ਮੱਖਣ ਬਰਾੜ ਨੇ ਆਪਣੀ ਰਿਹਾਇਸ਼ ’ਤੇ ਲਹਿਰਾਇਆ ਕਾਲਾ ਝੰਡਾ, ਕਿਹਾ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ

ਮੋਗਾ,26 ਮਈ (ਜਸ਼ਨ): ‘ਅੱਜ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾ ਮੁਤਾਬਕ ਸਾਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰ ਆਪੋ ਆਪਣੇ ਘਰਾਂ ਉੱਪਰ ਰੋਸ ਵਜੋਂ ਕਾਲੇ ਝੰਡੇ ਲਹਿਰਾਉਣ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸ.ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਪਣੀ ਰਿਹਾਇਸ਼ ਉੱਪਰ ਕਾਲੇ ਝੰਡੇ ਲਹਿਰਾਉਣ ਦੌਰਾਨ ਕੀਤਾ। ਸ.ਬਰਾੜ ਨੇ ਕਿਹਾ ਕਿ ਹੁਣ ਬਹੁਤ ਲੰਮਾਂ ਅਰਸਾ ਹੋ ਚੁੱਕਾ ਹੈ, ਪੰਜਾਬ ਦੇ ਕਿਸਾਨ ਲਗਤਾਰ ਦਿੱਲੀ ਵਿਖੇ ਆਪਣੀਆਂ ਬੁਨਿਆਦੀ ਮੰਗਾਂ ਲਈ ਅਮਨ ਪੂਰਵਕ 6 ਮਹੀਨਿਆਂ ਤੋਂ ਡਟੇ ਬੈਠੇ ਹਨ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨੂੰ ਆਪਣੇ ਰਵੱਈਏ ਵਿੱਚ ਨਰਮੀ ਲਿਆ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਕਿਸਾਨੀਂ ਦੇ ਸਿਰ ‘ਤੇ ਹੀ ਦੇਸ਼ ਦੀ ਅਰਥ ਵਿਵਸਥਾ ਟਿਕੀ ਹੋਈ ਹੈ ਤੇ ਜੇਕਰ ਦੇਸ਼ ਦਾ ਕਿਸਾਨ ਖੁਸ਼ਹਾਲ ਹੈ, ਤਾਂ ਹੀ ਦੇਸ਼ ਦੀ ਤਰੱਕੀ ਹੋਵੇਗੀ।