ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੇਬਰ ਵਰਕਰਾਂ ਲਈ ਲਗਾਇਆ ਜਾਗਰੂਕਤਾ ਕੈਂਪ

**ਮੁਫ਼ਤ ਕਾਨੂੰਨੀ ਸਹਾਇਤਾ ਅਤੇ ਸਰਕਾਰੀ ਲੋਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ**
ਮੋਗਾ, 26 ਮਈ (ਜਸ਼ਨ): ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀਮਤੀ ਮਨਦੀਪ ਪੰਨੂ ਦੀ ਯੋਗ ਅਗਵਾਈ ਹੇਠ ਅੱਜ ਗੋਪਾਲ ਗਊਸ਼ਾਲਾ ਵਿਖੇ ਲੇਬਰ ਵਰਕਰਾਂ ਲਈ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਅਮਰੀਸ਼ ਕੁਮਾਰ ਗੋਇਲ, ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਵਿੱਚ ਸੀ.ਜੇ.ਐਮ ਅਮਰੀਸ਼ ਕੁਮਾਰ ਨੇ ਲੇਬਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਗਰੀਬ ਅਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਅਤੇ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਮੁਫ਼ਤ ਕਾਨੂੰਨੀ ਸੇਵਾਵਾਂ ਲੈਣ ਅਤੇ ਇਸ ਤਹਿਤ ਲੋਕ ਭਲਾਈ ਸਕੀਮਾਂ ਦਾ ਲਾਹਾ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਦੇ ਮੈਂਬਰ, ਵੱਡੀ ਮੁਸੀਬਤ/ਕੁਦਰਤੀ ਆਫ਼ਤਾਂ ਦੇ ਮਾਰੇ, ਬੇਗਾਰ ਦੇ ਮਾਰਿਆ, ਉਦਯੋਗਿਕ ਕਾਮੇ, ਇਸਤਰੀ/ਬੱਚਾ, ਹਿਰਾਸਤ ਵਿੱਚ, ਮਾਨਸਿਕ ਰੋਗੀ/ਅਪੰਗ, ਕੋਈ ਵੀ ਅਜਿਹਾ ਵਿਅਕਤੀ ਜਿਸਦੀ ਸਲਾਨਾ ਆਮਦਨ 3,00,000/- ਰੁਪਏ ਤੋਂ ਵੱਧ ਨਾ ਆਦਿ ਲੈ ਸਕਦੇ ਹਨ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਕਾਨੂੰਨੀ ਸਹਾਇਤਾ ਲੈਣ ਲਈ ਇੱਕ ਹਸਤ ਲਿਖਤ ਦਰਖਾਸਤ ਜਾਂ ਟਾਇਪ ਕਰਕੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਦਫ਼ਤਰ ਵਿਖੇ ਦਸਤੀ ਜਾਂ ਡਾਕ ਰਾਹੀਂ ਭੇਜੀ ਜਾ ਸਕਦੀ ਹੈ ਅਤੇ ਇਹ ਦਫ਼ਤਰ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਕਾਨੂੰਨੀ ਸਹਾਇਤ ਪ੍ਰਦਾਨ ਕਰੇਗਾ। ਉਹਨਾਂ ਅੱਗੇ ਜਾਣਕਾਰੀ ਦਿੱਤੀ ਕਿ ਦਫ਼ਤਰ ਵੱਲੋਂ ਹਰ ਤਰ੍ਹਾਂ ਦੇ ਦੀਵਾਨੀ ਕੇਸਾਂ, ਜਾਇਦਾਦ ਸਬੰਧੀ ਮਾਮਲੇ, ਪਰਿਵਾਰਿਕ ਝਗੜੇ (ਪਤੀ-ਪਤਨੀ ਦੇ ਝਗੜੇ), ਹਿਰਾਇਤ ਸਬੰਧੀ ਕੇਸ, ਮੋਟਰ ਐਕਸੀਡੈਂਟ ਕਲੇਮ, ਨੌਕਰੀ ਸਬੰਧੀ ਮਾਮਲੇ, ਲੇਬਰ ਕੋਰਟ ਕੇਸ, ਫੌਜ਼ਦਾਰੀ ਕੇਸ, ਇਜ਼ਰਾਵਾਂ, ਅਪੀਲ, ਰਿੱਟ, ਰਿਵਿਊ, ਰਵੀਜ਼ਨ ਆਦਿ, ਹੋਰ ਅਦਾਲਤਾਂ, ਕਮਿਸ਼ਨਾਂ ਅਤੇ ਟ੍ਰਿਬਿਓਨਲਾਂ ਵਿੱਚ ਲੰਬਿਤ ਕੇਸ ਅਤੇ ਮੌਲਿਕ ਅਧਿਕਾਰਾਂ ਦੀ ਰਾਖੀ ਸਬੰਧੀ ਕੇਸ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਵਾਈ ਜਾਂਦੀ ਹੈ। ਇਸ ਕੈਂਪ ਵਿੱਚ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦੁਰਘਟਨਾਂ, ਰੇਪ ਅਤੇ ਤੇਜਾਬ ਪੀੜਤ ਵਿਕਟਿਮਾਂ ਨੂੰ ਦਿੱਤੀ ਜਾਂਦੀ ਸਹਾਇਤਾ ਬਾਰੇ ਵੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਪੰਜਾਬ ਸਰਕਾਰ ਦੁਆਰਾ ਲੇਬਰ ਵਰਕਰਾਂ ਲਈ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ। ਸੀ.ਜੇ.ਐਮ ਜੀ ਨੇ ਸਭ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਸਰਕਾਰ ਦੁਆਰਾ ਜਾਰੀ ਕੀਤੇ ਕੋਵਿਡ ਸਬੰਧੀ ਨਿਰਦੇਸ਼ਾ ਜਿਵੇਂ ਕਿ ਲਾਕਡਾਓਨ ਦੀ ਪਾਲਣਾ ਕਰਨਾ, ਵੈਕਸੀਨੇਸ਼ਨ ਕਰਵਾਉਣੀ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਵੀ ਅਜ਼ਿਹਾਂ ਕਰਨ ਲਈ ਜਾਗਰੂਕ ਕਰਨਾਂ ਚਾਹੀਦਾ ਹੈ।


