ਭਾਜਪਾ ਦੇ ਕਾਰਜਕਾਰਨੀ ਮੈਂਬਰ ਤਿਰਲੋਚਨ ਸਿੰਘ ਗਿੱਲ ਵੱਲੋਂ ਭਾਜਪਾ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਆਸਟਰੇਲੀਆ,27 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਭਾਜਪਾ ਦੇ ਕਾਰਜਕਾਰਨੀ ਮੈਂਬਰ ਤਿਰਲੋਚਨ ਸਿੰਘ ਗਿੱਲ ਨੇ ਭਾਜਪਾ ਕੌਮੀ ਕਾਰਜਕਾਰਨੀ ਮੈਂਬਰ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਕਮਲ ਸ਼ਰਮਾ ਦੀ ਮੌਤ ਨਾਲ ਭਾਰਤੀ ਜਨਤਾ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸਾਬਕਾ ਜ਼ਿਲਾ ਪ੍ਰਧਾਨ ਗਿੱਲ ਨੇ ਆਖਿਆ ਕਿ ਕਮਲ ਸ਼ਰਮਾ ਦੀ ਮੌਤ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਹੈ ਅਤੇ ਸਮਾਜ ਸੇਵੀ ਦੇ ਤੌਰ ’ਤੇ ਹਰ ਪਲ ਲੋਕਾਂ ਲਈ ਵਿਚਰਨ ਵਾਲੇ ਕਮਲ ਸ਼ਰਮਾ ਵਰਗੇ ਲੋਕ ਆਗੂ ਦਾ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋਣਾ ਸਮਾਜ ਲਈ ਵੀ ਵੱਡਾ ਘਾਟਾ ਹੈ। ਭਾਜਪਾ ਦੇ ਕਾਰਜਕਾਰਨੀ ਮੈਂਬਰ ਤਿਰਲੋਚਨ ਸਿੰਘ ਗਿੱਲ ਨੇ ਆਸਟਰੇਲੀਆ ਤੋਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਆਖਿਆ ਕਿ ਅਜੇ ਬੀਤੀ ਰਾਤ ਹੀ ਉਹਨਾਂ ਦੀ ਕਮਲ ਸ਼ਰਮਾ ਨਾਲ ਫ਼ੋਨ ’ਤੇ ਗੱਲ ਹੋਈ ਸੀ ਤੇ ਉਹ ਬਿਲਕੁਲ ਸਿਹਤਯਾਬ ਸਨ।

ਜ਼ਿਕਰਯੋਗ ਹੈ ਕਿ ਅੱਜ ਸਵੇਰ ਸਮੇਂ ਭਾਰਤੀ ਜਨਤਾ ਪਾਰਟੀ ਕੌਮੀ ਕਾਰਜਕਾਰਨੀ ਦੇ ਮੈਂਬਰ ਕਮਲ ਸ਼ਰਮਾ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ । ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਲ ਸ਼ਰਮਾ ਅੱਜ  ਫਿਰੋਜ਼ਪੁਰ ਆਏ ਹੋਏ ਸਨ ਅਤੇ ਉਹ ਸਵੇਰ ਸਮੇਂ ਸੈਰ ਕਰਨ ਨਿਕਲੇ ਸਨ ਕਿ ਉਨਾਂ ਨੂੰ ਇਨਾਂ ਜਬਰਦਸਤ ਦਿਲ ਦਾ ਦੌਰਾ ਪਿਆ ਕਿ ਉਹ ਸਦਾ ਲਈ ਇਸ ਦੁਨੀਆਂ ਤੋਂ ਚਲੇ ਗਏ ।