ਅਕਾਲੀ, ਭਾਜਪਾ ਅਤੇ ਕਾਂਗਰਸ ਸ਼ਰੇਆਮ ਕਿਸਾਨਾਂ ਨੂੰ ਗੁੰਮਰਾਹ ਕਰਨ ਲੱਗੇ ਹਨ: ਨਸੀਬ ਬਾਵਾ ਆਪ ਆਗੂ ਮੋਗਾ

ਮੋਗਾ 2 ਅਕਤੂਬਰ (ਜਸ਼ਨ): ਭਾਜਪਾ ਅਤੇ ਉਸ ਦੀ ਸਾਬਕਾ ਭਾਈਵਾਲ ਪਾਰਟੀ ਦੇਸ਼ ਦੇ ਕਿਸਾਨਾਂ ਨੂੰ ਮੂਰਖ ਬਣਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿੱਚ ਹੈ। ਪਹਿਲਾਂ ਤਾਂ ਕੋਵਿਡ-19 ਦਾ ਬਹਾਨਾਂ ਬਣਾ ਕੇ ਕਿਸਾਨਾਂ ਲਈ ਫਾਇਦੇਮੰਦ ਕਹਿ ਕੇ ਕਿਸਾਨਾਂ ਦੇ ਖਿਲਾਫ ਚੋਰੀ ਛਿਪੇ ਤਿੰਨ ਆਰਡੀਨੈਂਸ ਪਾਰਲੀਮੈਂਟ ਵਿੱਚ ਪੇਸ਼ ਕੀਤੇ, ਬਿਨ੍ਹਾਂ ਕਿਸਾਨਾਂ ਦੀ ਰਾਏ ਅਤੇ ਪਾਰਲੀਮੈਂਟ ਤੇ ਰਾਜ ਸਭਾ ਵਿੱਚ ਬਹਿਸ ਕੀਤਿਆਂ ਭਾਜਪਾ ਨੇ ਇਹ ਕਾਨੂੰਨ ਧੱਕੇ ਨਾਲ ਪਾਸ ਕੀਤੇ ਅਤੇ ਮਾਣਯੋਗ ਰਾਸ਼ਟਰਪਤੀ ਨੇ ਮਨਜੂਰੀ ਦੇ ਕੇ ਇਨ੍ਹਾਂ ਆਰਡੀਨੈਂਸ ਨੂੰ ਕਾਨੂੰਨੀ ਦਾਇਰੇ ਵਿੱਚ ਲੈ ਕੇ ਆਂਦਾ, ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਨਸੀਬ ਬਾਵਾ ਨੇ ਆਪਣੇ ਪ੍ਰੈਸ ਨੋਟ ਰਾਹੀਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਤਿੰਨੇ ਆਰਡੀਨੈਂਸ ਕਿਸਾਨ ਮਾਰੂ ਹਨ। ਇਸ ਗੱਲ ਦਾ ਬੀ.ਜੇ.ਪੀ. ਨੂੰ ਪਤਾ ਹੈ ਪ੍ਰੰਤੂ ਫਿਰ ਵੀ ਇਹ ਪਾਰਟੀ ਜਾਣ ਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਕਿਸਾਨਾਂ ਦੀ ਸਿਰਫ ਅਤੇ ਸਿਰਫ ਇੱਕੋ ਮੰਗ ਹੈ ਕਿ ਆਰਡੀਨੈਂਸ ਪੇਸ਼ ਕੀਤਾ ਜਾਵੇ ਕਿ “ਐਮ.ਐਸ.ਪੀ ਜਾਰੀ ਰਹੇਗੀ ਅਤੇ ਮੰਡੀਕਰਨ ਖਤਮ ਨਹੀਂ ਹੋਵੇਗਾ“ਪ੍ਰੰਤੂ ਬੀ.ਜੀ.ਪੀ. ਦੇ ਸਾਰੇ ਦੇ ਸਾਰੇ ਲੀਡਰ ਜਿਮੀਂਦਾਰਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਵਿੱਚ ਹਨ ਕਿ ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਜਬਾਨੀ ਕਹਿ ਦਿੱਤਾ ਹੈ ਕਿ ਐਮ.ਐਸ.ਪੀ ਹੈ ਅਤੇ ਜਾਰੀ ਰਹੇਗੀ ਇਸ ਦਾ ਮਤਲਬ ਹੈ ਕਿ ਕਿਸਾਨ ਉਨ੍ਹਾਂ ਦੀਆਂ ਜਬਾਨੀ ਗੱਲਾਂ ਤੇ ਵਿਸ਼ਵਾਸ਼ ਕਰਕੇ ਆਪਣਾ ਮਜਬੂਰੀ ਤਹਿਤ ਕੀਤਾ ਅੰਦੋਲਨ ਵਾਪਸ ਲੈ ਲੈਣ ਫਿਰ ਉਹ ਇੱਕ ਦੋ ਸਾਲਾਂ ਤੱਕ ਕਿਸਾਨਾਂ ਨੂੰ ਭਾਰਤ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਦਰਿੰਦਗੀ ਅੱਗੇ ਸੁੱਟ ਦੇਣ ਜੋ ਕਿਸਾਨਾਂ ਦਾ ਰੱਜ ਕੇ ਸ਼ੋਸ਼ਣ ਕਰਨ, ਇਸ ਤਰ੍ਹਾਂ ਕੇਂਦਰ ਸਰਕਾਰ ਹੌਲੀ ਹੌਲੀ ਲੋਕਤੰਤਰ ਤੋਂ ਅਮੀਰ ਲੋਕਾਂ ਦੀ ਗੁਲਾਮੀ ਵੱਲ ਧੱਕਣ ਵਿੱਚ ਕਾਮਯਾਬ ਹੋ ਸਕੇ। ਸ਼੍ਰੀ ਬਾਵਾ ਨੇ ਕਿਹਾ ਕਿ ਪਿਛਲੇ 72 ਸਾਲਾਂ ਤੋਂ ਇਹ ਤਿੰਨਾਂ ਪਾਰਟੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਪਾਰਟੀ ਨੇ ਕਦੇ ਕਿਸਾਨਾਂ ਦੇ ਕੋਈ ਭਲੇ ਦੇ ਕੰਮ ਨਹੀਂ ਕੀਤੇ ਕਾਂਗਰਸ ਨੇ ਵੀ ਕਿਸਾਨਾਂ ਲਈ ਮਾਰੂ ਕਾਨੂੰਨ ਬਣਾਏ ਅਤੇ ਅਕਾਲੀ ਪਾਰਟੀ ਜੋ ਭਾਜਪਾ ਦੀ ਭਾਈਵਾਲ ਪਾਰਟੀ ਰਹੀ ਹੈ, ਨੇ ਹਮੇਸ਼ਾ ਭਾਜਪਾ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਪ੍ਰੋੜਤਾ ਕੀਤੀ ਹੈ ਅਤੇ ਅੱਜ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਪਿੰਡਾਂ ਵਿੱਚ ਜਾਗਰੂਕ ਮਹਿੰਮ ਦੇ ਤਹਿਤ ਪਿੰਡਾਂ ਵਿੱਚ ਜਾ ਰਹੇ ਹਨ ਜੇਕਰ ਉਹ ਕਿਸਾਨਾਂ ਲਈ ਹਮਦਰਦੀ ਰਖਦੇ ਹਨ ਤਾਂ ਐਮ.ਐਸ.ਪੀ. ਨੂੰ ਆਰਡੀਨਂੈਸ ਦਾ ਹਿੱਸਾ ਕਿਉਂ ਨਹੀਂ ਬਣਾਉਂਦੇ।