ਵਿਧਾਇਕ ਡਾ: ਹਰਜੋਤ ਕਮਲ ਨੇ ਸ਼ਹਿਰ ‘ਚ 100 ਸੀ ਸੀ ਟੀ ਵੀ ਕੈਮਰੇ ਲਗਾਉਣ ਦੇ ਪ੍ਰੌਜੈਕਟ ਦਾ ਕੀਤਾ ਉਦਘਾਟਨ

*ਜ਼ਰਾਇਮ ਪੇਸ਼ਾ ਲੋਕਾਂ ’ਤੇ ਹਰ ਪਲ ਰਹੇਗੀ ਪੁਲਿਸ ਦੀ ਬਾਜ਼ ਅੱਖ: ਵਿਧਾਇਕ ਡਾ: ਹਰਜੋਤ ਕਮਲ 

ਮੋਗਾ,2 ਅਕਤੂਬਰ (ਜਸ਼ਨ): ਮੋਗਾ ਸ਼ਹਿਰ ਦੇ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸਿਰਜੇ ਸੁਪਨਿਆਂ ਦੀ ਉਸ ਸਮੇਂ ਪੂਰਤੀ ਹੋ ਗਈ ਜਦੋਂ ਸ਼ਹਿਰ ਵਿਚ 100 ਸੀ ਸੀ ਟੀ ਵੀ ਕੈਮਰੇ ਲਗਾਉਣ ਦਾ ਕਾਰਜ ਆਰੰਭ ਹੋ ਗਿਆ । ਮੋਗਾ ਦੇ ਮੁੱਖ ਚੌਂਕ ‘ਚ ਸਾਂਝ ਕੇਂਦਰ ਦੇ ਸਾਹਮਣੇ ਸੀ ਸੀ ਟੀ ਵੀ ਕੈਮਰਿਆਂ ਦੀਆਂ ਉਦਘਾਟਨੀ ਰਸਮਾਂ ਨਿਭਾਉਣ ਲਈ ਨਗਰ ਨਿਗਮ ਵੱਲੋਂ ਕਰਵਾਏ ਸਮਾਗਮ ਵਿਚ ਵਿਧਾਇਕ ਡਾ: ਹਰਜੋਤ ਕਮਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ । ਉਦਘਾਟਨੀ ਪੱਥਰ ਤੋਂ ਪਰਦਾ ਹਟਾਉਣ ਦੀਆਂ ਰਸਮਾਂ ਅਦਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਵਿਧਾਇਕ ਬਨਣ ਉਪਰੰਤ ਉਹਨਾਂ ਦਾ ਸੁਪਨਾ ਸੀ ਕਿ ਸਮੁੱਚੇ ਮੋਗਾ ਸ਼ਹਿਰ ਨੂੰ ਪੂਰਨ ਤੌਰ ’ਤੇ ਸੁੁਰੱਖਿਅਤ ਕਰਨ ਲਈ ਸਮੁੱਚੇ ਸ਼ਹਿਰ ਵਿਚ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ ਪਰ ਕਈ ਕਾਰਨਾਂ ਕਰਕੇ ਇਸ ਪ੍ਰੌਜੈਕਟ ਵਿਚ ਅੜਚਣਾਂ ਪੈਂਦੀਆਂ ਰਹੀਆਂ ਪਰ ਹੁਣ ਪਿਛਲੇ ਦਿਨੀਂ ਲਗਾਤਾਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਨੇ ਪ੍ਰਸ਼ਾਸਨ ਦੀ ਚਿੰਤਾ ‘ਚ ਵਾਧਾ ਕੀਤਾ ਸੀ ਅਤੇ ਉਹਨਾਂ ਖੁਦ ਜ਼ਰਾਇਮ ਪੇਸ਼ਾ ਲੋਕਾਂ ਤੋਂ ਸ਼ਹਿਰਵਾਸੀਆਂ ਨੂੰ ਸੁਰੱਖਿਅਤ ਕਰਨ ਲਈ ਪੁਲਿਸ ਵੱਲੋਂ ਨਿਰਧਾਰਰਿਤ ਕੀਤੇ ਮੋਗਾ ਦੇ 23 ਸੰਵੇਦਨਸ਼ੀਲ ਸਥਾਨਾਂ ’ਤੇ 100 ਕੈਮਰੇ ਲਗਾਉਣ ਦੀ ਪਰਿਕਿਰਿਆ ਨੂੰ ਤੇਜ਼ ਕਰਨ ਦਾ ਫੈਸਲਾ ਲਿਆ । ਉਹਨਾਂ ਆਖਿਆ ਕਿ ਨਗਰ ਨਿਗਮ ਦੇ ਪ੍ਰਸ਼ਾਸਕ /ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਦੀ ਦੇਖ ਰੇਖ ਵਿਚ ਇਹ ਕੈਮਰੇ ਇਕ ਮਹੀਨੇ ਵਿਚ ਲਗਾ ਦਿੱਤੇ ਜਾਣਗੇ । ਉਹਨਾਂ ਦੱਸਿਆ ਕਿ ਡੇਢ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੌਜੈਕਟ ਨੂੰ ਪ੍ਰਭਾਵਸ਼ਾਲੀ ਬਣਾਉਣ  ਲਈ ਐੱਸ ਐੱਸ ਪੀ ਦਫਤਰ ਮੋਗਾ ਵਿਖੇ ਬਕਾਇਦਾ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ ਜਿੱਥੇ ਤਿੰਨ ਵੱਡੀਆਂ ਐੱਲ ਈ ਡੀ ਲਗਾਈਆਂ ਜਾਣਗੀਆਂ ਅਤੇ ਹਰੇਕ ਐੱਲ ਈ ਡੀ ਤਕਰੀਬਨ 32 ਕੈਮਰਿਆਂ ਦੇ ਵਿਜ਼ਨ ਡਿਸਪਲੇਅ ਕਰ ਸਕੇਗੀ ਅਤੇ ਇੰਜ ਪੰਜਾਬ ਪੁਲਿਸ ਦੇ ਜਾਂਬਾਜ਼ ਸਿਪਾਹੀ ਕੰਟਰੋਲ ਰੂਮ ਵਿਚ ਬੈਠੇ ਹੀ ਸਾਰੇ ਸ਼ਹਿਰ ’ਤੇ ਬਾਜ਼ ਅੱਖ ਰੱਖ ਸਕਣਗੇ। ਡਾ: ਹਰਜੋਤ ਕਮਲ ਨੇ ਆਖਿਆ ਕਿ ਹੁਣ ਲੁੱਟ ਖੋਹ ਅਤੇ ਕਤਲੋਗਾਰਤ ਕਰਨ ਵਾਲੇ ਵਹਿਸ਼ੀਆਨਾ ਜ਼ਹਿਨੀਅਤ ਵਾਲੇ ਅਨਸਰਾਂ ’ਤੇ ਨਕੇਲ ਕੱਸੀ ਜਾ ਸਕੇਗੀ। ਇਸ ਮੌਕੇ ਉਹਨਾਂ ਸਾਂਝ ਕੇਂਦਰ ਅੰਦਰ ਆਰਜ਼ੀ ਤੌਰ ’ਤੇ ਬਣੇ ਕੰਟਰੋਲ ਰੂਮ ਵਿਚ ਲੱਗੀ ਐੱਲ ਈ ਡੀ ਤੋਂ ਕੈਮਰਿਆਂ ਦੀ ਕਾਰਜਸ਼ੀਲਤਾ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਪੀ ਏ ਗੁਰਚਰਨ ਸਿੰਘ ਮਸਤਾਨਾ , ਕਨਟਰੈਕਟਰ ਮੰਨੂੰ ਅਗਰਵਾਲ,ਸਪਰਸ਼ ਕੰਪਨੀ ਦੇ ਨੁਮਾਇੰਦੇ ਵਰਿੰਦਰਪਾਲ ਸਿੰਘ,ਨਛੱਤਰ ਸਿੰਘ  ਐੱਸ ਈ ਤੋਂ ਇਲਾਵਾ ਨਿਰਮਲ ਸਿੰਘ,ਗੁਰਮੇਲ ਸਿੰਘ,ਰਾਕੇਸ਼ ਕੁਮਾਰ ,ਪਵਨ ਗਿੱਲ,ਸਰਵਣ ਸਿੰਘ(ਸਾਰੇ ਜੇ ਈ), ਅਮਰਜੀਤ ਸਿੰਘ ਸੈਨੇਟਰੀ ਇੰਸਪੈਕਟਰ ਅਤੇ ਲਕੇਸ਼ ਸ਼ਰਮਾ ਹਾਜ਼ਰ ਸਨ ।