ਡਾ. ਹਰਜੋਤ ਕਮਲ ਨੇ ਦਿੱਤੀ ਚੇਤਾਵਨੀ, ਨਗਰ ਨਿਗਮ ਨੂੰ ਨਾ ਬਣਾਓ ਭ੍ਰਿਸ਼ਟਾਚਾਰ ਦਾ ਅੱਡਾ
ਮੋਗਾ, 4 ਜਨਵਰੀ (ਜਸ਼ਨ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੈਕਟਰੀ ਅਤੇ ਮੋਗਾ ਤੋਂ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਨਾਮ ਲਏ ਬਿਨਾਂ ਚੇਤਾਵਨੀ ਦਿੱਤੀ ਹੈ ਕਿ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਦਾ
ਅੱਡਾ ਨਾ ਬਣਾਇਆ ਜਾਵੇ, ਨਿਗਮ ਸ਼ਹਿਰ ਦੇ ਵਿਕਾਸ ਦਾ ਕੇਂਦਰ ਹੀ ਰਹੇ ਤਾਂ ਠੀਕ ਹੈ। ਉਨ੍ਹਾਂ ਨਿਗਮ ਦੀ ਸੱਤਾ ਤੇ ਬੈਠੇ ਲੋਕਾਂ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਤਿੰਨ
ਸਾਲ ਬੀਤ ਜਾਣ ਦੇ ਬਾਅਦ ਵੀ ਸ਼ਹਿਰ ਦੇ ਵਿਕਾਸ ਲਈ ਇੱਕ ਪੈਸੇ ਨੂੰ ਮਨਜੂਰੀ ਨਹੀਂ ਦਿੱਤੀ ਗਈ, ਵਿਕਾਸ ਦੇ ਜੋ ਕੰਮ ਉਨ੍ਹਾਂ ਵਿਧਾਇਕ ਹੁੰਦਿਆਂ ਪਾਸ ਕਰਵਾਏ ਸਨ, ਬਸ ਉਹੀ ਕੰਮ ਚੱਲ ਰਹੇ
ਹਨ। ਉਨ੍ਹਾਂ ਦੇ ਵਿਧਾਇਕ ਕਾਲ ਵਿੱਚ ਸ਼ਹਿਰ ਦੇ 50 ਵਾਰਡਾਂ ਤੋਂ ਇੱਕ ਵੀ ਵਾਰਡ ਅਜਿਹਾ ਨਹੀਂ ਬਚਿਆ ਜਿਸਦਾ ਕੰਮ ਨਗਰ ਨਿਗਮ ਦੇ ਏਜੰਡੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਪਰ ਨਗਰ
ਨਿਗਮ ਸੱਤਾ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਨ੍ਹਾਂ ਨੇ ਮੇਰੇ ਸਮੇਂ ਦੌਰਾਨ ਪਾਸ ਕੀਤੇ ਕਈ ਕੌਂਸਲਰਾਂ ਦੇ ਵਾਰਡਾਂ ਦੇ ਕੰਮ ਵੀ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ
ਨਾਲ ਰੋਕ ਦਿੱਤੇ ਹਨ। ਨਗਰ ਨਿਗਮ ਨੂੰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰੀ ਦਾ ਅੱਡਾ ਬਣਾ ਦਿੱਤਾ ਹੈ। ਉਨ੍ਹਾਂ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਨਗਰ
ਨਿਗਮ ਵਿੱਚ ਭਰਤੀ ਕੀਤੇ ਬੇਲਦਾਰਾਂ ਵਿੱਚ 29 ਅਜਿਹੇ ਬੇਲਦਾਰ ਹਨ ਜੋ ਨਿਯਮਾਂ ਨੂੰ ਛਿੱਕੇ ਟੰਗ ਕੇ ਭਰਤੀ ਕੀਤੇ ਹਨ। ਗਰੀਬਾਂ ਦਾ ਹੱਕ ਮਾਰ ਕੇ ਦੂਜਿਆਂ ਨੂੰ ਬੇਲਦਾਰ ਬਣਾਇਆ ਗਿਆ ਹੈ ਜੋ
ਯੋਗ ਵੀ ਨਹੀਂ ਹਨ ਅਤੇ ਨਾ ਹੀ ਕਦੇ ਨਗਰ ਨਿਗਮ ਵਿੱਚ ਬੇਲਦਾਰ ਦੇ ਰੂਪ ਵਿੱਚ ਕੰਮ ਕਰਨਗੇ। ਕੌੰਸਲਰਾਂ ਦੇ ਭਰਾਵਾਂ, ਪਤਨੀਆਂ, ਸਕੇ ਸੰਬੰਧੀਆਂ ਨੂੰ ਨਿਯਮਾਂ ਖਿਲਾਫ਼ ਬੇਲਦਾਰ ਬਣਾਇਆ
ਗਿਆ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੱਚਮੁੱਚ ਹੀ ਭ੍ਰਿਸ਼ਟਾਚਾਰ ਦੇ ਖਿਲਾਫ਼ ਹੈ ਤਾਂ ਨਗਰ ਨਿਗਮ ਵਿੱਚ ਭਰਤੀ ਕੀਤੇ ਬੇਲਦਾਰਾਂ ਦੀ ਸੂਚੀ ਜਨਤਕ ਕਰੇ।
ਡਾ. ਹਰਜੋਤ ਕਮਲ ਸਿੰਘ ਨੇ ਨਗਰ ਨਿਗਮ ਦੇ ਕੌਂਸਲਰਾਂ ਨੂੰ ਸਲਾਹ ਦਿੱਤੀ ਹੈ ਕਿ ਨਿੱਜੀ ਲਾਭ ਲਈ ਭਵਿੱਖ ਵਿੱਚ ਕਾਨੂੰਨੀ ਮਾਮਲੇ ਵਿੱਚ ਫਸ ਨਾ ਜਾਣ ਇਸ ਗੱਲ ਦਾ ਧਿਆਨ ਰੱਖਣ।
ਮਿਉਂਸੀਪਲ ਐਕਟ ਵਿੱਚ ਸ਼ਪਸ਼ਟ ਹੈ ਕਿ ਕਿਸੇ ਕੌਂਸਲਰ ਨੇ ਬਲੱਡ ਰਿਲੇਸ਼ਨ ਵਾਲਾ ਵਿਅਕਤੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸੀ ਵੀ ਤਰ੍ਹਾਂ ਦਾ ਆਰਥਿਕ ਲਾਭ ਨਹੀਂ ਲੈ ਸਕਦਾ ਹੈ। ਅੱਜ ਤਾਂ
ਉਨ੍ਹਾਂ ਨੂੰ ਚੰਗਾ ਲੱਗ ਰਿਹਾ ਹੈ ਕਿ ਕੌਂਸਲਰ ਪਤੀ ਮਾਣਭੱਤਾ ਲੈ ਰਹੇ ਹਨ ਪਤਨੀ ਨਗਰ ਨਿਗਮ ਤੋਂ ਤਨਖਾਹ। ਪਰ ਜਦੋਂ ਸਰਕਾਰ ਬਦਲੀ ਤਾਂ ਨਗਰ ਨਿਗਮ ਤੋਂ ਤਨਖਾਹ ਲੈਣ ਵਾਲੀ ਬੇਲਦਾਰ
ਪਤਨੀਆਂ ਅਤੇ ਰਿਸ਼ਤੇਦਾਰ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਕੌਂਸਲਰ ਨੂੰ ਛੋਟਾ ਮੋਟਾ ਲਾਭ ਦੇ ਕੇ ਕੁਝ ਲੋਕ ਨਗਰ ਨਿਗਮ ਵਿੱਚ ਵੱਡੇ ਪੱਧਰ ਭ੍ਰਿਸ਼ਟਾਚਾਰ ਵਿੱਚ ਲੱਗੇ ਹਨ, ਹੋ ਸਕਦਾ ਹੈ ਕਿ ਹਾਲੇ
ਇਸ ਮਾਮਲੇ ਵਿੱਚ ਕੁਝ ਨਾ ਹੋਣ, ਪਰ ਸੱਤਾ ਬਦਲੀ ਤਾਂ ਸਾਰੀਆਂ ਚੀਜਾਂ ਸਾਹਮਣੇ ਆ ਜਾਣਗੀਆਂ। ਉਸ ਸਮੇਂ ਕੋਈ ਬਚਾਉਣ ਵਾਲਾ ਨਹੀਂ ਹੋਵੇਗਾ। ਨਿੱਜੀ ਲਾਭ ਲੈਣ ਦੀ ਬਜਾਏ ਕੌਂਸਲਰਾਂ ਨੂੰ
ਆਪਣੇ ਵਾਰਡ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਨ੍ਹਾਂ ਕੌਂਸਲਰਾਂ ਦੇ ਵਾਰਡਾਂ ਵਿੱਚ ਪਾਸ ਹੋਏ ਕੰਮ ਰੁਕੇ ਹਨ, ਉਹ ਅੱਗੇ ਆਉਣ ਭਾਜਪਾ ਉਨ੍ਹਾਂ ਦੀ ਅਗਵਾਈ ਕਰਕੇ ਉਨ੍ਹਾਂ ਦੀ
ਆਵਾਜ ਬੁਲੰਦ ਕਰੇਗੀ, ਕਿਸੇ ਕੌਂਸਲਰ ਤੋਂ ਨਿੱਜੀ ਆਧਾਰ ਤੇ ਰਾਜਨੀਤਿਕ ਦੁਸ਼ਮਨੀ ਕੱਢ ਕੇ ਲੋਕਾਂ ਨਾਲ ਖਿਲਵਾੜ ਨਾ ਕੀਤਾ ਜਾਵੇ। ਵਿਕਾਸ ਦੇ ਕੰਮਾਂ ਦਾ ਲਾਭ ਕਿਸੇ ਕੌਂਸਲਰ ਨੂੰ ਨਹੀਂ
ਮਿਲੇਗਾ, ਸ਼ਹਿਰ ਦੀ ਜਨਤਾ ਨੂੰ ਮਿਲਦਾ ਹੈ। ਸ਼ਹਿਰ ਲਈ ਕੰਮ ਕਰੋ ਆਪਣੇ ਲਈ ਨਹੀਂ।