ਕਮਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ , ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੂੰ ਸਵੇਰੇ ਸੈਰ ਦੌਰਾਨ ਪਿਆ ਦਿਲ ਦਾ ਦੌਰਾ

ਮੋਗਾ ,27 ਅਕਤੂਬਰ (ਜਸ਼ਨ):  ਅੱਜ ਦੀਵਾਲੀ ਵਾਲੇ ਦਿਨ ਪੰਜਾਬੀਆਂ ਲਈ ਇੱਕ ਉਦਾਸ ਕਰਨ ਵਾਲੀ ਖ਼ਬਰ ਆਈ ਜਦੋਂ ਪੰਜਾਬ ਦੇ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ।ਭਾਰਤੀ ਜਨਤਾ ਪਾਰਟੀ ਨੂੰ ਕਮਲ ਸ਼ਰਮਾ ਦੇ ਦੇਹਾਂਤ ਨਾਲ ਵੱਡਾ ਧੱਕਾ ਲੱਗਾ ਹੈ।  ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ,ਸੀਨੀਅਰ ਭਾਜਪਾ ਆਗੂ 48 ਸਾਲਾ ਕਮਲ ਸ਼ਰਮਾ ਨੂੰ ਅੱਜ ਐਤਵਾਰ ਸਵੇਰੇ ਫ਼ਿਰੋਜ਼ਪੁਰ ’ਚ ਦਿਲ ਦਾ ਦੌਰਾ ਪਿਆ।  ਉਨ੍ਹਾਂ ਨੂੰ ਸਥਾਨਕ ਹਸਪਤਾਲ ’ਚ ਲੈ ਜਾਇਆ ਗਿਆ ਪਰ ਉਹ ਰਸਤੇ ਵਿਚ ਹੀ ਦਮ ਤੋੜ ਗਏ।ਸ੍ਰੀ ਕਮਲ ਸ਼ਰਮਾ ਅੱਜ ਸਵੇਰੇ  ਸੈਰ ਲਈ ਘਰੋਂ ਨਿੱਕਲੇ ਸਨ, ਰਾਹ ਵਿੱਚ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਅੱਜ ਅੰਮ੍ਰਿਤ ਵੇਲੇ ਹੀ ਕਮਲ ਸ਼ਰਮਾ ਨੇ ਆਪਣੇ ਟਵਿੱਟਰ ਰਾਹੀਂ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਸਨ ਪਰ ਕੁਝ ਪਲਾਂ ਬਾਅਦ ਉਹ ਖੁਦ ਹੀ ਅੱਜ ਦੀ ਦੀਵਾਲੀ ਮਨਾਏ ਬਗੈਰ ਪੰਜਾਬੀਆਂ ਨੂੰ ਉਦਾਸ ਕਰਦਿਆਂ ਇਸ ਫਾਨੀ ਦੁਨੀਆਂ  ਤੋਂ ਰੁਖ਼ਸਤ ਹੋ ਗਏ ।ਮਿੱਠ ਬੋਲੜੇ ਸੁਭਾਅ ਦੇ ਮਾਲਕ ਕਮਲ ਸ਼ਰਮਾ ਕਾਫੀ ਦੇਰ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਸਾਡਾ ਮੋਗਾ ਡਾਟ ਕਾਮ ਨਿਊਜ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ 24 ਮਾਰਚ 2017 ਨੂੰ ਵੀ ਇੱਕ ਵਾਰ ਫ਼ਿਰੋਜ਼ਪੁਰ ’ਚ ਹੀ ਸ੍ਰੀ ਕਮਲ ਸ਼ਰਮਾ ਦੇ ਦਿਲ ਦੀ ਧੜਕਣ ਅਚਾਨਕ ਰੁਕ ਗਈ ਸੀ। ਤਦ ਉਨ੍ਹਾਂ ਨੂੰ ਤੁਰੰਤ ਲੁਧਿਆਣਾ ਦੇ ਹੀਰੋ  ਹਾਰਟ ਇੰਸਟੀਚਿਊਟ ਲੈ ਜਾਇਆ ਗਿਆ ਸੀ, ਜਿੱਥੇ  ਡਾ. ਜੀਐੱਸ. ਵਾਂਡਰ ਦੀ ਅਗਵਾਈ ਵਿੱਚ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਹੋਇਆ ਸੀ।ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਏ ਹਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ