‘ਬੇਟੀ ਬਚਾਓ ਬੇਟੀ ਪੜਾਓ‘ ਸਕੀਮ ਦੀਆਂ ਗਤੀਵਿਧੀਆਂ ਨਾਲ ਲੋਕਾਂ ਵਿੱਚ ਆਵੇਗੀ ਜਾਗ੍ਰਤੀ: ਡੀਸੀ ਸੰਦੀਪ ਹੰਸ

ਮੋਗਾ,13 ਦਸੰਬਰ:(ਜਸ਼ਨ):ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋ ਘੱਟ ਨਹੀ ਹਨ ਅਤੇ ਸਾਨੂੰ ਲੜਕੀਆਂ ਦਾ ਵੀ ਲੜਕਿਆਂ ਦੇ ਸਮਾਨ ਸਤਿਕਾਰ ਕਰਨਾ ਚਾਹੀਦਾ ਹੈ। ਇਹ ਪ੍ਰੇਰਨਾ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਅੱਜ ‘ਬੇਟੀ ਬਚਾਓ ਬੇਟੀ ਪੜਾਓ‘ ਸਕੀਮ ਅਧੀਨ ਮਹਿਲਾ ਤੇ ਬਾਲ ਵਿਕਾਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਿਆਰ ਕੀਤੇ ਐਕਸ਼ਨ ਪਲਾਨ ਅਨੁਸਾਰ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਦਿੱਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਬਤਰਾ, ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਨੇ ਹਿੱਸਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਲੜਕੇ/ਲੜਕੀਆਂ ਵਿੱਚ ਅਸਮਾਨਤਾ ਨੂੰ ਦੂਰ ਕਰਨ ਅਤੇ ਲੜਕੀਆਂ ਦੇ ਲਿੰਗ ਅਨੁਪਾਤ ਦਰ ਨੂੰ ਵਧਾਉਣ ਲਈ ਸਮੂਹ ਅਧਿਕਾਰੀ ਆਪਣੇ-ਆਪਣੇ ਵਿਭਾਗਾਂ ਰਾਹੀਂ ਢੁੱਕਵਾਂ ਰੋਲ ਅਦਾ ਕਰਨ। ਉਨਾਂ ਕਿਹਾ ਕਿ ਇਸ ਮੰਤਵ ਲਈ ਐਕਸ਼ਨ ਪਲਾਨ ਮੁਤਾਬਿਕ ਵੱਖੋਂ-ਵੱਖਰੀਆਂ ਟ੍ਰੇਨਿੰਗਾਂ ਅਤੇ ਲੋੜੀਦੀਆਂ ਗਤੀਵਿਧੀਆਂ ਲਈ ਵਿਸ਼ੇਸ਼ ਤੌਰ ‘ਤੇ ਉਨਾਂ ਪਿੰਡਾਂ ਦੀ ਵੱਧ ਤੋਂ ਵੱਧ ਚੋਣ ਕੀਤੀ ਜਾਵੇ, ਜ਼ਿੰਨਾਂ ਪਿੰਡਾਂ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਘੱਟ ਹੈ। ਉਨਾਂ ਅਧਿਕਾਰੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਜ਼ਿਲੇ ਦੇ ਉਨਾਂ ਕਾਲਜਾਂ ਵਿੱਚ ਜਾ ਕੇ ਲੜਕੀਆਂ ਨੂੰ ਉਤਸ਼ਾਹਿਤ ਕੀਤਾ ਜਾਵੇੇ, ਜਿੰਨਾਂ ਕਾਲਜਾਂ ਦੀਆਂ ਲੜਕੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਜ਼ਿਲੇ ਦਾ ਨਾਮ ਰੋਸ਼ਨ ਕੀਤਾ ਹੋਵੇ ਅਤੇ ਲੜਕੀਆਂ ਨੂੰ ਬਤੌਰ ਰੋਲ ਮਾਡਲ ਸ਼ਾਮਲ ਕਰਕੇ ਉਨਾਂ ਦੇ ਮਾਤਾ-ਪਿਤਾ ਨੂੰ ਵੀ ਜਾਗਰੂਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਆਸ ਪ੍ਰਗਟ ਕੀਤੀ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੀਆ ਇਨਾਂ ਗਤੀਵਿਧੀਆਂ ਨਾਲ ਲੋਕਾਂ ਵਿੱਚ ਜਾਗ੍ਰਤੀ ਆਵੇਗੀ ਅਤੇ ਜ਼ਿਲੇ ਅੰਦਰ ਲੜਕੀਆਂ ਦੇ ਲਿੰਗ ਅਨੁਪਾਤ ਦੀ ਦਰ ਵਿੱਚ ਵਾਧਾ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਬਤਰਾ ਨੇ ਜ਼ਿਲੇ ਅੰਦਰ ਪੀ.ਸੀ.ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕਰਨ ਬਾਰੇ ਕਿਹਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਪਾਸੋ ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਸੁਝਾਅ ਵੀ ਪ੍ਰਾਪਤ ਕੀਤੇ। ਮੀਟਿੰਗ ਦੌਰਾਨ ਗੁਰਬਚਨ ਸਿੰਘ ਜ਼ਿਲਾ ਪ੍ਰੋਗਰਾਮ ਅਫਸਰ ਮੋਗਾ ਨੇ ਡਿਪਟੀ ਕਮਿਸ਼ਨਰ ਮੋਗਾ ਦੀ ਪ੍ਰਵਾਨਗੀ ਉਪਰੰਤ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ ‘ਬੇਟੀ ਬਚਾਓ ਬੇਟੀ ਪੜਾਓ‘ ਸਕੀਮ ਅਧੀਨ ਵੱਖ-ਵੱਖ ਚਾਰ ਮੱਦਾਂ ਲਈ ਪ੍ਰਾਪਤ ਕੁੱਲ 25 ਲੱਖ ਰੁਪਏ ਸਾਲ 2018-19 ਦੌਰਾਨ ਵੱਖ-ਵੱਖ ਗਤੀਵਿਧੀਆਂ ਰਾਹੀਂ ਖਰਚ ਕੀਤੇ ਜਾਣਗੇ। ਉਨਾਂ ਦੱਸਿਆ ਕਿ ਵਿਭਾਗ ਵੱਲੋ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਐਕਸ਼ਨ ਪਲਾਨ ਦੀ ਮੰਗ ਕੀਤੀ ਗਈ ਹੈ ਅਤੇ ਉਨਾਂ ਦੀ ਮੰਗ ਅਨੁਸਾਰ ਬਣਦੀ ਰਾਸ਼ੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨਾਂ ਜ਼ਿਲੇ ਅੰਦਰ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੀਆਂ ਲੜਕੀਆਂ ਲਈ ਵਿਸੇਸ਼ ਗੈਲਰੀ ਪ੍ਰਬੰਧਕੀ ਕੰਪਲੈਕਸ ਸਥਾਪਿਤ ਕਰਨ ਦੀ ਵੀ ਮੰਗ ਕੀਤੀ।