ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ

*ਭਾਜਪਾ ਓਬੀਸੀ ਮੋਰਚਾ ਦੇ ਸਕੱਤਰ ਕੁਲਦੀਪ ਸ਼ੈਂਟੀ , ਅਕਾਲੀ ਦਲ ਐਸ.ਸੀ. ਵਿੰਗ ਦੋਆਬਾ ਦੇ ਜਨਰਲ ਸਕੱਤਰ ਗੁਰਦਰਸ਼ਨ ਲਾਲ ਅਤੇ ਕਾਂਗਰਸ ਦੇ ਐਨਐਸਯੂਆਈ ਪੰਜਾਬ ਦੇ ਮੀਤ ਪ੍ਰਧਾਨ ਰਾਹੁਲ ਸ਼ਰਮਾ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ

ਚੰਡੀਗੜ੍ਹ, 27 ਅਪ੍ਰੈਲ (ਇੰਟਰਨੈਸ਼ਨਲ  ਪੰਜਾਬੀ  ਨਿਊਜ਼   ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਦਿੱਤਾ। ਸ਼ਨੀਵਾਰ ਨੂੰ ਭਾਜਪਾ ਓਬੀਸੀ ਮੋਰਚਾ ਦੇ ਸਕੱਤਰ ਕੁਲਦੀਪ ਸਿੰਘ ਸ਼ੈਂਟੀ ਅਤੇ ਅਕਾਲੀ ਦਲ ਐਸਸੀ ਵਿੰਗ ਦੋਆਬਾ ਦੇ ਜਨਰਲ ਸਕੱਤਰ ਗੁਰਦਰਸ਼ਨ ਲਾਲ ਆਪਣੀ ਪੁਰਾਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਆਗੂਆਂ ਨੂੰ ਰਸਮੀ ਤੌਰ 'ਤੇ  ਪਾਰਟੀ 'ਚ ਸ਼ਾਮਲ ਕਰਵਾਇਆ ਅਤੇ 'ਆਪ' ਪਰਿਵਾਰ 'ਚ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ 'ਆਪ' ਦੇ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਅਤੇ ਸੀਨੀਅਰ ਮਹਿਲਾ ਆਗੂ ਰਾਜਵਿੰਦਰ ਕੌਰ ਥਿਆੜਾ ਵੀ ਹਾਜ਼ਰ ਸਨ।ਅੱਜ ਆਮ ਆਦਮੀ ਪਾਰਟੀ ਨੂੰ ਦੋਆਬੇ ਦੇ ਨਾਲ-ਨਾਲ ਮਾਝਾ ਖੇਤਰ ਵਿੱਚ ਵੀ ਉਸ ਸਮੇਂ ਵੱਡੀ ਮਜਬੂਤੀ ਮਿਲੀ ਜਦੋਂ ਗੁਰਦਾਸਪੁਰ ਹਲਕੇ ਦੇ ਪ੍ਰਭਾਵਸ਼ਾਲੀ ਨੌਜਵਾਨ ਆਗੂ ਅਤੇ ਐਨਐਸਯੂਆਈ ਦੇ ਪੰਜਾਬ ਮੀਤ ਪ੍ਰਧਾਨ ਰਾਹੁਲ ਸ਼ਰਮਾ ਵੀ ‘ਆਪ’ ਵਿੱਚ ਸ਼ਾਮਲ ਹੋ ਗਏ। ਰਾਹੁਲ ਸ਼ਰਮਾ ਦੀ ਗੁਰਦਾਸਪੁਰ ਦੇ ਨੌਜਵਾਨਾਂ ਵਿੱਚ ਚੰਗੀ ਪੈਠ ਹੈ।ਰਾਹੁਲ ਸ਼ਰਮਾ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ। ਰਾਹੁਲ ਸ਼ਰਮਾ ਦਾ ਕਾਂਗਰਸ ਪਾਰਟੀ ਛੱਡਣਾ ਗੁਰਦਾਸਪੁਰ 'ਚ ਕਾਂਗਰਸ ਲਈ ਇਕ ਵੱਡਾ ਝਟਕਾ ਹੈ।ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ‘ਆਪ’ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪੰਜਾਬ ਨੂੰ ਮੁੜ "ਰੰਗਲਾ ਪੰਜਾਬ" ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਵੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਇਨ੍ਹਾਂ ਚੋਣਾਂ ਵਿੱਚ 13-0 ਨਾਲ ਜਿੱਤ ਦਰਜ ਕਰਕੇ ਇਤਿਹਾਸ ਰਚੇਗੀ।