ਖ਼ਬਰਾਂ

ਗੁਰੂ ਨਾਨਕ ਸਾਹਿਬ ਦੇ ਕਿਰਤ ਕਰਨ,ਨਾਮ ਜਪਣ ਅਤੇ ਵੰਡ ਛਕਣ ਦੇ ਫਲਸਫੇ ਨੂੰ ਅਪਣਾ ਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ: ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲੇ

ਮੋਗਾ,12 ਨਵੰਬਰ (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ‘ਤੇ ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲਿਆਂ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਜਦੋਂ ਸਾਡੇ ਜੀਵਨ ਵਿਚ ਇਹ ਸ਼ੁੱਭ ਮੌਕਾ ਆਇਆ ਹੈ ।  ਉਹਨਾਂ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਅੱਜ ਦੇ ਜੀਵਨ ਵਿਚ ਵੀ ਪਹਿਲਾਂ ਵਾਂਗ ਪ੍ਰਸੰਗਿਕ ਹਨ। ਮੰਡੀਰਾਂ ਵਾਲਿਆਂ ਨੇ ਆਖਿਆ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪਰਮਾਤਮਾ ਇਕ ਹੈ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਕਿਸੇ ਵਿਅਕਤੀ ਜਾਂ ਵਿਚੋਲੇ ਦੀ ਲੋੜ ਨਹੀਂ ਹੁੰਦੀ ਬਲਕਿ ਅਸੀਂ ਕਿਰਤ ਕਰਨ ਤੇ ਵੰਡ ਛਕਣ ਦੇ ਫਲਸਫੇ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ । ਬਾਬਾ ਬਲਦੇਵ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਜੋਕੇ ਯੁੱਗ ਵਿਚ ਝੂਠ ਅਤੇ ਫਰੇਬ ਨੂੰ ਭਾਰੂ ਨਾ ਹੋਣ ਦੇਈਏ ਬਲਕਿ ਸੱਚ ਦੇ ਮਾਰਗ ’ਤੇ ਚੱਲਦਿਆਂ ਗੁਰੂ ਸਾਹਿਬ ਦੇ ਆਸ਼ੇ ਮੁਤਾਬਕ ਕਿਰਤ ਕਰਨ ਅਤੇ ਵੰਡ ਛਕਣ ਦੇ ਫਲਸਫੇ ਨੂੰ ਅਪਣਾਈਏ ਤਾਂ ਕਿ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾਂ ਸੰਗਤ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਜਿਉਣ ਅਤੇ ਨਿਤ ਦਿਨ ਉਸ ਵਾਹਿਗੁਰੂ ਨੂੰ ਯਾਦ ਕਰਨ ਦੀ ਆਦਤ ਪਾਉਣ ।  
   

ਕੈਪਟਨ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ਵਸੇ ਭਗੌੜੇ ਅਪਰਾਧੀਆਂ ਦੇ ਮਾਮਲਿਆਂ ਦੇ ਤੇਜ਼ੀ ਨਾਲ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਭਰੋਸਾ

ਚੰਡੀਗੜ੍ਹ/ਜਲੰਧਰ, 12 ਨਵੰਬਰ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿੱਚ ਵਸੇ ਪਰਵਾਸੀ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਉਹ  ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਪੰਜਾਬ ਛੱਡ ਕੇ ਜਾਣ   ਵਾਲੇ ਵਿਅਕਤੀਆਂ ਜਿਨ੍ਹਾ  ਨੂੰ ਬਾਅਦ ਵਿੱਚ ਭਗੌੜੇ ਕਰਾਰ ਦਿੱਤਾ ਗਿਆ ਸੀ, ਦੇ ਮਾਮਲਿਆਂ ਦੇ ਜਲਦੀ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਮੁੱਦਾ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਕੇਂਦਰ ਸਰਕਾਰ ਕੋਲ ਉਠਾਉਣਗੇ। ਉਹ ਬੀਤੀ ਸ਼ਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਐਨ.ਆਰ.ਆਈਜ਼ ਦੇ ਇੱਕ ਸਮੂਹ ਵੱਲੋਂ ਕੀਤੀ ਬੇਨਤੀ ਦਾ ਜਵਾਬ ਦੇ ਰਹੇ ਸਨ। ਮੁੱਖ ਮੰਤਰੀ ਨੇ ਐਨ.ਆਰ.ਆਈਜ਼. ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ ‘ਤੇ ਅਧਾਰਤ ਕਿਤਾਬਾਂ, ਯਾਦਗਾਰੀ ਸਿੱਕੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਪਰਵਾਸੀ ਭਾਰਤੀਆਂ ਨੇ ਚਿੰਤਾ ਜ਼ਾਹਰ ਕੀਤੀ ਵਿਦੇਸ਼ ਵਾਸ ਕਰ ਚੁੱਕੇ, ਜ਼ਿਆਦਾਤਰ ਵਿਅਕਤੀ ਪੰਜਾਬ ਨਹੀਂ ਆ ਸਕਦੇ ਹਨ ਅਤੇ ਅਤੇ ਨਾ ਹੀ ਦਰਬਾਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਵਿਖੇ ਜਾ ਕੇ ਨਤਮਸਤਕ ਹੋ ਸਕਦੇ ਹਨ ਕਿਉਂਕਿ ਉਨਾਂ ਨੂੰ ਕੁਝ ਮਾਮਲਿਆਂ ਵਿਚ ਅਦਾਲਤ ਸਾਹਮਣੇ ਪੇਸ਼ ਹੋਣ ਤੋਂ ਅਸਮਰੱਥ ਰਹਿਣ ਕਰਕੇ ਭਗੌੜੇ ਐਲਾਨਿਆ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨਾਲ ਵਿਸ਼ੇਸ਼ ਅਦਾਲਤ ਸਥਾਪਿਤ ਕਰਨ ਦੀ ਸੰਭਾਵਨਾ ਸਬੰਧੀ ਵਿਚਾਰਚਰਚਾ ਕਰਨਗੇ। ਉਨਾਂ ਅੱਗੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਵਿਦੇਸ਼ਾਂ ਵਿੱਚ ਕੁਝ ਭਾਰਤੀ ਮਿਸ਼ਨਾਂ ਜਿਵੇਂ ਕਿ ਯੂਕੇ, ਅਮਰੀਕਾ, ਕਨੇਡਾ, ਜਰਮਨੀ ਅਤੇ ਫਰਾਂਸ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨ, ਵਿੱਚ ਅਜਿਹੀਆਂ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦੀ ਸੰਭਾਵਨਾ ਨੂੰ ਵਿਚਾਰਨਗੇ।ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਪੀੜੀਆਂ ਦੀ ਸੁਰੱਖਿਆ ਅਤੇ ਪ੍ਰਗਤੀ ਦੇ ਉਦੇਸ਼ ਨਾਲ ਸੂਬੇ ਨੂੰ ਵਿਕਾਸ ਦੇ ਇੱਕ ਨਵੇਂ ਯੁੱਗ ਵਿੱਚ ਲਿਜਾਣ ਲਈ ਉਨਾਂ ਦੀ ਸਰਕਾਰ ਦੇ ਯਤਨਾਂ ਵਿੱਚ ਸਾਥ ਦੇਣ। ਮੁੱਖ ਮੰਤਰੀ ਨੇ ਵਿਸ਼ਵ ਦੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਸਖ਼ਤ ਮਿਹਨਤ ਨਾਲ ਸੂਬੇ ਅਤੇ ਦੇਸ਼ ਲਈ ਮਾਣ ਖੱਟਣ ਲਈ ਪਰਵਾਸੀ ਪੰਜਾਬੀਆਂ ਦੀ ਸ਼ਲਾਘਾ ਕੀਤੀ।ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਆਪਣੀਆਂ ਜੜਾਂ ਨਾਲ ਜੁੜੋ‘ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਉਕਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਪਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਉਨਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਨੌਜਵਾਨਾਂ ਨੂੰ ਵੀ ਪੰਜਾਬ ਆ ਕੇ ਆਪਣੀ ਜੱਦੀ ਵਿਰਾਸਤ ਨਾਲ ਜੁੜਨ ਲਈ ਉਤਸ਼ਾਹਿਤ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ‘ਤੇ ਕਰਤਾਰਪੁਰ ਲਾਂਘਾ ਖੁੱਲਣ ‘ਤੇ ਸਮੁੱਚੀ ਸਿੱਖ ਕੌਮ, ਵਿਸ਼ੇਸ਼ ਕਰਕੇ ਪਰਵਾਸੀ ਭਾਰਤੀਆਂ ਨੂੰ ਵਧਾਈ ਦਿੱਤੀ, ਜਿਸ ਨਾਲ ਸ਼ਰਧਾਲੂਆਂ ਨੂੰ ਇਤਿਹਾਸਕ ਗੁਰਦੁਆਰੇ ਦੇ ‘ਖੁੱਲੇ ਦਰਸ਼ਨ ਦੀਦਾਰ‘ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਬੋਲਦਿਆਂ ਯ.ੂਕੇ ਦੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੀ ਕੌਂਸਲ ਦੇ ਪ੍ਰਧਾਨ ਅਵਤਾਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀਆਂ ਨਿੱਜੀ ਕੋਸ਼ਿਸ਼ਾਂ ਰਾਹੀਂ ਕੇਂਦਰ ਤੋਂ ਕਾਲੀ ਸੂਚੀ ਨੂੰ ਖਾਰਜ਼ ਕਰਵਾਉਣ ਸਬੰਧੀ ਉਨਾਂ (ਅਵਤਾਰ ਸਿੰਘ) ਦੀ  ਲੰਬੇ ਸਮੇਂ ਤੋਂ ਲਟਕ ਰਹੀ ਬੇਨਤੀ ਨੂੰ ਮੰਨਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਸਾਊਥ ਹਾਲ ਤੋਂ ਪ੍ਰਵਾਸੀ ਭਾਰਤੀ ਜਸਵੰਤ ਸਿੰਘ ਠੇਕੇਦਾਰ ਨੇ ਐਨ.ਆਰ.ਆਈ ਮੁੱਦਿਆਂ ਦੇ ਜਲਦੀ ਹੱਲ ਲਈ ਕੈਪਟਨ ਅਮਰਿੰਦਰ ਦੀ ਗਤੀਸ਼ੀਲ ਅਗਵਾਈ ‘ਤੇ ਭਰੋਸਾ ਜਤਾਇਆ। ਹੋਰ ਪ੍ਰਵਾਸੀ ਭਾਰਤੀਆਂ ਵਿੱਚ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਬੌਬ ਸਰੋਆ, ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ, ਮੈਂਬਰ ਪਾਰਲੀਮੈਂਟ ਲਾਰਡ ਦਿਲਜੀਤ ਸਿੰਘ ਰਾਣਾ, ਇੰਦਰਜੀਤ ਸਿੰਘ ਬੱਲ, ਤੇਜਿੰਦਰ ਸਿੰਘ, ਇਕਬਾਲ ਸਿੰਘ, ਸੁਰਿੰਦਰ ਪਾਲ ਸਿੰਘ, ਭਰਮਤੋੜ ਸਿੰਘ, ਜਗਦੀਸ਼ ਸਿੰਘ ਗਰੇਵਾਲ, ਸੁਖਪਾਲ ਸਿੰਘ ਧਨੋਆ, ਸੁਰਿੰਦਰ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ ਕਾਲੜਾ, ਜਗਤਾਰ ਸਿੰਘ ਅਜੀਮਲ, ਰਵਿੰਦਰ ਸਿੰਘ ਗੋਦਾਰਾ, ਰੇਸ਼ਮ ਸਿੰਘ ਸੰਧੂ, ਗੁਰਮੀਤ ਸਿੰਘ ਰੰਧਾਵਾ, ਹਰਬਰਿੰਦਰ ਰੰਧਾਵਾ, ਧਨਵੰਤ ਸਿੰਘ ਸੰਧੂ, ਸੁਰਜੀਤ ਸਿੰਘ ਮਾਨ, ਐਸ ਪੀ ਸਿੰਘ ਓਬਰਾਏ, ਦਿਲਵੀਰ ਸਿੰਘ, ਹਰਦਵਿੰਦਰ ਸਿੰਘ, ਇਕਬਾਲ ਸਿੰਘ ਭੱਟੀ, ਸੰਤੋਖ ਸਿੰਘ ਪਦੇਹ ਅਤੇ ਅਮਨ ਪੁਰੀ ਸ਼ਾਮਲ ਸਨ। ਇਸ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਪਰਨੀਤ ਕੌਰ, ਸੀਨੀਅਰ ਕਾਂਗਰਸੀ ਆਗੂ ਅਤੇ ਸੂਬਾ ਮਾਮਲਿਆਂ ਦੀ ਪਾਰਟੀ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡਵੀਜ਼ਨਲ ਕਮਿਸ਼ਨਰ ਬੀ. ਪੁਰੂਸ਼ਾਰਥਾ ਵੀ ਸ਼ਾਮਲ ਹੋਏ।      

ਸਤਿੰਦਰ ਸਰਤਾਜ ਨੇ ਸੂਫੀ ਗਾਇਕੀ ਨਾਲ ਸੁਲਤਾਨਪੁਰ ਦੀ ਧਰਤੀ ਤੇ ਲਾਈ ਸੰਗੀਤ ਦੀ ਛਹਿਬਰ,ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਧਾਰਮਿਕ ਗਾਇਨ ਦਾ ਆਨੰਦ ਲਿਆ

ਚੰਡੀਗੜ੍ਹ/ਸੁਲਤਾਨਪੁਰ ਲੋਧੀ, 12 ਨਵੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਅੱਜ ਰਬਾਬ ਪੰਡਾਲ ਵਿਚ ਉਘੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਜਦੋਂ ਆਪਣੀ ਸੂਫੀ ਗਾਇਕੀ ਨਾਲ ਬਾਬੇ ਨਾਨਕ ਦੀ ਉਸਤਤਿ ਕੀਤੀ ਤਾਂ ਸਾਰਾ ਆਲਮ ਰੂਹਾਨੀ ਰੰਗ ‘ਚ ਰੰਗਿਆ ਗਿਆ ਤੇ ਸਾਰਾ ਪੰਡਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉਠਿਆ।

ਸਤਿੰਦਰ ਸਰਤਾਜ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਰਚੀ ਆਰਤੀ

ਗਗਨ ਮੈਂ ਥਾਲੁ ਰਵਿ ਚੰਦੁ ਦੀਪਕ ਬਨੇ

ਤਾਰਿਕਾ ਮੰਡਲ ਜਨਕ ਮੋਤੀ

ਧੂਪੁ  ਮਲਆਨਲੋ ਪਵਣੁ ਚਵਰੋ ਕਰੇ

ਸਗਲ ਬਨਰਾਇ ਫੂਲੰਤ ਜੋਤੀ

ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਇਸ ਮਗਰੋਂ ਸੂਫੀ ਗੀਤ ‘ਸਾਈਂ ਵੇ’ ਨਾਲ ਸਤਿੰਦਰ ਸਰਤਾਜ ਨੇ ਸਮਾਂ ਬੰਨ ਦਿੱਤਾ। ਸਤਿੰਦਰ ਸਰਤਾਜ ਨੇ ਜਿੱਥੇ ‘ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ‘ ਗੀਤ ਨਾਲ ਗੁਰਮੁਖੀ ਦੀ ਲੋੜ ਨੂੰ ਟਹਿਕਣ ਲਾਇਆ, ਉੇਥੇ ਹੀ ‘ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋ ਸਮਝੋ ਦਾਤਾ ਨੇ ਸੁਖਾਲੇ ਕਰਤੇ‘ ਗੀਤ ਨਾਲ ਸਾਂਝੀਵਾਲਤਾ ਤੇ ਲੋੜਵੰਦਾਂ ਦੀ ਮਦਦ ਦਾ ਸੁਨੇਹਾ ਦਿੱਤਾ। ਰਬਾਬ ਪੰਡਾਲ ਵਿਚ ਸੰਗਤ ਦਾ ਠਾਠਾਂ ਮਾਰਦਾ ਇਕੱਠ ਇਨਾਂ ਰੂਹਾਨੀ ਪਲਾਂ ਦਾ ਗਵਾਹ ਬਣਿਆ ਤੇ ਦਰਸ਼ਕਾਂ ਦੀਆਂ ਤਾੜੀਆਂ ਦੀ ਤਾਲ ਨੇ ਆਲਮ ਗੂੰਜਣ ਲਾ ਦਿੱਤਾ। ਇਸ ਤੋਂ ਬਿਨਾਂ ‘ਇਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ‘, ‘ਕੋਈ ਅਲੀ ਆਖੇ ਕੋਈ ਬਲੀ ਆਖੇ‘ ਅਤੇ ‘ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ’ ਸੰਗਤਾਂ ਦੀ ਕਚਿਹਿਰੀ ਵਿਚ ਹਾਜਰੀ ਭਰੀ।ਇਸ ਮੌਕੇ ਡਿਪਟੀ ਡਾਇਰੈਕਟਰ ਲੋਕਲ ਬਾਡੀ ਸ: ਬਰਜਿੰਦਰ ਸਿੰਘ, ਐਸਡੀਐਮ ਡਾ: ਚਾਰੂਮਿਤਾ, ਮੇਲਾ ਅਫ਼ਸਰ ਨਵਨੀਤ ਕੌਰ ਬੱਲ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸੰਗਤਾ ਨਾਲ ਬੈਠ ਕੇ ਧਾਰਮਿਕ ਗਾਇਨ ਦਾ ਆਨੰਦ ਉਠਾਇਆ।ਇਸ ਮੌਕੇ ਫਿਰੋਜਪੁਰ ਤੋਂ ਆਏ ਜਗਮੀਤ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਵੱਖ ਵੱਖ ਪ੍ਰੋਗਰਾਮਾਂ ਰਾਹੀਂ 550 ਸਾਲਾ ਗੁਰਪੁਰਬ ਨੂੰ ਯਾਦਗਾਰੀ ਬਣਾ ਦਿੱਤਾ।   

ਯੂਨੀਵਰਸਲ ਸੰਸਥਾ ਦੇ ਸਟਾਫ ਮੈਂਬਰਾਂ ਦੁਆਰਾ ਲਗਵਾਇਆ ਇੱਕ ਰਿਫੂਉਜਲ ਦੇ ਬਾਵਜੂਦ ਗੁਰਬੀਰ ਸਿੰਘ ਢਿੱਲੋਂ ਦਾ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜ਼ਾ

ਮੋਗਾ,12 ਨਵੰਬਰ (ਜਸ਼ਨ): ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਯੂਨੀਵਰਸਲ ਫਸਟ ਐਜੂਕੇਸ਼ਨ ਚੁਆਇਸ ਕਈ ਸਾਲਾਂ ਤੋਂ ਇਮੀਗਰੇਸ਼ਨ, ਆਈਲਟਸ, ਨੈਨੀ  ਦੇ ਖੇਤਰ ਦੇ ਨਾਲ ਨਾਲ ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਵਿਚ ਬਹੁਤ ਵਧੀਆ ਭੂਮਿਕਾ ਨਿਭਾਅ ਰਹੀ ਹੈ, ਜਿਸਦਾ ਹੈਡ ਆਫਿਸ ਐਸ.ਸੀ.ਓ. 80- 81 ਮੰਜ਼ਿਲ ਤੀਜੀ ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ਵਿੱਚ ਹੈ। ਆਪਣੇ ਚੰਗੇ ਨਤੀਜਿਆਂ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ। ਇਸ ਸੰਸਥਾ ਨੇ ਗੁਰਬੀਰ ਸਿੰਘ ਢਿੱਲੋਂ ਵਾਸੀ ਬਠਿੰਡਾ ਦਾ ਕੈਨੇਡਾ ਦਾ ਓਪਨ ਵਰਕ ਪਰਮਿਟ ਪਹਿਲਾਂ ਇਕ ਵਾਰ ਰਿਜੈਕਟ ਹੋ ਚੁੱਕਾ ਸੀ ਅਤੇ ਇਸ ਦੇ ਬਾਵਜੂਦ ਮਾਤਰ 12 ਦਿਨਾਂ ਵਿਚ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜ਼ਾ ਲਗਵਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ  ਕੀਤਾ ਹੈ। ਗੁਰਬੀਰ ਸਿੰਘ ਢਿੱਲੋਂ ਵਾਸੀ ਬਠਿੰਡਾ ਨੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ।  ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਗੁਰਬੀਰ ਸਿੰਘ ਢਿੱਲੋਂ ਵਾਸੀ ਬਠਿੰਡਾ ਨੂੰ ਵੀਜ਼ਾ ਸੌਂਪਦਿਆ, ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਉਹਨਾਂ ਦੀ ਸੰਸਥਾ ਜਿਹੜੇ ਵਿਦਿਆਰਥੀਆਂ ਦਾ 10 ਸਾਲ ਜਾਂ ਇਸ ਦੇ ਆਸ ਪਾਸ ਦਾ ਸਟੱਡੀ  ਗੈਪ  ਹੈ ਜਾਂ ਪਰੋਫਾਇਲ ਕਮਜ਼ੋਰ ਹੈ ਜਾਂ ਕਿਸੇ ਵਿਸ਼ੇ ਵਿੱਚ ਘੱਟ ਨੰਬਰ ਹਨ ਤਾਂ ਉਹ ਵੀ ਆਪਣਾ  ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਅਤੇ ਨਾਲ ਹੀ ਉਹਨਾਂ ਦੇ ਮਾਪੇ ਵੀ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ। ਉਹਨਾਂ ਕਿਹਾ ਕਿ ਵੀਜ਼ਾ ਸੰਬਧਿਤ ਕਿਸੇ ਵੀ ਜਾਣਕਾਰੀ ਲਈ ਵਿਦਿਆਰਥੀ ਆਪਣੇ ਦਸਤਾਵੇਜ਼ਾਂ ਸਮੇਤ ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਦੇ ਅਮਿੰ੍ਰਤਸਰ ਰੋਡ ’ਤੇ ਬੱਸ ਸਟੈਂਡ ਨੇੜਲੇ ਦਫਤਰ ਵਿਖੇ ਆ ਕੇ ਮਿਲ ਸਕਦੇ ਹਨ। ਉਹਨਾਂ ਕਿਹਾ ਕਿ ਰਿਫਯੂਜ਼ਲ ਕੇਸਾਂ ਵਿਚ ਤਾਂ ਸੰਸਥਾ ਮਾਹਿਰ ਮੰਨੀ ਗਈ ਹੈ ਇਸ ਕਰਕੇ ਰਿਫਯੂਜਲ ਕੇਸਾਂ ਸਬੰਧੀ ਸਹੀ ਸਲਾਹ ਲੈਣ ਲਈ ਅਤੇ ਆਪਣਾ ਕੀਮਤੀ ਸਮਾਂ ਬਚਾੳਣ ਲਈ ਇਸ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੂੰ ਆਪਣੇ ਦਸਤਾਵੇਜ਼ ਲੈ ਕੇ ਮਿਲਿਆ ਜਾ ਸਕਦਾ ਹੈ ਜਾਂ ਫਿਰ :9592677789,1636500115 ’ਤੇ ਫੋਨ ਵੀ ਕੀਤਾ ਜਾ ਸਕਦਾ ਹੈ।   

ਗੁਰਦੁਆਰਾ ਚੰਦਪੁਰਾਣਾ ਵਿਖੇ ਹਜ਼ਾਰਾਂ ਸੰਗਤਾਂ ਦੇ ਵੱਗਦੇ ਦਰਿਆ ਨੇ ਗੁਰ ਨਾਨਕ ਸਾਹਿਬ ਨੂੰ ਭੇਂਟ ਕੀਤੇ ਅਕੀਦਤ ਦੇ ਫੁੱਲ,ਗੁਰੂ ਨਾਨਕ ਸਾਹਿਬ ਨੇ ਕਿਰਤ ਦੇ ਸਿਧਾਂਤ ਨਾਲ ਬੰਨ੍ਹਿਆਂ ਨਵੇਂ ਸਮਾਜ ਦਾ ਮੁੱਢ : ਬਾਬਾ ਗੁਰਦੀਪ ਸਿੰਘ

ਬਾਘਾ ਪੁਰਾਣਾ, 12 ਨਵੰਬਰ (ਜਸ਼ਨ): ਮਾਲਵੇ ਦੇ ਪ੍ਰਸਿੱਧ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ ਜਿਸ ਦੌਰਾਨ ਰਾਗੀ ਜਥਾ ਭਾਈ ਸੰਮਤ ਸਿੰਘ,ਭਾਈ ਗੁਰਚਰਨ ਸਿੰਘ, ਭਾਈ ਰਸੀਲਾ ਸਿੰਘ ਬਾਘਾ ਪੁਰਾਣਾ ਵਾਲੇ ਅਤੇ ਭਾਈ ਜਸਪਾਲ ਸਿੰਘ ਜੀ ਲੱਲਿਆਂ ਵਾਲੇ,ਭਾਈ ਇਕਬਾਲ ਸਿੰਘ ਨੱਥੂਵਾਲਾ ਵਾਲੇ ਆਦਿ ਜਥਿਆਂ ਨੇ ਖਲਕਤ ਦੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਇਕੱਤਰ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਆਖਿਆ ਕਿ ਸਾਨੂੰ ਅੱਜ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ। ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਪਹਿਲਾਂ ਪ੍ਰਵਚਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਨੇ ਆਖਿਆ ਕਿ  550 ਸਾਲ ਪਹਿਲਾਂ ਪੰਜਾਬ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਉਹ ਅਜਿਹੇ ਰਹਿਬਰ ਸਨ ਜਿਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਪੰਜਾਬੀਆਂ ਦੀ ਜੀਵਨ-ਜਾਚ ਹੀ ਸਦਾ ਲਈ ਬਦਲ ਗਈ। ਗੁਰੂ ਨਾਨਕ ਜੀ  ਦਾ ਸੰਦੇਸ਼ ਚੌਹਾਂ ਕੂੰਟਾਂ ਵਿਚ ਗੂੰਜਿਆ ਅਤੇ ਦੇਸ਼-ਪ੍ਰਦੇਸ਼ ਦੇ ਲੋਕਾਂ ਨੇ ਉਸ ਸੰਦੇਸ਼ ਨੂੰ ਆਪਣੇ ਜੀਵਨ ਵਿਚ ਸਮੋ ਲਿਆ। ਗੁਰੂ ਸਾਹਿਬ ਨੇ ਕਿਰਤੀਆਂ ਦੀ ਬਾਂਹ ਫੜੀ ਅਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਵਿਰੁੱਧ ਆਵਾਜ਼ ਉਠਾਈ । ਗੁਰੂ ਨਾਨਕ ਸਾਹਿਬ ਨੇ ਅੰਧਵਿਸ਼ਵਾਸ ਨੂੰ ਨਕਾਰਦੇ ਹੋਏ ਮਨੁੱਖ ਨੂੰ ਅਸਲੀ ਗਿਆਨ ਨਾਲ ਜੁੜਨ ’ਤੇ ਜ਼ੋਰ ਦਿੱਤਾ ਤੇ ਸਮਾਜ ਨੂੰ ਨਵੀਂ ਸੇਧ ਦਿੱਤੀ। ਉਨ੍ਹਾਂ ਨੇ 550 ਸਾਲ ਪਹਿਲਾਂ ਮਨੁੱਖਤਾ ਨੂੰ ਜੋ ਦਿਸ਼ਾ ਤੇ ਵਿਚਾਰ ਦਿੱਤੇ, ਅੱਜ ਦੇ ਸਮੇਂ ਵਿਚ ਉਨ੍ਹਾਂ ਦੀ ਮਹਤੱਤਾ ਨੂੰ ਧਾਰਮਿਕ ਸੋਚ ਤੋਂ ਉੱਪਰ ਉੱਠ ਕੇ ਅਪਨਾਉਣ ਦੀ ਸਖਤ ਲੋੜ ਹੈ। ਬਾਬਾ ਜੀ ਨੇ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਦੇ ਅੱਜ ਜਨਮ ਦਿਨ ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਦੇ ਲਈ ਸਾਡੇ ਮਹਾਨ ਗੁਰੂ ਸਾਹਿਬਾਨਾਂ ਵੱਲੋਂ ਦਿੱਤਾ ਗਿਆ ਸੰਦੇਸ਼  ਪੌਣ, ਪਾਣੀ ਅਤੇ ਹਵਾ ਨੂੰ ਸ਼ੁੱਧ ਰੱਖ ਕੇ ਇੱਕ ਚੰਗੇ ਸਮਾਜ ਦੀ ਸਿਰਜਨਾ ਕਰੀਏ । ਇਸ ਮੌਕੇ ਲੱਡੂਆਂ ਦਾ ਜਲੇਬੀਆਂ ਦਾ ਲੰਗਰ ਵੀ ਅਤੁੱਟ ਚੱਲਿਆ। ਇਸ ਮੌਕੇ ਇੰਦਰਜੀਤ ਸਿੰਘ , ਸੁਖਜੀਤ ਸਿੰਘ ਸੁੱਖਾ ਰੌਲੀ,ਤਰਲੋਕ ਸਿੰਘ ਸਿੰਘਾਂਵਾਲਾ, ਭਾਈ ਚਮਕੌਰ ਸਿੰਘ ਚੰਦ ਪੁਰਾਣਾ, ਧਰਮ ਸਿੰਘ ਕਾਲੇਕੇ, ਹਰਜਿੰਦਰ ਸਿੰਘ, ਭਜਨ ਸਿੰਘ ਕਾਲੇਕੇ,ਫੈਡਰੇਸ਼ਨ ਪ੍ਰਧਾਨ ਵਿਰਸਾ ਸਿੰਘ,ਬਿੰਦਰ ਸਿੰਘ ਐਸਡੀਓ ਬਿਜਲੀ ਬੋਰਡ, ਬਿੱਲੂ ਸਿੰਘ ਚੰਦ ਪੁਰਾਣਾ, ਅਮਰਜੀਤ ਸਿੰਘ ਸਿੰਘਾਂ ਵਾਲਾ, ਮੇਜਰ ਸਿੰਘ ਸਾਬਕਾ ਸਰਪੰਚ ਪਿੰਡ  ਗਿੱਲ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।    

ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ

ਚੰਡੀਗੜ,12 ਨਵੰਬਰ (ਜਸ਼ਨ): ਬੇਅੰਤ ਸਿੰਘ ਕਤਲ ਕਾਂਡ ਵਿਚ ਦੋਸ਼ੀ ਕਰਾਰ ਦਿੱਤੇ ਗਏ ਬੱਬਰ ਖਾਲਸਾ ਦੇ ਖਾੜਕੂ ਬਲਵੰਤ ਸਿੰਘ ਰਾਜੋਆਣਾ ਨੂੰ ਫ਼ਾਂਸੀ ਨਹੀਂ ਹੋਵੇਗੀ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਅੱਜ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਲਿਖਤੀ ਹੁਕਮ ਚੰਡੀਗੜ ਪ੍ਰਸ਼ਾਸ਼ਨ ਨੂੰ ਭੇਜ ਦਿੱਤੇ ਗਏ ਹਨ ਜਿਸ ’ਤੇ ਪ੍ਰਸ਼ਾਸ਼ਨ ਵੱਲੋਂ ਸ਼ਜਾ ਮੁਆਫ਼ੀ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਕਤਲ ਕਾਂਡ ਵਿਚ ਬਲਵੰਤ ਸਿੰਘ ਰਾਜੋਆਣਾ ਨੂੰ 2007 ਵਿਚ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ ਤੇ ਹੁਣ ਤੱਕ ਜੇਲ ਵਿਚ ਕੈਦ ਰਾਜੋਆਣਾ ਦੀ ਇਸ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦਾ ਫੈਸਲਾ ਗ੍ਰਹਿ ਮੰਤਰਾਲੇ ਵੱਲੋਂ ਇਨਸਾਨੀਅਤ ਦੇ ਨਾਤੇ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਲਿਆ ਹੈ।  
   

ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਸਾਖੀਆਂ ਨੂੰ ਲਾਈਟ ਐਂਡ ਸਾਊਂਡ ਰਾਹੀਂ ਡਿਜੀਟਲ ਰੂਪ ਵਿਚ ਸੰਭਾਲਣਾ ਪੰਜਾਬ ਸਰਕਾਰ ਦਾ ਨਿਵੇਕਲਾ ਉੱਦਮ: ਨਿਰਮਲ ਸਿੰਘ ਮੀਨੀਆ

ਮੋਗਾ,11 ਨਵੰਬਰ (ਜਸ਼ਨ):‘‘ਪ੍ਰਕਾਸ਼ ਪੁਰਬ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਧਰਮ ਅਤੇ ਵਿਰਸੇ ਨਾਲ ਸੰਗਤ ਨੂੰ ਮੁੜ ਤੋਂ ਜੋੜਨ ਦਾ ਨਿਵੇਕਲਾ ਉੱਦਮ ਕੀਤਾ ਹੈ ’’। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਸ਼ਅਪ ਰਾਜਪੂਤ ਮਹਿਰਾ ਸਭਾ ਦੇ ਪ੍ਰਧਾਨ ਅਤੇ ਓ ਬੀ ਸੀ ਕਾਂਗਰਸ ਡਿਪਾਰਟਮੈਂਟ ਦੇ ਕੋ ਚੇਅਰਮੈਨ ਨਿਰਮਲ ਸਿੰਘ ਮੀਨੀਆ ਨੇ ਅੱਜ ੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਗੁਰੂ ਨਾਨਕ ਸਾਬਿ ਜੀ ਦੇ ਸਮੇਂ ਤੋਂ ਹੁਣ ਤੱਕ ਆਮ ਲੋਕ ਸਾਖੀਆਂ ਰਾਹੀਂ ਹੀ ਆਪਣੇ ਵਿਰਸੇ ਤੋਂ ਜਾਣੂੰ ਹੁੰਦੇ ਸਨ ਪਰ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਸਾਖੀਆਂ ਨੂੰ ਲਾਈਟ ਐਂਡ ਸਾਊਂਡ ਰਾਹੀਂ ਡਿਜੀਟਲ ਰੂਪ ਵਿਚ ਸੰਭਾਲਣ ਦਾ ਯਤਨ ਕਰਕੇ ਪੰਜਾਬ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਲਈ ਅਕੀਦਤ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਡਿਜ਼ੀਟਲ ਰੂਪ ਵਿਚ ਗੁਰੂ ਸਾਹਿਬ  ਦੇ ਜੀਵਨ ਬਾਰੇ ਜਾਣਕਾਰੀ ਲੈ ਕੇ ਨੌਜਵਾਨ ਪੀੜੀ ਸਿੱਖੀ ਦੇ ਮਾਰਗ ’ਤੇ ਚੱਲ ਸਕੇਗੀ। ਉਹਨਾਂ ਸਮੂਹ ਸਿੱਖ ਜਗਤ ਨੂੰ ਗੁਰੂ ਸਾਾਿਬ ਦੇ ਪ੍ਰਕਾਸ਼ ਦਿਹਾੜੇ ’ਤੇ ਵਧਾਈ ਦਿੱਤੀ। 
   

ਸਮੁੱਚੀ ਮਨੁੱਖਤਾ ਨੂੰ 550 ਸਾਲਾ ਪ੍ਰਕਾਸ਼ ਪੁਰਬ ’ਤੇ ਪਾਣੀ ,ਹਵਾ ਅਤੇ ਮਿੱਟੀ ਨੂੰ ਪਲੀਤ ਹੋਣ ਤੋਂ ਬਚਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ :ਕੁਲਬੀਰ ਸਿੰਘ ਲੌਂਗੀਵਿੰਡ

ਮੋਗਾ,11 ਨਵੰਬਰ (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ  ਸੰਗਤਾਂ ਨੂੰ ਵਧਾਈ ਦਿੰਦਿਆਂ ਪੀ ਏ ਡੀ ਬੀ ਧਰਮਕੋਟ ਚੇਅਰਮੈਨ ਕੁਲਬੀਰ ਸਿੰਘ ਲੌਗੀਵਿੰਡ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ ਹਨ ਅਤੇ ਰਹਿੰਦੀ ਦੁਨੀਆਂ ਤੱਕ ਇਹ ਅਟੱਲ ਰਹਿਣਗੀਆਂ।  ਉਨਾਂ ਕਿਹਾ ਕਿ 15ਵੀਂ ਸ਼ਤਾਬਦੀ ‘ਚ ਜਦੋਂ ਜਾਤ-ਪਾਤ ਅਤੇ ਊਚ-ਨੀਚ ਦਾ ਬੋਲਬਾਲਾ ਸੀ, ਤਾਂ ਅਜਿਹੇ ਸਮੇਂ ‘ਚ ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਲਈ ਘਰ-ਘਰ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਊਚ ਨੀਚ ਦੇ ਵਿਤਕਰੇ ਨੂੰ ਖਤਮ ਕਰਨ ਦੇ ਨਾਲ ਨਾਲ ਇਸਤਰੀਆਂ ਨੂੰ ਮਹਾਨ ਦਰਜਾ ਦਿੱਤਾ । ਉਨਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਬਹੁਤ ਸਮਾਂ ਪਹਿਲਾਂ ਪਾਣੀ ,ਕੁਦਰਤ ਅਤੇ ਹਰਿਆਵਲ ਦੀ ਮਹੱਤਤਾ ਬਾਰੇ ਦੁਨੀਆਂ ਨੂੰ ਗਿਆਨ ਦਿੱਤਾ ਸੀ ਜਿਸ ਲਈ ਅੱਜ ਵੀ ਮਨੁੱਖ ਸੁਚੇਤ ਨਹੀਂ ਹਨ । ਲੌਗੀਵਿੰਡ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਪਾਣੀ ,ਹਵਾ ਅਤੇ ਮਿੱਟੀ ਨੂੰ ਪਲੀਤ ਹੋਣ ਤੋਂ ਬਚਾਈਏ ਤਾਂ ਹੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ।      

ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹਨੇਰੇ ਯੁੱਗ ਵਿਚ ਮਨੁੱਖਤਾ ਲਈ ਰਾਹ ਦਸੇਰਾ ਸਿੱਧ ਹੋਇਆ: ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ

ਮੋਗਾ,11 ਨਵੰਬਰ (ਜਸ਼ਨ): ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਦਿਹਾੜੇ ’ਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ ਅਤੇ ਸਰਪੰਚ ਪਰਵਿੰਦਰ ਕੌਰ ਨੇ ਆਖਿਆ ਕਿ ਗੁਰੂ ਨਾਨਕ ਸਾਹਿਬ ਦਾ ਆਗਮਨ ਉਸ ਹਨੇਰੇ ਯੁੱਗ ਵਿਚ ਹੋਇਆ ਜਦੋਂ ਛਲ, ਫਰੇਬ ਅਤੇ ਠੱਗੀ ਠੋਰੀ ਦਾ ਬੋਲਬਾਲਾ ਸੀ ,ਇਸ ਕਰਕੇ ਸਮੁੱਚੇ ਦੇਸ਼ ਵਿਚ ਬੇਚੈਨੀ ਤੇ ਘਬਰਾਹਟ ਦਾ ਆਲਮ ਸੀ। ਉਹਨਾਂ ਕਿਹਾ ਕਿ ਲੋਕਾਂ ਦੇ ਸਮਾਜਿਕ ਜੀਵਨ ਦੇ ਨਾਲ ਨਾਲ ਧਾਰਮਿਕ ਜੀਵਨ ਵੀ ਤਰਸਯੋਗ ਸੀ ਪਰ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕਰਦਿਆਂ ਨਾ ਸਿਰਫ਼ ਦੇਸ਼ ਵਾਸੀਆਂ ਨੂੰ ਇਕ ਰੱਬ ਦਾ ਸੰਦੇਸ਼ ਦਿੱਤਾ ਬਲਕਿ ਹਿੰਦੋਸਤਾਨ ਲਾਗਲੇ ਹੋਰਨਾਂ ਦੇਸ਼ਾਂ ਵਿਚ ਵੀ ਲੋਕਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਕਾਂਗਰਸੀ ਆਗੂ ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ ਅਤੇ ਸਰਪੰਚ ਪਰਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਅਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਨਵੀਂ ਪੀੜੀ ਨੂੰ ਵੀ ਸ਼੍ਰੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਪ੍ਰਤੀ ਦਿ੍ਰੜ ਕਰਵਾਉਣ ਲਈ ਵੱਡਾ ਉੱਦਮ ਕੀਤਾ ਹੈ। 
   

550ਵਾਂ ਪ੍ਰਕਾਸ਼ ਦਿਹਾੜਾ ਜਾਤ-ਪਾਤ ਤੇ ਊਚ-ਨੀਚ ਦੀਆਂ ਲਕੀਰਾਂ ਮਿਟਾਉਣ ਦਾ ਮੁਕੱਦਸ ਮੌਕਾ: ਮਨਪ੍ਰੀਤ ਬਾਦਲ

ਚੰਡੀਗੜ/ਸੁਲਤਾਨਪੁਰ ਲੋਧੀ, 11 ਨਵੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੌਰਾਨ ਅੱਜ ਮੁੱਖ ਪੰਡਾਲ ‘ਗੁਰੂ ਨਾਨਕ ਦਰਬਾਰ‘ ਵਿਚ ਵਿੱਤ ਮੰਤਰੀ, ਪੰਜਾਬ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਹਾਜ਼ਰੀ ਭਰੀ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਨਾਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੁਕੱਦਸ ਦਿਹਾੜੇ ਦੀ ਸੰਗਤ ਨੂੰ ਮੁਬਾਰਬਾਦ ਦਿੰਦੇ ਹੋਏ ਬਾਬੇ ਨਾਨਕ ਦੇ ਸਿਧਾਤਾਂ ‘ਤੇ ਚੱਲ ਕੇ ਸਮਾਜ ‘ਚੋਂ ਭਿ੍ਰਸ਼ਟਾਚਾਰ, ਅੱਤਿਆਚਾਰ, ਗੁਰਬਤ ਜਿਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ ਤੇ ਹੋਰ ਪਤਵੰਤਿਆਂ ਨੇ ਵੀ ਮੁੱਖ ਪੰਡਾਲ ‘ਚ ਹਾਜ਼ਰੀ ਭਰੀ।ਇਸ ਮੁਬਾਰਕ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਸਿਰਫ ਪੰਜਾਬ ਦੀ ਧਰਤੀ ‘ਤੇ ਹੀ ਨਹੀਂ, ਸਗੋਂ ਵਿਸ਼ਵ ਭਰ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇ ਗੁਰੂ ਨਾਨਕ ਸਾਹਿਬ ਦੁਨੀਆਂ ‘ਤੇ ਨਾ ਆਉਂਦੇ ਤਾਂ ਸ਼ਾਇਦ ਇਨਸਾਨੀਅਤ ਅਧੂਰੀ ਰਹਿ ਜਾਂਦੀ। ਉਨਾਂ ਦੇ ਆਗਮਨ ਨਾਲ ਸਮਾਜ ‘ਚ ਇਖਲਾਕੀ ਕਦਰਾਂ-ਕੀਮਤਾਂ ਪ੍ਰਫੁੱਲਿਤ ਹੋਈਆਂ ਤੇ ਇਨਸਾਨੀਅਤ ਦੇ ਸਾਰੇ ਅਧੂਰੇ ਰੰਗ ਪੂਰੇ ਹੋ ਗਏ। ਉਨਾਂ ਕਿਹਾ ਕਿ ਦੱਬੇ-ਕੁਚਲੇ ਤੇ ਲਤਾੜੇ ਵਰਗ ਦੇ ਲੋਕਾਂ ਨੂੰ ਉਚਾ ਚੁੱਕ ਕੇ ਸਮਾਜ ‘ਚ ਜੁਰਮ ਦਾ ਖਾਤਮਾ ਕਰਨਾ ਹੀ ਗੁਰੂ ਸਾਹਿਬ ਦਾ ਪੈਗਾਮ ਹੈ, ਜਿਸ ਨੂੰ ਹਰ ਧਰਮ ਦੇ ਲੋਕਾਂ ਵੱਲੋਂ ਕਬੂਲਿਆ ਗਿਆ ਹੈ। ਉਨਾਂ ਨਵੀਂ ਪੀੜੀ ਨੂੰ ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ ਦੇ ਸੰੰਦੇਸ਼ ਨੂੰ ਦਿਲੋਂ ਅਪਣਾਉਣ ਅਤੇ ਉਨਾਂ ਦੇ ਦਿਖਾਏ ਰਸਤੇ ‘ਤੇ ਚੱਲਣ ਲਈ ਪ੍ਰੇਰਿਆ। ਉਨਾਂ ਆਖਿਆ ਕਿ 20ਵੀਂ ਸਦੀ ‘ਚ ਪੰਜਾਬ ਨੇ ਬਹੁਤ ਕੁਝ ਗਵਾਇਆ, ਸਾਡੇ ਤੋਂ ਬਹੁਤ ਅਜ਼ੀਜ਼ ਅਸਥਾਨ ਤੇ ਹੋਰ ਵਿਲੱਖਣ ਚੀਜ਼ਾਂ ਖੁੱਸ ਗਈਆਂ, ਪਰ 21ਵੀਂ ਸਦੀ ਜੋੜਨ ਵਾਲੀ ਸਦੀ ਹੈ, ਜਿਸ ਦੀ ਮਿਸਾਲ ਕਰਤਾਰਪੁਰ ਲਾਂਘਾ ਖੁੱਲਣ ਜਿਹੇ ਮੁਬਾਰਕ ਮੌਕੇ ਤੋਂ ਮਿਲਦੀ ਹੈ। ਇਹ ਦਿਨ ਸਾਲਾਂ ਤੋਂ ਉਡੀਕਿਆ ਜਾ ਰਿਹਾ ਸੀ, ਜੋ ਆਖਰ ਬਾਬੇ ਨਾਨਕ ਦੀ ਮਿਹਰ ਨਾਲ ਪ੍ਰਕਾਸ਼ ਦਿਹਾੜੇ ਮੌਕੇ ਸੰਪੂਰਨ ਹੋ ਗਿਆ ਹੈ, ਜਿਸ ਲਈ ਸਾਰੀ ਸੰਗਤ ਵਧਾਈ ਦੀ ਪਾਤਰ ਹੈ।  
    

ਸੁਲਤਾਨਪੁਰ ਲੋਧੀ ਵਿਖੇ ਹੋਏ ਕਵੀ ਦਰਬਾਰ ਵਿੱਚ 41 ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਾਬਾ ਨਾਨਕ ਨੂੰ ਅਕੀਦਤ ਦੇ ਫੁੱਲ ਕੀਤੇ ਭੇਂਟ

ਚੰਡੀਗੜ/ਸੁਲਤਾਨਪੁਰ ਲੋਧੀ (ਕਪੂਰਥਲਾ), 11 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਾਵਨ ਵੇਈਂ ਕੰਢੇ ਸਥਾਪਿਤ ਮੁੱਖ ਪੰਡਾਲ ਵਿੱਚ ਸੋਮਵਾਰ ਨੂੰ ਹੋਏ ਕਵੀ ਦਰਬਾਰ ਵਿੱਚ ਕਵੀਆਂ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਬਾਬਾ ਨਾਨਕ ਨੂੰ ਆਪਣੀਆਂ ਰਚਨਾਵਾਂ ਰਾਹੀਂ ਅਕੀਦਤ ਦੇ ਫੁੱਲ ਭੇਟ ਕੀਤੇ ਗਏ। ਖਜ਼ਾਨਾ ਮੰਤਰੀ ਪੰਜਾਬ ਸ੍ਰੀ ਮਨਪ੍ਰੀਤ ਸਿੰਘ  ਬਾਦਲ ਨੇ ਗੁਰਮੱਖੀ ਲਿਪੀ ਦੇ 41 ਅੱਖਰਾਂ ਦੀ ਤਰਜ਼ ’ਤੇ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਪੜਨ ਲਈ ਚੁਣੇ ਗਏ ਖਿੱਤੇ ਦੇ 41 ਮੰਨੇ-ਪ੍ਰਮੰਨੇ ਕਵੀਆਂ ਨੂੰ ਮੁੱਖ ਪੰਡਾਲ ਵਿੱਚ ਪੁੱਜਣ ’ਤੇ ਜੀ ਆਇਆਂ ਆਖਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਸਥਾਨਕ ਵਿਧਾਇਕ ਸ: ਨਵਤੇਜ ਸਿੰਘ ਚੀਮਾ ਨੇ ਵੀ ਗੁਰੂ ਦਰਬਾਰ ਵਿਚ ਹਾਜਰੀ ਭਰੀ।  ਜਦਕਿ ਇਸ ਤ੍ਰੈਭਾਸ਼ੀ ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਕੀਤਾ।
ਨੂਰ ਨਾਨਕ, ਖੁਸ਼ਬੂ ਨਾਨਕ,ਇਹ ਫਜ਼ਾ ਨਾਨਕ ਦੀ ਹੈ
ਪ੍ਰੇਮ ਅਦੁੱਤੀ ਗਾ ਰਹੀ, ਕੀਰਤ ਹਵਾ ਨਾਨਕ ਦੀ ਹੈ। 
ਤੂੰ ਕਿਸੇ ਦੇ ਜ਼ਖਮਾਂ ਉਤੇ ਪ੍ਰੇਮ ਦਾ ਮਰਹਮ ਤਾਂ ਲਾ
ਹੈ ਇਹੀ ਅਰਦਾਸ ਤੇ ਇਸ ਵਿੱਚ ਸ਼ਫਾ ਨਾਨਕ ਦੀ ਹੈ॥
ਜਲੰਧਰ ਤੋਂ ਆਏ ਕਵੀ ਗੁਰਦੀਪ ਸਿੰਘ ਔਲਖ ਨੇ ਸਿੱਖੀ ਅਸੂਲਾਂ ਨੂੰ ਸਮਰਪਿਤ ਇਸ ਮਿਸਰੇ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਅਤੇ ਮੁੱਖ ਪੰਡਾਲ ਵਿੱਚ ਵਹੀਰਾਂ ਘੱਤ ਕੇ ਪੁੱਜੀ ਸੰਗਤ ਨੂੰ ਬਾਬਾ ਨਾਨਕ ਦੀਆਂ ਪ੍ਰੇਮ ਅਤੇ ਸਾਂਝੀਵਾਲਤਾ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੱਤਾ। ਇਸ ਮਗਰੋਂ ਉਰਦੂ ਦੇ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਨੇ ਆਪਣੀ ਰਚਨਾ ਨਾਲ ਹਾਜਰੀ ਭਰੀ। 
ਮੈਂ ਜਾ ਨਹੀਂ ਸਕਤਾ ਮਦੀਨੇ ਤੋਂ ਕਿਯਾ ਹੁਆ,
ਇਸ ਦਰ ਪੇ ਆਕੇ ਲਗਤਾ ਹੈ ਕਾਅਬਾ ਮਿਲਾ ਮੁਝੇ॥
  ਇਸ ਤੋਂ ਬਾਅਦ ਡਾ: ਸੁਖਜਿੰਦਰ ਕੌਰ ਨੇ ਬਾਬੇ ਨਾਨਕ ਦੇ ਆਪਣੀ ਭੈਣ ਨਾਨਕੀ ਨਾਲ ਰਿਸਤੇ ਨੂੰ ਬਿਆਨਦੀ ਕਵੀਤਾ ਤਰੁੰਨਮ ਵਿਚ ਪੇਸ਼ ਕੀਤੀ। 
ਵੇਖ ਵੀਹ ਰੁਪਏ ਤੇਰੇ ਕੰਮ ਕਿਹੜੇ ਆ ਗਏ,
ਲੱਖਾਂ ਹੀ ਗਰੀਬ ਰੋਟੀ ਲੰਗਰਾਂ ਚੋ ਖਾ ਗਏ। 
ਉਰਦੂ ਸ਼ਾਇਰ ਬੀਡੀ ਕਾਲੀਆ ਹਮਦਮ ਨੇ ਗਾਇਆ
ਧਰਮ ਹੋ ਹਿੰਦੂ ਕਾ ਜੋ, ਮੁਸਲਮਾਨ ਕਾ ਜੋ ਇਮਾਨ ਹੋ॥
ਅਮਰਜੀਤ ਸਿੰਘ ਅਮਰ, ਫਰਤੂਲ ਚੰਦ ਫੱਕਰ, ਡਾ: ਰੁਬੀਨਾ ਸ਼ਬਨਮ, ਮੁਕੇਸ਼ ਆਲਮ, ਸੁਖਦੀਪ ਕੌਰ, ਮਨਵਿੰਦਰ ਸਿੰਘ ਧਨੋਆ, ਨੂਰ ਮੁਹੰਮਦ ਨੂਰ, ਮਹਿਕ ਭਾਰਤੀ, ਫਕੀਰ ਚੰਦ ਤੁਲੀ, ਦਰਸ਼ਨ ਸਿੰਘ ਬੁੱਟਰ ਨੇ ਆਪਣੀਆਂ ਰਚਨਾਵਾਂ ਨਾਲ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਫ਼ਲਸਫ਼ੇ ਨੂੰ ਬਿਆਨ ਕੀਤਾ।
ਸਰਦਾਰ ਪੰਛੀ ਨੇ ‘ਕਿਯਾ ਵਿਗਿਆਨ ਕੇ ਯੁੱਗ ਕਾ ਨਯਾ ਅਗਾਜ਼ ਨਾਨਕ ਨੇ’ ਗਾ ਕੇ ਸੰਗਤਾਂ ਨੂੰ ਬਾਬੇ ਨਾਨਕ ਦੀ ਤਰਕ ਅਧਾਰਿਤ ਜੀਵਨ ਸੋਚ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। 
ਤਿ੍ਰਲੋਚਣ ਲੋਚੀ ਦੀ ਕਲਮ ਤੋਂ ਸੰਗਤਾਂ ਨੇ ਸੁਣਿਆ,
ਜਿੱਥੇ ਜਿੱਥੇ ਪੈਰ ਸੀ ਧਰਿਆ, ਓਹੀਓ ਮਿੱਟੀ ਸੋਨਾ ਹੋ ਗਈ,
ਨਾਨਕ ਦੇ ਸੁੱਚੇ ਸ਼ਬਦਾਂ ਲਈ ਸਾਰੀ ਧਰਤ ਹੀ ਵਰਕਾ ਹੋ ਗਈ॥
ਇਸ ਮੌਕੇ  ਸ: ਗੁਰਭਜਨ ਸਿੰਘ ਗਿੱਲ, ਕੁਲਵੰਤ ਸਿੰਘ ਗ੍ਰੇਵਾਲ, ਡਾ: ਮੋਹਨਜੀਤ ,ਅਨੂਪ ਸਿੰਘ ਵਿਰਕ,ਕਰਨਲ ਬਾਬੂ ਸਿੰਘ, ਮੋਹਨ ਸਪਰਾ, ਗੁਰਚਰਨ ਸਿੰਘ, ਲਿਆਕਤ ਜਾਫ਼ਰੀ, ਅਜਮਲ ਖ਼ਾਨ, ਜਸਪ੍ਰੀਤ ਕੌਰ ਫਲਕ, ਨੌਸ਼ਾਹ ਅਮਰੋਹਵੀ, ਲਖਮੀਰ ਸਿੰਘ ਆਦਿ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿਧਾਂਤਾਂ ਸਬੰਧੀ ਆਪਣੀਆਂ  ਕਵਿਤਾਵਾਂ ਪੇਸ਼ ਕੀਤੀਆਂ। ਰਾਬਿੰਦਰ ਸਿੰਘ ਮਸਰੂਰ ਦੀ ਕਵਿਤਾ ਨਾਲ ਇਸ ਕਵੀ ਸੰਮੇਲਣ ਦਾ ਸਮਾਪਨ ਹੋਇਆ। 
ਇਸ ਤੋਂ ਬਿਨਾਂ ਅੱਜ ਸਵੇਰ ਅਤੇ ਸ਼ਾਮ ਦੇ ਦਿਵਾਨਾਂ ਵਿਚ ਭਾਈ ਗੁਰਮੀਤ ਸਿੰਘ, ਭਾਈ ਤਰਸੇਮ ਸਿੰਘ, ਭਾਈ ਗੁਰਮੇਲ ਸਿੰਘ ਤੇ ਰਵਿੰਦਰ ਸਿੰਘ ਕੀਰਤਨੀ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ।    
   

ਵਿਧਾਇਕ ਕੁਲਬੀਰ ਜ਼ੀਰਾ ਦੀ ਅਗਵਾਈ ‘ਚ ਗੁਰੂਘਰ ਨਤਮਸਤਕ ਹੋਣ ਲਈ ਜ਼ੀਰਾ ਤੋਂ ਪੈਦਲ ਚੱਲਕੇ ਸੁਲਤਾਨਪੁਰ ਪੁੱਜੀ 5 ਹਜ਼ਾਰ ਸੰਗਤ

ਚੰਡੀਗੜ/ਸੁਲਤਾਨਪੁਰ ਲੋਧੀ, 11 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਕੇਸਰੀ ਨਿਸ਼ਾਨ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਅੱਜ 5000 ਤੋਂ ਜਿਆਦਾ ਸੰਗਤ ਜ਼ੀਰਾ ਤੋਂ ਪੈਦਲ ਚੱਲਕੇ ਸੁਲਤਾਨਪੁਰ ਲੋਧੀ ਪੁਹੰਚੀ। ਗੁਰੂ ਨਾਨਕ ਦੇਵ ਜੀ ਮਹਿਮਾ ਗਾਉਂਦਿਆਂ ਸੰਗਤ ਵਲੋਂ ਜ਼ੀਰਾ ਤੋਂ ਸੁਲਤਾਨਪੁਰ ਲੋਧੀ ਤੱਕ ਦਾ 45 ਕਿਲੋਮੀਟਰ ਤੱਕ ਦਾ ਸਫਰ ਬਿਨਾਂ ਰੁਕੇ ਲਗਭਗ 6 ਘੰਟੇ ਵਿਚ ਤੈਅ ਕੀਤਾ ਗਿਆ।

ਸੰਗਤ ਦੀ ਅਗਵਾਈ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਕਰ ਰਹੇ ਸਨ, ਜਿਸਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਤੇ ਸਥਾਨਕ ਵਿਧਾਇਕ ਸ. ਨਵਤੇਜ ਸਿੰਘ ਚੀਮਾ ਵਲੋਂ ਜ਼ੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਗਿਆ।ਜ਼ੀਰਾ ਤੋਂ ਸਵੇਰੇ 7 ਵਜੇ ਸੁਲਤਾਨਪੁਰ ਲੋਧੀ ਲਈ ਸੰਗਤ ਵਲੋਂ ਚਾਲੇ ਪਾਏ ਗਏ ਜੋ ਕਿ ਸ਼ਬਦ ਗਾਇਨ ਕਰਦੀ ਹੋਈ ਲੋਹੀਆਂ ਤੋਂ ਸੁਲਤਾਨਪੁਰ ਲੋਧੀ ਪੁੱਜੀ। ਸੰਗਤ ਦਾ ਅਨੁਸ਼ਾਸ਼ਨ ਲਾਮਿਸਾਲ ਸੀ, ਕਿਉਂ ਜੋ ਸੰਗਤ ਦੀ ਵੱਡੀ ਗਿਣਤੀ ਦੇ ਬਾਵਜੂਦ ਆਮ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਿਆ। ਲੋਹੀਆਂ ਰੋਡ ਉੱਪਰ ਸਥਾਪਿਤ ਟੈਂਟ ਸਿਟੀ ਨੇੜੇ ਸੰਗਤ ਦਾ ਸਵਾਗਤ ਕਰਦਿਆਂ ਕੈਪਟਨ ਸੰਦੀਪ ਸੰਧੂ ਤੇ ਸਥਾਨਕ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ 50 ਲੱਖ ਸੰਗਤ ਦੀ ਸਹੂਲਤ ਲਈ ਵਡੇਰੇ ਪ੍ਰਬੰਧ ਕੀਤੇ ਗਏ ਹਨ।ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਜ਼ੀਰਾ ਹਲਕੇ ਤੋਂ ਗੁਰੂ ਘਰ ਦੇ ਦਰਸ਼ਨਾਂ ਲਈ ਪਹਿਲਾ ਜਥਾ ਅੱਜ ਲੈ ਕੇ ਪਹੁੰਚੇ ਹਨ ਜਦਕਿ ਕੱਲ 12 ਨਵੰਬਰ ਨੂੰ ਇਕ ਹੋਰ ਜਥਾ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਪਹੁੰਚੇਗਾ। ਉਨਾਂ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਧਰਤੀ ‘ਤੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਸੰਗਤ ਦੇ ਸਵਾਗਤ ਲਈ ਸਜਾਵਟੀ ਗੇਟ ਸਮੇਤ ਲੰਗਰ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸਮੁੱਚਾ ਇਲਾਕਾ ਪੂਰੇ ਜਾਹੋ ਜਲਾਲ ਨਾਲ ਖਾਲਸਾਈ ਰੰਗ ਵਿਚ ਰੰਗਿਆ ਗਿਆ।ਇਸ ਮੌਕੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ,  ਬੀ.ਡੀ.ਪੀ.ਓ. ਹਾਜ਼ਰ ਸਨ।
   

ਸਹਿਕਾਰਤਾ ਮੰਤਰੀ ਨੇ ਡੇਰਾ ਬਾਬਾ ਨਾਨਕ ਆਨਲਾਈਨ ਯੁਵਾ ਉਤਸਵ ਦੇ ਜੇਤੂਆਂ ਨੂੰ 15.90 ਲੱਖ ਰੁਪਏ ਦੇ ਇਨਾਮ ਵੰਡੇ

ਚੰਡੀਗੜ/ਡੇਰਾ ਬਾਬਾ ਨਾਨਕ (ਗੁਰਦਾਸਪੁਰ), 11 ਨਵੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲੇ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਸੰਗਤੀ ਦਰਸ਼ਨਾਂ ਦੇ ਜਸ਼ਨਾਂ ਵਜੋਂ ਮਨਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਚੌਥੇ ਦਿਨ ਨੌਜਵਾਨ ਕਲਾਕਾਰਾਂ ਵੱਲੋਂ ਧਾਰਮਿਕ ਪੇਸ਼ਕਾਰੀਆਂ ਨੇ ਸਮਾਂ ਬੰਨਿਆ ਰੱਖਿਆ। ਸਹਿਕਾਰਤਾ ਵਿਭਾਗ ਦੇ ਸਮੂਹ ਅਦਾਰਿਆਂ ਵੱਲੋਂ ਕਰਵਾਏ ਜਾ ਰਹੇ ਉਤਸਵ ਤੋਂ ਪਹਿਲਾਂ ਆਨਲਾਈਨ ਯੁਵਾ ਉਤਸਵ ਕਰਵਾਇਆ ਗਿਆ ਸੀ ਜਿਸ ਦੀਆਂ ਜੇਤੂ ਟੀਮਾਂ ਅਤੇ ਵਿਦਿਆਰਥੀਆਂ ਦੇ ਅੱਜ ਨਤੀਜੇ ਐਲਾਨੇ ਗਏ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਨਾਂ ਜੇਤੂਆਂ ਨੂੰ ਕੁੱਲ 15.90 ਲੱਖ ਰੁਪਏ ਦੇ ਨਗਦ ਇਨਾਮ ਵੰਡੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ ਓਵਰ ਆਲ ਜੇਤੂ ਰਹਿੰਦਿਆਂ ‘ਬਾਬਾ ਨਾਨਕ 550 ਸਰਵੋਤਮ ਟਰਾਫੀ’ ਹਾਸਲ ਕਰਦਿਆਂ 1.01 ਲੱਖ ਰੁਪਏ ਦੇ ਨਗਦ ਇਨਾਮ ਵੀ ਹਾਸਲ ਕੀਤਾ। ਇਸ ਯੂਨੀਵਰਸਿਟੀ ਦੇ ਕਾਲਜਾਂ ਨੇ 18 ਇਨਾਮ ਜਿੱਤੇ ਜਦੋਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਦੂਜੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੀਜੇ ਸਥਾਨ ਉਤੇ ਰਹੀ। ਡੇਰਾ ਬਾਬਾ ਨਾਨਕ ਯੁਵਾ ਉਤਸਵ ਦੇ ਜੇਤੂ ਵਿਦਿਆਰਥੀਆਂ ਦੀ ਪੇਸ਼ਕਾਰੀਆਂ ਨਾਲ ਅੱਜ ਚੌਥਾ ਪੰਡਾਲ ‘ਬਲਿਹਾਰੀ ਕੁਦਰਤ ਵਸਿਆ’ ਖਚਾਖਚ ਭਰਿਆ ਰਿਹਾ। ਜੇਤੂਆਂ ਨੂੰ ਇਨਾਮ ਵੰਡਣ ਤੋਂ ਪਹਿਲਾ ਸੰਬੋਧਨ ਕਰਦਿਆਂ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਅਤੇ ਫਲਸਫੇ ਤੋਂ ਜਾਣੰੂ ਕਰਵਾਉਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਜਿਸ ਲਈ ਸਾਨੂੰ ਅਜਿਹੇ ਸਮਾਗਮਾਂ ਦਾ ਪ੍ਰੋਗਰਾਮ ਜਾਰੀ ਰੱਖਣੇ ਪੈਣਗੇ ਜੋ ਗੁਰੂ ਸਾਹਿਬ ਨਾਲ ਸਬੰਧਤ ਉਨਾਂ ਦੀ ਜੀਵਨੀ, ਸਿੱਖਿਆਵਾਂ ਅਤੇ ਫਲਸਫੇ ਨੂੰ ਕੇਂਦਰਿਤ ਰੱਖ ਕੇ ਵਿਦਿਆਰਥੀਆਂ ਲਈ ਉਲੀਕੇ ਜਾਣ। ਉਨਾਂ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਨੂੰ ਆਨਲਾਈਨ ਯੁਵਾ ਉਤਸਵ ਸਫਲਤਾਪੂਰਵਕ ਨੇਪਰੇ ਚਾੜਨ ਲਈ ਵਧਾਈ ਵੀ ਦਿੱਤੀ। ਉਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਉਤਸਵ ਕਰਵਾਉਣ ਦਾ ਮਕਸਦ ਹੀ ਧਾਰਮਿਕ, ਸਾਹਿਤਕ, ਕਲਾਤਮਕ ਗਤੀਵਿਧੀਆਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪਸਾਰ ਕਰਨਾ ਸੀ।  ਆਨਲਾਈਨ ਯੁਵਾ ਉਤਸਵ ਦੇ ਟੀਮ ਮੁਕਾਬਲੇ ਦੇ ਜੇਤੂਆਂ ਵਿੱਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71 ਹਜ਼ਾਰ, 51 ਹਜ਼ਾਰ ਰੁਪਏ ਤੇ 31 ਹਜ਼ਾਰ ਰੁਪਏ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਨੂੰ ਕ੍ਰਮਵਾਰ 51 ਹਜ਼ਾਰ ਰੁਪਏ, 31 ਹਜ਼ਾਰ ਰੁਪਏ ਤੇ 21 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨੇ ਗਏ। ਇਨਾਂ ਯੁਵਾ ਉਤਸਵ ਮੁਕਾਬਲਿਆਂ ਦੀ ਹਰ ਵੰਨਗੀ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਦਿੱਤ ਗਿਆ ਸੀ। ਇਸ ਮੌਕੇ ਜੇਤੂ ਟੀਮਾਂ ਵੱਲੋਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਟੀਮ ਮੁਕਾਬਲਿਆਂ ਵਿੱਚੋਂ ਢਾਡੀ ਕਲਾ ਵਿੱਚ ਬਾਬਾ ਕੁੰਦਣ ਸਿੰਘ ਕਾਲਜ ਮੁਹਾਰ (ਫਿਰੋਜ਼ਪੁਰ) ਪਹਿਲੇ, ਮਾਤਾ ਗੰਗਾ ਖਾਲਸਾ ਕਾਲਜ ਕੋਟਾਂ (ਲੁਧਿਆਣਾ) ਦੂਜੇ ਤੇ ਗੁਰੂ ਨਾਨਕ ਕਾਲਜ ਸੁਖਚਿਆਣਾ ਸਾਹਿਬ ਫਗਵਾੜਾ ਤੀਜੇ,

ਕਵੀਸ਼ਰੀ ਵਿੱਚ ਏ.ਪੀ.ਜੀ. ਕਾਲਜ ਆਫ ਫਾਈਨ ਆਰਟਸ ਜਲੰਧਰ ਪਹਿਲੇ, ਬਾਬਾ ਕੁੰਦਣ ਸਿੰਘ ਕਾਲਜ ਮੁਹਾਰ ਦੂਜੇ ਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਤੀਜੇ ਅਤੇ ਸ਼ਬਦ ਗਰੁੱਪ ਵਿੱਚ ਬੀ.ਬੀ.ਕੇ.ਡੀ.ਏ.ਵੀ.ਗਰਲਜ਼ ਕਾਲਜ ਅੰਮਿ੍ਰਤਸਰ ਪਹਿਲੇ, ਏ.ਪੀ.ਜੀ.ਫਾਈਨ ਆਰਟਸ ਕਾਲਜ ਦੂਜੇ ਤੇ ਰਾਮਗੜੀਆ ਗਰਲਜ਼ ਕਾਲਜ ਲੁਧਿਆਣਾ ਤੀਜੇ ਸਥਾਨ ’ਤੇ ਰਿਹਾ।ਵਿਅਕਤੀਗਤ ਮੁਕਾਬਲਿਆਂ ਵਿੱਚੋਂ ਕਵਿਤਾ ਉਚਾਰਨ ਵਿੱਚ ਦਿਕਸ਼ਾ ਪੁਰੀ ਪਹਿਲੇ, ਦਵਿੰਦਰ ਕੌਰ ਦੂਜੇ ਤੇ ਇੱਛਪੂਰਕ ਸਿੰਘ ਤੀਜੇ, ਕਵਿਤ ਗਾਇਨ ਵਿੱਚ ਸਿਮਰਨ ਪਹਿਲੇ, ਨਵਦੀਪ ਸਿੰਘ ਦੂਜੇ ਤੇ ਲਵਪ੍ਰੀਤ ਸਿੰਘ ਤੀਜੇ, ਸ਼ਬਦ ਸੋਲੋ ਵਿੱਚ ਰੂਪਮ ਪਹਿਲੇ, ਗੁਰਪ੍ਰਤੀਕ ਸਿੰਘ ਦੂਜੇ ਤੇ ਤਨਿਸ਼ਕ ਸਿੰਘ ਆਨੰਦ ਤੀਜੇ, ਭਾਸ਼ਣ ਵਿੱਚ ਕੰਵਲਪ੍ਰੀਤ ਕੌਰ ਪਹਿਲੇ, ਗੁਨੀਤ ਕੌਰ ਦੂਜੇ ਤੇ ਸਮਨਦੀਪ ਤੀਜੇ, ਕੈੈਲੀਗਰਾਫੀ ਵਿੱਚ ਪ੍ਰਭਸਿਮਰਨ ਕੌਰ ਪਹਿਲੇ, ਸੋਨੀਆ ਦੂਜੇ ਤੇ ਪਰਵਿੰਦਰ ਕੌਰ ਤੀਜੇ, ਡਿਜੀਟਲ ਪੋਸਟਰ ਮੇਕਿੰਗ ਵਿੱਚ ਗਗਨਦੀਪ ਕੌਰ ਪਹਿਲੇ, ਦਿਲਪ੍ਰੀਤ ਸਿੰਘ ਦੂਜੇ ਤੇ ਗੁਰਸਿਮਰਨ ਸਿੰਘ ਤੀਜੇ, ਪੇਂਟਿੰਗ ਵਿੱਚ ਮਮਤਾ ਰਾਣੀ ਪਹਿਲੇ, ਮਨਦੀਪ ਕੌਰ ਦੂਜੇ ਤੇ ਸੌਰਵ ਤੀਜੇ, ਫੋਟੋਗ੍ਰਾਫੀ ਵਿੱਚ ਸੌਰਵ ਪਹਿਲੇ, ਨਵਪ੍ਰੀਤ ਕੌਰ ਦੂਜੇ ਤੇ ਪੁਸ਼ਕਰ ਬਾਂਸਲ ਤੀਜੇ, ਸਕੈਚ ਵਿੱੱਚ ਰਮਨਦੀਪ ਕੌਰ ਪਹਿਲੇ, ਗੁਰਲੀਨ ਕੌਰ ਦੂਜੇ ਤੇ ਜਸਨੀਤ ਕੌਰ ਤੀਜੇ ਅਤੇ ਲੇਖ ਮੁਕਾਬਲੇ ਵਿੱਚ ਸਿਮਨਜੀਤ ਕੌਰ ਪਹਿਲੇ, ਦੀਪਾਲੀ ਦੂਜੇ ਤੇ ਅਮਨਦੀਪ ਕੌਰ ਤੀਜੇ ਸਥਾਨ ’ਤੇ ਰਹੀ। ਸਹਿਕਾਰਤਾ ਮੰਤਰੀ ਨੇ ਅੱਜ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ, ਸਿੱਖਿਆਵਾਂ ਅਤੇ ਫਲਸਫੇ ਬਾਰੇ ਬਲਾਕ ਤੋਂ ਰਾਜ ਪੱਧਰੀ ਤੱਕ ਕਰਵਾਏ ਮੁਕਾਬਲੇ ਦੇ ਜੇਤੂ 550 ਵਿਦਿਆਰਥੀਆਂ ਨੂੰ ਵੀ ਸਨਮਾਨਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ, ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਚਰਨਦੇਵ ਸਿੰਘ ਮਾਨ, ਉਤਸਵ ਦੇ ਕੋਆਡੀਨੇਟਰ ਅਮਰਜੀਤ ਸਿੰਘ ਗਰੇਵਾਲ, ਡਾ.ਨਿਰਮਲ ਜੌੜਾ, ਜ਼ਿਲਾ ਸਿੱਖਿਆ ਅਫਸਰ ਰਾਕੇਸ਼ ਬਾਲਾ ਤੇ ਵਿਦਿਅਕ ਮੁਕਾਬਲਿਆਂ ਦੇ ਇੰਚਾਰਜ ਪਰਮਿੰਦਰ ਸਿੰਘ ਵੀ ਹਾਜ਼ਰ ਸਨ।
   

ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ 1971 ਬਾਰੇ ਡਾਕਟਰਾਂ ਨੂੰ ਕੀਤਾ ਜਾਗਰੂਕ-ਬਗੀਚਾ ਸਿੰਘ

ਮੋਗਾ 11 ਨਵੰਬਰ:(ਜਸ਼ਨ):ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਮੁਨੀਸ਼ ਸਿੰਗਲ ਦੀਆਂ ਹਦਾਇਤਾਂ ਅਤੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀ ਬਗੀਚਾ ਸਿੰਘ, ਦੀ ਅਗਵਾਈ ਵਿਚ ਪੈਨਲ ਵਕੀਲਾਂ, ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਡਾ. ਸ਼ਾਮ ਲਾਲ ਥਾਪਰ ਕਾਲਜ ਆਫ ਨਰਸਿੰਗ, ਮੋਗਾ ਦੇ ਵਿਦਿਆਰਥੀਆਂ ਨੂੰ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਹਿਤ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ 1971 ਬਾਰੇ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ। ਇਸ ਮੌਕੇ ਲੀਗਲ ਸਰਵਿਸਜ਼ ਅਥਾਰਟੀ, ਮੋਗਾ ਦੇ ਪੈਨਲ ਐਡਵੋਕੇਟ ਰਾਜੇਸ਼ ਸ਼ਰਮਾਂ ਵੱਲੋਂ ਉਕਤ ਐਕਟ ਦੀਆਂ ਬਰੀਕੀਆਂ ਅਤੇ ਗਾਇਨੀ ਡਾਕਟਰ ਨਿਹਾਰਿਕਾ ਵੱਲੋ ਸਿਹਤਕ ਨੁਕਤਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਨਾਂ ਸੈਮੀਨਾਰਾਂ ਵਿੱਚ ਵਿਸ਼ੇਸ਼ ਤੌਰ ਤੇ ਸਿਵਲ ਸਰਜਨ ਡਾ. ਅਰਵਿੰਦਰਪਾਲ ਸਿੰਘ, ਡਾ.ਰੁਪਿੰਦਰ ਕੌਰ ਡੀ.ਐਫ.ਪੀ.ਓ., ਡਾ.ਮੁਨੀਸ਼ ਅਰੋੜਾ, ਡਾ. ਸੇਠੀ ਤੋਂ ਇਲਾਵਾ ਐਸ.ਐਮ.ਓਜ਼ ਅਤੇ ਜ਼ਿਲੇ ਦੇ ਵੱਖ ਵੱਖ ਪਿੰਡਾਂ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਡਾ. ਸਹਿਬਾਨ ਅਤੇ ਪੈਰਾ ਲੀਗਲ ਵਲੰਟੀਅਰ ਗਗਨਦੀਪ ਕੌਰ, ਮਿਸ. ਬੇਅੰਤ ਕੌਰ, ਰਾਮ ਸਿੰਘ ਅਤੇ ਚਰਨਜੀਤ ਕੌਰ ਦੀ ਡਿਊਟੀ ਲਗਾਈ ਗਈ। ਇਸ ਪ੍ਰੋਗਰਾਮ ਦੀ ਸਾਰੇ ਡਾਕਟਰਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਅਤੇ ਅਜਿਹੇ ਹੋਰ ਪ੍ਰੋਗਰਾਮ ਕਰਨ ਦੀ ਮੰਗ ਵੀ ਕੀਤੀ। 

   

550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਖਾਲਸਾ ਸੇਵਾ ਸੁਸਾਇਟੀ ਮੋਗਾ ਦਾ ਵਿਲੱਖਣ ਉਪਰਾਲਾ

ਮੋਗਾ,11 ਨਵੰਬਰ (ਜਸ਼ਨ): ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ‘ਗੋਲਕ ਗੁਰੂ ਦੀ ਨਾਮ’ ਹੇਠ ਫ੍ਰੀ ਹਸਪਤਾਲ ਖੋਲਿਆ ਗਿਆ। ਅੱਜ ਹੋਏ ਧਾਰਮਿਕ ਸਮਾਗਮ ਦੌਰਾਨ ਸਵੇਰੇ ਅੰਮਿ੍ਰਤ ਵੇਲੇ  ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਲਾਬੀ ਬਾਗ ਵਲੋਂ ਨਿਤਨੇਮ ਅਤੇ ਸੁਖਮਨੀ ਸਾਹਿਬ  ਜੀ ਦੇ ਪਾਠ ਕੀਤੇ ਗਏ, ਉਪਰੰਤ ਬਾਬਾ ਮਹਿੰਦਰ ਸਿੰਘ ਜਨੇਰ ਵਾਲਿਆਂ ਨੇ ਰਿਬਨ ਕੱਟ ਕੇ ਰਸਮੀ ਤੌਰ ਤੇ ਫ੍ਰੀ ਹਸਪਤਾਲ ਦਾ ਉਦਘਾਟਨ ਕੀਤਾ । ਬਾਬਾ ਮਹਿੰਦਰ ਸਿੰਘ ਜਨੇਰ ਵਾਲਿਆਂ ਨੇ ਸੁਸਾਇਟੀ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਸੁਸਾਇਟੀ ਦੀ ਸ਼ਲਾਘਾ ਕੀਤੀ ਅਤੇ ਹੋਰ ਸੰਗਤਾਂ ਨੂੰ ਅਜਿਹੇ ਕਾਰਜ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।

ਸੁਸਾਇਟੀ ਪ੍ਰਧਾਨ ਪਰਮਜੋਤ ਸਿੰਘ ਖਾਲਸਾ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹਸਪਤਾਲ ਦੀ ਸ਼ੁਰੂਆਤ ਅਕਾਲਸਰ ਰੋਡ , ਨੇੜੇ  ਸਰਦਾਰ ਨਗਰ ਮੋਗਾ ਵਿਖੇ ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਲੋਕਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ, ਮੁਫ਼ਤ ਦਵਾਈਆਂ ਅਤੇ ਮਲ੍ਹਮ ਪੱਟੀ ਦਾ ਪ੍ਰਬੰਧ ਕੀਤਾ ਗਿਆ ਹੈ ।  ਸੁਸਾਇਟੀ ਵਲੋਂ ਇਸ ਪ੍ਰੋਜੈਕਟ ਦੇ ਇੰਚਾਰਜ ਪਰਮਜੀਤ ਸਿੰਘ ਪੰਮਾ ਅਤੇ ਬਲਜੀਤ ਸਿੰਘ ਚਾਨੀ ਨੇ ਵਿਸ਼ੇਸ਼ ਤੋਰ ਤੇ ਦਰਸ਼ਨ ਸਿੰਘ ਵਿਰਦੀ, ਹਰਜੋਤ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਮਾਸਟਰ , ਪਵਨ ਜੀਤ ਸਿੰਘ ਮਾਸਟਰ , ਨਵਦੀਪ ਸਿੰਘ ਸੰਘਾ , ਚਰਨਜੀਤ ਸਿੰਘ ਝੰਡੇਆਣਾ ,  ਕੁਲਦੀਪ ਸਿੰਘ  , ਜਗਤਾਰ ਸਿੰਘ , ਅਮਰਜੀਤ ਸਿੰਘ , ਗੁਰਮੁਖ  ਸਿੰਘ ਮੋਗਾ ਕੰਪਿਊਟਰ , ਹਰਦਿਆਲ ਸਿੰਘ  ਆਦਿ ਦਾ ਧੰਨਵਾਦ ਕੀਤਾ।  ਸਤਨਾਮ ਸਿੰਘ ਕਾਰਪੇਂਟਰ ਅਤੇ ਪਰਮਜੀਤ ਬਿੱਟੂ ਵਲੋਂ ਦਰਸ਼ਨ ਸਿੰਘ ਵਿਰਦੀ , ਬਾਬਾ ਮਹਿੰਦਰ ਸਿੰਘ ਜਨੇਰ , ਸੁਖਚੈਨ ਸਿੰਘ ਰਾਮੂਵਾਲਾ , ਹਰਪ੍ਰੀਤ ਸਿੰਘ ਖੀਵਾ , ਪਰਮਵੀਰ  ਸਿੰਘ ਗੋਰਾ,ਰਣਜੀਤ ਸਿੰਘ  ਆਦਿ ਦਾ ਸਨਮਾਨ ਕੀਤਾ ਗਿਆ ।ਇਸ ਸਮੇਂ ਹਰਵਿੰਦਰ ਸਿੰਘ ਨੈਸਲੇ , ਬਲਵਿੰਦਰ ਸਿੰਘ ਨੈਸਲੇ , ਜੋਤ ਨਿਰੰਜਨ ਸਿੰਘ , ਗੁਰਮੀਤ ਸਿੰਘ ਗੁੱਲੂ, ਰਣਜੀਤ ਸਿੰਘ , ਸੁਖਦੇਵ ਸਿੰਘ ਪੁਰਬ , ਹਨੀ ਸੰਧੂ , ਹਰਵਿੰਦਰ ਦਹੇਲੇ, ਮੇਜਰ ਸਿੰਘ , ਹਰਪ੍ਰੀਤ ਸਿੰਘ , ਜਸਵੰਤ ਸਿੰਘ , ਰਣਬੀਰ ਸਿੰਘ , ਦਲਜੀਤ ਸਿੰਘ , ਸਤਿੰਦਰ ਸਿੰਘ , ਦਮਨਪ੍ਰੀਤ , ਸੁਖਜਿੰਦਰ ਸਿੰਘ ,ਕੁਲਵੰਤ ਸਿੰਘ , ਗੁਰਪ੍ਰੀਤ ਸਿੰਘ, ਸਤਵਿੰਦਰ ਸਿੰਘ ਬੱਬੂ , ਗੁਰਮੇਲ ਸਿੰਘ ,ਭੋਲਾ ਸਿੰਘ , ਬਲਦੇਵ ਜੰਡੂ , ਬਿੰਨੀ ਭੁੱਲਰ , ਅਮਨਦੀਪ ਸਿੰਘ ਟੋਨੀ , ਕੁਲਦੀਪ ਸਿੰਘ , ਮਹਿੰਦਰ ਸਿੰਘ , ਰਣਜੀਤ ਸਿੰਘ , ਗੁਰਬਚਨ ਸਿੰਘ , ਸੁਰਿੰਦਰ ਸਿੰਘ , ਅਵਤਾਰ ਸਿੰਘ , ਲਵਪ੍ਰੀਤ ਸਿੰਘ , ਪਰਮਵੀਰ ਸਿੰਘ ਗੋਰਾ ਆਦਿ ਹਾਜ਼ਿਰ ਸਨ। 

ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਹੋਈ ਚੋਣ,ਚਮਕੌਰ ਸਿੰਘ ਡਗਰੂ ਪ੍ਰਧਾਨ ਅਤੇ ਭੂਪਿੰਦਰ ਸਿੰਘ ਸੇਖੋਂ ਜ.ਸਕੱਤਰ ਚੁਣੇ ਗਏ

ਮੋਗਾ,11 ਨਵੰਬਰ(ਜਸ਼ਨ): ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਹੋਈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਵਿੱਛੜੇ ਸਾਥੀ ਕਰਨੈਲ ਸਿੰਘ ਘੋਲੀਆ, ਟੀ.ਯੂ.ਸੀ. ਦੇ ਆਗੂ ਸਤਵੰਤ ਸਿੰਘ ਖੋਟਾ ਦੀ ਪਤਨੀ, ਸਾਥੀ ਭਜਨ ਸਿੰਘ ਦੇ ਚਚੇਰੇ ਭਰਾ, ਆਲ ਇੰਡੀਆ ਟ੍ਰੇਡ ਯੂਨੀਅਨ ਕੌਂਸਲ ਦੇ ਕੌਮੀ ਆਗੂ ਗੁਰੂ ਦਾਸ ਦਾਸ ਗੁਪਤਾ, ਸ਼ਮੀਮ ਫੈਜੀ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਮੀਟਿੰਗ ਸ਼੍ਰੀਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ, ਕਰਤਾਰਪੁਰ ਦੇ ਲਾਂਘੇ ਦਾ ਸਿਹਰਾ ਲੈਣ ਲਈ ਵੱਖ ਵੱਖ ਧਿਰਾਂ ਵਿੱਚ ਲੱਗੀ ਹੋੜ ਨੂੰ ਨਿੰਦਦੇ ਹੋਏ ਕਿਹਾ ਗਿਆ ਕਿ ਸਾਨੂੰ ਸਿਰਫ਼ ਤ ਸਿਰਫ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਹੀ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਦੇ ਦੱਸੇ ਰਾਹ ਅਨੁਸਾਰ ਕਿਰਤ ਕਰਨੀ ਅਤੇ ਵੰਡ ਛਕਣਾ ਹੀ ਸਾਡਾ ਮਨੋਰਥ ਹੋਣਾ ਚਾਹੀਦਾ ਹੈ। ਲੋਟੂ ਧਿਰਾਂ ਵੱਲੋਂ ਗਰੀਬ ਕਿਰਤੀਆਂ ਦੀ ਕੀਤੀ ਜਾਂਦੀ ਲੁੱਟ ਦੀ ਉਸ ਸਮੇਂ ਦੇ ਮਲਕ ਭਾਗੋ ਨਾਲ ਤੁਲਨਾ ਕਰਦਿਆਂ ਕਿਹਾ ਕਿ ਇਹ ਲੋਟੂ ਨਿਜ਼ਾਮ ਖਤਮ ਹੋਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਪਹੁੰਚੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਨੇ ਇਕਾਈ ਮੋਗਾ ਵੱਲੋਂ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਵੱਲੋਂ ਨਵੀਂ ਚੋਣ ਪ੍ਰਕਿਰਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੇ ਪੁਰਾਣੀ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ। ਇਸ ਉਪਰੰਤ ਸਾਰੇ ਸਾਥੀਆਂ ਨੇ ਸਲਾਹ ਮਸ਼ਵਰੇ ਨਾਲ ਇੱਕ ਪੈਨਲ ਬਣਾਇਆ ਜਿਸ ਨੂੰ ਜਥੇਬੰਦੀ ਸੂਬਾਈ ਆਗੂ ਅਤੇ ਪਸਸਫ ਦੇ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਪੇਸ਼ ਕਰਦਿਆਂ ਇਸ ਪੈਨਲ ਵਿੱਚ ਵਾਧਾ/ ਘਾਟਾ ਕਰਨ ਲਈ ਹਾਊਸ ਨੂੰ ਸੰਬੋਧਨ ਕੀਤਾ। ਹਾਊਸ ਨੇ ਪੇਸ਼ ਕੀਤੇ ਪੈਨਲ ਨੂੰ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ। ਨਵੀਂ ਚੁਣੀ ਗਈ ਕਮੇਟੀ ਵਿੱਚ ਮੁੱਖ ਸਲਾਹਕਾਰ ਪੋਹਲਾ ਸਿੰਘ ਬਰਾੜ, ਚੇਅਰਮੈਨ ਬਚਿੱਤਰ ਸਿੰਘ ਧੋਥੜ, ਪ੍ਰਧਾਨ ਚਮਕੌਰ ਸਿੰਘ ਡਗਰੂ, ਸੀ.ਮੀਤ ਪ੍ਰਧਾਨ ਨਿਰੰਜਣ ਸਿੰਘ ਸੇਖੋਂ, ਮੀਤ ਪ੍ਰਧਾਨ ਲਛਮਣ ਸਿੰਘ ਘੋਲੀਆ, ਗੁਰਮੇਲ ਸਿੰਘ ਨਾਹਰ, ਚਮਕੌਰ ਸਿੰਘ ਲੰਗੇਆਣਾ, ਜਨਰਲ ਸਕੱਤਰ ਭੂਪਿੰਦਰ ਸਿੰਘ ਸੇਖੋਂ, ਸਹਾਇਕ ਸਕੱਤਰ ਮੱਘਰ ਸਿੰਘ, ਕੈਸ਼ੀਅਰ ਅਜਮੇਰ ਸਿੰਘ, ਸਹਾਇਕ ਕੈਸ਼ੀਅਰ ਭਜਨ ਸਿੰਘ, ਪੈ੍ਰੱਸ ਸਕੱਤਰ ਪ੍ਰੇਮ ਕੁਮਾਰ, ਕਾਨੂਨੀ ਸਲਾਹਕਾਰ ਸੱਤਪਾਲ ਸਹਿਗਲ, ਐਗਜੈਕਟਿਵ ਮੈਂਬਰਜ਼ ਬਲਵਿੰਦਰ ਸਿੰਘ ਧਰਮਕੋਟ, ਬਲਵਿੰਦਰ ਸਿੰਘ ਮਾਛੀਕੇ, ਤਰਲੋਚਣ ਸਿੰਘ ਚੁਣੇ ਗਏ। ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਨੇ ਸਰਵ ਸੰਮਤੀ ਨਾਲ ਚੋਣ ਕਰਨ ਲਈ ਇਜਲਾਸ ਦਾ ਧੰਨਵਾਦ ਕੀਤਾ। ਨਵੀਂ ਚੁਣੀ ਗਈ ਕਮੇਟੀ ਵੱਲੋਂ ਪ੍ਰਧਾਨ ਚਮਕੌਰ ਸਿੰਘ ਡਗਰੂ ਅਤੇ ਜਨਰਲ ਸਕੱਤਰ ਭੂਪਿੰਦਰ ਸਿੰਘ ਸੇਖੋਂ ਨੇ ਆਉਣ ਵਾਲੇ ਸਮੇਂ ਵਿੱਚ ਜਥਬੰਦਕ ਸਰਗਰਮੀਆਂ ਨੂੰ ਹੋਰ ਤੇਜ਼ੀ ਨਾਲ ਨੇਪਰੇ ਚੜ੍ਹਾਉਣ ਦਾ ਵਚਨ ਦਿੱਤਾ। ਇਸ ਮੀਟਿੰਗ ਵਿੱਚ 80 ਤੋਂ ਵੱਧ ਪੈਨਸ਼ਨਰਾਂ ਨੇ ਭਾਗ ਲਿਆ।    

ਗ੍ਰੈਂਡ ਲਾਈਟ ਐਂਡ ਸਾਉਂਡ ਸ਼ੋਅ ਰਾਹੀਂ ਰੂਪਮਾਨ ਹੋਇਆ ਗੁਰੂ ਨਾਨਕ ਦੇਵ ਜੀ ਦਾ ਜੀਵਨ ਫਲਸਫਾ,ਵੱਡੀ ਗਿਣਤੀ ਵਿਚ ਨੌਜਵਾਨਾਂ, ਔਰਤਾਂ, ਬੱਚਿਆਂ ਨੇ ਵੇਖਿਆ ਸ਼ੋਅ

ਚੰਡੀਗੜ੍ਹ/ਸੁਲਤਾਨਪੁਰ ਲੋਧੀ, ਕਪੂਰਥਲਾ, 10 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਗ੍ਰੈਂਡ ਲਾਈਟ ਐਂਡ ਸਾਉਂਡ ਸ਼ੋਅ ਰਾਹੀਂ ਅੱਜ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨਾਂ, ਬੱਚਿਆਂ, ਔਰਤਾਂ ਤੇ ਬਜੁਰਗਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਅਤੇ ਉਨਾਂ ਦੇ ਜੀਵਨ ਫਲਸਫੇ ਨੂੰ ਸਮਝਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ: ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਇਕ ਨਿਮਾਣੇ ਸਿੱਖ ਵਜੋਂ ਬਾਕੀ ਸੰਗਤ ਨਾਲ ਬੈਠਕੇ ਇਹ ਸ਼ੋਅ ਵੇਖਿਆ। ਇਸ ਮੌਕੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਹਾਜਰ ਸਨ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸ਼ੋਅ ਸਾਡੀਆਂ ਅਗਲੀਆਂ ਪੀੜੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ, ਸਿੱਖਿਆਵਾਂ ਤੋਂ ਜਾਣੂ ਕਰਵਾਉਣ ਲਈ ਤਿਆਰ ਕਰਵਾਇਆ ਗਿਆ ਹੈ। ਇਹ ਸ਼ੋਅ ਇੱਥੇ 15 ਨਵੰਬਰ ਤੱਕ ਚੱਲਣਾ ਹੈ ਅਤੇ ਅੱਜ ਇਸ ਦੇ ਦੋ ਸ਼ੋਅ ਹੋਏ ਅਤੇ ਦੋਨਾਂ ਸ਼ੋਅ ਵਿਚ ਸੰਗਤਾਂ ਦੇ ਭਾਰੀ ਇੱਕਠ ਨੇ ਹਾਜਰੀ ਭਰ ਕੇ ਸੂਬਾ ਸਰਕਾਰ ਦੇ ਇਸ ਉਪਰਾਲੇ ਨੂੰ ਸਰਾਹਿਆ।ਇਸ ਮੌਕੇ ਬੋਲਦਿਆਂ ਸ: ਇੰਦਰਬੀਰ ਸਿੰਘ ਬੁਲਾਰੀਆ, ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹੱਕ ਸੱਚ ਦਾ ਜੋ ਰਾਹ ਸਾਨੂੰ ਵਿਖਾਇਆ ਸੀ, ਉਹੀ ਗੁਰਮਤਿ ਸਿਧਾਂਤ ਅੱਜ ਵੀ ਸਾਡੀ ਅਗਵਾਈ ਕਰ ਰਿਹਾ ਹੈ। ਉਨਾਂ ਨੇ ਆਖਿਆ ਕਿ ਗੁਰੂ ਜੀ ਦੇ ਜੀਵਨ ਦੀ ਹਰ ਇਕ ਘਟਨਾ ਵਿਚ ਇਕ ਵੱਡੀ ਸਿੱਖਿਆ ਲੁਕੀ ਹੋਈ ਹੈ ਅਤੇ ਇਸ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਗੁਰੂ ਜੀ ਦੇ ਜੀਵਨ ਦੀਆਂ ਇੰਨਾਂ ਹੀ ਘਟਨਾਵਾਂ ਨੂੰ ਰੂਪਮਾਨ ਕੀਤਾ ਹੈ ਤਾਂ ਜੋ ਸਾਡੀ ਅਗਲੀ ਪੀੜੀ ਉਨਾਂ ਦੇ ਦਰਸ਼ਨ ਤੋਂ ਜਾਣੂ ਹੋ ਸਕੇ ਅਤੇ ਉਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਢਾਲ ਸਕੇ। ਉਨਾਂ ਨੇ ਕਿਹਾ ਕਿ ਗੁਰੂ ਜੀ ਵੱਲੋਂ ਕਾਦਰ ਵੱਲੋਂ ਸਾਜੀ ਕੁਦਰਤ ਨਾਲ ਸਮਤੋਲ ਬਿਠਾਉਣ ਦੀ ਜੋ ਸਿੱਖਿਆ ਦਿੱਤੀ ਹੈ ਉਸਤੇ ਵਾਤਾਵਰਨ ਦੇ ਬਦਲਦੇ ਹਾਲਾਤਾਂ ਵਿਚ ਸਾਡੇ ਲਈ ਅਮਲ ਕਰਨਾ ਹੋਰ ਵੀ ਜਰੂਰੀ ਹੋ ਜਾਂਦਾ ਹੈ।ਇਸ ਤੋਂ ਬਾਅਦ ਪੰਥ ਦੇ ਪ੍ਰਸਿੱਧ ਭਾਈ ਹਰਦੇਵ ਸਿੰਘ ਲਾਲਬਾਈ ਦੇ ਕਵਸਰੀ ਜੱਥੇ ਨੇ ਗੁਰੂ ਜਸ ਦਾ ਗਾਇਨ ਕੀਤਾ। ਉਨਾਂ ਨੇ ਬਿਨਾਂ ਸਾਜਾਂ ਤੋਂ ਗਾਇਨ ਦੀ ਪੰਜਾਬ ਦੇ ਮਾਲਵੇ ਖਿੱਤੇ ਦੀ ਇਸ ਅਮੀਰ ਕਲਾਂ ਰਾਹੀਂ ਸੰਗਤਾਂ ਸਨਮੁੱਖ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਕੇਂਦਰਤ ਕਵਿੱਤ ਪੇਸ਼ ਕੀਤੇ।ਜਿਕਰਯੋਗ ਹੈ ਕਿ ਰੋਜ਼ਾਨਾ ਹੁੰਦੇ ਇਸ ਅਵਾਜ਼ ਤੇ ਰੌਸ਼ਨੀਆਂ ਅਧਾਰਿਤ ਪ੍ਰੋਗਰਾਮ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਕਲਾਕਾਰ ਵੀ ਧਾਰਮਿਕ ਗਾਇਨ ਰਾਹੀਂ ਆਪਣੀ ਹਾਜਰੀ ਲਗਵਾ ਰਹੇ ਹਨ। ਇਸ ਲੜੀ ਤਹਿਤ ਸੋਮਵਾਰ ਦੀ ਸ਼ਾਮ ਨੂੰ ਉਘੇ ਫ਼ਨਕਾਰ ਹਰਭਜਨ ਮਾਨ ਆਪਣੀ ਹਾਜਰੀ ਲਗਾਵਉਣ ਲਈ ਆ ਰਹੇ ਹਨ।

ਕਰਤਾਰਪੁਰ ਸਾਹਿਬ ਜਾਣ ਮੌਕੇ ਬਸ ਸਫ਼ਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨਾਲ ਕਿਹੜੀਆਂ ਗੱਲਾਂ ਕੀਤੀਆਂ

ਜਲੰਧਰ, 10 ਨਵੰਬਰ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਇਤਿਹਾਸਕ ਸਫਰ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਸ ਵਿੱਚ ਮਿਲੇ ਤਾਂ ਕਰਤਾਰਪੁਰ ਲਾਂਘਾ ਦੋਵਾਂ ਦਰਮਿਆਨ ਆਪਸੀ ਸੰਪਰਕ ਦਾ ਕੇਂਦਰ ਬਿੰਦੂ ਬਣ ਕੇ ਉੱਭਰਿਆ। ਦੋਵਾਂ ਦਾ ਇਕ ਹੋਰ ਮਨਭਾਉਂਦਾ ਸਾਂਝਾ ਵਿਸ਼ਾ ਸੀ ਜਿਸ ਵਿੱਚ ਉਨਾਂ ਨੇ ਜ਼ੀਰੋ ਲਾਈਨ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਬਸ ਦੇ ਛੋਟੇ ਜਿਹੇ ਸਫਰ ਮੌਕੇ ਬਰਾਬਰ ਦਿਲਚਸਪੀ ਦਿਖਾਈ।ਹਰੇਕ ਭਾਰਤੀ ਅਤੇ ਪਾਕਿਸਤਾਨੀ ਲਈ ਿਕਟ ਹਮੇਸ਼ਾ ਆਪਸੀ ਸਾਂਝ ਅਤੇ ਜੋਸ਼ ਦਾ ਪ੍ਰਤੀਕ ਹੈ। ਇਸ ਬਸ ਸਫ਼ਰ ਦੌਰਾਨ ਇਕ ਹੋਰ ਸਾਂਝ ਬਣੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਦੀ ਉਨਾਂ ਦੇ ਪਰਿਵਾਰਾਂ ਦਰਮਿਆਨ ਵਿਸ਼ੇਸ਼ ਸਾਂਝ ਦਾ ਪਤਾ ਲਾਉਣ ਵਿੱਚ ਮਦਦ ਕੀਤੀ, ਭਾਵੇਂ ਕਿ ਉਹ ਦੋਵੇਂ ਇਸ ਤੋਂ ਪਹਿਲਾਂ ਆਪਸ ਵਿੱਚ ਨਹੀਂ ਮਿਲੇ ਅਤੇ ਨਾ ਹੀ ਨਿੱਜੀ ਤੌਰ ’ਤੇ ਇਕ-ਦੂਜੇ ਨੂੰ ਜਾਣਦੇ ਸਨ।ਕੈਪਟਨ ਅਮਰਿੰਦਰ ਸਿੰਘ ਨੇ ਇਸ ਸਫ਼ਰ ਮੌਕੇ ਇਮਰਾਨ ਖਾਨ ਨੂੰ ਦੱਸਿਆ ਕਿ ਉਹ ਉਨਾਂ ਨੂੰ ਿਕਟ ਖੇਡਣ ਦੇ ਦਿਨਾਂ ਤੋਂ ਜਾਣਦੇ ਹਨ। ਮੁੱਖ ਮੰਤਰੀ ਨੇ ਚੇਤੇ ਕੀਤਾ ਕਿ ਿਕਟ ਦਾ ਸਬੰਧ ਹੋਰ ਗਹਿਰਾ ਹੋਇਆ।ਇਮਰਾਨ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਉਨਾਂ ਨੂੰ ਦੱਸਿਆ ਕਿ ਉਨਾਂ ਦੇ ਰਿਸ਼ਤੇਦਾਰ ਜਹਾਂਗੀਰ ਖਾਨ ਜੋ ਅੰਗਰੇਜ਼ਾਂ ਦੇ ਦੌਰ ਦੌਰਾਨ ਕਿ੍ਰਕਟ ਖੇਡਦੇ ਸਨ, ਨੇ ਪਟਿਆਲਾ ਵਾਸਤੇ ਵੀ ਕੇਡੇ ਸਨ ਅਤੇ ਉਨਾਂ ਨਾਲ ਮੁਹੰਮਦ ਨਿਸਾਰ, ਲਾਲਾ ਅਮਰ ਨਾਥ, ਤੇਜ਼ ਗੇਂਦਬਾਜ ਅਮਰ ਸਿੰਘ ਅਤੇ ਬੱਲੇਬਾਜ਼ ਵਜ਼ੀਰ ਅਲੀ ਤੇ ਅਮੀਰ ਅਲੀ ਵੀ ਸ਼ਾਮਲ ਸਨ। ਉਨਾਂ ਕਿਹਾ ਕਿ ਇਹ ਸੱਤ ਖਿਡਾਰੀ ਉਸ ਟੀਮ ਦੇ ਮੈਂਬਰ ਸਨ ਜਿਸ ਟੀਮ ਦੀ ਕਪਤਾਨੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਜੀ ਮਹਾਰਾਜਾ ਯਾਦਵਿੰਦਰ ਸਿੰਘ ਨੇ 1934-35 ਵਿੱਚ ਭਾਰਤ ਅਤੇ ਪਟਿਆਲਾ ਲਈ ਕੀਤੀ ਸੀ। ਇਹ ਗੱਲ ਸੁਣ  ਕੇ ਇਮਰਾਨ ਖਾਨ ਕਾਫੀ ਉਤਸ਼ਾਹਿਤ ਹੋਏ। ਹਾਲਾਂਕਿ ਬੱਸ ਦੀ ਇਹ ਯਾਤਰਾ ਪੰਜ ਮਿੰਟ ਤੋਂ ਵੀ ਘੱਟ ਸਮੇਂ ਦੀ ਸੀ ਪਰ ਕਿ੍ਰਕਟ ਕਰਕੇ ਇਸ ਨਾਲ ਇਮਰਾਨ ਖਾਨ ਅਤੇ ਕੈਪਟਨ ਅਮਰਿੰਦਰ ਦਰਮਿਆਨ ਸਬੰਧ ਸੁਖਾਵੇਂ ਬਣਾਉਣ ਵਿੱਚ ਬਹੁਤ ਸਹਾਇਤਾ ਮਿਲੀ।ਇਸ ਤੋਂ ਪਹਿਲਾਂ ਇਮਰਾਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਜਥੇ ਦਾ ਜ਼ੀਰੋ ਪੁਆਇੰਟ ਵਿਖੇ ਸਵਾਗਤ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਕਰਤਾਰਪੁਰ ਕੌਰੀਡੋਰ ਰਾਹੀਂ ਸ਼ੁਰੂ ਹੋਈ ਇਹ ਯਾਤਰਾ ਜੋ ਕਿ ਉਨਾਂ ਦੇ ਇੱਕ ਲੰਮੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਈ ਹੋਈ ਹੈ, ਆਉਣ ਵਾਲੇ ਸਮੇਂ ਵਿਚ ਦੋਵਾਂ ਮੁਲਕਾਂ ਵਿਚਾਲੇ ਹੋਰ ਰਿਸ਼ਤਿਆਂ ਨੂੰ ਕਿ੍ਰਕਟ ਵਾਂਗ ਵੀ ਹੋਰ ਮਜ਼ਬੂਤ ਕਰੇਗਾ ਅਤੇ ਦੋਵੇਂ ਮੁਲਕ ਆਉਣ ਵਾਲੇ ਸਮੇਂ ਵਿੱਚ ਇਹ ਖੇਡ ਸਹੀ ਭਾਵਨਾ ਨਾਲ ਖੇਡਣਗੇ।    

ਕੈਪਟਨ ਅਮਰਿੰਦਰ ਸਿੰਘ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ 400 ਤੋਂ ਵੱਧ ਨਾਮੀ ਸ਼ਖ਼ਸੀਅਤਾਂ ਦਾ ‘ਅਚੀਵਰਜ਼ ਐਵਾਰਡ‘ ਨਾਲ ਸਨਮਾਨ

ਕਪੂਰਥਲਾ, 10 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ 400 ਤੋਂ ਵੱਧ ਨਾਮੀ ਸ਼ਖ਼ਸੀਅਤਾਂ ਨੂੰ ਵੱਖ-ਵੱਖ ਖੇਤਰ ਵਿੱਚ ਪਾਏ ਸ਼ਾਨਦਾਰ ਯੋਗਦਾਨ ਲਈ ‘ਅਚੀਵਰਜ਼ ਐਵਾਰਡ‘ ਨਾਲ ਸਨਮਾਨਿਤ ਕੀਤਾ ਗਿਆ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਇਨਾਂ ਸਾਰੇ ਪੰਜਾਬੀਆਂ ਨੂੰ ਸਨਮਾਨਿਤ ਕਰਨ ‘ਤੇ ਬਹੁਤ ਮਾਣ ਮਹਿਸੂਸ ਕਰਦੇ ਹਨ ਜਿਨਾਂ ਨੇ ਆਪਣੇ ਜੀਵਨ ਵਿੱਚ ਵੱਖ-ਵੱਖ ਖੇਤਰਾਂ ‘ਚ ਮੱਲਾਂ ਮਾਰੀਆਂ ਹਨ। ਚਾਹੇ ਜਨਤਕ ਜੀਵਨ ਹੋਵੇ, ਫੌਜ, ਸਿਵਲ ਸੇਵਾਵਾਂ, ਨਿਆਂਪਾਲਿਕਾ ਜਾਂ ਕਾਨੂੰਨੀ ਪੇਸ਼ੇ, ਕਾਰੋਬਾਰ, ਖੇਤੀਬਾੜੀ, ਵਿਦਿਅਕ, ਧਾਰਮਿਕ, ਸਮਾਜ ਸੇਵਾ, ਕਲਾ, ਸਾਹਿਤਕਾਰੀ, ਕਵੀ, ਅਗਾਂਹਵਧੂ ਕਿਸਾਨ, ਵਾਤਾਵਰਣ ਪ੍ਰੇਮੀ, ਵਿਗਿਆਨ ਅਤੇ ਖੋਜ, ਖੇਡਾਂ, ਸੱਭਿਆਚਾਰ ਅਤੇ ਮੀਡੀਆ, ਸਾਡੇ ਲੋਕਾਂ ਨੇ ਦੇਸ਼ ਅਤੇ ਪੰਜਾਬ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ।ਮੁੱਖ ਮੰਤਰੀ ਨੇ ਵੱਖ-ਵੱਖ ਖੇਤਰ ਦੀਆਂ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ। 

ਇਨਾਂ ਸ਼ਖਸੀਅਤਾਂ ਵਿੱਚ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਬਾਬਾ ਇਕਬਾਲ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਬਲਬੀਰ ਸਿੰਘ ਬੁੱਢਾ ਦਲ, ਸੰਤ ਬਾਬਾ ਮਹਿੰਦਰ ਸਿੰਘ, ਸੰਤ ਅਵਤਾਰ ਸਿੰਘ, ਸੰਤ ਬਲਜਿੰਦਰ ਸਿੰਘ, ਮਹੰਤ ਰਮਿੰਦਰ ਦਾਸ, ਸੰਤ ਕੁਲਵੰਤ ਰਾਮ ਭਾਰੋਮਾਜਰਾ, ਸੰਤ ਨਿਰਮਲ ਦਾਸ ਬਾਬਾ ਜੌੜੇ, ਸੰਤ ਗੁਰਦੀਪ ਗਿਰੀ, ਸੰਤ ਮੱਖਣ ਸਿੰਘ, ਸੰਤ ਬਾਬਾ ਮਹਿੰਦਰ ਸਿੰਘ ਲੰਮਿਆ ਵਾਲੇ ਅਤੇ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ ਸ਼ਾਮਲ ਸਨ।ਕੈਪਟਨ ਅਮਰਿੰਦਰ ਸਿੰਘ ਨੇ ਫੌਜ ਦੇ ਜਰਨੈਲਾਂ ਨੂੰ ਵੀ ਸਨਮਾਨਿਤ ਕੀਤਾ ਜਿਨਾਂ ਵਿੱਚ ਸਾਬਕਾ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ, ਜਨਰਲ (ਸੇਵਾ-ਮੁਕਤ) ਜੇ.ਜੇ. ਸਿੰਘ, ਏਅਰ ਮਾਰਸ਼ਲ ਜਗਜੀਤ ਸਿੰਘ, ਬਿ੍ਰਗੇਡੀਅਰ (ਸੇਵਾ-ਮੁਕਤ) ਸੁਖਜੀਤ ਸਿੰਘ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਕੇ.ਜੇ. ਸਿੰਘ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਐਨ ਐਸ ਬਰਾੜ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਜੇ.ਐਸ. ਚੀਮਾ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਸੁਰਿੰਦਰ ਸਿੰਘ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਐਨ.ਪੀ.ਐਸ. ਹੀਰਾ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਉੱਘੇ ਕਾਲਮਨਵੀਸ  ਅਰੁਣ ਸ਼ੌਰੀ ਵੀ ਸ਼ਾਮਲ ਸਨ। ਇਸ ਮੌਕੇ ਸਨਮਾਨ ਪ੍ਰਾਪਤ ਕਰਨ ਵਾਲੀਆਂ ਹੋਰ ਸ਼ਖ਼ਸੀਅਤਾਂ ਵਿੱਚ ਜਸਟਿਸ ਮਹਿਤਾਬ ਸਿੰਘ ਗਿੱਲ, ਜਸਟਿਸ ਜੀ.ਆਰ. ਮਜੀਠੀਆ, ਜਸਟਿਸ ਅਮਰਬੀਰ ਸਿੰਘ ਗਿੱਲ, ਜਸਟਿਸ ਗੁਰਦੇਵ ਸਿੰਘ, ਜਸਟਿਸ ਐਸ. ਐਸ. ਸਾਰੋਂ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਅਤੇ ਐਡਵੋਕੇਟ ਕੇ.ਟੀ.ਐੱਸ. ਤੁਲਸੀ ਸ਼ਾਮਲ ਹਨ।ਕਲਾ, ਸੱਭਿਆਚਾਰ, ਸੰਗੀਤ ਅਤੇ ਸਾਹਿਤ ਦੇ ਖੇਤਰ ਦੀਆਂ ਜਿਹੜੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ, ਉਨਾਂ ਵਿੱਚ ਸੁਰਜੀਤ ਪਾਤਰ, ਹੰਸ ਰਾਜ ਹੰਸ, ਪੂਰਨ ਚੰਦ ਵਡਾਲੀ, ਮਲਕੀਤ ਸਿੰਘ, ਦਲੀਪ ਕੌਰ ਟਿਵਾਣਾ, ਗੁਰਮੀਤ ਬਾਵਾ, ਭਾਈ ਬਲਦੀਪ ਸਿੰਘ, ਬੀਨੂ ਢਿੱਲੋਂ, ਜਸਵਿੰਦਰ ਭੱਲਾ, ਬਲਵੀਰ ਰਿਸ਼ੀ, ਮੁਹੰਮਦ ਸਦੀਕ, ਸਰਦੂਲ ਸਿਕੰਦਰ, ਪੂਰਨ ਸ਼ਾਹ ਕੋਟੀ, ਗੁਰਪ੍ਰੀਤ ਸਿੰਘ ਘੁੱਗੀ, ਪ੍ਰੀਤੀ ਸਪਰੂ, ਬਾਬੂ ਸਿੰਘ ਮਾਨ, ਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਅਤੇ ਮਨਮੋਹਨ ਸਿੰਘ ਸ਼ਾਮਲ ਸਨ। ‘ਅਚੀਵਰਜ਼ ਐਵਾਰਡ‘ ਹਾਸਲ ਕਰਨ ਵਾਲੇ ਉੱਘੇ ਐਨਆਰਆਈਜ਼ ਵਿੱਚ ਹਰਭਜਨ ਸਿੰਘ ਵਿਰਦੀ, ਲਾਰਡ ਰਾਜ ਲੂੰਬਾ, ਲਾਰਡ ਸਵਰਾਜ ਪਾਲ, ਐਸਪੀਐਸ ਓਬਰਾਏ ਅਤੇ ਕਮਲਜੀਤ ਬਖਸ਼ੀ ਸ਼ਾਮਲ ਸਨ।       

ਗੁਰਦੁਆਰਾ ਚੰਦ ਪੁਰਾਣਾ ਵਿਖੇ 12 ਨਵੰਬਰ ਨੂੰ ਸਜਣਗੇ ਪੂਰਨਮਾਸ਼ੀ ਦੇ ਭਾਰੀ ਦੀਵਾਨ : ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ

ਮੋਗਾ,10 ਨਵੰਬਰ (ਜਸ਼ਨ):ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਸਮੂਹ ਸਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ 12 ਨਵੰਬਰ ਨੂੰ ਸੰਗਤਾਂ ਵੱਲੋਂ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ ।  ਇਸ ਸਥਾਨ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਦੇ ਉੱਦਮਾਂ ਸਦਕਾ ਮਨਾਏ ਜਾ ਰਹੇ ਇਸ ਸ਼ੁੱਭ ਦਿਹਾੜੇ ’ਤੇ ਸੰਗਤਾਂ ਹੰੁਮਹੁਮਾ ਕੇ ਪਹੁੰਚ ਰਹੀਆਂ ਹਨ।  ‘ਸਾਡਾ ਮੋਗਾ ਡੌਟ ਕੌਮ’  ਪੋਰਟਲ ਨੂੰ ਜਾਣਕਾਰੀ ਦਿੰਦਿਆਂ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੇ ਆਖਿਆ ਕਿ ਪੂਰਾ ਵਿਸ਼ਵ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ, ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ 8 ਨਵੰਬਰ ਤੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ ਹਨ ਅਤੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ 12 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ । ਉਹਨਾਂ ਦੱਸਿਆ ਕਿ ਭੋਗ ਉਪਰੰਤ  ਵੱਖ ਵੱਖ ਜਥਿਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਅਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਕੀਤਾ ਜਾਵੇਗਾ । ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜਗਤ ਗੁਰੂ ਸ੍ਰੀ ਗੁਰੂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕਰਨਗੇ ਕਿਉਂਕਿ ਇਸ ਅਸਥਾਨ ਤੇ ਹਰ ਪੂਰਨਮਾਸੀ ਦਾ ਦਿਹਾੜਾ ਬਹੁਤ ਹੀ ਸਰਧਾ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਲੱਡੂ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ  । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ