈ ਅਤੇ ਬਰਦਾਸ਼ਤ ਕਰਨਾ ਵੀ ਪਾਪ ਹੈ।  ਇਸ ਲਈ ਜਦੋਂ ਤੱਕ ਸਮੱਸਿਆ ਖਤਮ ਨਹੀਂ ਹੁੰਦੀ ਸਾਡਾ ਸੰਘਰਸ਼ ਜਾਰੀ ਰਹੇਗਾ।

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਸਲੂਕ ਇੰਦਰਾ ਗਾਂਧੀ ਨੇ 40 ਸਾਲ ਪਹਿਲਾਂ ਪੰਜਾਬ ਨਾਲ ਕੀਤਾ ਸੀ, ਅੱਜ ਉਹੀ ਵਤੀਰਾ ਨਰਿੰਦਰ ਮੋਦੀ ਅਤੇ ਭਾਜਪਾ ਪੰਜਾਬ ਨਾਲ ਕਰ ਰਹੇ ਹਨ, ਉਨ੍ਹਾਂ ਕਿਹਾ ਕਿ 2022 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਉਹ ਹੋਰ ਵੀ ਜਿਆਦਾ ਪ੍ਰੇਸ਼ਾਨ ਕਰ ਰਹੇ ਹਨ। ਪਿਛਲੀ ਵਾਰ ਸੀਸੀਐਲ ਲਿਮਟ ਜਾਰੀ ਕਰਨ ਵਿੱਚ ਦੇਰੀ ਹੋਈ ਸੀ, ਪਰ ਇਸ ਵਾਰ ਜਾਣਬੁੱਝ ਕੇ ਨਹੀਂ ਚੁੱਕਿਆ ਗਿਆ।  ਅਜੇ ਵੀ ਬਹੁਤ ਧੀਮੀ ਲਿਫਟਿੰਗ ਚੱਲ ਰਹੀ ਹੈ।

ਭੁੱਲਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਜਿਹਾ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤੰਗ ਕਰਨ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਹੈ। ਪਰ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ। ਉਹ ਭਾਜਪਾ ਦੀ ਗੰਦੀ ਰਾਜਨੀਤੀ ਨੂੰ ਸਮਝਦੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ 'ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।  ਉਹ ਖੁਦ ਅਫਸਰਾਂ ਅਤੇ ਪਾਰਟੀ ਵਿਧਾਇਕਾਂ ਅਤੇ ਮੰਤਰੀਆਂ ਤੋਂ ਬਾਜ਼ਾਰਾਂ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਲਗਾਤਾਰ ਜਾਰੀ ਹੈ।  ਪੰਜਾਬ ਸਰਕਾਰ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਅਦਾਇਗੀ ਕਰ ਰਹੀ ਹੈ। ਪੰਜਾਬ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਕੇਂਦਰ ਸਰਕਾਰ ਪ੍ਰੇਸ਼ਾਨ ਕਰਨ 'ਚ ਲੱਗੀ ਹੋਈ ਹੈ।

ਮੰਤਰੀ ਤਰੁਣ ਪ੍ਰੀਤ ਸਿੰਘ ਸੌਂਧ ਨੇ ਚੰਡੀਗੜ੍ਹ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਸਵਾਲ ਕੀਤਾ ਕਿ ਇਹ ਭਾਜਪਾ ਦਾ ਸ਼ਰੇਆਮ ਧੱਕਾ ਹੈ। ਅਸੀਂ ਨਿਹੱਥੇ ਲੋਕ ਹਾਂ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ।  ਇਹ ਸਾਡਾ ਜਮਹੂਰੀ ਹੱਕ ਹੈ। ਫਿਰ ਪੁਲਿਸ ਕਿਸ ਦੇ ਕਹਿਣ 'ਤੇ ਸਾਨੂੰ ਪ੍ਰਦਰਸ਼ਨ ਕਰਨ ਤੋਂ ਰੋਕ ਰਹੀ ਹੈ?

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਹੀ ਖਰਾਬ ਹੈ। ਉਹ ਨਹੀਂ ਚਾਹੁੰਦੀ ਕਿ ਮਸਲਾ ਹੱਲ ਹੋਵੇ। ਜੇਕਰ ਉਹ ਸੱਚਮੁੱਚ ਕੋਈ ਹੱਲ ਚਾਹੁੰਦੀ ਸੀ, ਤਾਂ ਹੁਣ ਤੱਕ ਲਿਫਟਿੰਗ ਹੋ ਚੁੱਕੀ ਹੁੰਦੀ। ਅਸੀਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਹਾਂ। ਜਿੱਥੇ ਵੀ ਸਘੰਰਸ਼ ਕਰਨਾ ਪਵੇ, ਅਸੀਂ ਕਰਾਂਗੇ।

ਦੀਵਾਲੀ ਦੀ ਆੜ੍ਹ ਵਿੱਚ ਪਰਾਲੀ ਜਲਾਉਣ ਵਾਲੇ ਬਖਸ਼ੇ ਨਹੀਂ ਜਾਣਗੇ - ਜ਼ਿਲ੍ਹਾ ਮੈਜਿਸਟ੍ਰੇਟ

ਮੋਗਾ, 30 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) :ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮੁਬਾਰਕਾਂ ਦਿੰਦਿਆਂ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਨੂੰ ਬਚਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਗਰੀਨ ਦੀਵਾਲੀ ਮਨਾਉਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।
ਆਪਣੇ ਸੰਦੇਸ਼ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੇ ਇਸ ਸ਼ੁਭ ਮੌਕੇ 'ਤੇ, ਉਹ ਸਮੂਹ ਜ਼ਿਲ੍ਹਾ ਵਾਸੀਆਂ ਨੂੰ  ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ਇਹ ਖੁਸ਼ੀ ਦਾ ਮੌਕਾ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ, ਖੁਸ਼ਹਾਲੀ ਅਤੇ ਸ਼ਾਂਤੀ ਲੈ ਕੇ ਆਵੇ।
ਉਹਨਾਂ ਕਿਹਾ ਕਿ " ਜਿਵੇਂ ਕਿ ਅਸੀਂ ਇਸ ਤਿਉਹਾਰ ਦੇ ਮੌਸਮ ਨੂੰ ਮਨਾਉਂਦੇ ਹਾਂ, ਮੈਂ ਇਸ ਮੌਕੇ ਨੂੰ ਲੈ ਕੇ ਸਾਰੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕਰਨਾ ਚਾਹਾਂਗਾ, ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ।  ਆਓ ਆਪਾਂ ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ ਅਤੇ ਸਿਹਤਮੰਦ ਵਾਤਾਵਰਣ ਨੂੰ ਬਣਾਈ ਰੱਖਣ ਲਈ ਮਿਲ ਕੇ ਕੰਮ ਕਰੀਏ।"
ਇਸਦੇ ਨਾਲ ਹੀ ਉਹਨਾਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਦੀਵਾਲੀ ਦੀ ਆੜ੍ਹ ਵਿੱਚ ਪਰਾਲੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹਨਾਂ ਸਪੱਸ਼ਟ ਕੀਤਾ ਕਿ ਦੀਵਾਲੀ ਵਾਲੀ ਰਾਤ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਨਿਗਰਾਨੀ ਕੀਤੀ ਜਾਵੇਗੀ। ਜੇਕਰ ਪਰਾਲੀ ਸਾੜਨ ਦੀ ਘਟਨਾ ਸਾਹਮਣੇ ਆਵੇਗੀ ਤਾਂ ਉਸ ਉੱਤੇ ਤੁਰੰਤ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਸਾਨਾਂ, ਯੂਨੀਅਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।

ਮੋਗਾ ਹਲਕੇ ਦੀਆਂ ਮੰਡੀਆਂ ਵਿੱਚ ਪਹਿਲਾਂ ਹੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ: ਵਿਧਾਇਕ ਅਮਨਦੀਪ ਕੌਰ ਅਰੋੜਾ

ਮੋਗਾ, 30 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) :ਮੋਗਾ ਵਿਧਾਨ ਸਭਾ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੇ ਚਾਲੂ ਸੀਜ਼ਨ ਦੌਰਾਨ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ  ਇਸ ਵਿੱਚ ਹੁਣ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਫਸਲਾਂ ਦੇ ਮੰਡੀਕਰਨ ਤੋਂ ਇਲਾਵਾ ਮੋਗਾ ਦੀ ਅਨਾਜ ਮੰਡੀ ਸਮੇਤ ਸਾਰੀਆਂ ਮੰਡੀਆਂ ਵਿੱਚ ਲਿਫਟਿੰਗ ਸਮੇਤ ਹੋਰ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕੁਝ ਥਾਵਾਂ 'ਤੇ ਜਾਣਬੁੱਝ ਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਦਾ ਇਕ-ਇਕ ਦਾਣਾ ਖਰੀਦਣ ਦਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਸਰਕਾਰ ਦੇ ਨੁਮਾਇੰਦੇ ਸਮੁੱਚੇ ਪ੍ਰਬੰਧਾਂ ਨੂੰ ਦੇਖ ਰਹੇ ਹਨ। ਇਸ ਮੌਕੇ ਮੇਅਰ ਬਲਜੀਤ ਸਿੰਘ ਚਾਨੀ, ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਪ੍ਰਧਾਨ ਸੁਖਚੈਨ ਸਿੰਘ ਸੱਦਾ ਸਿੰਘ ਵਾਲਾ, ਗੁਰਲਾਲ ਸਿੰਘ ਸੰਧੂ ਪ੍ਰਧਾਨ ਲਾਈਟ ਟਰੱਕ ਯੂਨੀਅਨ, ਰਿੱਕੀ ਅਰੋੜਾ, ਅਗਿਆਪਾਲ ਸਿੰਘ ਬੁੱਕਣਵਾਲਾ ਪ੍ਰਧਾਨ ਟਰੱਕ ਯੂਨੀਅਨ, ਪੀ.ਏ. ਸੰਨੀ ਗਿੱਲ ਤੇ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ

ਝੋਨੇ ਦੀ ਖਰੀਦ ਵਿੱਚ ਦੇਰੀ ਨੂੰ ਲੈਕੇ ਯੂਥ ਅਕਾਲੀ ਦਲ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰਾਂ ਖਿਲਾਫ ਸੂਬਾ ਪੱਧਰੀ ਰੋਸ ਪ੍ਰਦਰਸ਼ਨ

-----------ਦੋਵੇਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ : ਸਰਬਜੀਤ ਝਿੰਜਰ------------

ਚੰਡੀਗੜ੍ਹ, 30 ਸਤੰਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) :

ਯੂਥ ਅਕਾਲੀ ਦਲ ਨੇ ਅੱਜ ਆਪਣੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ, ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ, ਜਿਸ ਕਾਰਨ ਪੰਜਾਬ ਦੇ ਅੰਨਦਾਤੇ ਨੂੰ ਇਸ ਦੀਵਾਲੀ ਨੂੰ ਕਾਲੀ ਦੀਵਾਲੀ ਵਜੋਂ ਮਨਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਵਿਰੁੱਧ ਪੰਜਾਬ ਦੇ ਹਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਸੂਬਾ ਪੱਧਰੀ ਰੋਸ ਮੁਜ਼ਾਹਰੇ ਕੀਤੇ।

ਕਾਲੀਆਂ ਪੱਟੀਆਂ ਬੰਨ੍ਹ ਕੇ ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ‘ਸਾਡੀ ਕਾਹਦੀ ਦੀਵਾਲੀ, ਕਿਸਾਨਾਂ ਦੀ ਕਾਲੀ ਦੀਵਾਲੀ’ ਵਾਲੇ ਬੈਨਰ ਫੜ ਕੇ ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਦੋਵਾਂ ਸਰਕਾਰਾਂ ’ਤੇ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੇ ਜਾ ਰਹੇ ਝੋਨੇ ਦੀ ਲਿਫਟਿੰਗ ਜਾਣਬੁੱਝ ਕੇ ਨਾ ਕਰਨ ਦੇ ਦੋਸ਼ ਲਾਏ।

ਪਟਿਆਲਾ ਅਨਾਜ ਮੰਡੀ ਵਿਖੇ ਦਿੱਤੇ ਧਰਨੇ ਵਿੱਚ ਸ਼ਾਮਲ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ, "ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਫੇਲ੍ਹ ਸਾਬਿਤ ਹੋ ਚੁੱਕੀਆਂ ਹਨ, ਸਾਡੇ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਕਿਉਂਕਿ ਸਰਕਾਰ ਝੋਨੇ ਦੀ ਫ਼ਸਲ ਨਹੀਂ ਖਰੀਦ ਰਹੀ। ਸਰਕਾਰੀ ਤੌਰ 'ਤੇ ਖਰੀਦ ਸ਼ੁਰੂ ਹੋਣ ਦੇ ਇੱਕ ਮਹੀਨੇ ਬਾਅਦ ਵੀ ਫਸਲਾਂ ਦੇ ਢੇਰ ਮੰਡੀਆਂ ਵਿੱਚ ਪਏ ਹਨ। ਜਿਸ ਕਾਰਨ ਸਾਡੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਆਪਣੀ ਰੇਟਾਂ ਉੱਤੇ ਆਪਣੀ ਫ਼ਸਲ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।"

ਝਿੰਝਰ ਨੇ ਸਰਕਾਰ 'ਤੇ ਵਰ੍ਹਦਿਆਂ ਕਿਹਾ, 'ਮੌਜੂਦਾ ਹਾਲਾਤ ਇੰਨੇ ਮਾੜੇ ਹਨ ਕਿ ਜਿੱਥੇ ਸਾਡੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਬਣਦਾ ਪੈਸਾ ਨਹੀਂ ਮਿਲ ਰਿਹਾ, ਅਤੇ ਦੂਜੇ ਪਾਸੇ ਉਨ੍ਹਾਂ ਨੂੰ ਡੀਏਪੀ ਵੀ ਮਹਿੰਗੇ ਭਾਅ 'ਤੇ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਇਹ ਦੋ ਨੰਬਰ ਵਿੱਚ ਵੇਚੀ ਜਾ ਰਹੀ ਹੈ। ਕ
ਤੁਸੀਂ ਵਿਡੰਬਨਾ ਵੇਖੋ - ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਤੋਂ ਘੱਟ ਪੈਸੇ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਮਾਰਕੀਟ ਰੇਟ ਤੋਂ ਵੱਧ ਤੇ ਡੀਏਪੀ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਕਿਸਾਨਾਂ ਨੂੰ ਬਾਰਦਾਨਾਂ ਤਕ ਨਹੀਂ ਮਿਲ ਰਿਹਾ ਅਤੇ ਫਿਰ ਵੀ, ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਦੋਸ਼ਾਂ ਦੀ ਖੇਡ ਖੇਡ ਰਹੀਆਂ ਹਨ ਅਤੇ ਦਾਅਵਾ ਕਰ ਰਹੀਆਂ ਹਨ ਕਿ ਉਨ੍ਹਾਂ ਨੇ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾਈ ਹੈ।"

YAD ਪ੍ਰਧਾਨ ਨੇ ਅੱਗੇ ਕਿਹਾ, "ਇਹ ਪੂਰੇ ਤੌਰ 'ਤੇ ਸਪੱਸ਼ਟ ਹੈ ਕਿ ਇਹ ਦੋਵੇਂ ਸਰਕਾਰਾਂ ਸਾਡੇ ਕਿਸਾਨਾਂ ਨੂੰ ਨਿੱਜੀ ਕੰਪਨੀਆਂ ਦੀ ਚੋਣ ਕਰਨ ਲਈ ਮਜਬੂਰ ਕਰਨ ਲਈ ਇਹ ਸਭ ਕੁਝ ਜਾਣਬੁੱਝ ਕੇ ਕਰ ਰਹੀਆਂ ਹਨ। ਇਹ ਚੋਣ ਫੰਡਾਂ ਵਾਸਤੇ, ਆਪਣੇ ਕਾਰਪੋਰੇਟ ਦੋਸਤਾਂ ਦੀ ਮਦਦ ਕਰ ਰਹੀਆਂ ਹਨ। ਇਕ ਪਾਸੇ ਸਾਡੇ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਵੱਡੇ ਪੱਧਰ ਤੇ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਨ, ਜਦਕਿ ਸਾਡੇ ਕਿਸਾਨਾਂ ਨੂੰ ਇਹ ਤਿਉਹਾਰਾਂ ਦੇ ਦਿਨ ਵੀ ਮੰਡੀਆਂ ਵਿਚ ਆਪਣੀ ਉਪਜ ਦੀ ਸੰਭਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਸਰਕਾਰ ਇਸ ਦੀ ਖਰੀਦ ਨਹੀਂ ਕਰ ਰਹੀ ਹੈ।"

ਝਿੰਝਰ ਨੇ ਅੱਗੇ ਦੱਸਿਆ ਕਿ, "ਅੱਜ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸ.ਬਲਵਿੰਦਰ ਸਿੰਘ ਭੂੰਦੜ ਜੀ ਦੀ ਅਗਵਾਈ ਹੇਠ ਪੰਜਾਬ ਦੇ ਹਰ ਜਿਲੇ ਦੀਆਂ ਮੰਡੀਆਂ ਵਿੱਚ ਇਹ ਧਰਨੇ ਲਗਾ ਕੇ ਸੁੱਤੀ ਪਈ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਧਰਨੇ ਲਗਾ ਰਿਹਾ ਹੈ। ਮੈਂ ਨਿੱਜੀ ਤੌਰ 'ਤੇ ਪਹਿਲਾਂ ਇਕ ਕਿਸਾਨ ਹੋਣ ਦੇ ਨਾਤੇ, ਇਨ੍ਹਾਂ ਕਿਸਮਾਂ ਦਾ ਦਰਦ ਵੀ ਮਹਿਸੂਸ ਕਰਦਾ ਹਾਂ, ਕਿਉਂਕਿ ਮੇਰੀ ਫਸਲ ਵੀ ਪਿਛਲੇ 10 ਦਿਨਾਂ ਤੋਂ ਮੰਡੀ ਵਿੱਚ ਪਈ ਹੈ।"

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਦਿਆਂ YAD ਪ੍ਰਧਾਨ ਨੇ ਕਿਹਾ ਕਿ, "ਸ: ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਅਕਾਲੀ ਰਾਜ ਦੌਰਾਨ ਸਾਡੇ ਕਿਸਾਨਾਂ ਨੂੰ ਕਦੇ ਵੀ ਮੰਡੀਆਂ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪਿਆ ਕਿਉਂਕਿ ਉਨ੍ਹਾਂ ਦੀਆਂ ਫਸਲਾਂ ਦੀ ਖਰੀਦ 24 ਘੰਟਿਆਂ ਦੇ ਅੰਦਰ-ਅੰਦਰ ਹੋ ਜਾਂਦੀ ਸੀ। ਬਾਦਲ ਸਾਬ ਖੁਦ ਕਿਸਾਨ ਹੋਣ ਦੇ ਨਾਤੇ ਕਿਸਾਨੀ ਦੇ ਸੰਘਰਸ਼ਾਂ ਨੂੰ ਜਾਣਦੇ ਸਨ ਅਤੇ ਹਮੇਸ਼ਾ ਕਿਸਾਨ ਪੱਖੀ ਫੈਸਲੇ ਲੈਂਦੇ ਸਨ।"

ਪਟਿਆਲਾ ਧਰਨੇ ਦਾ ਆਯੋਜਨ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਗ ਅਤੇ ਕਰਨਬੀਰ ਸਿੰਘ ਸਾਹਨੀ ਵੱਲੋਂ ਕੀਤਾ ਗਿਆ, ਜਿਸ ਵਿੱਚ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ, ਮਨਪ੍ਰੀਤ ਸਿੰਘ ਮਾਜਰੀ, ਕਰਨਬੀਰ ਸਿੰਘ ਸਾਹਨੀ ਪ੍ਰਧਾਨ ਯੂਥ ਸ਼ਹਿਰੀ, ਮਲਕੀਤ ਸਿੰਘ ਚੀਮਾ, ਬਲਜਿੰਦਰ ਸਿੰਘ ਬੱਲੀ ਸਮਾਣਾ, ਦਵਿੰਦਰ ਸਿੱਧੂ, ਪ੍ਰਿੰਸ ਤੁੰਗ, ਗੁਰਤੇਜ ਕੌਲ,ਦਰਸ਼ਨ ਬਾਰਨ, ਗੁਰਪ੍ਰੀਤ ਖਰੌਡ, ਗਗਨ ਸੰਧੂ, ਵਿਕਰਮਜੀਤ ਗੁਰਨਾ,ਹਰਜੋਤ ਮਾਜਰੀ, ਰਮਨਜੋਤ ਲੰਗ, ਹਸ਼ਨ ਰੋਹਟਾ, ਅਮਨਦੀਪ ਘੱਗਾ, ਪਰਮਜੀਤ ਥੂਹੀ, ਗੁਰੀ ਨਾਲੀਨਾ, ਵਿਕਰਮਜੀਤ ਸਿੰਘ ਸਰਪੰਚ ਝਿੰਜਰਾ, ਦੀਦਾਰ ਸਿੰਘ ਸਰਪੰਚ ਰਿਠ ਖੇੜੀ ਅਤੇ ਯੂਥ ਅਕਾਲੀ ਦਲ ਦੇ ਸੂਬਾ ਪੱਧਰੀ ਸੀਨੀਅਰ ਅਹੁਦੇਦਾਰ ਵੀ ਹਾਜ਼ਰ ਸਨ।

 
 
 
 

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਧੂਮਧਾਮ ਨਾਲ ਮਨਾਇਆ ਗਿਆ ‘ਦੀਵਾਲੀ’ ਦਾ ਤਿਉਹਾਰ ਅਤੇ ‘ਬੰਦੀ ਛੋੜ’ ਦਿਵਸ

---------  ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ-----

ਮੋਗਾ, 31 ਅਕਤੂਬਰ  ( ਜਸ਼ਨ, ਸਟਰਿੰਗਰ ਦੂਰਦਰਸ਼ਨ ) :ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਦੀ ਸ਼ੁਰੂਆਤ ਬਹੁਤ ਹੀ ਬੰਦੀ ਛੋੜ ਦਿਵਸ ਨਾਲ ਸੰਬੰਧਿਤ ਸ਼ਬਦ ਗਾਇਨ ਨਾਲ ਕੀਤੀ ਗਈ। ਵਿਦਿਆਰਥੀਆਂ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸੁੰਦਰ ਚਾਰਟ ਅਤੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਗਏ। ਦੂਸਰੀ, ਚੌਥੀ ਅਤੇ ਛੇਵੀਂ ਕਲਾਸ ਦੀਆਂ ਵਿਦਿਆਰਥਨਾ ਵੱਲੋਂ ਬਹੁਤ ਹੀ ਸੁੰਦਰ ਡਾਂਸ ਪੇਸ਼ ਕੀਤੇ ਗਏ। ਸੀਨੀਅਰ ਕਲਾਸ ਦੀਆਂ ਵਿਦਿਆਰਥਨਾ ਨੇ  ਦੀਵਾਲੀ ਅਤੇ ਬੰਦੀ ਛੋੜ ਦਿਵਸ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੁੰਦਰ ਰੰਗੋਲੀਆਂ ਵੀ ਬਣਾਈਆਂ ਗਈਆਂ। ਵਿਦਿਆਰਥੀਆਂ ਵੱਲੋਂ ਵਿਸਥਾਰ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਪੰਜਾਬ ਦਾ ਇੱਕ ਮਹੱਤਵਪੂਰਨ  ਤਿਉਹਾਰ ਹੈ।ਉਹਨਾਂ ਦੱਸਿਆ ਕਿ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿੱਚ ਬਗ਼ਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿੱਚ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਤਾਂ ਗੁਰੂ ਸਾਹਿਬ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ 'ਚ ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ। ਸਾਈ ਮੀਆਂ ਮੀਰ ਵੱਲੋਂ ਗੁਰੂ ਦੀ ਰਿਹਾਈ ਸਬੰਧੀ ਜਹਾਂਗੀਰ ਨਾਲ ਗੱਲਬਾਤ ਨੂੰ ਕਾਮਯਾਬੀ ਮਿਲੀ। ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿੱਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ 'ਬੰਦੀ-ਛੋੜ' ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ। ਰਿਹਾਈ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ, ਤਾਂ ਉਸ ਦਿਨ ਦੀਵਾਲੀ ਦਾ ਦਿਨ ਸੀ ਇਸ ਲਈ ਗੁਰੂ ਜੀ ਦੇ ਸੁਆਗਤ ਵਿੱਚ ਸੰਗਤਾਂ ਨੇ ਘਰਾਂ ਵਿੱਚ ਘਿਓ ਦੇ ਦੀਵੇ ਜਗਾਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀ ਬਣਾਇਆ ਹੋਇਆ ਸਜਾਵਟੀ ਸਮਾਨ ਜਿਵੇਂ ਰੰਗ-ਬਰੰਗੇ ਦੀਵੇ, ਫੁੱਲਾਂ ਦੀਆਂ ਲੜੀਆਂ, ਝਾਲਰਾਂ, ਕਾਰਡ, ਮੋਮਬੱਤੀਆਂ ਅਤੇ ਹੋਰ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੀਵਾਲੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਅਖਵਾਉਂਦਾ ਹੈ। ਇਹਨਾਂ ਵਿੱਚੋਂ ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜਿਸ ਨੂੰ ਸਭ ਧਰਮਾਂ ਦੇ ਲੋਕ ਇੱਕਠੇ ਹੋ ਕੇ ਮਨਾਉਂਦੇ ਹਨ। ਦਿਵਾਲੀ ਦੇਸੀ ਮਹੀਨੇ ਕੱਤੇ (ਕਾਰਤਿਕ) ਦੀ ਮੱਸਿਆ ਤੇ ਮਨਾਈ ਜਾਂਦੀ ਹੈ। ਇਸ ਦਿਨ ਭਗਵਾਨ ਵਿਸ਼ਨੂ ਦੇ ਅਵਤਾਰ ਪ੍ਰਭੂ ਸ੍ਰੀ ਰਾਮ ਚੰਦਰ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਆਪਣੀ ਪਤਨੀ ਸੀਤਾ ਅਤੇ ਛੋਟੇ ਭਰਾ ਲਕਸ਼ਮਣ ਸਮੇਤ ਅਯੋਧਿਆ ਵਾਪਿਸ ਆਏ ਸਨ। ਇਸ ਸ਼ੁੱਭ ਮੌਕੇ ਤੇ ਸਾਰੇ ਅਯੋਧਿਆ ਵਾਸੀਆਂ ਨੇ ਆਪਣੀ ਖੁਸ਼ੀ ਪ੍ਰਗਟ ਕਰਨ, ਮੱਸਿਆ ਦੇ ਹਨੇਰੇ ਨੂੰ ਦੂਰ ਕਰਨ ਅਤੇ ਉਹਨਾਂ ਦੇ ਰਸਤੇ ਤੇ ਰੌਸ਼ਨੀ ਕਰਨ ਲਈ ਦੀਪਮਾਲਾ ਕੀਤੀ ਸੀ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਦੱਸਿਆ ਕਿ ਇਸ ਤਿਉਹਾਰ ਦਾ ਰੁੱਤ ਬਦਲੀ ਨਾਲ ਵੀ ਸੰਬੰਧ ਹੈ। ਇਸ ਦਿਨ ਤੋਂ ਬਾਅਦ ਗਰਮੀ ਦੀ ਰੁੱਤ ਖæਤਮ ਹੋ ਜਾਂਦੀ ਹੈ ਤੇ ਸਰਦੀ ਦੀ ਰੁੱਤ ਦੀ ਸ਼ੁਰੂਆਤ ਹੋ ਜਾਂਦੀ ਹੈ। ਉਹਨਾਂ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਇਸ ਤਿਉਹਾਰ ਨੂੰ ਮਨਾਉਂਦੇ ਹੋਏ ਸਾਨੂੰ ਵਾਤਾਵਰਨ ਦੇ ਪ੍ਰਤੀ ਆਪਣੀ ਜਿੰਮੇਵਾਰੀ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਵੱਧ ਰਹੇ ਪ੍ਰਦੂਸ਼ਨ ਨੂੰ ਦੇਖਦੇ ਹੋਏ ਉਹਨਾਂ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਾਤਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ। ਵਿਦਿਆਰਥੀ ਵੱਲੋਂ ਵੀ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦੀ ਸੌਂਹ ਚੁੱਕੀ ਗਈ। ਸਕੂਲ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਸਟਾਫæ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬੀ.ਬੀ.ਐੱਸ. ਗਰੁੱਪ ਇਹ ਕਾਮਨਾ ਕਰਦਾ ਹੈ ਕਿ ਇਹ ਦਿਵਾਲੀ ਦਾ ਤਿਉਹਾਰ ਹਰ ਕਿਸੇ ਲਈ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ। ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਗਰੀਨ ਅਤੇ ਖੁਸ਼ੀਆਂ ਭਰੀ ਦੀਵਾਲੀ ਦਾ ਸੰਦੇਸ਼ ਦਿੱਤਾ ਅਤੇ ਸਾਰੇ ਸਟਾਫ ਨੂੰ ਮਠਿਆਈ ਅਤੇ ਗਿਫਟ ਦਿੱਤੇ ਗਏ ਅਤੇ ਨਾਲ ਹੀ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

 

ਗੋਲਡਨ ਐਜੂਕੇਸ਼ਨਸ ਸੰਸਥਾ ਦੇ ਲਗਾਤਾਰ ਆ ਰਹੇ ਨੇ ਸਟੂਡੈਟ ਵੀਜੇ

ਮੋਗਾ, 31 ਅਕਤੂਬਰ  ( ਜਸ਼ਨ, ਸਟਰਿੰਗਰ ਦੂਰਦਰਸ਼ਨ ) :ਗੋਲਡਨ ਐਜੂਕੇਸ਼ਨਜ ਜੋ ਕਿ ਆਇਲਟਸ ਅਤੇ ਇੰਮਿਗ੍ਰੇਸ਼ਨ ਸੰਸਥਾ ਮੋਗਾ ਜੋ ਕਿ ਸ਼ਹਿਰ ਦੇ ਭਗਤ ਸਿੰਘ ਮਾਰਕਿਟ ਵਿੱਚ ਸਥਿਤ ਹੈ। ਇਹ ਸੰਸਥਾ ਲਗਾਤਾਰ ਪੜਾਈ ਕਰਨ ਦੇ ਚਾਹਵਾਨ ਤੇ ਸਪਾਉਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਨੇ ਵੰਸ਼ ਸ਼ਰਮਾ ਦਾ ਕੈਨੇਡਾ ਦਾ ਸਟੂਡੈਟ ਵੀਜਾ ਲਗਵਾ ਕੇ ਕਿੱਤਾ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਪੜਾਈ ਕਰਨ ਜਾਣ ਵਾਲੇ ਬੱਚੇਆਂ ਦਾ ਬਹੁਤ ਵਧੀਆ ਕਾਲਜਾਂ ਵਿੱਚ ਅਤੇ ਬਹੁਤ ਘੱਟ ਖਰਚੇ ਤੇ ਦਾਖਲਾ ਕਰਾਵਾਇਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਵਿਦੇਸ਼ਾਂ ਵਿੱਚ ਕੋਈ ਸਮੱਸਿਆ ਨਾ ਆਵੇ। ਉਹਨਾਂ ਦੱਸਿਆ ਕਿ ਸਪਾਉਸ ਕੇਸਾਂ ਦਿਆਂ ਫਾਈਲਾਂ ਬਹੁਤ ਤਜੁਰਬੇਕਾਰ ਸਟਾਫ ਵੱਲੋਂ ਤਿਆਰ ਕਿਤਿਆਂ ਜਾਂਦੀਆਂ ਹਨ ਜਿਨ੍ਹਾਂ ਸਦਕਾ ਬੱਚੇਆਂ ਨੂੰ ਬਹੁਤ ਜਲਦੀ ਵੀਜੇ ਪ੍ਰਾਪਤ ਹੋ ਰਹੇ ਹਨ। ਇਸ ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਡਾਇਰੈਕਟਰ ਅਮਿਤ ਪਲਤਾ ਅਤੇ ਰਮਨ ਅਰੋੜਾ ਅਤੇ ਉਹਨਾਂ ਦੇ ਸਟਾਫ ਮੈਂਬਰਸ ਨੇ ਵੰਸ਼ ਸ਼ਰਮਾ ਨੂੰ ਵੀਜਾ ਦਿੰਦਿਆ ਉਹਨਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਵੰਸ਼ ਸ਼ਰਮਾ ਨੇ ਵੀਜਾ ਲੈਂਦੇ ਹੋਏ ਸੰਸਥਾ ਦੇ ਮੁਖੀ ਅਮਿਤ ਪਲਤਾ, ਰਮਨ ਅਰੋੜਾ ਅਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਸੰਸਥਾ ਦੇ ਮੁਖੀ ਰਮਨ ਅਰੋੜਾ ਨੇ ਦਸਿਆ ਕਿ ਸੰਸਥਾ ਵਿੱਚ ਬਹੁਤ ਹੀ ਵਧੀਆ ਅਤੇ ਅਧੁਨਿਕ ਤਰੀਕੇ ਨਾਲ ਫਾਇਲ ਤਿਆਰ ਕੀਤੀ ਜਾਂਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੰਸਥਾਂ ਵੱਲੋਂ ਲਗਵਾਏ ਗਏ ਮਲਟੀਪਲ, ਸੁਪਰ, ਸਪਾਉਸ ਅਤੇ ਸਟੂਡੈਂਟ ਵੀਜੇ ਦੇ ਰਿਜ਼ਲਟਸ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾ ਸਾਰੇ ਦੇਸ਼ਾਂ ਦੇ ਆਨਲਾਇਨ ਵੀਜਾ ਅਤੇ ਰਿਫਿਊਜਲ ਕੇਸ ਲਗਾਣ ਵਿੱਚ ਮਾਹਿਰ ਜਾਣੀ ਜਾਂਦੀ ਹੈ। ਜਿਹੜੇ ਵੀ ਵਿਅਕਤੀਆਂ ਦਾ ਵੀਜਾ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ। 

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

ਧਰਮਕੋਟ , 31 ਅਕਤੂਬਰ (ਜਸ਼ਨ): ਧਰਮਕੋਟ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਦੀਵਾਲੀ ਅਜਿਹਾ ਪਵਿੱਤਰ ਤਿਓਹਾਰ ਹੈ ਜਿਸ ਨੂੰ ਸਦੀਆਂ ਤੋਂ ਲੋਕ ਇਕੋ ਜਿਹੇ ਉਦਸ਼ਾਹ ਨਾਲ ਮਨਾ ਰਹੇ ਹਨ ਅਤੇ ਧਾਰਮਿਕ ਪੱਖੋਂ ਵੀ ਇਹ ਤਿਓਹਾਰ ਸਾਨੂੰ ਸਕਾਰਤਮਕ ਸੁਨੇਹਾ ਦੇ ਕੇ ਜਾਂਦਾ ਹੈ । ਵਿਧਾਇਕ ਲਾਡੀ ਢੋਸ ਨੇ ਆਖਿਆ ਕਿ ਸਾਨੂੰ ਦੀਵਿਆਂ ਦੀ ਰੌਸ਼ਨੀ , ਆਪਣੇ ਮਨਾਂ ਨੂੰ ਰੌਸ਼ਨ ਕਰਨ ਦਾ ਸੁਨੇਹਾ ਦਿੰਦੀ ਹੈ। ਉਹਨਾਂ ਆਖਿਆ ਕਿ ਉਹ ਅੱਜ ਦੇ ਪਵਿੱਤਰ ਦਿਹਾੜੇ ’ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਨ ਜਿਹਨਾਂ ਨੇ ਉਹਨਾਂ ਨੂੰ ਸਮਾਜ ਸੇਵਾ ਲਈ ਚੁਣਿਆ ਹੈ । ਉਹਨਾਂ ਆਖਿਆ ਕਿ ਉਹਨਾਂ ਦੇ ਪਰਿਵਾਰ ਨੇ ਹਮੇਸ਼ਾਂ ਸਮਾਜ ਸੇਵੀ ਕੰਮਾਂ ਵਿਚ ਹਿੱਸਾ ਲਿਆ ਅਤੇ ਹੁਣ ਉਹਨਾਂ ਦੇ ਹਿੱਸੇ ‘ਚ ਆਈ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਉਂਦੇ, ਉਹ ਆਪਣੇ ਪਿਤਾ ਸਵਰਗੀ ਸ. ਕੁਲਦੀਪ ਸਿੰਘ ਢੋਸ ਦੇ ਪੂਰਨਿਆਂ ’ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ । ਉਹਨਾਂ ਆਖਿਆ ਕਿ ‘ਆਪ’ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਵਿਚ ਅਨੇਕਾਂ ਕ੍ਰਾਂਤੀਕਾਰੀ ਫੈਸਲੇ ਲੈ ਰਹੀ ਹੈ ,ਜਿਸ ਨਾਲ ਆਮ ਲੋਕਾਂ ਦਾ ਜੀਵਨ ਸੌਖਾਲਾ ਹੋਇਆ ਹੈ। ਉਹਨਾਂ ਆਖਿਆ ਕਿ ‘ਆਪ’ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਹਕੀਕਤ ਵਿਚ ਪੂਰੇ ਕਰਦਿਆਂ ਬਿਨਾਂ ਕਿਸੇ ਭੇਦ ਭਾਵ ਦੇ 600 ਯੁੂਨਿਟ ਤੱਕ ਬਿਜਲੀ ਬਿੱਲ ਮੁਆਫ਼ ਕੀਤੇ ਹਨ ,ਜਿਸ ਨਾਲ ਲੋਕਾਂ ’ਤੇ ਆਰਥਿਕ ਬੋਝ ਘੱਟ ਹੋਇਆ ਹੈ। ਉਹਨਾਂ ਆਖਿਆ ਕਿ ਇਸੇ ਤਰਾਂ ਸਰਕਾਰ ਨੇ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿਚ ਅਹਿਮ ਬਦਲਾਅ ਲਿਆ ਕੇ ਦੇਸ਼ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਅਹਿਮ ਕਦਮ ਚੁੱਕੇ ਹਨ । ਉਹਨਾਂ ਦੀਵਾਲੀ ਦੇ ਸ਼ੁੱਭ ਦਿਹਾੜੇ ’ਤੇ ਸੂਬੇ ਦੇ ਨੌਜਵਾਨਾਂ ਨੂੰ, ਗ੍ਰੀਨ ਦੀਵਾਲੀ ਮਨਾਉਣ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ ਤਾਕੀਦ ਕੀਤੀ। 

ਰੌਸ਼ਨੀਆਂ ਦੇ ਵਾਰਿਸਾਂ ਨੂੰ ਰੌਸ਼ਨੀ ਦੇ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਮੋਗਾ/ਨਿਹਾਲ ਸਿੰਘ ਵਾਲਾ , 31 ਅਕਤੂਬਰ (ਜਸ਼ਨ): ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਰੌਸ਼ਨੀਆਂ ਦੇ ਇਸ ਤਿਓਹਾਰ ਮੌਕੇ ਸਾਨੂੰ ਆਪਣੇ ਮਨਾਂ ਨੂੰ ਰੌਸ਼ਨ ਕਰਨ ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਆਖਿਆ ਕਿ ਉਹਨਾਂ ਗੁਰੂ ਸਾਹਿਬ ਦੀ ਬਖਸ਼ਿਸ ਨਾਲ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅੱਜ ਦੇ ਇਸ ਪਵਿੱਤਰ ਦਿਹਾੜੇ ’ਤੇ ਉਹ ਆਪਣੇ ਇਸ ਕਸਬ ਨੂੰ ਹੋਰ ਵਧੇਰੇ ਸ਼ਿੱਧਤ ਨਾਲ ਨਿਭਾਉਣ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਨ ਕਿ ਉਹਨਾਂ ਦਾ ਹਰ ਕਾਰਜ ਲੁਕਾਈ ਦੀ ਸੇਵਾ ਲਈ ਹੋਵੇ। 

ਮਨਜੀਤ ਬਿਲਾਸਪੁਰ ਨੇ ਆਖਿਆ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਿੱਸਾ ਬਣ ਕੇ ਲੋਕ ਸੇਵਾ ਦੇ ਪਿੜ ਵਿਚ ਨਿੱਤਰੇ ਹਨ ਅਤੇ ਆਸ ਅਤੇ ਅਰਦਾਸ ਕਰਦੇ ਹਨ ਕਿ ਉਹਨਾਂ ਦਾ ਹਰ ਕਦਮ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕਾਂ ਦੇ ਚੰਗੇਰੇ ਭਵਿੱਖ ਲਈ ਵਧੇ। ਉਹਨਾਂ ਆਖਿਆ ਕਿ ਉਹਨਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ’ਤੇ ਮਾਣ ਹੈ ਜਿਹਨਾਂ ਨੇ ਦੇਸ਼ ਦੇ ਭਵਿੱਖ ਸਕੂਲੀ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਸਕੂਲ ਆਫ਼ ਐਮੀਨੈਂਸ ’ ਬਣਾ ਕੇ ਬੱਚਿਆਂ ਨੂੰ ਸੁਖਾਵਾਂ ਸਿੱਖਿਆ ਦਾ ਮਾਹੌਲ ਸਿਰਜ ਕੇ ਦਿੱਤਾ ਹੈ। ਉਹਨਾਂ ਆਖਿਆ ਕਿ ‘ਆਪ ’ ਸਰਕਾਰ,  ਲੋਕਤੰਤਰ ਦੇ ਮਾਅਨਿਆਂ ਨੂੰ ਸਮਝਦਿਆਂ ਸੂਬੇ ਵਿਚ ਅਜਿਹੀ ਵਿਵਸਥਾ ਦਾ ਨਿਰਮਾਣ ਕਰਨ ਵਿਚ ਕਾਮਯਾਬ ਹੋ ਰਹੀ ਹੈ ਜਿਸ ਸਦਕਾ ਹਰ ਦੇਸ਼ਵਾਸੀ ਨੂੰ  ਬਿਹਤਰ ਜੀਵਨ ਸ਼ੈਲੀ ਮੁਹਈਆ ਕਰਵਾਈ ਜਾ ਰਹੀ ਏ। 

ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

ਮੋਗਾ, 31 ਅਕਤੂਬਰ (ਜਸ਼ਨ): ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਰੌਸ਼ਨੀਆਂ ਦੇ ਇਸ ਤਿਓਹਾਰ ਨੂੰ ਰਵਾਇਤੀ ਢੰਗ ਨਾਲ ਮਨਾਉਂਦਿਆਂ ਆਪਸੀ ਸਾਂਝ ਅਤੇ ਪਿਆਰ ਦੀਆਂ ਗੰਢਾਂ ਨੂੰ ਹੋਰ ਪੀਡੀਆਂ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਸੂਬੇ ਨੂੰ ਖੁਸ਼ਹਾਲ ਸੂਬਾ ਬਣਾ ਸਕੀਏ । ਉਹਨਾਂ ਆਖਿਆ ਕਿ ਧਾਰਮਿਕ ਅਕਿੱਦੇ ਮੁਤਾਬਕ ਜਿੱਥੇ ਰਾਵਣ ਦੀ ਲੰਕਾਂ ਫਤਿਹ ਕਰਨ ਉਪਰੰਤ ਭਗਵਾਨ ਰਾਮ ਦੀ ਆਮਦ ’ਤੇ ਸਦੀਆਂ ਤੋਂ ਅਸੀਂ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਆ ਰਹੇ ਹਾਂ ਉੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਉਣ ਦੇ ਇਤਿਹਾਸਕ ਪਲਾਂ ਉਪਰੰਤ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਵਿਖੇ ਪਹੁੰਚਣ ’ਤੇ ਕੀਤੀ ਗਈ ਦੀਪਮਾਲਾ ਵੀ ਬੰਦੀ ਛੋੜ ਦਿਵਸ ਦੇ ਰੂਪ ਵਿਚ ਅੱਜ ਤੱਕ ਉਸੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ , ਇਸ ਕਰਕੇ ਸਾਨੂੰ ਸਭ ਨੂੰ ਜਾਤ ਪਾਤ ਅਤੇ ਰੰਗ ਭੇਦ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਮਨੁੱਖੀ ਕਦਰਾਂ ਕੀਮਤਾਂ ਦੀ ਮਜਬੂਤੀ ਲਈ ਸਾਂਝੀਵਾਲਤਾ ਨਾਲ ਦੀਵਾਲੀ ਨੂੰ ਮਨਾਉਣਾ ਚਾਹੀਦਾ ਹੈ।  

 

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਨੇ ਪੰਜਾਬੀਆਂ ਨੂੰ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਮੋਗਾ ,31 ਅਕਤੂਬਰ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਅਮਰਜੀਤ ਸਿੰਘ ਲੰਢੇਕੇ ਨੇ ਪੰਜਾਬੀਆਂ  ਨੂੰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਛੇਵੇਂ ਪਾਤਿਸ਼ਾਹਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਦਿਖਾਏ ਸੱਚ ਦੇ ਮਾਰਗ ’ਤੇ ਚੱਲਦਿਆਂ, ਮਨੁੱਖਤਾ ਦੀ ਭਲਾਈ ਅਤੇ ਤਿਆਗ ਦੀ ਭਾਵਨਾ ਨੂੰ ਗ੍ਰਹਿਣ ਕਰਨ ਨਾਲ ਅਸੀਂ ਆਪਣੇ ਜੀਵਨ ਨੂੰ ਸਫ਼ਲਾ ਕਰ ਸਕਦੇ ਹਾਂ । ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਉਹ ਅੱਜ ਰੌਸ਼ਨੀਆਂ ਦੇ ਤਿਓਹਾਰ ਮੌਕੇ ਪਟਾਕੇ ਚਲਾਉਣ ਦੀ ਬਜਾਏ ਦੀਵਾਲੀ ਨੂੰ ਰਵਾਇਤੀ ਢੰਗ ਨਾਲ ਦੀਵੇ ਬਾਲ ਕੇ ਮਨਾਉਣ ਤਾਂ ਕਿ ਮਿਹਨਤਕਸ਼ਾਂ ਵੱਲੋਂ ਪੂਰੇ ਸਾਲ ਵਿਚ ਕੀਤੀ ਮਿਹਨਤ ਨਾਲ ਤਿਆਰ ਕੀਤੇ ਦੀਵਿਆਂ ਦੀ ਵਿਕਰੀ ਹੋ ਸਕੇ ਅਤੇ ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਉਹਨਾਂ ਆਖਿਆ ਕਿ ਉਹ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਨ ਇਹ ਤਿਓਹਾਰ ਸਭਨਾਂ ਦੇ ਜੀਵਨ ਵਿਚ ਖੁਸ਼ੀਆਂ ਖੇੜੇ ਲੈ ਕੇ ਆਵੇ। 

 

माँ बगलामुखी यज्ञशाला, मोगा के प्रधान आचार्य नंदलाल शर्मा ने दीपावली के पावन पर्व पर देश वासीयों को दी बधाई

मोगा , 31 अक्तुबर (जशन)  माँ बगलामुखी यज्ञशाला, मोगा के प्रधान आचार्य नंदलाल शर्मा ने दीपावली के पावन पर्व पर देश वासीयों को बधाई  देते हुए कहा कि इस बार दीपावली सभी जन के लिए खुशियों और सफलता के द्वार खोले । आचार्य नंदलाल ने कहा कि वह  ईश्वर से प्रार्थना करते है कि सभी को,  उत्तम स्वास्थ्य, सुख-समृद्धि, और माँ लक्ष्मी का आशीर्वाद मिले तथा भगवान कुबेर उनके खजाने सदा भरा रखे।  आचार्य नंदलाल  ने सभी लोगों को अपील की कि वह ज़रूरतमंदों की ज़्यादा से ज़्यादा सहायता करे ताकि वह भी दीपावली का पर्व खुशियों से मनाये।    

 

ਦੀਵਾਲੀ, ਸਾਨੂੰ ਆਪਸੀ ਸਾਂਝ ਦੀਆਂ ਤੰਦਾਂ ਮਜਬੂਤ ਕਰਦਿਆਂ, ਰਵਾਇਤੀ ਢੰਗ ਨਾਲ ਮਨਾਉਣੀ ਚਾਹੀਦੀ ਏ : ਪ੍ਰੇਮ ਚੱਕੀ ਵਾਲਾ

ਮੋਗਾ, 31 ਅਕਤੂਬਰ (ਜਸ਼ਨ): ਜ਼ਿਲ੍ਹਾ ਪ੍ਰਧਾਨ ਸ਼ਹਿਰੀ  ਪ੍ਰੇਮ ਚੱਕੀ ਵਾਲਾ ਨੇ ਮੋਗਾ ਵਾਸੀਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਦੀਵਾਲੀ ਦਾ ਤਿਓਹਾਰ ਸਾਨੂੰ ਆਪਸੀ ਸਾਂਝ ਦੀਆਂ ਤੰਦਾਂ ਮਜਬੂਤ ਕਰਦਿਆਂ, ਰਵਾਇਤੀ ਢੰਗ ਨਾਲ ਮਨਾਉਣਾ ਚਾਹੀਦੈ ਹੈ।  ਉਹਨਾਂ ਆਖਿਆ ਕਿ ਦੀਵਾਲੀ ਦੇ ਇਸ ਪਵਿੱਤਰ ਤਿਓਹਾਰ ’ਤੇ ਜਿਸ ਤਰਾਂ ਅਸੀਂ ਆਪਣੇ ਘਰਾਂ ਨੂੰ ਸਾਫ਼ ਸੁਥਰਾ ਰੱਖਦੇ ਹਾਂ ਉਸੇ ਤਰਾਂ ਸਾਨੂੰ ਆਪਣੇ ਮਨਾਂ ਦੀ ਸਫ਼ਾਈ ਵੀ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਆਲੇ ਦੁਆਲੇ ਖੁਸ਼ੀਆਂ ਵੰਡ ਸਕੀਏ। ਪ੍ਰੇਮ ਚੱਕੀ ਵਾਲਾ ਨੇ ਆਖਿਆ ਕਿ ਦੀਵਾਲੀ ਪਰਬ ’ਤੇ ਮਿਹਨਤਕਸ਼ ਲੋਕਾਂ ਦੇ ਦਿਲਾਂ ਵਿਚ ਆਸ ਦੀ ਕਿਰਨ ਜਾਗਦੀ ਹੈ ਇਸ ਲਈ ਸਾਨੂੰ ਆਪਣੀ ਮਿਹਨਤਕਸ਼ ਲੋਕਾਂ ਦੀ ਕਦਰ ਕਰਦਿਆਂ ਉਹਨਾਂ ਨੂੰ ਯਾਦਗਾਰੀ ਸੌਗਾਤਾਂ ਦੇ ਕੇ ਉਹਨਾਂ ਦੀਆਂ ਖੁਸ਼ੀਆਂ ਦੂਣ ਸਵਾਈਆਂ ਕਰਨੀਆਂ ਚਾਹੀਦੀਆਂ ਹਨ। ਉਹਨਾਂ ਇਸ ਪਵਿੱਤਰ ਦਿਹਾੜੇ ’ਤੇ ਸ਼ਹਿਰਵਾਸੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਵੀ  ਕੀਤੀ। 

ਵਿਧਾਇਕਾ ਡਾ: ਅਮਨਦੀਪ ਅਰੋੜਾ ਨੇ ਮੋਗਾ ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਮੁਬਾਰਕਾਂ

ਮੋਗਾ,31 ਅਕਤੂਬਰ (ਜਸ਼ਨ): ਮੋਗਾ ਤੋਂ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੇ ਮੋਗਾ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ ਭਗਵਾਨ ਸ਼੍ਰੀ ਰਾਮ ਜੀ ਦੀ ਆਮਦ ਮੌਕੇ ਖੁਸ਼ੀ ਵਿਚ ਖੀਵੇ ਹੋਏ ਲੋਕਾਂ ਨੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਤੇ ਹੁਣ ਸਾਨੂੰ ਵੀ ਉਸੇ ਤਰਾਂ ਰਵਾਇਤੀ ਢੰਗ ਨਾਲ ਦੀਵਾਲੀ ਮਨਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰਾਂ ਅਸੀਂ ਸ਼ਰਧਾ ਨਾਲ ਗੁਰੂ ਸਾਹਿਬ ਦੀ ਆਮਦ ’ਤੇ ਬੰਦੀ ਛੋੜ ਦਿਵਸ ਵੀ ਮਨਾਉਂਦੇ ਹਾਂ । ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਾ ਸਿਰਫ਼  ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ ਬਲਕਿ ਵੱਡੀ ਪੱਧਰ ’ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਾਲ ਨਾਲ  ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ। ਉਹਨਾਂ ਆਖਿਆ ਕਿ ‘ਆਪ’ ਸਰਕਾਰ ਨੇ ਸੂਬੇ ਵਿਚ ਪਾਰਦਰਸ਼ਤਾ ਨਾਲ ਕੰਮ ਕੀਤਾ ਅਤੇ ਆਪਣੇ ਇਹਨਾਂ ਸੁਹਿਰਦ ਯਤਨਾਂ ਰਾਹੀਂ ਉਹ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਨਹੀ ਅਗਰਸਰ ਰਹੇਗੀ। 
ਡਾ: ਅਮਨਦੀਪ ਅਰੋੜਾ ਨੇ ਆਖਿਆ ਕਿ ਉਹ ਅੱਜ ਦੇ ਪਵਿੱਤਰ ਦਿਹਾੜੇ ’ਤੇ ਉਹ ਮੋਗਾ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਤਿਓਹਾਰ ਨੂੰ ਭਾਈਚਾਰਕ ਸਾਂਝ ਨਾਲ ਮਨਾਉਂਣ। ਉਹਨਾਂ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਤਾਕੀਦ ਵੀ ਕੀਤੀ। 

ਗਰੇਟ ਪੰਜਾਬ ਪ੍ਰਿੰਟਰਜ਼ ਦੇ ਐੱਮ ਡੀ ਨਵੀਨ ਸਿੰਗਲਾ ਨੇ ਗਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ

ਮੋਗਾ,31 ਅਕਤੂਬਰ (ਜਸ਼ਨ)- ਗਰੇਟ ਪੰਜਾਬ ਪ੍ਰਿੰਟਰਜ਼ ਦੇ ਐੱਮ ਡੀ ਨਵੀਨ ਸਿੰਗਲਾ ਨੇ ਮੋਗਾ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਅਪੀਲ ਕੀਤੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਬਚਾਉਣ ਲਈ ਪਟਾਕਿਆਂ ਤੋਂ ਪੂਰੀ ਤਰਾਂ ਗੁਰੇਜ਼ ਕੀਤਾ ਜਾਵੇ ਤਾਂ ਕਿ ਅਸੀਂ ਸ਼ਰਧਾ ਨਾਲ ਸ਼ੁੱਧ ਵਾਤਾਵਰਨ ਵਿਚ ਭਗਵਾਨ ਸ਼੍ਰੀ ਰਾਮ ਜੀ ਦੀ ਆਮਦ ਦੀਆਂ ਖੁਸ਼ੀਆਂ ਦੀਵੇ ਬਾਲ ਕੇ ਰਵਾਇਤੀ ਢੰਗ ਨਾਲ ਮਨਾ ਸਕੀਏ। ਉਹਨਾਂ ਕਿਹਾ ਕਿ ਦੀਵਾਲੀ ਦਾ ਤਿਓਹਾਰ ਸਭਨਾਂ ਲਈ ਖੁਸ਼ੀਆਂ ਖੇੜਿਆ ਭਰਪੂਰ ਹੋਵੇ ਅਤੇ ਲੋਕ ਇਸ ਸੰਸਕ੍ਰਿਤਕ ਤਿਓਹਾਰ ਨੂੰ ਸਦਭਾਵਨਾ ਨਾਲ ਮਨਾਉਣ । ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਆਖਿਆ ਕਿ ਭਾਰਤ ਤਿਓਹਾਰਾਂ ਦਾ ਦੇਸ਼ ਹੈ ਅਤੇ ਇਥੇ ਵੱਖ ਵੱਖ ਧਰਮਾਂ,ਭਾਸ਼ਾਵਾਂ ਅਤੇ ਪਹਿਰਾਵਿਆਂ ਦੇ ਲੋਕ ਰਹਿਣ ਦੇ ਬਾਵਜੂੁਦ ਵੀ ਕਈ ਤਿਓਹਾਰਾਂ ਨੂੰ ਸਾਝੇਂ ਤੌਰ ’ਤੇ ਮਨਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ । ਉਹਨਾਂ ਆਖਿਆ ਕਿ ਪ੍ਰਦੂਸ਼ਣ ਦੇ ਮੱਦ-ਏ- ਨਜ਼ਰ  ਇਸ ਵਾਰ ਦੀਵਾਲੀ  ਨੂੰ ਗਰੀਨ ਦੀਵਾਲੀ ਵਜੋਂ ਮਨਾਈਏ ਤਾਂ ਕਿ ਪੂਰਾ ਸਾਲ ਵਾਤਾਵਰਣ ਸ਼ੁੱਧਤਾ ਲਈ ਲਗਾਏ ਜਾਂਦੇ ਪੌਦਿਆਂ ਨੂੰ ਲਗਾਉਣ ਦਾ ਸਾਡਾ ਮੰਤਵ ਸਾਰਥਕ ਹੋ ਸਕੇ। 

 

ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਵਲੋਂ ਵਾਰਡ ਨੰ. 14 ਪ੍ਰੇਮ ਨਗਰ ਵਿਖੇ 21 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ

---*ਵਾਰਡਾਂ ਵਿਚ ਸਰਬਪੱਖੀ ਵਿਕਾਸ ਕਾਰਜ ਕਰਵਾਉਣਾ ਮੇਰਾ ਮੁੱਖ ਟੀਚਾ: ਵਿਧਾਇਕ ਡਾ ਅਮਨਦੀਪ ਕੌਰ ਅਰੋੜਾ----
ਮੋਗਾ, 28 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਅੱਜ ਮੋਗਾ ਦੇ ਵਾਰਡ ਨੰਬਰ 14 ਪ੍ਰੇਮ ਨਗਰ ਵਿੱਚ 21 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਦੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਵੱਲੋਂ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ‘ਆਪ’ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਚੱਕੀਵਾਲਾ, ਰੋਸ਼ਨ ਲਾਲ ਚਾਵਲਾ ਸਬਜ਼ੀ ਮੰਡੀ ਪ੍ਰਧਾਨ, ਜਗਦੀਸ਼ ਸ਼ਰਮਾ, ਪਿੰਟੂ ਗਿੱਲ, ਰਾਜਵੀਰ ਸਿੰਘ, ਰਾਕੇਸ਼ ਮਿੱਡਾ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ। ਇਸ ਮੌਕੇ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵੱਧ ਤੋਂ ਵੱਧ ਗ੍ਰਾਂਟਾਂ ਲਿਆ ਕੇ ਵਾਰਡਾਂ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਵਾਰਡਾਂ ਵਿੱਚ ਸਰਬਪੱਖੀ ਵਿਕਾਸ ਕਾਰਜ ਕਰਵਾਉਣਾ ਹੈ। ਉਨ੍ਹਾਂ ਸ਼ਹਿਰ ਦੇ ਵਾਰਡ ਵਾਸੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ, ਜਿਸ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਵਾਰਡ ਨੰਬਰ 14 ਦੇ ਵਸਨੀਕਾਂ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਮੋਗਾ ਸ਼ਹਿਰ ਦੇ ਵਾਰਡਾਂ ਦੇ ਕੰਮ ਲਗਾਤਾਰ ਚੱਲ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦੀ ਅਗਵਾਈ 'ਚ ਵਾਰਡ ਨੰ: 14 'ਚ ਸ਼ੁਰੂ ਕਰਵਾਏ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ |

ਮੋਗਾ ਪੁਲਿਸ ਵੱਲੋਂ ਟਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਵਿਸ਼ੇਸ਼ ਯਤਨ:ਵਿਧਾਇਕ ਅਮਨਦੀਪ ਕੌਰ ਅਰੋੜਾ ਨੇ 4 ਨਵੇਂ ਪੀ.ਸੀ.ਆਰ ਮੋਟਰਸਾਇਕਲ ਅਤੇ 4 ਨਵੀਆਂ ਵਿਕਟਰ ਐਕਟਿਵਾ ਨੂੰ ਹਰੀ ਝੰਡੀ ਦਿੱਤੀ

ਮੋਗਾ, 28 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) :
ਮੋਗਾ ਜ਼ਿਲ੍ਹੇ ਵਿੱਚ ਟ੍ਰੈਫਿਕ ਦੀ ਸਥਿਤੀ, ਖਾਸ ਤੌਰ 'ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ, ਨਿਵਾਸੀਆਂ ਲਈ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਹਾਲਾਂਕਿ, ਹਾਲ ਹੀ ਵਿੱਚ ਸ੍ਰੀ ਅਜੈ ਗਾਂਧੀ, ਆਈ.ਪੀ.ਐਸ, ਦੀ ਨਵੇਂ ਐਸ.ਐਸ.ਪੀ ਮੋਗਾ ਵਜੋਂ ਹੋਈ ਨਿਯੁਕਤੀ ਨਾਲ, ਟ੍ਰੈਫਿਕ ਪ੍ਰਬੰਧਨ ਅਤੇ ਕਾਨੂੰਨ ਲਾਗੂ ਕਰਨ ਦੋਵਾਂ ਵਿੱਚ ਸ਼ਾਨਦਾਰ ਸੁਧਾਰ ਹੋਏ ਹਨ।
               ਜਿਸ ਤਹਿਤ ਅੱਜ ਪੁਲਿਸ ਲਾਇਨਜ਼ ਮੋਗਾ ਵਿਖੇ ਡਾਕਟਰ ਅਮਨਦੀਪ ਕੌਰ ਅਰੋੜਾ, ਐਮ.ਐਲ.ਏ. ਮੋਗਾ ਵੱਲੋਂ ਸ੍ਰੀ ਅਜੈ ਗਾਂਧੀ, ਆਈ.ਪੀ.ਐਸ, ਐਸ.ਐਸ.ਪੀ ਮੋਗਾ ਨਾਲ ਮਿਲ ਕੇ 4 ਨਵੇਂ ਪੀ.ਸੀ.ਆਰ ਮੋਟਰਸਾਇਕਲ ਅਤੇ 4 ਨਵੀਆਂ ਵਿਕਟਰ ਐਕਟਿਵਾ ਨੂੰ ਹਰੀ ਝੰਡੀ ਦਿੱਤੀ ਗਈ ਹੈ। ਹੁਣ ਜਿਲ੍ਹਾ ਮੋਗਾ ਵਿੱਚ ਕੁੱਲ 12 ਰੈਪਿਡ ਰੂਰਲ ਰਿਸਪਾਂਸ ਗੱਡੀਆਂ, 12 ਪੀ.ਸੀ.ਆਰ ਮੋਟਰਸਾਇਕਲ ਅਤੇ 05 ਵਿਕਟਰ ਐਕਟਿਵਾ 24 ਘੰਟੇ ਗਸ਼ਤ ਲਈ ਹਾਜ਼ਰ ਹਨ। ਇਨ੍ਹਾ ਵਹੀਕਲਾਂ ਦੀ ਗਿਣਤੀ ਵਧਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ।
ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਸੁਰੱਖਿਅਤ ਮਾਹੌਲ ਦੇਣ ਲਈ ਤਤਪਰ ਹੈ। ਉਹਨਾਂ ਕਿਹਾ ਕਿ ਵਿਕਟਰ ਐਕਿਟਵਾ ਨੂੰ ਔਰਤਾਂ ਦੀ ਸੁਰਖਿਆ ਨੂੰ ਧਿਆਨ ਵਿੱਚ ਰੱਖ ਕੇ ਵਧਾਇਆ ਗਿਆ ਹੈ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਕੋਲ ਐਮਰਜੰਸੀ ਲਈ ਸਪੈਸ਼ਲ ਸਪਰੇਅ ਵੀ ਮੁੱਹਈਆ ਕੀਤੀ ਗਈ ਹੈ। ਇਸ ਤੋਂ ਇਲਾਵਾ, ਮੋਗਾ ਪੁਲਿਸ ਨੇ ਆਪਣੇ ਪੀ.ਸੀ.ਆਰ ਅਤੇ ਰੈਪਿਡ ਰੂਰਲ ਰਿਸਪਾਂਸ ਵਾਹਨਾਂ ਨੂੰ ਜੀ.ਪੀ.ਐਸ ਸਿਸਟਮ ਲਗਾ ਕੇ ਅਪਗ੍ਰੇਡ ਕੀਤਾ ਹੈ। ਕੰਟਰੋਲ ਰੂਮ ਮੋਗਾ ਇਹਨਾਂ ਵਾਹਨਾਂ ਦੀ ਨਿਗਰਾਨੀ ਕਰਨ ਲਈ 24/7 ਕੰਮ ਕਰਦਾ ਹੈ, ਜੋ ਕਾਨੂੰਨ ਲਾਗੂ ਕਰਨ ਵਿੱਚ ਕੁਸ਼ਲਤਾ ਅਤੇ ਪ੍ਰਭਾਵ ਦੀ ਇੱਕ ਵਾਧੂ ਪਰਤ ਪ੍ਰਦਾਨ ਕਰਦਾ ਹੈ।

ਸ਼੍ਰੀ ਅਜੈ ਗਾਂਧੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਟਰੈਫਿਕ ਨਿਯਮਾਂ ਵਿੱਚ ਵੀ ਜ਼ਿਕਰਯੋਗ ਸੁਧਾਰ ਹੋਇਆ ਹੈ। ਮੋਗਾ ਟ੍ਰੈਫਿਕ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਗੈਰ-ਕਾਨੂੰਨੀ ਪਾਰਕਿੰਗ ਕਰਨ ਵਰਗੇ ਅਪਰਾਧਾਂ ਲਈ ਚਲਾਨ ਕੱਟੇ ਹਨ। ਵਾਹਨਾਂ 'ਤੇ ਸੰਸ਼ੋਧਿਤ ਸਾਈਲੈਂਸਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ, ਟ੍ਰੈਫਿਕ ਪੁਲਿਸ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਰਗਰਮੀ ਨਾਲ ਕਾਬੂ ਕਰ ਰਹੀ ਹੈ। ਵਿਵਸਥਾ ਬਣਾਈ ਰੱਖਣ ਲਈ, ਟ੍ਰੈਫਿਕ ਪੁਲਿਸ ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨਾਂ ਨੂੰ ਤੁਰੰਤ ਟੋਇੰਗ ਕਰ ਰਹੀ ਹੈ, ਖਾਸ ਕਰਕੇ ਭੀੜ ਵਾਲੇ ਬਾਜ਼ਾਰਾਂ ਵਾਲੇ ਖੇਤਰਾਂ ਵਿੱਚ। ਇਹ ਪਹਿਲਕਦਮੀ ਨਾ ਸਿਰਫ਼ ਭੀੜ-ਭੜੱਕੇ ਨੂੰ ਘੱਟ ਕਰਦੀ ਹੈ ਸਗੋਂ ਪੈਦਲ ਚੱਲਣ ਵਾਲਿਆਂ ਅਤੇ ਹੋਰ ਡਰਾਈਵਰਾਂ ਦੀ ਸੁਰੱਖਿਆ ਨੂੰ ਵੀ ਵਧਾਉਂਦੀ ਹੈ।
                  ਐਸ.ਐਸ.ਪੀ ਅਜੈ ਗਾਂਧੀ ਨੇ ਇਨ੍ਹਾਂ ਪਹਿਲਕਦਮੀਆਂ ਵਿੱਚ ਭਾਈਚਾਰਕ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾ ਨੇ ਕਿਹਾ ਕਿ “ਸਾਡਾ ਮੁੱਖ ਟੀਚਾ ਮੋਗਾ ਦੇ ਸਾਰੇ ਵਸਨੀਕਾਂ ਲਈ ਇੱਕ ਸੁਰੱਖਿਅਤ ਮਾਹੌਲ ਸਿਰਜਣਾ ਹੈ। ਅਸੀਂ ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਆਪਣੇ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਨ ਨਾਲ ਕੰਮ ਕਰਨਾ ਜਾਰੀ ਰੱਖਾਂਗੇ”। ਮੋਗਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਅਤੇ ਕਿਸੇ ਵੀ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਦੇ ਕੇ ਇਹਨਾਂ ਪਹਿਲਕਦਮੀਆਂ ਦਾ ਸਮਰਥਨ ਕਰਨ। ਇਕੱਠੇ ਮਿਲ ਕੇ, ਅਸੀਂ ਹਰੇਕ ਲਈ ਇੱਕ ਸੁਰੱਖਿਅਤ, ਵਧੇਰੇ ਵਿਵਸਥਿਤ ਭਾਈਚਾਰਾ ਬਣਾ ਸਕਦੇ ਹਾਂ।

ਮਨਾਵਾਂ ਪਿੰਡ ਦੇ ਜਸਵਿੰਦਰ ਸਿੰਘ ਨੇ ਆਪਣੀ 15 ਏਕੜ ਦੀ ਝੋਨੇ ਦੀ ਫ਼ਸਲ ਤੋਂ ਬਾਅਦ ਪਰਾਲੀ ਦੀਆਂ ਗੱਠਾਂ ਬਣਵਾਈਆਂ

----------ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ, ਹੋਰਨਾਂ ਕਿਸਾਨਾਂ ਨੂੰ ਵੀ ਸੇਧ ਲੈਣ ਦੀ ਕੀਤੀ ਅਪੀਲ---
ਮੋਗਾ 28 ਅਕਤੂਬਰ( ਜਸ਼ਨ, ਸਟਰਿੰਗਰ ਦੂਰਦਰਸ਼ਨ ) :
ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਦੀਆਂ ਆਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਪਰਾਲੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਟੀਮਾਂ ਦਿਨ ਰਾਤ ਫੀਲਡ ਵਿੱਚ ਕੰਮ ਕਰ ਰਹੀਆਂ ਹਨ। ਮੋਗਾ ਵਿੱਚ ਬਹੁ ਗਿਣਤੀ ਵਿੱਚ ਕਿਸਾਨ ਹਨ ਜਿਹਨਾਂ ਨੇ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਖੇਤੀਬਾੜੀ ਵਿਭਾਗ ਦੀ ਦੇਖ ਰੇਖ ਅਤੇ ਸਹਾਇਤਾ ਨਾਲ ਕਰਨਾ ਉਚਿਤ ਸਮਝਿਆ।
ਇਹਨਾਂ ਕਿਸਾਨਾਂ ਦੀ ਲਿਸਟ ਵਿੱਚ ਇੱਕ ਨਾਮ ਮਨਾਵਾਂ ਪਿੰਡ ਦੇ ਜਸਵਿੰਦਰ ਦਾ ਵੀ ਆਉਂਦਾ ਹੈ ਉਸਨੇ ਆਪਣੀ 15 ਏਕੜ ਦੀ ਝੋਨੇ ਦੀ ਫ਼ਸਲ ਤੋਂ ਬਾਅਦ ਪਰਾਲੀ ਦੀਆਂ ਗਠਾਂ ਬਣਵਾਈਆਂ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਪਰਾਲੀ ਦੇ ਪ੍ਰਬੰਧਨ ਵਿੱਚ ਕੋਈ ਵੀ ਦਿੱਕਤ ਨਹੀਂ ਆਈ ਕਿਉਕਿ ਖੇਤੀਬਾੜੀ ਸੰਦ ਵਿਭਾਗ ਨੇ ਮੁੱਹਈਆ ਕਰਵਾ ਦਿੱਤੇ ਸਨ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਸਾਨ ਜਸਵਿੰਦਰ ਸਿੰਘ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਹੁਣ ਪਰਾਲੀ ਨੂੰ ਅੱਗ ਲਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।
ਓਹਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਵਾ (ਰੋਕਥਾਮ ਅਤੇ ਕੰਟਰੋਲ ਆਫ਼ ਪ੍ਰਦੂਸ਼ਣ) ਐਕਟ 1981 ਦੀ ਧਾਰਾ 19 (5) ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਦੇ ਵਿੱਚ ਫ਼ਸਲਾਂ ਦੀ ਨਾੜ/ਰਹਿੰਦ ਖੂੰਹਦ ਨੂੰ ਅੱਗ ਲਗਾਏ ਜਾਣ ਦੀ ਮਨਾਹੀ ਕੀਤੀ ਗਈ ਹੈ। ਫ਼ਸਲਾਂ ਦੀ ਨਾੜ/ਰਹਿੰਦ ਖੂੰਹਦ ਨੂੰ ਅੱਗ ਲਗਾਏ ਜਾਣ ਤੋਂ ਰੋਕਣ ਅਤੇ ਨਾੜ ਨੂੰ ਅੱਗ ਲਗਾਏ ਜਾਣ ਦੀ ਸੂਰਤ ਵਿੱਚ ਕਾਰਵਾਈ ਕਰਨ ਲਈ ਜ਼ਿਲ੍ਹਾ ਮੋਗਾ ਵਿੱਚ 334 ਨੋਡਲ ਅਫਸਰਾਂ ਤੋਂ ਇਲਾਵਾ ਕਲੱਸਟਰ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਇਹ ਅਫ਼ਸਰ ਕਣਕ ਦੇ ਨਾੜ/ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉੱਪਰ  ਬਾਜ ਅੱਖ ਰੱਖ ਰਹੇ ਹਨ।  ਇਹ ਟੀਮਾਂ ਕਿਸਾਨਾਂ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਅਤੇ ਖੇਤੀਬਾੜੀ ਵਾਲੀ ਜ਼ਮੀਨ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਜਾਗਰੂਕ ਵੀ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗੀ ਕਾਰਵਾਈ ਤੋਂ ਬਚਣ ਅਤੇ ਵਾਤਾਵਰਨ ਦੀ ਸ਼ੁਧਤਾ ਬਰਕਰਾਰ ਰੱਖਣ ਲਈੇ ਕਣਕ ਦੇ ਨਾੜ/ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਨੂੰ ਯਕੀਨੀ ਬਣਾਉਣ।
--

" ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਗਰ ਤਰੀਕੇ ਨਾਲ ਕੰਮ ਕਰੋ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੋ "- ਡਿਪਟੀ ਕਮਿਸ਼ਨਰ ਦੀ ਕਲੱਸਟਰ ਅਫ਼ਸਰਾਂ, ਨੋਡਲ ਅਧਿਕਾਰੀਆਂ ਅਤੇ ਐੱਸ ਐੱਚ ਓਜ਼ ਨੂੰ ਦੋ ਟੁੱਕ

---------- ਘਟਨਾਵਾਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਕਲੱਸਟਰ ਅਫ਼ਸਰਾਂ  ਨਾਲ ਹੰਗਾਮੀ ਮੀਟਿੰਗ-------------
---- ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਅਪਣਾਇਆ ਜਾਵੇਗੀ------
-------- ਸਿਵਲ ਅਤੇ ਪੁਲਿਸ ਅਫ਼ਸਰਾਂ ਨੂੰ ਜ਼ਿਆਦਾ ਸਮਾਂ ਫੀਲਡ ਵਿੱਚ ਰਹਿਣ ਦੇ ਆਦੇਸ਼-----------
--------- ਕਿਸਾਨਾਂ, ਸਰਪੰਚਾਂ, ਕਿਸਾਨ ਯੂਨੀਅਨਾਂ, ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਸਹਿਯੋਗ ਦੀ ਅਪੀਲ--

ਮੋਗਾ, 28 ਅਕਤੂਬਰ  ( ਜਸ਼ਨ, ਸਟਰਿੰਗਰ ਦੂਰਦਰਸ਼ਨ ) :ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਸਖ਼ਤੀ ਨਾਲ ਰੋਕਣ ਦੀ ਨੀਤੀ ਉੱਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਸਮੂਹ ਕਲੱਸਟਰ ਅਫ਼ਸਰਾਂ, ਨੋਡਲ ਅਧਿਕਾਰੀਆਂ ਅਤੇ ਐੱਸ ਐੱਚ ਓਜ਼ ਨੂੰ ਸਪੱਸ਼ਟ ਕੀਤਾ ਹੈ ਕਿ ਜਾਂ ਤਾਂ ਉਹ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਗਰ ਤਰੀਕੇ ਨਾਲ ਕੰਮ ਕਰਨ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ। ਉਹ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਲੱਸਟਰ ਅਫ਼ਸਰਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ।
ਉਹਨਾਂ ਕਲੱਸਟਰ ਅਫ਼ਸਰਾਂ ਨੂੰ ਕਿਹਾ ਕਿ ਜੇਕਰ ਉਹਨਾਂ ਅਧੀਨ ਨੋਡਲ ਅਫ਼ਸਰ ਕੰਮ ਕਰਨ ਤੋਂ ਆਨਾਕਾਨੀ ਕਰਦੇ ਹਨ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਲਿਆਉਣ। ਉਹਨਾਂ ਨੇ ਕੰਮ ਨਾ ਕਰਨ ਵਾਲੇ ਕੁਝ ਨੋਡਲ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ।
ਉਹਨਾਂ ਕਿਹਾ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਉੱਤੇ ਮਾਨਯੋਗ ਸੁਪਰੀਮ ਕੋਰਟ ਅਤੇ ਵਾਤਾਵਰਨ ਪਲੀਤ ਹੋਣ ਤੋਂ ਰੋਕਣ ਵਿੱਚ ਲੱਗੀਆਂ ਕੇਂਦਰੀ ਏਜੰਸੀਆਂ ਵੱਲੋਂ ਸਿੱਧੀ ਨਜ਼ਰ ਰੱਖੀ ਜਾ ਰਹੀ ਹੈ। ਇਹ ਸਾਰਾ ਵਰਤਾਰਾ ਸੈਟੇਲਾਈਟ ਰਾਹੀਂ ਮੌਨੀਟਰ ਕੀਤਾ ਜਾ ਰਿਹਾ ਹੈ।
ਉਹਨਾਂ ਪ੍ਰਸ਼ਾ਼ਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਅਪਣਾਇਆ ਜਾਵੇ ਅਤੇ ਸਮਾਂ ਆਉਣ ਉੱਤੇ ਨਾਜ਼ੁਕ ਥਾਵਾਂ ਤੇ ਸਾਂਝੇ ਤੌਰ ਤੇ ਗਸ਼ਤ ਕੀਤੀ ਜਾਵੇ। ਸਾਰੇ ਐਸ.ਐਚ.ਓਜ਼ ਵੱਲੋਂ ਪੁਲਿਸ ਸਟੇਸ਼ਨਾਂ ਤੋਂ ਬਾਹਰ ਆ ਕੇ ਫੀਲਡ ਵਿੱਚ ਸਖਤ ਚੌਕਸੀ ਵਰਤੀ ਜਾਵੇ।
ਉਹਨਾਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਕੋਈ ਵੀ ਕਿਸਾਨ ਖੇਤ ਵਿੱਚ ਅੱਗ ਲਗਾਉਂਦਾ ਹੈ ਤਾਂ ਕਿਸਾਨ ਨੂੰ ਜ਼ੁਰਮਾਨਾ ਅਤੇ ਸਜ਼ਾ ਦੇਣ ਦੇ ਨਾਲ ਨਾਲ ਸਬੰਧਤ ਅਧਿਕਾਰੀਆਂ ਅਤੇ ਐਸ ਐਚ ਓ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਲੱਸਟਰ ਅਫ਼ਸਰਾਂ ਵਲੋਂ ਅਜਿਹੇ ਪਿੰਡਾਂ ਵਿੱਚ ਪੁਲਿਸ ਕਰਮੀਆਂ ਦੀ ਹਾਜ਼ਰੀ ਵਿੱਚ ਦੌਰੇ ਕਰਨੇ ਚਾਹੀਦੇ ਹਨ ਅਤੇ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਸੁਨੇਹਾ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਸਾਂਝੇ ਤੌਰ ਤੇ ਗਸ਼ਤ ਲੋਕਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਅਸਰਦਾਰ ਢੰਗ ਨਾਲ ਰੋਕੇਗੀ। ਉਨ੍ਹਾਂ ਸਪਸ਼ਟ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸ਼ਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਸਮੂਹ ਪਿੰਡਾਂ ਦੇ ਸਰਪੰਚਾਂ, ਕਿਸਾਨ ਯੂਨੀਅਨਾਂ, ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਮੀਟਿੰਗਾਂ ਕੀਤੀਆਂ ਜਾਣ । ਇਸ ਤੋਂ ਇਲਾਵਾ ਗੁਰਦੁਆਰਿਆਂ, ਮੰਦਿਰਾਂ ਤੇ ਹੋਰ ਧਾਰਮਿਕ ਸਥਾਨਾਂ ਤੋਂ ਪਰਾਲੀ ਨਾ ਸਾੜਨ ਸਬੰਧੀ ਅਨਾਊਂਮੈਂਟ ਵੀ ਕਰਵਾਈ ਜਾਵੇ। ਜੇਕਰ ਕੋਈ ਜਾਗਰੂਕਤਾ ਫੈਲਾਉਣ ਵਿੱਚ ਅੜਿੱਕਾ ਲਾਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਇਹ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਉਹਨਾਂ ਦੱਸਿਆ ਕਿ ਪਰਾਲੀ ਦੇ ਉਚਿਤ ਪ੍ਰਬੰਧਨ ਲਈ ਜ਼ਿਲ੍ਹਾ ਮੋਗਾ ਵਿੱਚ ਮਸ਼ੀਨਰੀ ਦੀ ਕੋਈ ਵੀ ਕਮੀ ਨਹੀਂ ਹੈ। ਕਿਸਾਨਾਂ ਨੂੰ ਇਸਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ।
ਇਸ ਮੌਕੇ ਹਾਜ਼ਰ ਐਸ.ਪੀ. ਸ਼੍ਰੀ ਸੰਦੀਪ ਵਢੇਰਾ ਨੂੰ ਕਿਹਾ ਗਿਆ ਕਿ ਐਸ.ਐਚ.ਓਜ਼ ਨੂੰ ਆਦੇਸ਼ ਦਿੱਤੇ ਜਾਣ ਕਿ ਅਗਲੇ ਸਮੇਂ ਦੌਰਾਨ ਆਪਣੇ-ਆਪਣੇ ਖੇਤਰਾਂ ਵਿੱਚ ਰਹਿ ਕੇ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਪਰਾਲੀ ਨੂੰ ਅੱਗ ਨਾ ਲਗਾ ਸਕੇ।
ਉਨ੍ਹਾਂ ਕਿਹਾ ਕਿ ਮਾਨਯੋਗ ਉੱਚ ਅਦਾਲਤ ਦੇ ਆਦੇਸ਼ਾਂ ਅਨੁਸਾਰ ਸਬੰਧਿਤ ਐਸ.ਐਚ.ਓਜ਼ ਆਪਣੇ-ਆਪਣੇ ਖੇਤਰਾਂ ਵਿੱਚ ਪਰਾਲੀ ਨੂੰ ਅੱਗ ਦੀ ਘਟਨਾ ਲਈ ਜਿੰਮੇਵਾਰ ਹੋਣਗੇ ਅਤੇ ਉਨ੍ਹਾਂ ਨੂੰ ਅੱਗ ਲੱਗਣ ਦੇ ਕੇਸਾਂ ਨੂੰ ਰੋਕਣ ਨੂੰ ਤਰਜੀਹ ਦੇਣੀ ਚਾਹੀਦੀ ਹੈ।