ਮਾਊਟ ਲਿਟਰਾ ਜੀ ਸਕੂਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਰਾਜ ਪੱਧਰੀ ਚਿਲਡਰਨ ਦਿਵਸ ਸਮਾਰੋਹ ਦੀ ਕੀਤੀ ਪ੍ਰਧਾਨਗੀ

ਮੋਗਾ,13 ਦਸੰਬਰ:(ਜਸ਼ਨ):'ਪੰਜਾਬ ਦਾ ਸੱਭਿਆਚਾਰਕ ਵਿਰਸਾ ਬਹੁਤ ਅਮੀਰ ਹੈ ਅਤੇ ਨੌਜਵਾਨ ਪੀੜੀ ਨੂੰ ਇਸ ਅਨਮੋਲ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਆਉਣਾ ਚਾਹੀਦਾ ਹੈ'। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਮਾਊਟ ਲਿਟਰਾ ਜੀ ਸਕੂਲ ਮੋਗਾ ਵਿਖੇ ਆਯੋਜਿਤ ਰਾਜ ਪੱਧਰੀ ਚਿਲਡਰਨ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਜੇ ਸੂਦ ਅਤੇ ਸਹਾਇਕ ਕਮਿਸ਼ਨਰ ਲਾਲ ਵਿਸਵਾਸ਼ ਬੈਂਸ ਵੀ ਮੌਜੂਦ ਸਨ। ਇਸ ਸਮਾਗਮ ਵਿੱਚ ਸੂਬੇ ਦੇ ਵੱਖ-ਵੱਖ ਛੇ ਜ਼ਿਲਿਆਂ ਤੋ ਆਏ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਲਵਾ ਗਿੱਧਾ, ਦੋਗਾਣਾ ਲੋਕ ਗੀਤ ਅਤੇ ਪੇਪਰ ਰੀਡਿੰਗ ਮੁਕਾਬਲਿਆਂ ਵਿੱਚ ਭਾਗ ਲਿਆ। ਡਿਪਟੀ ਕਮਿਸ਼ਨਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਕਿਸੇ ਵੀ ਰਾਸ਼ਟਰ ਦਾ ਅਨਮੋਲ ਸਰਮਾਇਆ ਅਤੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਸਾਨੂੰ ਉਨਾਂ ਦਾ ਸਹੀ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ, ਤਾਂ ਜੋ ਉਹ ਸਮਾਜ ਦੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਵਿੱਚ ਢੁੱਕਵਾਂ ਯੋਗਦਾਨ ਪਾ ਸਕਣ। ਉਨਾਂ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਉਚੇਚਾ ਧਿਆਨ ਦੇਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ।

ਇਸ ਮੌਕੇ ਉਨਾਂ ਸਵਰਗੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਤਸਵੀਰ ‘ਤੇ ਫੁੱਲ ਵੀ ਅਰਪਿਤ ਕੀਤੇ। ਇਸ ਮੌਕੇ ਉਨਾਂ ਸਕੂਲ ਵੱਲੋ ਜਾਰੀ ਕੀਤਾ ਸੋਵੀਨਾਰ ਰੀਲੀਜ਼ ਕੀਤਾ ਅਤੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਸਕੱਤਰ ਬਾਲ ਭਲਾਈ ਕੌਸਲ ਪੰਜਾਬ ਡਾ. ਪ੍ਰੀਤਮ ਸੰਧੂ ਨੇ ਦੱਸਿਆ ਕਿ ਇਸ ਸਮਾਰੋਹ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਆਤਮ ਸਿਰਜਣਾ, ਅਨੁਸ਼ਾਸ਼ਨ, ਸੱਭਿਆਚਾਰਕ ਮੁਹਾਰਤ ਅਤੇ ਸਵੈ-ਵਿਸਵਾਸ਼ ਦੀ ਭਾਵਨਾ ਪੈਦਾ ਕਰਨਾ ਹੈ। ਉਨਾਂ ਦੱਸਿਆ ਕਿ ਇਸ ਤੋ ਇਲਾਵਾ ਅਜਿਹੇ ਸਮਾਗਮ ਕਰਵਾਉਣ ਨਾਲ ਬੱਚਿਆਂ ਵਿੱਚ ਟੀਮ ਦੇ ਤੌਰ ‘ਤੇ ਕੰਮ ਕਰਨ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ।

ਉਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਮਲਵਈ ਗਿੱਧੇ ਵਿੱਚ 14 ਤੋ 16 ਸਾਲ ਦੇ ਲੜਕਿਆਂ, ਦੋਗਾਣਾ ਲੋਕ ਗੀਤਾਂ ‘ਚ 11 ਤੋ 14 ਸਾਲ ਅਤੇ ਪੇਪਰ ਰੀਡਿੰਗ ਮੁਕਾਬਲਿਆਂ ਵਿੱਚ 6 ਤੋ 10 ਸਾਲ ਦੇ ਬੱਚਿਆਂ ਨੇ ਭਾਗ ਲਿਆ। ਮਾਲਵਾ ਗਿੱਧੇ ਵਿੱਚ ਜਲੰਧਰ ਨੇ ਪਹਿਲਾ, ਫਰੀਦਕੋਟ ਨੇ ਦੂਸਰਾ ਅਤੇ ਅੰਮਿ੍ਰਤਸਰ/ਮੋਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦੋਗਾਣਾ ਲੋਕ ਗੀਤ ਵਿੱਚ ਜ਼ਿਲਾ ਫਰੀਦਕੋਟ ਦੇ ਜਪੁਜੀ ਸੰਧੂ ਤੇ ਦਿਵਆਨੀ ਨੇ ਪਹਿਲਾ, ਜਲੰਧਰ ਦੇ ਗੁਰਸ਼ਰਨ ਸਿੰਘ ਤੇ ਰਿਚਾ ਨੇ ਦੂਸਰਾ ਮੋਗਾ ਦੇ ਸਾਹਿਲਪ੍ਰੀਤ ਸਿੰਘ ਤੇ ਜਸਕਰਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦਕਿ ਪੇਪਰ ਰੀਡਿੰਗ ਮੁਕਾਬਲਿਆਂ ਵਿੱਚ ਜਲੰਧਰ ਜ਼ਿਲੇ ਦੇ ਅਨਾਇਆ ਸਿੰਘ ਨੇ ਪਹਿਲਾ ਮੋਗਾ ਦੇ ਅਨਾਹਿਤਾ ਨੇ ਦੂਜਾ ਅਤੇ ਫਰੀਦਕੋਟ ਜ਼ਿਲੇ ਦੀ ਗੁਰਮਨਜੋਤ ਕੌਰ ਬਰਾੜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਮੋਗਾ ਸਤਿਨਾਮ ਸਿੰਘ, ਸਿਵਲ ਸਰਜਨ ਡਾ. ਸੁਸ਼ੀਲ ਜੈਨ, ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ, ਮੈਨੇਜਰ ਨੀਰਜ ਅਨੇਜਾ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।