ਖ਼ਬਰਾਂ

ਸਾਬਕਾ ਯੂਥ ਕਾਂਗਰਸ ਪ੍ਰਧਾਨ ਰਮਨ ਮੱਕੜ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ

ਮੋਗਾ, 17 ਮਈ ( ਜਸ਼ਨ )-ਅੱਜ ਮੋਗਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਸਮਰਥਣ ਮਿਲਿਆ ਜੱਦੋਂ ਮੋਗਾ ਦੇ ਟਕਸਾਲੀ ਕਾਂਗਰਸੀ ਪਰਿਵਾਰ ਸਵ. ਰਮੇਸ਼ ਕੁੱਕੂ ਦੇ ਪੁੱਤਰ ਸਾਬਕਾ ਯੂਥ ਕਾਂਗਰਸ ਪ੍ਰਧਾਨ ਜ਼ਿਲ੍ਹਾ ਮੋਗਾ ਅਤੇ ਬੁਲਾਰੇ ਕਾਂਗਰਸ ਪਾਰਟੀ ਜ਼ਿਲ੍ਹਾ ਮੋਗਾ ਅਤੇ ਨਵੀਨ ਕਲਾ ਮੰਦਰ ਦੇ ਚੇਅਰਮੈਨ ਰਮਨ ਮੱਕੜ ਆਪਣੇ ਸੈਂਕੜੇ ਸਾਥੀਆਂ ਸਮੇਤ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ, ਪ੍ਰਮੁੱਖ ਸਕੱਤਰ ਬੁੱਧ ਰਾਮ, ਕਾਰਜਕਾਰੀ ਪ੍ਰਧਾਨ ਪੰਜਾਬ ਗੁਰਵਿੰਦਰ ਸਿੰਘ, ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ‘ਆਪ’ ਉਮੀਦਵਾਰ ਕਰਮਜੀਤ ਅਨਮੋਲ, ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਪ੍ਰਚਾਰ ਸਕੱਤਰ ਸ. ਰਾਕੇਸ਼ ਸਿਤਾਰਾ ਅਤੇ ਹੋਰ ਅਧਿਕਾਰੀਆਂ ਤੇ ਆਗੂਆਂ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ, ਪ੍ਰਮੁੱਖ ਸਕੱਤਰ ਬੁੱਧ ਰਾਮ, ਕਾਰਜਕਾਰੀ ਪ੍ਰਧਾਨ ਪੰਜਾਬ ਗੁਰਵਿੰਦਰ ਸਿੰਘ, ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਹਰ ਵਰਗ ਖੁਸ਼ ਹੈ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਰਮਨ ਮੱਕੜ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲੇ ਮਾਣ-ਸਨਮਾਨ ਨੂੰ ਕਦੇ ਨਹੀਂ ਭੁੱਲਣਗੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਦੇ ਹੋਏ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਟੇਕਿਆ ਮੱਥਾ, ਪੰਜਾਬ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ

ਅੰਮ੍ਰਿਤਸਰ/ਚੰਡੀਗੜ੍ਹ, 17 ਮਈ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਦੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ।ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਆਪਣੀਆਂ ਹੋਰ ਚੋਣ ਪ੍ਰਚਾਰ ਪ੍ਰਤੀਬੱਧਤਾਵਾਂ ਕਾਰਨ ਆਪਣਾ ਪੰਜਾਬ ਦਾ ਦੌਰਾ ਛੋਟਾ ਕਰਨਾ ਪਿਆ, ਨੇ ਸਮਾਂ ਕੱਢ ਕੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਅਰਦਾਸ ਕੀਤੀ। ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਅੰਮ੍ਰਿਤਸਰ ਤੋਂ ਲੋਕ-ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ। ਬੀਤੇ ਕੱਲ੍ਹ 'ਆਪ' ਆਗੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ ਸੀ, ਜਿੱਥੇ ਉਨ੍ਹਾਂ ਪ੍ਰਮਾਤਮਾ ਅੱਗੇ ਪੰਜਾਬ ਦੀ ਸ਼ਾਂਤੀ ਅਤੇ ਸਾਡੇ ਦੇਸ਼ ਨੂੰ ਮੁੜ ਸਹੀ ਰਸਤੇ 'ਤੇ ਲਿਆਉਣ ਦੀ ਅਰਦਾਸ ਕੀਤੀ। ਉਨ੍ਹਾਂ ਨਾਲ ਵੱਡੀ ਗਿਣਤੀ 'ਚ 'ਆਪ' ਸਮਰਥਕ ਵੀ ਮੌਜੂਦ ਸਨ।

ਸਹਾਇਕ ਕਮਿਸ਼ਨਰ ਸ਼ੁਭੀ ਆਂਗਰਾ ਵੱਲੋਂ ਕਰਮਚਾਰੀਆਂ ਨੂੰ ਪਰਿਵਾਰ ਸਹਿਤ ਵੋਟਾਂ ਪਾਉਣ ਦੀ ਪੁਰਜ਼ੋਰ ਅਪੀਲ

ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਨੈਸਲੇ ਅਤੇ ਫੌਜੀ ਕੰਟੀਨ ਵਿਖੇ ਜਾਗਰੂਕਤਾ ਕੈਂਪ

ਮੋਗਾ, 17 ਮਈ: (ਜਸ਼ਨ)  1 ਜੂਨ 2024 ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਅਤੇ ਸਵੀਪ ਨੋਡਲ ਅਫ਼ਸਰ-ਕਮ-ਸਹਾਇਕ ਕਮਿਸ਼ਨਰ (ਜ਼) ਸ਼ੁਭੀ ਆਂਗਰਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਤਹਿਤ ਅੱਜ ਨੈਸਲੇ ਇੰਡੀਆ ਲਿਮ. ਮੋਗਾ ਅਤੇ ਫੌਜੀਆਂ ਲਈ ਜਰੂਰੀ ਵਸਤਾਂ ਦੀ ਕੰਟੀਨ ਵਿੱਚ ਆਉਣ ਵਾਲੇ ਲੋਕਾਂ ਵਾਸਤੇ ਵੋਟਰ ਜਾਗਰੂਕਤਾ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਹਾਇਕ ਕਮਿਸ਼ਨਰ (ਜ਼) ਸ਼ੁਭੀ ਆਂਗਰਾ, ਸਹਾਇਕ ਸਵੀਪ ਨੋਡਲ ਅਫ਼ਸਰ ਜ਼ਿਲ੍ਹਾ ਮੋਗਾ ਪ੍ਰੋ. ਗੁਰਪ੍ਰੀਤ ਸਿੰਘ ਘਾਲੀ, ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਅਤੇ ਜੀ.ਜੀ.ਐਫ. ਅਨੁਰਾਗ ਚੰਦੇਲ ਨੇ ਸ਼ਿਰਕਤ ਕੀਤੀ। ਨੈਸਲੇ ਇੰਡੀਆ ਲਿਮ. ਵੱਲੋਂ  ਮੈਨੇਜਰ ਸ੍ਰ. ਹਰਵਿੰਦਰ ਸਿੰਘ ਤੇ ਵੱਡੀ ਗਿਣਤੀ ਵਿੱਚ ਕਰਮਚਾਰੀ ਸ਼ਾਮਿਲ ਸਨ।
ਸਹਾਇਕ ਕਮਿਸ਼ਨਰ-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਨੇ ਨੈਸਲੇ ਕਰਮੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ  ਲੋਕਾਂ ਨੂੰ ਵੋਟਾਂ ਵਾਲੇ ਦਿਨ ਬੂਥਾਂ ਉੱਪਰ ਹਰੇਕ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਇਸ ਲਈ ਉਹ ਸਾਰੇ ਪਰਿਵਾਰ ਸਹਿਤ ਆਪਣੀ ਵੋਟ ਦਾ ਇਸਤੇਮਾਲ ਕਰਨ। ਬੂਥਾਂ ਉੱਪਰ ਸ਼ਾਮਿਆਨੇ ਦਾ ਪ੍ਰਬੰਧ ਹੋਵੇਗਾ ਤਾਂ ਕਿ ਵੋਟਰਾਂ ਨੂੰ ਧੁੱਪ ਤੋਂ ਬਚਾਇਆ ਜਾ ਸਕੇ। ਲਾਈਨ ਵਿੱਚ ਲੱਗ ਕੇ ਜਿਆਦਾ ਸਮਾਂ ਇੰਤਜਾਰ ਨਾ ਕਰਨਾ ਪਵੇ ਇਸ ਲਈ ਬੈਠਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰੋਂ ਲੈ ਕੇ ਅਤੇ ਛੱਡ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੂਥ ਉੱਪਰ ਗਰਮੀ ਤੋਂ ਬਚਾਅ ਵਾਸਤੇ ਪੱਖੇ ਕੂਲਰ ਆਦਿ ਦਾ ਵੀ ਪ੍ਰਬੰਧ ਹੋਵੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ। ਵਲੰਟੀਅਰ ਵੋਟਰਾਂ ਦੀ ਜ਼ਰੂਰਤ ਅਨੁਸਾਰ ਸਹਾਇਤਾ ਵੀ ਕਰਨਗੇ  ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿ ਕੋਈ ਵੀ ਅਜਿਹਾ ਵੋਟਰ ਜਿਸ  ਕੋਲ ਵੋਟਰ ਕਾਰਡ ਨਹੀਂ ਵੀ ਹੈ ਉਹ ਆਪਣੀ ਵੋਟ ਦਾ ਇਸਤੇਮਾਲ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ 12 ਡਾਕੂਮੈਂਟਸ ਵਿੱਚੋਂ ਕਿਸੇ ਇੱਕ ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦਾ ਹੈ ਇਨ੍ਹਾਂ 12 ਡਾਕੂਮੈਂਟਸ ਵਿੱਚ ਪਾਸਪੋਰਟ, ਆਧਾਰ ਕਾਰਡ, ਮਨਰੇਗਾ ਨੌਕਰੀ ਕਾਰਡ, ਪੈਨ ਕਾਰਡ, ਪਾਸਬੁੱਕ, ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਸਰਵਿਸ ਪਛਾਣ ਪੱਤਰ, ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼, ਅਧਿਕਾਰਤ ਪਛਾਣ ਪੱਤਰ, ਵਿਲੱਖਣ ਦਿਵਿਆਂਗਤਾ ਸ਼ਨਾਖਤ ਕਾਰਡ ਸ਼ਾਮਿਲ ਹਨ।
ਇਸ ਸਮੇਂ ਪ੍ਰੋ. ਗੁਰਪ੍ਰੀਤ ਸਿੰਘ ਘਾਲੀ ਤੇ ਪ੍ਰੋ. ਬਲਵਿੰਦਰ ਸਿੰਘ ਨੇ ਨੈਸਲੇ ਕਰਮਚਾਰੀਆਂ ਵੱਲੋਂ ਅਤੇ ਫੌਜਦੀ ਕੰਟੀਨ ਤੇ ਆਏ ਹੋਏ ਆਮ ਲੋਕਾਂ ਵੱਲੋਂ ਵੋਟਾਂ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਈ.ਵੀ.ਐਮ/ਵੀ.ਵੀ ਪੈਟ ਮਸ਼ੀਨ ਸੰਬੰਧੀ ਲੋਕਾਂ ਦੇ ਭਰਮ ਵੀ ਦੂਰ ਕੀਤੇ।ਹਾਜ਼ਰ ਲੋਕਾਂ ਨੂੰ ਵੋਟਾਂ ਸੰਬੰਧੀ ਐਪਸ ਜਿਵੇਂ ਕਿ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜ਼ਲ ਐਪ, ਕੇ.ਵਾਈ.ਸੀ. ਐਪ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਵੋਟਰ ਹੈਲਪ ਲਾਈਨ ਨੰਬਰ 1950 ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਜੇਕਰ ਉਹ ਵੋਟਾਂ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹਨ ਤਾਂ ਇਸ ਨੰਬਰ ਉਪਰ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਵਿੰਦਰ ਬਰਾੜ ’ਆਪ’ ’ਚ ਸ਼ਾਮਲ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ : ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ

ਮੋਗਾ, 17 ਮਈ (ਜਸ਼ਨ)- ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਹੋ ਰਹੇ ਹਨ। ਜਿਸ ਕਾਰਨ ਆਮ ਆਦਮੀ ਪਾਰਟੀ ਪੰਜਾਬ ਦੇ ਹਰ ਹਲਕੇ ਵਿੱਚ ਦਿਨੋ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਜਿੱਥੇ ਪੰਜਾਬ ਦੇ ਕਈ ਵੱਡੇ ਆਗੂ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜਿਸ ਨੂੰ ’ਆਪ’ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦੀ ਅਗਵਾਈ ’ਚ ’ਆਪ’ ਪਾਰਟੀ ਦਾ ਸਿਰੋਪਾ ਪਾ ਕੇ ਪਾਰਟੀ ’ਚ ਜੀ ਆਇਆਂ ਆਖਦਿਆਂ ਸਨਮਾਨਿਤ ਕੀਤਾ। ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਆਪ’ ਦੇ ਦਰਵਾਜ਼ੇ ਹਰ ਵਰਗ ਦੇ ਚੰਗੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ। ਪੰਜਾਬ ਨੂੰ ਮੁੜ ਪੰਜਾਬ ਰੰਗਲਾ ਪੰਜਾ ਬਣਾਉਣ ਦੇ ਮਿਸ਼ਨ ਵਿੱਚ ਪੰਜਾਬ ਨੂੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਕੇ ਸਾਨੂੰ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਦਾ ਸਮੁੱਚੀ ਪਾਰਟੀ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਗਾ ਹਲਕੇ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਵੱਲੋਂ ਉਨ੍ਹਾਂ ਨੂੰ ਜੋ ਵੀ ਡਿਊਟੀ ਸੌਂਪੀ ਜਾਵੇਗੀ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।

ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਮੋਗਾ ਵਿਖੇ ਮੁੱਫਤ ਕੈਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ

ਮੋਗਾ, 14 ਮਈ (ਜਸ਼ਨ) : ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਵਿਖੇ ਮੁੱਫਤ ਕੈਰੀਅਰ ਗਾਈਡੈਂਸ ਸੈਮੀਨਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ  ‘ਕਮਿਊਨਟੀ ਡਿਵੈੱਲਪਮੈਂਟ ਇੰਨੀਸ਼ਿਏਟਿਵ ’ ਚੈਰਟੀ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਗਿਆ ।  ਇਸ ਕੈਰੀਅਰ ਕੌਂਸਲਿੰਗ ਸੈਮੀਨਾਰ ਦੌਰਾਨ ਪ੍ਰੋ: ਬਲਵਿੰਦਰ ਸਿੰਘ ਦੌਲਤਪੁਰਾ , ਮੇਜਰ ਪ੍ਰਦੀਪ ਸ਼ੀਂਹ , ਜਗਸੀਰ ਕੁਮਾਰ , ਇੰਜੀਨੀਅਰ ਹਰਕੋਮਲ ਸਿੰਘ ਅਤੇ ਪਿ੍ਰੰਸੀਪਲ ਅਵਤਾਰ ਸਿੰਘ ਕਰੀਰ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਵੱਖ ਵੱਖ ਤਰਾਂ ਦੀਆਂ ਕੈਰੀਅਰ ਸੰਭਾਵਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਸੈਮੀਨਾਰ ਵਿਚ ਵੱਖ ਵੱਖ ਸਕੂਲਾਂ ਤੋਂ 10ਵੀਂ ਅਤੇ 12 ਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਕਾਮਰਸ , ਮੈਡੀਕਲ , ਨਾਨ ਮੈਡੀਕਲ , ਆਰਟਸ, ਵੋਕੇਸ਼ਨਲ , ਫੌਜ ਵਿਚ ਭਰਤੀ , ਪੁਲਿਸ ਭਰਤੀ ਅਤੇ ਆਧੁਨਿਕ ਕਿੱਤਾ ਮੁਖੀ ਕੋਰਸਾਂ ਬਾਰੇ ਦੱਸਿਆ ਗਿਆ। ਇਸ ਮੌਕੇ ਵਿਸ਼ਾ ਮਹਿਰਾਂ ਨੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦੀ ਹੋੜ ਤੋਂ ਬਾਹਰ ਨਿਕਲ ਕੇ ਆਪਣੇ ਦੇਸ਼ ਵਿਚ ਹੀ ਬਿਹਤਰ ਮੌਕੇ ਹਾਸਲ ਕਰਨ ਲਈ ਪ੍ਰੇਰਨਾ ਦਿੱਤੀ। ਸੈਮੀਨਾਰ ਵਿਚ ਪਹੁੰਚੇ ਵਿਦਿਆਰਥੀਆਂ ਨੇ ਸਮੂਹ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ’ਤੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਕੰਬੋ, ਕੁਲਦੀਪ ਸਿੰਘ ਬੱਸੀਆਂ ,ਸੁਖਦੇਵ ਸਿੰਘ ਪੁਰਬਾ,ਮਨਪ੍ਰੀਤ ਸਿੰਘ ਸਰਾਂ, ਲਖਬੀਰ ਸਿੰਘ ਬਾਬਾ, ਗਗਨਦੀਪ ਸਿੰਘ, ਲਵਪ੍ਰੀਤ ਸਿੰਘ, ਵਿਸ਼ਾਲ ਕੁਮਾਰ, ਸੁਖਦੀਪ ਸਿੰਘ ਕਰੀਰ, ਕੋਮਲਰੀਤ ਕੌਰ, ਸ਼੍ਰੀਮਤੀ ਜਸਵੀਰ ਕੌਰ ਅਤੇ  ਸ਼੍ਰੀਮਤੀ ਗੁਰਮੀਤ ਕੌਰ ਨੇ ਸੈਮੀਨਾਰ ਦੀ ਸਫ਼ਲਤਾ ਲਈ ਵਿਸ਼ੇਸ਼ ਯੋਗਦਾਨ ਦਿੱਤਾ।

ਫ਼ਰੀਦਕੋਟ ਵਿੱਚ ਰਾਜਾ ਵੜਿੰਗ ਦੇ ਨਜ਼ਦੀਕੀ ਰਿਸ਼ਤੇਦਾਰ ਅਰਸ਼ ਸੱਚਰ ਸਾਥੀਆਂ ਸਮੇਤ ਕਾਂਗਰਸ ਛੱਡ ਕੇ 'ਆਪ' ਵਿੱਚ ਹੋਏ ਸ਼ਾਮਲ

*ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਕੀਤਾ ਸਵਾਗਤ 

ਚੰਡੀਗੜ੍ਹ, 14 ਮਈ  (ਜਸ਼ਨਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਹੁਲਾਰਾ ਮਿਲਿਆ ਹੈ। ਮੰਗਲਵਾਰ ਨੂੰ ਭਦੌੜ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਕਈ ਮੌਜੂਦਾ ਅਤੇ ਸਾਬਕਾ ਕੌਂਸਲਰ, ਬਰਨਾਲਾ ਅਤੇ ਫ਼ਰੀਦਕੋਟ ਦੇ ਕਈ ਕਾਂਗਰਸੀ ਅਤੇ  ਅਕਾਲੀ ਆਗੂ ਆਪਣੀ ਪੁਰਾਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ |

ਭਦੌੜ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਲ, ਕਾਂਗਰਸ ਤੇ ਅਕਾਲੀ ਦਲ ਦੇ ਕਈ ਨਗਰ ਕੌਂਸਲਰ ਵੀ ਪਾਰਟੀ 'ਚ ਸ਼ਾਮਲ

ਭਦੌੜ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਐਮ.ਸੀ ਵੀ ਪਾਰਟੀ ਵਿੱਚ ਸ਼ਾਮਲ ਹੋਏ। ਮਨੀਸ਼ ਕੁਮਾਰ ਦੇ ਨਾਲ ਆਜ਼ਾਦ ਕੌਂਸਲਰ ਅਸ਼ੋਕ ਰਾਮ (ਮੀਤ ਪ੍ਰਧਾਨ ਨਗਰ ਕੌਂਸਲ) ਗੁਰਪਾਲ ਸਿੰਘ (ਆਜ਼ਾਦ ਕੌਂਸਲਰ), ਬਲਵੀਰ ਸਿੰਘ ਠੰਡੂ (ਆਜ਼ਾਦ ਕੌਂਸਲਰ) ਨਾਹਰ ਸਿੰਘ ਔਲਖ (ਕਾਂਗਰਸੀ ਕੌਂਸਲਰ), ਸੁਖਚਰਨ ਸਿੰਘ (ਕਾਂਗਰਸੀ ਕੌਂਸਲਰ) ਵਕੀਲ ਸਿੰਘ (ਕਾਂਗਰਸੀ ਕੌਂਸਲਰ) ਅਮਰਜੀਤ ਸਿੰਘ (ਅਕਾਲੀ ਕੌਂਸਲਰ) ਅਤੇ ਸਾਬਕਾ ਕੌਂਸਲਰ ਗੁਰਜੰਟ ਸਿੰਘ ਜੰਟਾ ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਫ਼ਰੀਦਕੋਟ ਵਿੱਚ ਰਾਜਾ ਵੜਿੰਗ ਦੇ ਨਜ਼ਦੀਕੀ ਰਿਸ਼ਤੇਦਾਰ ਅਰਸ਼ ਸੱਚਰ ਸਾਥੀਆਂ ਸਮੇਤ ਕਾਂਗਰਸ ਛੱਡ ਕੇ 'ਆਪ' ਵਿੱਚ ਹੋਏ ਸ਼ਾਮਲ

ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਜ਼ਦੀਕੀ ਰਿਸ਼ਤੇਦਾਰ ਅਰਸ਼ ਸੱਚਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ‘ਆਪ’ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਵਰੁਣ ਸ਼ਰਮਾ, ਸਰਦੂਲ ਸਿੰਘ, ਅੰਮ੍ਰਿਤਪਾਲ, ਬਲਕਾਰ ਸਿੰਘ, ਤੇਜਬੀਰ ਮਾਨ, ਅਸ਼ਵਨੀ ਪੁਰੀ, ਪੁਸ਼ਮੀਤ ਬਰਾੜ, ਅਨੁਜ ਸ਼ਰਮਾ, ਗੁਰਪ੍ਰੀਤ ਸਿੰਘ, ਨਾਗੇਸ਼ਵਰ, ਡਾ. ਵਿਸ਼ਾਲ ਕੌਸ਼ਲ, ਸੁਮਿਤ ਮਨੀ, ਕਪਿਲ ਗੋਇਲ ਅਤੇ ਹਿਤੇਸ਼ ਗੋਇਲ  ਵੀ ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਆਪ 'ਚ ਸ਼ਾਮਲ ਹੋ ਗਏ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸਹੂਲਤਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ ਦੋ ਸਾਲਾਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਕੰਮ ਕੀਤੇ ਹਨ। ਅਸੀਂ ਆਮ ਲੋਕਾਂ ਦੇ ਇਲਾਜ ਲਈ 829 ਦੇ ਕਰੀਬ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ ਅਤੇ ਗ਼ਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਆਫ਼ ਐਮੀਨੈਂਸ ਬਣਾ ਰਹੇ ਹਾਂ, ਜਿਨ੍ਹਾਂ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਸਹੂਲਤਾਂ ਹਨ। ਅਸੀਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ। ਅੱਜ ਸੂਬੇ ਦੇ ਕਰੀਬ 90 ਫ਼ੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੰਮਾਂ ਦੇ ਬਲਬੂਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ, ਇਸ ਲਈ ਸਾਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।  ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਫ਼ੀ ਉਤਸ਼ਾਹਿਤ ਹਨ।

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ

ਰੂਪਨਗਰ , 13 ਮਈ (ਜਸ਼ਨ: ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਜ਼ਿਲ੍ਹਾ ਚੋਣ ਅਫ਼ਸਰ ਪ੍ਰੀਤੀ ਯਾਦਵ ਅੱਗੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਨਾਮਜ਼ਦਗੀ ਭਰਨ ਤੋਂ ਬਾਅਦ ਭਾਜਪਾ ਵਰਕਰਾਂ ਨੇ ਡਾ. ਸੁਭਾਸ਼ ਸ਼ਰਮਾ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ। ਇਸ ਦੌਰਾਨ ਹਰ ਪਾਸੇ 'ਹਰ ਹਰ ਮੋਦੀ-ਘਰ ਘਰ ਮੋਦੀ' ਦੇ ਨਾਅਰੇ ਗੂੰਜ ਰਹੇ ਸਨ। ਔਰਤਾਂ ਅਤੇ ਨੌਜਵਾਨਾਂ ਵਿੱਚ ਭਾਜਪਾ ਪ੍ਰਤੀ ਭਾਰੀ ਉਤਸ਼ਾਹ ਸਾਫ਼ ਨਜ਼ਰ ਆ ਰਿਹਾ ਸੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੀ ਹਾਰ ਮੰਨ ਲਈ ਹੈ ਅਤੇ ਹੁਣ ਬੇਤੁਕੇ ਬਿਆਨਬਾਜ਼ੀ ਕਰ ਰਹੇ ਨੇ । ਉਨ੍ਹਾਂ ਦੀ ਪਾਰਟੀ ਦੇ ਲੋਕ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਨੂੰ ਗਾਲ੍ਹਾਂ ਕੱਢ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਸੰਸਕਾਰ ਭੁੱਲ ਗਏ ਹਨ। ਉਹ ਹਾਰੇ ਨਜ਼ਰ ਆ ਰਹੇ ਹਨ। ਮੋਦੀ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਧਾਮੀ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਅਮੇਠੀ ਦਾ ਮੈਦਾਨ ਛੱਡ ਦਿੱਤਾ ਹੈ ਅਤੇ ਸਮੁੱਚੀ ਕਾਂਗਰਸ ਇਸ ਸਮੇਂ ਭਗੌੜੇ ਦੀ ਹਾਲਤ ਵਿੱਚ ਹੈ। ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਧਾਮੀ ਨੇ ਕਿਹਾ ਕਿ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਕਾਰਨ ਹੋਂਦ ਵਿੱਚ ਆਈ ਆਪ ਪਾਰਟੀ ਹੁਣ ਜਨਤਾ ਦੀ ਮਿਹਨਤ ਦੀ ਕਮਾਈ ਨੂੰ ਹੂੰਝਾ ਫੇਰ ਰਹੀ ਹੈ। ਜਨਤਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਪੀਐਮ ਮੋਦੀ ਦੇ '400 ਨੂੰ ਪਾਰ ਕਰਨ' ਦੇ ਨਾਅਰੇ 'ਤੇ ਧਾਮੀ ਨੇ ਕਿਹਾ ਕਿ ਇਹ ਕੋਈ ਨਾਅਰਾ ਨਹੀਂ ਸਗੋਂ ਇਕ ਪ੍ਰਣ ਹੈ ਅਤੇ ਦੇਸ਼ ਦੇ ਲੋਕ ਇਸ ਨੂੰ ਪੂਰਾ ਕਰਨ ਲਈ ਭਾਜਪਾ ਦੇ ਨਾਲ ਹਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਰਾਹੁਲ ਗਾਂਧੀ ਭਾਜਪਾ ਬਾਰੇ ਜੋ ਵੀ ਕਹਿ ਰਹੇ ਹਨ, ਉਹ ਉਨ੍ਹਾਂ ਦੀ ਨਰਾਜ਼ਗੀ ਦਾ ਨਤੀਜਾ ਹੈ। ਵੈਸੇ ਵੀ ਰਾਹੁਲ ਦੀਆਂ ਗੱਲਾਂ ਨੂੰ ਉਨ੍ਹਾਂ ਦੀ ਪਾਰਟੀ, ਬਾਹਰ ਅਤੇ ਦੇਸ਼ ਦੇ ਲੋਕ ਵੀ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਕੱਲ੍ਹ ਵਾਰਾਣਸੀ ਵਿੱਚ ਮੋਦੀ ਜੀ ਦੇ ਇਤਿਹਾਸਕ ਰੋਡ ਸ਼ੋਅ ਤੋਂ ਬਾਅਦ ਪੂਰੇ ਦੇਸ਼ ਵਾਂਗ ਪੰਜਾਬ ਵੀ ਪ੍ਰਧਾਨ ਮੰਤਰੀ ਦੇ ਨਾਲ ਖੜ੍ਹਾ ਹੈ ਅਤੇ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ ਭਾਜਪਾ ਨੂੰ ਸ਼ਾਨਦਾਰ ਨਤੀਜੇ ਮਿਲਣਗੇ। ਉਨ੍ਹਾਂ ਕਿਹਾ ਕਿ ਅੱਜ ਇਕੱਠੀ ਹੋਈ ਭੀੜ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦਾ ਹਰ ਨਾਗਰਿਕ ਪ੍ਰਧਾਨ ਮੰਤਰੀ ਮੋਦੀ ਦੀ ਵਿਕਾਸ ਦੀ ਰਾਜਨੀਤੀ ਵਿੱਚ ਉਨ੍ਹਾਂ ਦੇ ਨਾਲ ਹੈ ਅਤੇ ਦੇਸ਼ ਨੂੰ ਵਿਕਸਤ ਭਾਰਤ ਬਣਾਉਣ ਦੇ  ਸੰਕਲਪ ਲਈ ਪੱਕਾ ਹੈ।

ਇਸ ਦੌਰਾਨ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਦੇਸ਼ 'ਚ ਮੋਦੀ ਦੀ ਲਹਿਰ ਚੱਲ ਰਹੀ ਹੈ, ਪੰਜਾਬ 'ਚ ਉਹ ਲਹਿਰ ਹੋਰ ਵੀ ਤੇਜ਼ ਹੈ | ਪੰਜਾਬ ਇਤਿਹਾਸ ਸਿਰਜਣ ਵੱਲ ਵਧ ਰਿਹਾ ਹੈ। ਗੁਰੂ ਮਹਾਰਾਜ ਦੀ ਕਿਰਪਾ ਨਾਲ ਭਾਜਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਕਿਸਾਨ ਵੀ ਸਾਡਾ ਸਾਥ ਦੇ ਰਹੇ ਹਨ ਅਤੇ ਸਾਡੀ ਗੱਲ ਧਿਆਨ ਨਾਲ ਸੁਣ ਰਹੇ ਹਨ। ਡਾ. ਸੁਭਾਸ਼ ਸ਼ਰਮਾ ਨੇ ਦੁਹਰਾਇਆ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਮੁੱਦਿਆਂ, ਭਾਵੇਂ ਮੋਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨਾ, ਇੱਥੇ ਵੱਡੀਆਂ ਸਨਅਤਾਂ ਲਿਆਉਣ ਜਾਂ ਮੋਹਾਲੀ ਨੂੰ ਬੈਂਗਲੁਰੂ ਦਾ ਆਈ.ਟੀ. ਹੱਬ ਬਣਾਉਣ ਦੇ ਮੁੱਦੇ 'ਤੇ ਜਨਤਾ ਦੇ ਵਿਚਕਾਰ ਜਾ ਰਹੇ ਹਨ। ਉਹ ਹਰ ਉਸ ਮੁੱਦੇ 'ਤੇ ਗੱਲ ਕਰਨਗੇ ਜੋ ਇਸ ਲੋਕ ਸਭਾ ਹਲਕੇ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿੱਚ ਆਉਣਗੇ ਅਤੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਦੇ ਲੋਕ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਲਈ ਇਤਿਹਾਸਕ ਫਤਵਾ ਦੇਣਗੇ।

 
 

ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ

ਮੋਗਾ ਤੋਂ ਸੁਖਵਿੰਦਰ ਸਿੰਘ ਬਰਾੜ ਮੀਤ ਪ੍ਰਧਾਨ ਅਕਾਲੀ ਦਲ 'ਆਪ' 'ਚ ਹੋਏ ਸ਼ਾਮਲ

 ਚੰਡੀਗੜ੍ਹ, 13 ਮਈ (ਜਸ਼ਨਪੰਜਾਬ ਦੇ ਹਰ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਆਏ ਦਿਨ ਹੋਰ ਮਜ਼ਬੂਤ ਹੋ ਰਹੀ ਹੈ। ਸੋਮਵਾਰ ਨੂੰ ਪੰਜਾਬ ਦੇ ਕਈ ਪ੍ਰਮੁੱਖ ਨੇਤਾਵਾਂ ਨੇ 'ਆਪ' 'ਚ ਸ਼ਾਮਲ ਹੋ ਕੇ ਅੱਧੀ ਦਰਜਨ ਤੋਂ ਵੱਧ ਸੀਟਾਂ 'ਤੇ ਪਾਰਟੀ ਨੂੰ ਹੁਲਾਰਾ ਦਿੱਤਾ ਹੈ। 'ਆਪ' ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਅਤੇ 'ਆਪ' ਪਰਿਵਾਰ 'ਚ ਸਵਾਗਤ ਕੀਤਾ। ਸੀਐਮ ਮਾਨ ਨੇ ਕਿਹਾ ਕਿ 'ਆਪ' 'ਚ ਹਰ ਵਰਗ ਦੇ ਚੰਗੇ ਲੋਕਾਂ ਲਈ ਹਮੇਸ਼ਾ ਦਰਵਜੇ ਖੁੱਲ੍ਹੇ ਹਨ। ਅਸੀਂ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਦੇ ਮਿਸ਼ਨ ਲਈ ਪੰਜਾਬ ਨੂੰ ਪਿਆਰ ਕਰਨੇ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਕੇ ਖ਼ੁਸ਼ ਹਾਂ।

ਗੁਰਦਾਸਪੁਰ 'ਚ 'ਆਪ' ਨੂੰ ਵੱਡਾ ਹੁਲਾਰਾ, ਸਵਰਨ ਸਲਾਰੀਆ ਪਾਰਟੀ 'ਚ ਹੋਏ ਸ਼ਾਮਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਗੁਰਦਾਸਪੁਰ 'ਚ ਭਾਜਪਾ ਨੂੰ ਵੱਡਾ ਝਟਕਾ ਦਿੰਦਿਆਂ ਸਵਰਨ ਸਲਾਰੀਆ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ 'ਆਪ' ਪਰਿਵਾਰ 'ਚ ਸਵਾਗਤ ਕੀਤਾ।  ਉਹ ਇੱਕ ਉੱਘੇ ਸਮਾਜ ਸੇਵਕ ਹਨ ਅਤੇ 2017 ਦੀਆਂ ਉਪ ਚੋਣਾਂ ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਵੀ ਸਨ।  ਉਹ ਆਜ਼ਾਦੀ ਘੁਲਾਟੀਏ ਨਿਧਾਨ ਸਿੰਘ ਸਲਾਰੀਆ ਦੇ ਪੁੱਤਰ ਹਨ ਅਤੇ ਗੁਰਦਾਸਪੁਰ ਵਿੱਚ ਲਗਾਤਾਰ ਸਰਗਰਮ ਰਹੇ ਹਨ। 'ਆਪ' ਵਿਚ ਉਨ੍ਹਾਂ ਦੀ ਮੌਜੂਦਗੀ ਯਕੀਨੀ ਤੌਰ 'ਤੇ ਇਸ ਖੇਤਰ ਵਿਚ ਪਾਰਟੀ ਨੂੰ ਮਜ਼ਬੂਤ ਕਰੇਗੀ।

ਅਨੰਦਪੁਰ ਸਾਹਿਬ ਲੋਕ ਸਭਾ ਹਲਕੇ 'ਚ 'ਆਪ' ਮਜ਼ਬੂਤ, ਬਸਪਾ ਆਗੂ ਨਿਤਿਨ ਨੰਦਾ ਆਪਣੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਨੰਦਪੁਰ ਤੋਂ ਅਕਾਲੀ-ਬਸਪਾ ਉਮੀਦਵਾਰ ਨਿਤਿਨ ਨੰਦਾ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦਾ 'ਆਪ' 'ਚ ਸ਼ਾਮਲ ਹੋਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਵਾਗਤ ਕੀਤਾ ਗਿਆ।  ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਸਨ। ਨਿਤਿਨ ਨੰਦਾ ਦੇ 'ਆਪ' 'ਚ ਸ਼ਾਮਲ ਹੋਣ ਦੇ ਫ਼ੈਸਲੇ ਨੇ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ ਅਕਾਲੀ ਦਲ ਅਤੇ ਬਸਪਾ ਨੂੰ ਵੱਡਾ ਝਟਕਾ ਦਿੱਤਾ ਹੈ।

ਲੁਧਿਆਣਾ ਵਿੱਚ ਆਪ ਨੂੰ ਵੱਡਾ ਹੁਲਾਰਾ, ਸਾਬਕਾ ਪ੍ਰਧਾਨ ਆਜ਼ਾਦ ਸਮਾਜ ਪਾਰਟੀ ਰਾਜੀਵ ਕੁਮਾਰ ਲਵਲੀ ਪਾਰਟੀ ਵਿੱਚ ਸ਼ਾਮਲ

ਲੁਧਿਆਣਾ ਲੋਕ ਸਭਾ 'ਚ ਵੀ 'ਆਪ' ਉਸ ਸਮੇਂ ਹੋਰ ਮਜ਼ਬੂਤ ਹੋ ਗਈ, ਜਦੋਂ ਆਜ਼ਾਦ ਸਮਾਜ ਪਾਰਟੀ (ਚੰਦਰ ਸ਼ੇਖਰ) ਦੇ ਸਾਬਕਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਪਾਰਟੀ 'ਚ ਸ਼ਾਮਲ ਹੋ ਗਏ। ਉਨ੍ਹਾਂ ਦੀ ਲੁਧਿਆਣਾ ਸੈਂਟਰਲ ਵਿੱਚ ਚੰਗੀ ਪਕੜ ਹੈ ਅਤੇ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ।

ਕਰਮਜੀਤ ਅਨਮੋਲ ਨੂੰ ਫ਼ਰੀਦਕੋਟ ਵਿੱਚ ਦਰਜਨ ਭਰ ਪ੍ਰਮੁੱਖ ਆਗੂਆਂ ਦੀ ਹਮਾਇਤ, ਚੋਣਾਂ ਤੋਂ ਪਹਿਲਾਂ ਕਈ ਲੋਕ 'ਆਪ' ਵਿੱਚ ਸ਼ਾਮਲ

'ਆਪ' ਉਮੀਦਵਾਰ ਕਰਮਜੀਤ ਅਨਮੋਲ ਨੂੰ ਫ਼ਰੀਦਕੋਟ 'ਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੋਮਵਾਰ ਨੂੰ ਉਨ੍ਹਾਂ ਦੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਦਰਜਨ ਭਰ ਪ੍ਰਮੁੱਖ ਆਗੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ ਸਾਗਰ (ਪੀ. ਈ. ਐੱਸ.-1) ਪ੍ਰਧਾਨ ਸੰਤ ਸਮਾਜ ਭਲਾਈ ਪੰਜਾਬ, ਪ੍ਰੋ: ਭੋਲਾ ਆਜ਼ਾਦ ਉਮੀਦਵਾਰ ਫ਼ਰੀਦਕੋਟ, ਮਾਧੋ ਜੀ ਚੇਅਰਮੈਨ ਸੰਤ ਸਮਾਜ ਭਲਾਈ, ਸੁਖਦੇਵ ਸਿੰਘ, ਸਤਵੀਰ ਸਿੰਘ ਚਾਹਲ, ਜੈ ਕਟਾਰੀਆ ਅਤੇ ਗੁਰਦੀਪ ਸਿੰਘ ਪਾਰਟੀ ਵਿੱਚ ਸ਼ਾਮਲ ਹੋਏ।  
ਮੋਗਾ ਹਲਕੇ ਤੋਂ ਸੁਖਵਿੰਦਰ ਸਿੰਘ ਬਰਾੜ ਮੀਤ ਪ੍ਰਧਾਨ ਅਕਾਲੀ ਦਲ (2007 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ) ਅਤੇ ਸੂਬਾ ਸਕੱਤਰ ਬਸਪਾ ਪੰਜਾਬ ਕੁਲਵੰਤ ਸਿੰਘ ਰਾਮਗੜ੍ਹੀਆ (2007 ਅਤੇ 2017 ਵਿੱਚ ਬਸਪਾ ਉਮੀਦਵਾਰ) ਵੀ ਫ਼ਰੀਦਕੋਟ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।  ਕਰਮਜੀਤ ਅਨਮੋਲ ਨੇ ਸਾਰੇ ਆਗੂਆਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ।

ਜਲੰਧਰ 'ਚ 'ਆਪ' ਦਾ ਪਰਿਵਾਰ ਹੋਇਆ ਵੱਡਾ

ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਗਿਆ ਹੈ। ਸੋਮਵਾਰ ਨੂੰ ਕਈ ਨੇਤਾ 'ਆਪ' 'ਚ ਸ਼ਾਮਲ ਹੋ ਗਏ। ਅਰੁਣ ਸੰਦਲ ਸਤਿਗੁਰੂ ਕਬੀਰ ਟਾਈਗਰ ਫੋਰਸ, ਪ੍ਰਦੀਪ ਪਿੰਦਾ ਸ਼੍ਰੀ ਗੁਰੂ ਰਵਿਦਾਸ ਸੇਵਾ ਦਲ, ਮਨਦੀਪ ਸਿੰਘ ਸ਼੍ਰੀ ਰਾਮ ਦੁਸਹਿਰਾ ਕਮੇਟੀ, ਸ਼ਾਲ ਲਾਲ ਮਾਸ਼ਾ ਮਹਾਂ ਸਭਾ, ਦੀਪਕ ਭਗਤ ਸ਼ੇਰੇ ਪੰਜਾਬ ਵੈੱਲਫੇਅਰ ਕਮੇਟੀ ਪੰਜਾਬ, ਮੁਕੇਸ਼ ਕੁਮਾਰ ਲੱਖੋ ਬੀਜੇਪੀ ਐਮਸੀ ਉਮੀਦਵਾਰ ਵਾਰਡ 34, ਪ੍ਰਦੀਪ ਕੁਮਾਰ ਹਿਊਮਨ ਕੇਅਰ ਸੁਸਾਇਟੀ, ਸੋਮਾ ਗਿੱਲ ਭਗਵਾਨ ਵਾਲਮੀਕਿ ਵੈੱਲਫੇਅਰ ਕਮੇਟੀ ਪੰਜਾਬ, ਦਰਸ਼ਨ ਲਾਲ ਭਗਤ ਸਾਬਕਾ ਕੌਂਸਲਰ ਭਾਜਪਾ, ਸੁਦੇਸ਼ ਭਗਤ ਮੀਤ ਪ੍ਰਧਾਨ ਭਾਜਪਾ ਜਲੰਧਰ, ਪੂਰਨ ਭਾਰਤੀ ਪ੍ਰਧਾਨ ਮੰਡਲ, ਐਸ.ਪੀ ਲਵਲੀ ਗੁਰਬਚਨ ਜੱਲਾ, ਅਵਨੀ ਬਬਲ, ਸੁਭਾਸ਼ ਭਗਤ ਅਤੇ ਮਦਨ ਲਾਲ ਪਾਰਟੀ ਵਿੱਚ ਸ਼ਾਮਲ ਹੋਏ। ਇਨ੍ਹਾਂ ਸਾਰੇ ਆਗੂਆਂ ਨੇ ਲੋਕ ਸਭਾ ਚੋਣਾਂ ਵਿੱਚ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਹਮਾਇਤ ਕਰਕੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਦਾ ਫ਼ੈਸਲਾ ਕੀਤਾ।

‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਅਤੇ ਵੱਡੇ ਲਾਮ ਲਸ਼ਕਰ ਨਾਲ ਕਰਮਜੀਤ ਅਨਮੋਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ

*ਸਪੀਕਰ ਸੰਧਵਾਂ, ਗੁਰਦਿੱਤ ਸਿੰਘ ਸੇਖੋਂ, ਬਿਲਾਸਪੁਰ, ਬਲਕਾਰ ਸਿੱਧੂ, ਲਾਡੀ ਢੋਂਸ, ਸੁਖਾਨੰਦ, ਅਮਨਦੀਪ ਅਰੋੜਾ ਅਤੇ ਵਿਧਾਇਕ ਅਮੋਲਕ ਸਿੰਘ ਆਪਣੇ-ਆਪਣੇ ਕਾਫ਼ਲੇ ਲੈ ਕੇ ਪੁੱਜੇ

ਫ਼ਰੀਦਕੋਟ 14 ਮਈ (ਜਸ਼ਨ)ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੀ ਹੈ। ਪਾਰਟੀ ਨੇ ਟਕਸਾਲੀ ਆਪ ਆਗੂ ਪਿਆਰਾ ਸਿੰਘ ਬੱਧਨੀ ਨੂੰ ਕਰਮਜੀਤ ਅਨਮੋਲ ਦਾ ਕਵਰਿੰਗ ਕੈਂਡੀਡੇਟ ਬਣਾਇਆ ਹੈ। ਕਰਮਜੀਤ ਅਨਮੋਲ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੁਪਹਿਰ ਕਰੀਬ 2 ਵਜੇ ਆਪਣੇ ਕਾਗ਼ਜ਼ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਬਿਨੂੰ ਢਿੱਲੋਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਐਡਵੋਕੇਟ ਵਰਿੰਦਰ ਰੱਤੀਆਂ ਅਤੇ ਐਡਵੋਕੇਟ ਕਮਲਪ੍ਰੀਤ ਬਾਵਾ ਮੌਜੂਦ ਸਨ।ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾਣ ਤੋਂ ਪਹਿਲਾਂ ਕਰਮਜੀਤ ਅਨਮੋਲ ਨੇ ਦਾਣਾ ਮੰਡੀ ਕੋਟਕਪੂਰਾ ਤੋਂ ਫ਼ਰੀਦਕੋਟ ਤੱਕ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ  ਫ਼ਿਲਮ ਜਗਤ ਦੇ ਨਾਮਵਰ ਸਿਤਾਰੇ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਮਲਕੀਤ ਰੌਣੀ, ਭੋਲਾ ਯਮਲਾ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਲੋਕ ਸਭਾ ਹਲਕੇ ਦੇ ਸਾਰੇ ਵਿਧਾਇਕ ਮੌਜੂਦ ਸਨ। ਇਨਾ ਵਿਧਾਇਕਾਂ ਵਿੱਚ ਦਵਿੰਦਰਜੀਤ ਸਿੰਘ ਲਾਡੀ ਢੋਂਸ, ਮਨਜੀਤ ਸਿੰਘ ਬਿਲਾਸਪੁਰ, ਡਾ. ਅਮਨਦੀਪ ਕੌਰ ਅਰੋੜਾ, ਬਲਕਾਰ ਸਿੱਧੂ, ਅੰਮ੍ਰਿਤਪਾਲ ਸਿੰਘ ਸੁਖਾਨੰਦ,ਅਮੋਲਕ ਸਿੰਘ ਅਤੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਸ਼ਾਮਿਲ ਸਨ।ਸਾਰੇ ਵਿਧਾਇਕ ਅਤੇ ਪਾਰਟੀ ਲੀਡਰ ਆਪਣੇ-ਆਪਣੇ ਕਾਫ਼ਲਿਆਂ ਨਾਲ ਸਵੇਰੇ ਦਾਣਾ ਮੰਡੀ ਕੋਟਕਪੂਰਾ ਵਿਖੇ ਇਕੱਠੇ ਹੋਏ। ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਫ਼ਰੀਦਕੋਟ ਹਲਕੇ ਦੀ ਕਾਇਆ-ਕਲਪ ਕਰਨ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਇਸ ਪਵਿੱਤਰ ਧਰਤੀ ਨੂੰ ਹਰੀ ਭਰੀ ਅਤੇ ਸਾਫ਼ ਸੁਥਰੀ ਬਣਾਉਣਾ ਪਹਿਲੀ ਤਰਜੀਹ ਹੈ।
ਇਸ ਮੌਕੇ ਕਰਮਜੀਤ ਅਨਮੋਲ ਨੇ ਸਾਰੇ ਵਰਗਾਂ ਦੀ ਖ਼ੁਸ਼ਹਾਲੀ ਲਈ ਪੂਰੇ ਹਲਕੇ ਵਿੱਚ ਖੇਤੀਬਾੜੀ ‘ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ, ਨੌਜਵਾਨਾਂ ਲਈ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਖੇਡਾਂ ਲਈ ਸਟੇਡੀਅਮ ਸਥਾਪਿਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਪਿੰਡਾਂ ਦੇ ਯੂਥ ਕਲੱਬਾਂ ਨੂੰ ਤਕੜਾ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਤਜਵੀਜਤ ਮਾਲਵਾ ਨਹਿਰ ਦੀ ਉਸਾਰੀ ਤੇਜ਼ੀ ਨਾਲ ਕਰਾਉਣ ਦਾ ਵਾਅਦਾ ਵੀ ਫ਼ਰੀਦਕੋਟ ਹਲਕੇ ਨਾਲ ਕੀਤਾ।ਇਸ ਤੋਂ ਇਲਾਵਾ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ, ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਨੂੰ ਪੀਜੀਆਈ ਚੰਡੀਗੜ੍ਹ ਦੇ ਬਰਾਬਰ ਲੈ ਕੇ ਜਾਣ ਦਾ ਅਹਿਦ ਵੀ ਲਿਆ। ਅਨਮੋਲ ਨੇ ਫ਼ਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦਾ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਵੀ ਕਾਫ਼ੀ ਵੱਡਾ ਨਾਮ ਰਿਹਾ ਹੈ, ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸੰਕਲਪ ਮੁਤਾਬਿਕ ਫ਼ਰੀਦਕੋਟ ਨੂੰ ਸਕੂਲੀ ਅਤੇ ਉੱਚ ਸਿੱਖਿਆ ‘ਚ ਪੰਜਾਬ ਦਾ ਨੰਬਰ ਇੱਕ ਕੇਂਦਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਲਟਕੀ ਕੋਟਕਪੂਰਾ-ਮੋਗਾ ਰੇਲ ਲਿੰਕ ਨੂੰ ਸਿਰੇ ਚੜ੍ਹਾਉਣ ਦੀ ਗੱਲ ਵੀ ਕਰਮਜੀਤ ਅਨਮੋਲ ਨੇ ਕੀਤੀ।ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ-ਕਾਰੋਬਾਰੀਆਂ ਅਤੇ ਨੌਕਰੀ ਪੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਧੜੱਲੇ ਨਾਲ ਉਠਾਉਣਗੇ।ਕਰਮਜੀਤ ਅਨਮੋਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੈਂਬਰ ਪਾਰਲੀਮੈਂਟ ਬਣਨ ਦੀ ਸੂਰਤ ਵਿੱਚ ਉਹ ਜਿੱਥੇ ਕੇਂਦਰ ਤੋਂ ਫ਼ਰੀਦਕੋਟ ਲਈ ਵੱਡੇ ਪ੍ਰੋਜੈਕਟ ਅਤੇ ਫ਼ੰਡ ਲੈ ਕੇ ਆਉਣਗੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਫਰੀਦਕੋਟੀਆਂ ਲਈ ਮੂੰਹ ਮੰਗੀਆਂ ਸਕੀਮਾਂ ਅਤੇ ਗਰਾਂਟਾਂ ਵੀ ਲੈ ਕੇ ਆਉਣਗੇ।ਕਰਮਜੀਤ ਅਨਮੋਲ ਨੇ ਕਿਹਾ ਕਿ ਚੌਥੇ ਪੜਾਅ ਦੀਆਂ ਵੋਟਾਂ ਉਪਰੰਤ ਦੇਸ਼ ਦੀ ਸਿਆਸੀ ਫ਼ਿਜ਼ਾ ਬਦਲਣ ਲੱਗੀ ਹੈ। ਮੀਡੀਆ ਦਾ ਇੱਕ ਹਿੱਸਾ ਅਤੇ ਸਰਵੇ ਸਰਵੇਖਣ ਇੰਡੀਆ ਗੱਠਜੋੜ ਦੀ ਸਰਕਾਰ ਬਣਾ ਰਹੇ ਹਨ। ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਭਗਵੰਤ ਸਿੰਘ ਮਾਨ ਦੇ ਦੋ ਚਾਰ ਸਿਪਾਹੀ ਵੀ ਕੇਂਦਰੀ ਮੰਤਰੀ ਜ਼ਰੂਰ ਬਣਨਗੇ। ਇਸ ਲਈ ਭਗਵੰਤ ਮਾਨ ਦੇ ਮਿਸ਼ਨ 13-0 ‘ਚ ਫ਼ਰੀਦਕੋਟ ਪਹਿਲੇ ਨੰਬਰ ‘ਤੇ ਆਉਣਾ ਚਾਹੀਦਾ ਹੈ।ਕਰਮਜੀਤ ਅਨਮੋਲ ਨੇ ਕਿਹਾ ਕਿ ਇਹ ਚੋਣਾਂ ਆਮ ਚੋਣਾਂ ਨਹੀਂ ਹਨ। ਇਹ ਚੋਣਾਂ ਮੋਦੀ ਸਰਕਾਰ ਦੇ ਜਬਰ ਅਤੇ ਜ਼ੁਲਮ ਵਿਰੁੱਧ ਇੱਕ ਜੰਗ ਹੈ ਤਾਂ ਕਿ ਲੋਕਤੰਤਰ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਫਕਰ ਵਾਲੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇਹ ਜੰਗ ਮੂਹਰੇ ਹੋ ਕੇ ਲੜ ਰਹੇ।ਇਸ ਉਪਰੰਤ ਸੈਂਕੜੇ ਕਾਰਾਂ ਮੋਟਰਸਾਈਕਲਾਂ ਅਤੇ ਟਰੈਕਟਰ ਦੇ ਕਾਫ਼ਲੇ ਨਾਲ ਕਰਮਜੀਤ ਅਨਮੋਲ ਫ਼ਰੀਦਕੋਟ ਨੂੰ ਰਵਾਨਾ ਹੋਏ। ਕੋਟਕਪੂਰਾ ਸੰਧਵਾਂ ਅਤੇ ਫ਼ਰੀਦਕੋਟ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਲੋਕਾਂ ਨੇ ਕਾਫ਼ਲੇ ‘ਤੇ ਫੁੱਲਾਂ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਇਸ ਕਾਫ਼ਲੇ ਦੀ ਸਮਾਪਤੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਹੋਈ। ਇਸ ਉਪਰੰਤ ਕਰਮਜੀਤ ਅਨਮੋਲ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਫ਼ਤਰ ਵਿੱਚ ਨਾਮਜ਼ਦਗੀ ਦਾਖਲ ਕਰਾਉਣ ਪਹੁੰਚੇ।ਇਸ ਮੌਕੇ ਉਨ੍ਹਾਂ ਨਾਲ ਹੋਰਨਾ ਆਗੂਆਂ ਤੋਂ ਇਲਾਵਾ ਗੀਤਕਾਰ ਅਤੇ ਗਾਇਕ ਰਾਜ ਤਿਵਾੜੀ, ਅਦਾਕਾਰ ਬਲਕਰਨ ਬਰਾੜ , ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ,ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ,ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ,ਚੇਅਰਮੈਨ ਸੁਖਵਿੰਦਰ ਸਿੰਘ ਕੌਣੀ,ਚੇਅਰਮੈਨ ਸੁਖਜੀਤ ਸਿੰਘ ਢਿਲਵਾਂ, ਚੇਅਰਮੈਨ ਇੰਦਰਜੀਤ ਸਿੰਘ ਮਾਨ, ਬਲਜੀਤ ਸਿੰਘ ਚਾਨੀ ਮੇਅਰ ਮੋਗਾ, ਡਾਇਰੈਕਟਰ ਚਰਨਜੀਤ ਸਿੰਘ ਧਾਲੀਵਾਲ,  ਚੇਅਰਮੈਨ ਦੀਪਕ ਅਰੋੜਾ ਆਦਿ ਲੀਡਰ ਹਾਜ਼ਰ ਸਨ।

ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜਨਰਲ ਅਬਜਰਵਰ ਰੂਹੀ ਖਾਨ ਵੱਲੋਂ ਮੋਗਾ ਦਾ ਦੌਰਾ

ਮੋਗਾ, 14 ਮਈ: (ਜਸ਼ਨ) ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਹਲਕਾ ਫਰੀਦਕੋਟ ਅਧੀਨ ਪੈਂਦੇ ਜ਼ਿਲ੍ਹਾ ਮੋਗਾ ਵਿੱਚ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਜਨਰਲ ਅਬਜਰਵਰ ਲੋਕ ਸਭਾ ਹਲਕਾ 09 ਫਰੀਦਕੋਟ ਰੂਹੀ ਖਾਨ ਨੇ ਮੋਗਾ ਦਾ ਦੌਰਾ ਕੀਤਾ। ਉਨ੍ਹਾਂ ਵੱਖ ਵੱਖ ਸੈੱਲਾਂ ਦੇ  ਨੋਡਲ ਅਫ਼ਸਰਾਂ ਅਤੇ ਸੈਕਟਰ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਹਰਕੀਰਤ ਕੌਰ ਚਾਨੇ, ਵਧੀਕ ਡਿਪਟੀ ਕਮਿਸ਼ਨਰ ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ (ਜ) ਸ਼ੁਭੀ ਆਂਗਰਾ, ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ  ਔਜਲਾ, ਲਾਇਜਨ ਅਫ਼ਸਰ ਅਮਨ ਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਦੀ ਮੌਜੂਦਗੀ ਵਿੱਚ ਅੱਜ ਪੋਲ ਪਰਸੋਨਲ ਦੀ ਦੂਸਰੀ ਰੈਂਡਮਾਈਜੇਸ਼ਨ ਡਾਈਸ ਸਾਫ਼ਟਵੇਟਰ ਰਾਹੀਂ ਕੀਤੀ ਗਈ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪੋਲ ਵਾਲੇ ਦਿਨ ਵੋਟਰਾਂ ਅਤੇ ਪੋਲਿੰਗ ਸਟਾਫ਼ ਨੂੰ ਹਰ ਤਰ੍ਹਾਂ ਦੀ ਸਹੂਲੀਅਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਵੱਖ ਵੱਖ ਸੈੱਲਾਂ ਦੇ ਨੋਡਲ ਅਫ਼ਸਰਾਂ ਆਤੇ ਸੈਕਟਰ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਵੋਟਿੰਗ ਵਿੱਚ ਲੱਗਾ ਸਮੂਹ ਅਮਲਾ ਭਾਵੇਂ ਉਹ ਕਿਸੇ ਵੀ ਰੈਂਕ ਦਾ ਹੋਵੇ ਇੱਕ ਟੀਮ ਵਾਂਗ ਕੰਮ ਕਰਨ ਦਾ ਨਿਸ਼ਚਾ ਰੱਖਣ ਤਾਂ ਕਿ ਵੋਟਾਂ ਦੇ ਕੰਮ ਨੂੰ ਪਾਰਦਰਸ਼ੀ ਅਤੇ ਬਿਨ੍ਹਾਂ ਕਿਸੇ ਪ੍ਰੇ਼ਸ਼ਾਨੀ ਤੋਂ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਸਮੂਹ ਐਸ.ਡੀ.ਐਮ.ਜ਼ ਨੂੰ ਹਦਾਇਤ ਵੀ ਜਾਰੀ ਕੀਤੀ ਕਿ ਉਹ ਸੈਕਟਰ ਅਫ਼ਸਰਾਂ  ਨਾਲ ਇੱਕ ਵਟਸਐਪ ਗਰੁੱਪ ਰਾਹੀਂ ਲਗਾਤਾਰ ਰਾਬਤਾ ਰੱਖਣ ਤਾਂ ਕਿ ਉਹ ਆਪਣੀਆਂ ਪ੍ਰੇਸ਼ਾਨੀਆਂ ਸਿੱਧੀਆਂ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਣ ਅਤੇ ਪ੍ਰਸ਼ਾਸ਼ਨ ਉਨ੍ਹਾਂ ਦਾ ਤਹਿ ਸਮੇਂ ਵਿੱਚ ਹੱਲ ਕਰ ਸਕੇ। ਵੈਬਕਾਸਟਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੀ  ਜਾਵੇ ਅਤੇ ਹਰੇਕ ਪੋਲਿੰਗ ਬੂਥ ਉੱਪਰ ਵੋਟਰ ਹੈਲਪ ਡੈਸਕ ਜਰੂਰ ਸਥਾਪਿਤ ਕੀਤਾ ਜਾਵੇ ਤਾਂ ਕਿ ਕਿਸੇ ਵੀ ਵੋਟਰ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬੂਥਾਂ ਉੱਪਰ ਮੈਡੀਕਲ ਟੀਮਾਂ ਵੀ ਲਗਾਈਆਂ ਜਾਣ ਤਾਂ ਕਿ ਕਿਸੇ ਐਮਰਜੈਂਸੀ ਸਥਿਤੀ ਉੱਪਰ ਤੁਰੰਤ ਪ੍ਰਭਾਵ ਨਾਲ ਕਾਬੂ ਪਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਹਾਇਕ ਰਿਟਰਨਿੰਗ ਅਫ਼ਸਰ ਆਪਣੇ ਅਧੀਨ ਆਉਂਦੇ ਸਾਰੇ ਪੋਲਿੰਗ ਬੂਥਾਂ ਨੂੰ ਚੈੱਕ ਕਰਨਾ ਯਕੀਨੀ ਬਣਾਉਣਗੇ ਤਾਂ ਕਿ ਜਿੱਥੇ ਕਿਤੇ ਮੁੱਢਲੀਆ ਸਹੂਲਤਾਂ ਨਹੀਂ ਹਨ ਉਨ੍ਹਾਂ ਬੂਥਾਂ ਉੱਪਰ ਤੁਰੰਤ ਪ੍ਰਭਾਵ ਨਾਲ ਇਹ ਮੁਹੱਈਆ ਕਰਵਾਈਆਂ ਜਾ ਸਕਣ। ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਉੱਪਰ ਲੋੜੀਂਦੀਆਂ ਸਹੂਲਤਾਂ ਜਿਵੇਂ ਕਿ ਬੂਥਾਂ ਉੱਪਰ ਰੈਂਪ, ਕਮਰੇ ਵਿੱਚ ਲਾਈਟ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਬਾਥਰੂਮ, ਟਾਇਲਟਸ, ਸ਼ਾਮਿਆਨੇ ਆਦਿ ਮੁਹੱਈਆ ਕਰਵਾਈਆਂ ਜਾਣ।
ਇਸ ਤੋਂ ਇਲਾਵਾ ਉਨ੍ਹਾਂ ਸ਼ੋਸਲ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਉੱਪਰ 24 ਘੰਟੇ ਨਜ਼ਰ ਰੱਖਣ ਲਈ ਬਣਾਈ ਗਈ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਵਿੱਚ ਵੀ ਵਿਜ਼ਟ ਕੀਤਾ ਅਤੇ ਇੱਥੋਂ ਦੇ ਸਟਾਫ਼ ਨਾਲ ਗੱਲਬਾਤ ਕੀਤੀ। ਕਮੇਟੀ ਦੇ ਕੰਮ ਤੋਂ ਸੰਤੁਸ਼ਟੀ ਪ੍ਰਗਟ ਕਰਦਿਆਂ ਉਨ੍ਹਾਂ ਸ਼ੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਉੱਪਰ ਰਾਜਨੀਤਿਕ ਇਸ਼ਤਿਹਾਰਬਾਜ਼ੀ ਆਦਿ ਉੱਪਰ ਪੈਨੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਅਤੇ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਬੰਧਤ ਨੂੰ ਰਿਪੋਰਟ ਕਰਨ ਬਾਰੇ ਕਿਹਾ।

ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਤ ਪ੍ਰਤੀਸ਼ਤ

ਮੋਗਾ, 14 ਮਈ (ਜਸ਼ਨਕੈਂਬਰਿਜ ਇੰਟਰਨੈਸ਼ਨਲ ਸਕੂਲ, ਕੋਟਕਪੂਰਾ ਰੋਡ, ਮੋਗਾ ਵਿਖੇ ਦਸਵੀਂ ਜਮਾਤ ਦਾ ਨਤੀਜਾ ਜੋ ਕਿ ਸੀ. ਬੀ. ਐਸ. ਈ. ਵੱਲੋਂ ਐਲਾਨਿਆ ਗਿਆ ਹੈ, ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਲੈ ਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ।ਸਕੂਲ ਦੀ ਵਿਦਿਆਰਥਣ ਮਨਜੋਤ ਕੌਰ ਨੇ 94.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਵਨੀਤ ਕੌਰ 94% ਅੰਕ ਲੈ ਕੇ ਦੂਜਾ ਸਥਾਨ ਅਤੇ ਨਵਜੋਤ ਕੌਰ ਬਰਾੜ ਨੇ 93.8% ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਵਿਸ਼ੇ ਵਿੱਚ ਸ਼ੁਭਨੀਤ ਕੌਰ, ਅਵਨੀਤ ਕੌਰ, ਰਮਨਦੀਪ ਕੌਰ, ਦੀਆ, ਆਰਤੀ, ਨਵਜੋਤ ਕੌਰ ਬਰਾੜ, ਨੇਹਾ, ਦੀਵਾਂਸ਼ ਅਰੋੜਾ ਨੇ ਪੰਜਾਬੀ ਵਿੱਚੋਂ 100 ਚੋਂ 100 ਅੰਕ ਪ੍ਰਾਪਤ ਕੀਤੇ।ਅੰਗਰੇਜ਼ੀ ਵਿਸ਼ੇ ਵਿੱਚ ਦੀਆ ਨੇ 95 ਅੰਕ ਪ੍ਰਾਪਤ ਕੀਤੇ। ਮਨਜੋਤ ਕੌਰ ਅਤੇ  ਅਵਨੀਤ ਕੌਰ ਨੇ ਮੈਥ ਵਿੱਚੋਂ 93% ਅੰਕ ਲਏ। ਸਾਇੰਸ ਵਿੱਚੋਂ ਨਵਜੋਤ ਕੌਰ ਨੇ 96% ਅੰਕ ਲਏ। ਸਮਾਜਿਕ ਸਿੱਖਿਆ ਵਿੱਚੋਂ ਮਨਜੋਤ ਕੌਰ ਨੇ 97% ਅੰਕ ਲਏ। ਹਿੰਦੀ ਵਿਸ਼ੇ ਵਿਚ ਨਵਜੋਤ ਕੌਰ ਅਤੇ ਨੇਹਾ ਨੇ 95% ਅੰਕ ਪ੍ਰਾਪਤ ਕੀਤੇ। ਤਨਮੇ ਬਾਂਸਲ, ਨਵਜੋਤ ਕੌਰ ਬਰਾੜ, ਨੇਹਾ, ਦੀਵਾਂਸੂ ਅਰੋੜਾ, ਮਨਜੋਤ ਕੌਰ ਗਿੱਲ, ਅਵਨੀਤ ਕੌਰ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸ਼ੁਭਨੀਤ ਕੌਰ, ਤੇਜਿੰਦਰਪਾਲ ਕੌਰ, ਗੁਰਸ਼ਰਨ ਸਿੰਘ, ਅਵਨੀਤ ਕੌਰ, ਹਰਸ਼ਿਤਾ, ਰਮਨਦੀਪ ਕੌਰ, ਸਨੇਹਲ ਗਾਂਧੀ, ਜਸਮੀਤ ਕੌਰ, ਆਰਤੀ, ਦੀਆ, ਜਸਕਰਨ ਕੌਰ, ਜਸਵਿੰਦਰ ਕੌਰ, ਅਭਿਨਵ ਅਗਰਵਾਲ, ਦਿਲਰਾਜ ਸਿੰਘ ਗਿੱਲ, ਗੁਰਸੰਦੇਸ਼ ਸਿੰਘ, ਹਰਮਨਪ੍ਰੀਤ ਸਿੰਘ ਬੋਪਾਰਾਏ, ਸਾਰਾ ਸਿੱਧੂ, ਸ਼ਨਾਇਆ ਬਾਂਸਲ, ਉਂਕਾਰਦੀਪ ਸਿੰਘ, ਰਿਸ਼ਵ ਗੋਇਲ ਕੁੱਲ ਵੀਹ ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜ਼ੀਡੈਂਟ ਡਾਕਟਰ ਇਕਬਾਲ ਸਿੰਘ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਮੈਡਮ  ਹਰਪ੍ਰੀਤ ਕੌਰ ਨੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਨੂੰ ਤਹਿ ਦਿਲ ਤੋਂ ਵਧਾਈ ਦਿੱਤੀ ਕਿ ਅਜਿਹਾ ਪ੍ਰਿੰਸੀਪਲ ਮੈਡਮ ਅਤੇ ਉਨ੍ਹਾਂ ਦੇ ਮਿਹਨਤੀ ਸਟਾਫ ਕਰਕੇ ਹੀ ਸੰਭਵ ਹੋਇਆ ਹੈ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਇਲਾਕੇ ਵਿੱਚ ਸਿਰ ਕੱਢਵੀਂ ਸੰਸਥਾ ਬਣ ਸਕੀ ਹੈ। ਪ੍ਰਿੰਸੀਪਲ ਮੈਡਮ ਅਤੇ ਸਮੂਹ ਮੈਨੇਜਮੈਂਟ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

ਹੇਮਕੁੰਟ ਸਕੂਲ ਦੇ ਆਰਵ ਗਰੋਵਰ ਨੇ 96.8% ਅੰਕ ਪ੍ਰਾਪਤ ਕਰਕੇ ਮਾਰੀ ਬਾਜ਼ੀ

ਕੋਟਈਸੇਖਾਂ, 14 ਮਈ (ਜਸ਼ਨ): ਸੀ.ਬੀ.ਐੱਸ.ਈ ਬੋਰਡ ਵੱਲੋਂ ਮਾਰਚ 2024 ਦਸਵੀਂ ਕਲਾਸ ਦੇ ਇਮਤਿਹਾਨ ਵਿੱਚ ਸ੍ਰੀ ਹੇਮਕੁੰਟ ਸੀਨੀ. ਸੈਕੰ ਸਕੂਲ ਕੋਟ-ਈਸੇ-ਖਾਂ ਦਾ ਨਤੀਜਾ 100 ਫੀਸਦੀ ਰਿਹਾ ਜਿਸ ਵਿੱਚ ਆਰਵ ਗਰੋਵਰ,ਫਤਿਹਗੜ੍ਹ ਪੰਜਤੂਰ ਨੇ 96.8%,ਜਸ਼ਨਦੀਪ ਕੌਰ,ਫਤਿਹਗੜ੍ਹ ਕੋਰੋਟਾਣਾ ਨੇ 93.8%,ਕੋਮਲਪ੍ਰੀਤ ਕੌਰ,ਭਿੰਡਰ ਕਲਾਂ ਨੇ 91%,ਮਨਵੀਰ ਕੌਰ,ਰੰਡਿਆਲਾ ਨੇ 90%,ਰਮਨਦੀਪ ਕੌਰ,ਸੱਦਾ ਸਿੰਘ ਵਾਲਾ ਨੇ 89.8% ,ਨਵਯੁੱਗ ਸੰਧੂ,ਕੋਟ-ਈਸੇ-ਖਾਂ ਨੇ 89.8%,ਜੈਸਮੀਨ ਕੌਰ,ਕੋਟ-ਈਸੇ-ਖਾਂ ਨੇ 88.4%,ਜਗਮੀਤ ਸਿੰਘ,ਚੱਕ ਖੰਨਾ ਨੇ 88.4%,ਰਮਨੀਕ ਸਿੰਘ,ਲੋਗੀਵਿੰਡ ਨੇ 88%,ਹੈਵਨਪ੍ਰੀਤ ਕੌਰ ਸੰਧੂ,ਰੰਗਾ ਸਿੰਘ ਵਾਲਾ ਨੇ 87.2%, ਗੁਰਕੀਰਤ ਸਿੰਘ ਵਿਸ਼ਸ਼ਟ ,ਕੋਟ-ਈਸੇ-ਖਾਂ ਨੇ 86.8%,ਅਮਾਨਤ ਕੌਰ ਕਲਸੀ,ਦਾਤੇਵਾਲ ਨੇ 86.4%, ਮੰਨਤ,ਮੱਖੂ ਨੇ 86%,ਸਹਿਜਦੀਪ ਕੌਰ ,ਲੋਗੀਵਿੰਡ ਨੇ 85.6%,ਹਰਜੋਤ ਸਿੰਘ ਗੁਲਾਟੀ,ਕੋਟ-ਈਸੇ-ਖਾਂ ਨੇ 84.8%,ਮਹਿਕਦੀਪ ਕੌਰ,ਖੰਨਾ ਨੇ 84.2%,ਮਹਿਕ ਸ਼ਰਮਾ ,ਕੋਟ-ਈਸੇ-ਖਾਂ ਨੇ 83.6%,ਅਵਨੀਤ ਕੌਰ,ਖੋਸਾ ਰਣਧੀਰ ਨੇ 82.6% ,ਰਿਧਮਰੀਤ ਕੋਰ,ਕੋਟ-ਈਸੇ-ਖਾਂ ਨੇ 82.6%,ਜੈਸਮੀਨ ਕੌਰ ,ਵੱਟੂ ਭੱਟੀ ਨੇ 82.2% ,ਗੁਰਸ਼ਾਨਦੀਪ ਸਿੰਘ, ਬੱਘੀ ਪੱਤਨੀ ਨੇ 82.2%,ਹਰਪ੍ਰੀਤ ਕੌਰ ,ਸੱਦਾ ਸਿੰਘ ਵਾਲਾ ਨੇ 82%,ਸੋਮਾ ਰਾਣੀ,ਕੋਟ-ਈਸੇ-ਖਾਂ ਨੇ 81.4%, ਜੈਸਲੀਨ ਕੌਰ,ਦਾਤੇਵਾਲ 81.4%,ਨਵਜੀਤ ਸਿੰਘ, ਜਲਾਲਾਬਾਦ ਈਸਟ ਨੇ 81.4%,ਅਰਮਾਨ ਸਿੰਘ ,ਭਿੰਡਰ ਕਲਾਂ ਨੇ 81%,ਪਿ੍ਰੰਯਕਾ ਤਨੇਜਾ ,ਕੋਟ-ਈਸੇ-ਖਾਂ ਨੇ 80.6% । 27 ਵਿਦਿਆਰਥੀਆਂ ਨੇ 80% ਤੋਂ ਵੱਧ ਬਾਕੀ ਵਿਦਿਆਰਥੀਆਂ ਨੇ 70% ਤੋਂ  ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਤਰ੍ਹਾਂ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ । ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ ਤੇ ਸੰਸਥਾ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐਮ. ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਪਿ੍ਰੰਸੀਪਲ ਰਮਨਜੀਤ ਕੌਰ, ਸੋਨੀਆਂ ਸ਼ਰਮਾ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਅਤੇ ਅਧਿਆਪਕਾਂ ਤੋਂ ਹੋਰ ਮਿਹਨਤ ਕਰਵਾੳਂੁਦੇ ਰਹਿਣ ਦਾ ਅਸ਼ੀਰਵਾਦ ਦਿੱਤਾ ।

 

ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ‘ਚ ਲਹਿਰਾਇਆ ਪਰਚਮ

*6 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਚੋਂ 100% ਅੰਕ ਹਾਸਲ ਕੀਤੇ – ਪ੍ਰਿੰਸੀਪਲ

ਮੋਗਾ, 14 ਮਈ (ਜਸ਼ਨ)ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਇੱਕ ਵਾਰ ਫਿਰ ਕਾਮਯਾਬੀ ਦੀ ਨਵੀਂ ਸਿਖਰ ਤੇ ਪਹੁੰਚ ਗਿਆ ਹੈ। ਜਦੋਂ ਸੀ.ਬੀ.ਐੱਸ.ਈ. ਦਾ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਤਾਂ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ 20 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਆਪਣਾ ਪਰਚਮ ਲਹਿਰਾਇਆ, ਇਹਨਾਂ ਵਿੱਚ ਗੁਰਬਾਜ਼ ਸਿੰਘ ਨੇ 96.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਗੁਨਿੱਧ ਸਿੰਘ ਸਿੱਧੂ 95.4% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸੁਖਪ੍ਰੀਤ ਸ਼ਰਮਾ ਅਤੇ ਹਰਲੀਨ ਕੌਰ ਰੱਖੜਾ ਨੇ 95.2% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਅਮਨਦੀਪ ਕੌਰ ਨੇ 94.8%, ਅਮਾਨਤਦੀਪ ਕੌਰ ਨੇ 94.4%, ਹਰਜਪਜੀ ਕੌਰ ਨੇ 94%, ਅਮਰਪ੍ਰੀਤ ਕੌਰ ਨੇ 93.4%, ਅਮਨਪ੍ਰੀਤ ਕੌਰ ਨੇ 93% ਰੀਮਲਦੀਪ ਕੌਰ ਤੂਰ ਨੇ 93%, ਹਰਮਨਜੋਤ ਕੌਰ ਮੱਲੀ ਨੇ 92.8%, ਹਿਮਾਂਸ਼ੂ ਚੋਧਰੀ, ਪ੍ਰਭਜੋਤ ਕੌਰ ਅਤੇ ਸੱੁਖਪ੍ਰੀਤ ਕੌਰ ਗਿੱਲ ਨੇ 92.6%, ਜਸ਼ਨਦੀਪ ਸਿੰਘ ਨੇ 92.2%, ਸੁਖਮਨਪ੍ਰੀਤ ਸਿੰਘ ਗਿੱਲ ਅਤੇ ਪ੍ਰਿਆਂਸ਼ੀ ਨੇ 92%, ਅਰਸ਼ਪ੍ਰੀਤ ਸਿੰਘ ਰੱਖੜਾ ਨੇ 91.6%, ਹਰਸ਼ਵੀਰ ਕੌਰ ਨੇ 91.4%, ਸਿਮਰਨਜੀਤ ਕੌਰ ਗਿੱਲ ਨੇ 91% ਅਤੇ ਵੰਦਨਾ ਸ਼ਰਮਾ ਨੇ 90% ਅੰਕ ਹਾਸਲ ਕੀਤੇ। ਇਸ ਤਰ੍ਹਾਂ 68 ਵਿਦਿਆਰਥੀਆਂ ਨੇ 80 ਤੋਂ 90% ਅੰਕ ਹਾਸਲ ਕੀਤੇ, ਇਸ ਤੋਂ ਇਲਾਵਾ 54 ਵਿਦਿਆਰਥੀਆਂ ਨੇ 70% ਤੋਂ 80% ਅੰਕ ਪ੍ਰਾਪਤ ਕੀਤੇ ਅਤੇ 34 ਵਿਦਿਆਰਥੀਆਂ ਨੇ 60% ਤੋਂ 70% ਅੰਕ ਪ੍ਰਾਪਤ ਕੀਤੇ। ਕੁਲ ਮਿਲਾ ਕੇ 177 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕੀਤੀ। ਇਸ ਤੋਂ ਇਲਾਵਾ 6 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਚੋਂ 100% ਅੰਕ ਹਾਸਲ ਕੀਤੇ। ਇਸ ਤਰਾਂ੍ਹ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਜ਼ਿਕਰਯੋਗ ਹੈ ਕਿ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਿਰਫ ਪੜਾਈ ਚ ਹੀ ਨਹੀਂ ਮੁਕਾਮ ਹਾਸਲ ਕਰਦੇ ਬਲਕਿ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਵੀ ਆਪਣਾ ਪਰਚਮ ਲਹਿਰਾ ਚੁੱਕੇ ਹਨ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਹਨਾਂ ਕਿਹਾ ਇਸ ਸ਼ਾਨਦਾਰ ਨਤੀਜੇ ਨੇ ਸਕੂਲ਼ ਦਾ ਨਾਮ ਹੋਰ ਵੀ ਰੌਸ਼ਨ ਕਰ ਦਿੱਤਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਦਸਵੀਂ ਕਲਾਸ ਦਾ ਨਤੀਜਾ ਹਰੇਕ ਵਿਦਿਆਰਥੀ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਦਸਵੀਂ ਤੋਂ ਬਾਅਦ ਹੀ ਵਿਦਿਆਰਥੀ ਆਪਣੇ ਸੁਫਣਿਆਂ ਦੇ ਅਨੁਸਾਰ ਆਪਣੀ ਅੱਗੇ ਦੀ ਪੜਾਈ ਦੀ ਚੋਣ ਕਰਦੇ ਹਨ ਤਾਂ ਜੋ ਆਪਣੇ ਮਨਪਸੰਦ ਖੇਤਰ ਵਿੱਚ ਤਰੱਕੀ ਕਰਕੇ ਇੱਕ ਸੁਨਹਿਰਾ ਭਵਿੱਖ ਹਾਸਲ ਕਰ ਸਕਣ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਅਗਲੀ ਪੜ੍ਹਾਈ ਲਈ ਸ਼ੁੱਭਕਾਮਨਾਵਾਂ ਦਿੱੱਤੀਆਂ।

 

ਹੇਮਕੁੰਟ ਸਕੂਲ ਵਿੱਖੇ ਗੁਰਬਾਣੀ ਸਬੰਧੀ ਸੈਮੀਨਾਰ ਆਯੋਜਿਤ

ਮੋਗਾ, 9 ਮਈ (ਜਸ਼ਨਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਵਿਖੇ ਵਿਅਕਤੀਗਤ ਸ਼ਖਸੀਅਤ ਉਸਾਰੀ ਸਬੰਧੀ ਸ੍ਰੀ ਸਾਹਿਜ ਪਾਠ ਸੇਵਾ ਸੰਸਥਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਸੈਮੀਨਾਰ ਲਗਾਇਆ ਗਿਆ । ਜਿਸ ਵਿੱਚ ਸੰਸਥਾ ਦੇ ਬੁਲਾਰੇ ਸ: ਸਤਨਾਮ ਸਿੰਘ ਲੁਧਿਆਣਾ ਵਾਲਿਆਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ ਪੜ੍ਹਣ ਅਤੇ ਉੱਚ ਨੈਤਿਕ ਕਦਰਾਂ ਕੀਮਤਾ ਦੇ ਧਾਰਨੀ ਬਣਨ, ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਅਤੇ ਕਾਰਜ ਕੁਸ਼ਲਤਾਵਾਂ ਬਾਰੇ ਭਰਭੂਰ ਰੌਚਕ ਤਰੀਕੇ ਨਾਲ  ਚਾਨਣਾ ਪਾਇਆ । ਇਸ ਸਮੇਂ ਉਹਨਾਂ ਦੇ ਨਾਲ ਮੈਡਮ ਅਮਨਦੀਪ ਕੌਰ ਮੋਗਾ ,ਸ: ਗੁਰਜੀਤ ਸਿੰਘ ਆਦਿ ਹਾਜ਼ਰ ਸਨ । ਸੈਮੀਨਾਰ ਦੌਰਾਨ ਗਤੀਵਧੀਆਂ ਕਰਨ ਵਾਲੇ ਵਿਦਿਆਰਥੀਆਂ ਨੂੰੁ ਕੈਰੀਅਰ ਚੋਣ ਸਬੰਧੀ ਕਿਤਾਬਾ ਭੇਂਟ ਕਰਕੇ ਸਨਮਾਨਿਤ ਕੀਤਾ।  ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਸਾਨੂੰ ਗੁਰਬਾਣੀ ਨਾਲ ਜੁੜ ਕੇ ਰਹਿਣਾ ਚਾਹੀਦਾ  ਅਤੇ ਜਪੁਜੀ ਸਾਹਿਬ,ਮੂਲ-ਮੰਤਰ ਦਾ ਪਾਠ ਰੋਜ਼ਾਨਾ ਕਰਨ ਬਾਰੇ ਪ੍ਰੇਰਿਤ ਕੀਤਾ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਪ੍ਰਿੰਸੀਪਲ ਸੋਨੀਆਂ ਸ਼ਰਮਾ ਨੇ ਇਸ ਸੈਮੀਨਾਰ ਵਿੱਚ ਦੱਸੇ ਹੋਏ ਉੱਚ ਅਧਿਆਤਮਿਕ ਵਿਚਾਰਾਂ ਨੂੰ ਆਪਣੇ ਜ਼ਿੰਦਗੀ ਵਿੱਚ ਅਪਣਾਉਣ  ਬਾਰੇ ਦੱਸਿਆ । ਆਏ ਹੋਏ ਸੰਸਥਾਂ ਦੇ ਬੁਲਾਰਿਆਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰਿੰਸੀਪਲ ਮੈੇਡਮ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ।ਇਸ ਮੌਕੇ ਮੈਡਮ ਸੁਰਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ ।

 

ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ

ਚੰਡੀਗੜ੍ਹ/ਸ਼ਾਹਕੋਟ, 9 ਮਈ  ( ਜਸ਼ਨ ) ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸ਼ਾਹਕੋਟ 'ਚ ਜਲੰਧਰ ਤੋਂ 'ਆਪ' ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਅਤੇ ਰੋਡ ਸ਼ੋਅ ਕੱਢਿਆ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਦੌਰਾਨ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ‘ਆਮ ਆਦਮੀ ਪਾਰਟੀ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਸਵਾਗਤ ਕੀਤਾ। ਮਾਨ ਨੇ ਕਿਹਾ ਕਿ ਉਹ ਇਸ ਪਿਆਰ ਦੇ ਰਿਣੀ ਹਨ, ਇਹ ਪ੍ਰਮਾਤਮਾ ਦੀ ਕਿਰਪਾ ਹੈ ਕਿ ਉਨ੍ਹਾਂ ਨੂੰ ਲੋਕਾਂ ਦੇ ਪਿਆਰ ਦੀ ਬਖ਼ਸ਼ੀਸ਼ ਹੋਈ ਹੈ। ਦੂਜੇ ਸਿਆਸਤਦਾਨਾਂ ਨੂੰ ਤਾਂ ਲੋਕ ਥੋੜ੍ਹਾ ਜਿਹਾ ਵੀ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਮਿਲਣਾ ਬੁਰਾ ਸ਼ਗਨ ਸਮਝਦੇ ਹਨ।

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਰਤਨ ਸਿੰਘ ਕੱਕੜ ਕਲਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਿਲੇ ਹਨ। ਮਾਨ ਨੇ ਕਿਹਾ ਕਿ ਰਤਨ ਸਿੰਘ ਇੱਕ ਜ਼ਮੀਨ ਨਾਲ ਜੁੜੇ ਤੇ ਸੁਹਿਰਦ ਆਗੂ ਸਨ। ਮਾਨ ਨੇ ਉਨ੍ਹਾਂ ਦੀ ਵਿੱਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਹੁਣ ਉਨ੍ਹਾਂ ਨੂੰ ਵੋਟਾਂ ਮੰਗਣ ਲਈ ਕੁਝ ਬੋਲਣ ਦੀ ਵੀ ਲੋੜ ਨਹੀਂ ਹੈ, ਕਿਉਂਕਿ ਸਾਡੀ ਸਰਕਾਰ ਦਾ ਕੰਮ ਹੀ ਬੋਲਦਾ ਹੈ। ਉਨ੍ਹਾਂ ਅੱਗੇ ਕਿਹਾ, ਤੁਹਾਡੇ ਜ਼ੀਰੋ ਬਿਜਲੀ ਦੇ ਬਿੱਲ ਸਾਡੇ ਲਈ ਬੋਲਦੇ ਹਨ, 43,000 ਸਰਕਾਰੀ ਨੌਕਰੀਆਂ ਬੋਲ ਰਹੀਆਂ ਹਨ, 'ਕੱਸੀ' ਅਤੇ 'ਰਜਵਾਹੇ' ਦਾ ਪਾਣੀ ਬੋਲ ਰਿਹਾ ਹੈ, ਬੰਦ ਪਏ ਟੋਲ ਪਲਾਜ਼ੇ ਅਤੇ ਤੁਹਾਡੇ ਰਾਸ਼ਨ ਕਾਰਡ ਕਹਾਣੀ ਬਿਆਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਨਾਲ ਪੰਜਾਬੀਆਂ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਜ਼ੀਰੋ ਬਿੱਲਾਂ ਨੇ ਆਮ ਲੋਕਾਂ ਦਾ ਆਰਥਿਕ ਬੋਝ ਹਲਕਾ ਕਰ ਦਿੱਤਾ ਹੈ। ਬਚੇ ਹੋਏ ਪੈਸਿਆਂ ਨਾਲ ਹੁਣ ਉਹ ਆਪਣੀ ਜ਼ਰੂਰਤ ਦੀਆਂ ਹੋਰ ਚੀਜ਼ਾਂ ਲੈ ਸਕਦੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਉਹ ਹੋਰ ਮੁੱਖ ਮੰਤਰੀਆਂ ਜਾਂ ਸਿਆਸੀ ਆਗੂਆਂ ਵਾਂਗ ਨਹੀਂ ਹਨ। ਉਹ ਉਨ੍ਹਾਂ (ਆਮ ਲੋਕਾਂ) ਵਿੱਚੋਂ ਇੱਕ ਹਨ ਅਤੇ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਦੂਜੇ ਮੁੱਖ ਮੰਤਰੀ ਜਨਤਾ ਤੋਂ ਦੂਰ ਰਹਿੰਦੇ ਸਨ ਜਦਕਿ ਉਹ ਹਮੇਸ਼ਾ ਲੋਕਾਂ ਦੇ ਵਿਚਕਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸਤਦਾਨ ਦੁਖੀ ਹਨ, ਕਿਉਂਕਿ ਆਮ ਪਰਿਵਾਰਾਂ ਦੇ ਧੀ-ਪੁੱਤ ਮੁੱਖ ਮੰਤਰੀ, ਵਿਧਾਇਕ ਅਤੇ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ 32 ਦੰਦ ਹਨ ਅਤੇ ਮੈਂ ਜੋ ਕਹਿੰਦਾ ਹੈ ਉਹ ਸੱਚ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੈਂ ਭਵਿੱਖਬਾਣੀ ਕੀਤੀ ਸੀ ਕਿ ਬਾਦਲ ਪਰਿਵਾਰ ਵਿੱਚੋਂ ਹਰ ਕੋਈ ਹਾਰੇਗਾ, ਮਜੀਠੀਆ, ਸਿੱਧੂ, ਕੈਪਟਨ, ਭੱਠਲ, ਮਲੂਕਾ, ਵਲਟੋਹਾ, ਉਹ ਸਾਰੇ ਹਾਰ ਜਾਣਗੇ ਅਤੇ ਇੰਝ ਹੋਇਆ ਵੀ, ਉਹ ਸਾਰੇ ਵਿਧਾਇਕ ਚੋਣ ਹਾਰ ਗਏ। ਉਨ੍ਹਾਂ ਨੇ ਨਾਅਰਾ ਦਿੱਤਾ 'ਪੰਜਾਬ ਬਣੇਗਾ ਹੀਰੋ', ਸ਼ਾਹਕੋਟ ਦੇ ਲੋਕਾਂ ਨੇ ਕਿਹਾ 'ਇਸ ਵਾਰ 13-0'।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੱਲ੍ਹ ਸਭ ਕੁਝ ਠੀਕ ਰਿਹਾ ਤਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੇਲ੍ਹ ਵਿਚੋਂ ਬਾਹਰ ਆ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਸ਼ੇਰ ਵਾਪਸ ਲਿਆਵਾਂਗੇ ਅਤੇ ਮੈਂ ਉਨ੍ਹਾਂ ਦੀ ਰਿਹਾਈ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਪੰਜਾਬ ਲਿਆਵਾਂਗਾ, ਕਿਉਂਕਿ ਪੰਜਾਬ ਨੇ ਸਾਨੂੰ 2014 ਵਿੱਚ 4 ਸੰਸਦ ਮੈਂਬਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ‘400+’ ਨਹੀਂ ਕਹਿ ਰਹੀ ਕਿਉਂਕਿ ਉਸਨੂੰ ਪਤਾ ਹੈ ਕਿ ਉਨ੍ਹਾਂ ਦਾ ਜਹਾਜ਼ ਡੁੱਬ ਰਿਹਾ ਹੈ। ਦੂਜੇ ਪਾਸੇ 'ਆਪ' ਪੰਜਾਬ ਦੀਆਂ ਸਾਰੀਆਂ 13 ਸੀਟਾਂ, ਦਿੱਲੀ, ਕੁਰੂਕਸ਼ੇਤਰ, ਗੁਜਰਾਤ ਅਤੇ ਆਸਾਮ ਦੀਆਂ ਸੀਟਾਂ 'ਤੇ ਜਿੱਤ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ 30-40 ਸੰਸਦ ਮੈਂਬਰ ਹੋਣਗੇ ਅਤੇ ਅਗਲੀ ਸਰਕਾਰ 'ਆਪ' ਦੇ ਸਮਰਥਨ ਤੋਂ ਬਿਨਾਂ ਨਹੀਂ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ 13 ਸੰਸਦ ਮੈਂਬਰ ਪਾਰਲੀਮੈਂਟ ਵਿੱਚ ਆਉਣ ਦਾ ਮਤਲਬ ਇਹ ਹੋਵੇਗਾ ਕਿ ਉਹ ਹੁਣ ਸਾਡੇ ਫ਼ੰਡਾਂ ਨੂੰ ਰੋਕ ਨਹੀਂ ਸਕਣਗੇ, ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਪੰਜਾਬ ਨੂੰ ‘ਸੋਨ ਦੀ ਚਿੜੀ’ ਬਣਾਵਾਂਗੇ।

ਉਨ੍ਹਾਂ ਕਿਹਾ ਕਿ ਬਾਦਲ ਰੋ ਰਹੇ ਹਨ, ਮੈਂ ਹਰਸਿਮਰਤ ਬਾਦਲ ਦੀ ਨਾਟਕ ਕਰਨ ਦੀ ਵੀਡੀਓ ਦੇਖੀ, ਪਰ ਅੱਜ ਤੁਹਾਡੇ ਸਮਰਥਨ ਅਤੇ ਉਤਸ਼ਾਹ ਨੂੰ ਦੇਖ ਕੇ, ਮੈਂ 100% ਸਕਾਰਾਤਮਿਕ ਹਾਂ ਕਿ 4 ਜੂਨ ਤੋਂ ਬਾਅਦ ਇਹ ਸਾਰੇ ਅਸਲ ਵਿੱਚ ਰੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ਦੇ ਲੋਕਾਂ ਦੇ ਖ਼ੂਨ ਨਾਲ ਸੁਖ-ਵਿਲਾਸ ਇਮਾਰਤ ਦੀ ਉਸਾਰੀ ਕੀਤੀ। ਪਰ ਹੁਣ ਲੋਕਾਂ ਕੋਲ ਇਹਨਾਂ ਨੂੰ ਸਬਕ ਸਿਖਾਉਣ ਦਾ ਮੌਕਾ ਹੈ। ਸੁਸ਼ੀਲ ਕੁਮਾਰ ਰਿੰਕੂ ਦੇ ਮਾਮਲੇ 'ਤੇ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਕਹਿਣ ਦੀ ਵੀ ਲੋੜ ਨਹੀਂ ਹੈ, ਜਲੰਧਰ ਦੇ ਲੋਕ ਇਸ ਧੋਖੇ ਦਾ ਜਵਾਬ ਦੇਣਗੇ ਅਤੇ 4 ਜੂਨ ਨੂੰ ਦੁਨੀਆ ਸਾਹਮਣੇ ਇਹ ਸਪੱਸ਼ਟ ਹੋ ਜਾਵੇਗਾ ਕਿ ਪੰਜਾਬੀ ਧੋਖੇਬਾਜ਼ਾਂ ਨੂੰ ਨਹੀਂ ਛੱਡਦੇ।

ਜਲੰਧਰ ਤੋਂ ਆਪ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼ਾਹਕੋਟ ਦੇ ਲੋਕਾਂ ਦਾ ਭਾਰੀ ਸਮਰਥਨ ਲਈ ਧੰਨਵਾਦ ਕੀਤਾ। ਟੀਨੂੰ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਰਗੇ ਉਤਸ਼ਾਹੀ ਨੌਜਵਾਨਾਂ ਦਾ ਸਮਰਥਨ ਨਹੀਂ ਹੈ। ਆਮ ਆਦਮੀ ਪਾਰਟੀ ਉਹ ਪਾਰਟੀ ਹੈ, ਜਿਸ 'ਤੇ ਸਾਡੇ ਨੌਜਵਾਨ ਭਰੋਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਆਪਣੇ 25 ਸਾਲਾਂ ਦੇ ਸਿਆਸੀ ਕਰੀਅਰ ਵਿੱਚ ਉਨ੍ਹਾਂ ਨੇ ਕਦੇ ਵੀ ਕਿਸੇ ਵੀ ਆਗੂ ਲਈ ਐਨਾ ਪਿਆਰ, ਸਮਰਥਨ ਅਤੇ ਉਤਸ਼ਾਹ ਨਹੀਂ ਦੇਖਿਆ, ਜਿੰਨਾ ਉਹ ਮੁੱਖ ਮੰਤਰੀ ਭਗਵੰਤ ਮਾਨ ਲਈ ਦੇਖ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ ਦੀ ਪ੍ਰਧਾਨਗੀ ਹੇਠ 70 ਬੱਸਾਂ ਅਤੇ 110 ਕਾਰਾਂ ਦੇ ਕਾਫ਼ਲੇ ਵਿੱਚ ਸੈਂਕੜੇ ਵਰਕਰ ਐਮ.ਪੀ ਹੰਸਰਾਜ ਹੰਸ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਰਵਾਨਾ ਹੋਏ

* ਫਰੀਦਕੋਟ ਲੋਕ ਸਭਾ ਹਲਕੇ ਤੋਂ ਐਮ.ਪੀ ਹੰਸਰਾਜ ਹੰਸ ਜਿੱਤ ਕੇ ਮਾਲਵੇ ਵਿੱਚ ਫੁੱਲ ਜਾਣਗੇ ਭਾਰੀ ਬਹੁਮਤ ਨਾਲ : ਡਾ.ਸੀਮੰਤ ਗਰਗ
ਮੋਗਾ, 9 ਮਈ ( ਜਸ਼ਨ ) - ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ:  ਡਾ: ਸੀਮਾਂਤ ਗਰਗ ਦੀ ਪ੍ਰਧਾਨਗੀ ਹੇਠ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਤੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ 70 ਬੱਸਾਂ ਅਤੇ 110 ਕਾਰਾਂ ਦੇ ਕਾਫ਼ਲੇ ਵਿੱਚ ਸੈਂਕੜੇ ਵਰਕਰ ਮੋਗਾ ਤੋਂ  ਫਰੀਦਕੋਟ ਰਵਾਨਾ ਹੋਏ |। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਸਾਬਕਾ ਐੱਸ.ਪੀ. ਮੁਖਤਿਆਰ ਸਿੰਘ, ਜਨਰਲ ਸਕੱਤਰ ਵਿੱਕੀ ਸਿਤਾਰਾ, ਜਨਰਲ ਸਕੱਤਰ ਰਾਹੁਲ ਗਰਗ, ਮਹਿਲਾ ਮੋਰਚਾ ਦੀ ਸੂਬਾਈ ਆਗੂ ਸਰਪੰਚ ਮਨਿੰਦਰ ਕੌਰ ਸਲੀਨਾ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਸੂਦ, ਜਨਰਲ ਸਕੱਤਰ ਕਸ਼ਿਸ਼ ਧਮੀਜਾ, ਮੰਡਲ ਪ੍ਰਧਾਨ ਅਮਿਤ ਗੁਪਤਾ, ਮੀਤ ਪ੍ਰਧਾਨ ਸੋਨੀ ਮੰਗਲਾ, ਭੁਪਿੰਦਰ ਹੈਪੀ, ਹੇਮੰਤ ਸੂਦ। , ਜਤਿੰਦਰ ਚੱਢਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਾਘਾਪੁਰਾਣਾ ਵਾਸੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ ਨੇ ਕਿਹਾ ਕਿ ਸੰਸਦ ਮੈਂਬਰ ਹੰਸਰਾਜ ਹੰਸ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਭਾਜਪਾ ਅਧਿਕਾਰੀਆਂ ਤੇ ਵਰਕਰਾਂ 'ਚ ਮਿਲੇ ਉਤਸ਼ਾਹ ਨੇ ਸਾਬਤ ਕਰ ਦਿੱਤਾ ਹੈ ਕਿ ਸੰਸਦ ਮੈਂਬਰ ਹੰਸਰਾਜ ਹੰਸ ਦੀ ਹੀ ਚੋਣ ਹੋਵੇਗੀ | ਮਾਲਵੇ ਤੋਂ ਲੋਕ ਸਭਾ ਫਰੀਦਕੋਟ ਤੋਂ ਜਿੱਤ ਕੇ ਹਲਕਾ ਕਮਲ ਦਾ ਫੁੱਲ ਖਿਲਾਰੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਹਰ ਵਰਗ ਦੇ ਗਰੀਬਾਂ ਅਤੇ ਲੋਕਾਂ ਲਈ ਮੁੜ ਸ਼ੁਰੂ ਕੀਤੀਆਂ ਸਕੀਮਾਂ ਅਤੇ ਲੋਕਾਂ ਨੂੰ ਜ਼ਮੀਨੀ ਪੱਧਰ 'ਤੇ ਉਨ੍ਹਾਂ ਦਾ ਲਾਭ ਮਿਲਣ ਕਾਰਨ ਲੋਕ ਭਾਜਪਾ ਵੱਲ ਆਉਣ ਲਈ ਮਜਬੂਰ ਹੋ ਰਹੇ ਹਨ ਅਤੇ ਪੰਜਾਬ 'ਚ ਭਾਜਪਾ ਨੂੰ ਮਜ਼ਬੂਤ ਕਰਨਗੇ | . ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿੜ ਸੰਕਲਪ ਨਾਲ ਅਯੁੱਧਿਆ 'ਚ ਭਗਵਾਨ ਸ਼੍ਰੀ ਰਾਮ ਦਾ ਵਿਸ਼ਾਲ ਮੰਦਰ ਬਣਾਇਆ ਗਿਆ ਹੈ, ਜਿਸ ਨਾਲ ਦੇਸ਼-ਵਿਦੇਸ਼ 'ਚ ਹਿੰਦੂਆਂ ਦਾ ਸਤਿਕਾਰ ਵਧਿਆ ਹੈ, ਉੱਥੇ ਹੀ ਹਿੰਦੂਆਂ 'ਚ ਨਵੀਂ ਜਾਗ੍ਰਿਤੀ ਪੈਦਾ ਹੋਈ ਹੈ। ਹਰ ਪਾਸੇ ਜੈ ਸ਼੍ਰੀ ਰਾਮ ਦੇ ਨਾਅਰੇ ਲੱਗ ਰਹੇ ਹਨ। ਇਸ ਲਈ ਇਹ ਤੈਅ ਹੈ ਕਿ ਭਾਜਪਾ ਪੰਜਾਬ ਲੋਕ ਸਭਾ ਚੋਣਾਂ ਵਿਚ ਵੱਡੀ ਗਿਣਤੀ ਵਿਚ ਉਮੀਦਵਾਰਾਂ ਨਾਲ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 1 ਜੂਨ ਨੂੰ ਭਾਜਪਾ ਦੇ ਕਮਲ ਦੇ ਫੁੱਲ ਦੇ ਚੋਣ ਨਿਸ਼ਾਨ 'ਤੇ ਵੋਟ ਪਾ ਕੇ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਜੇਤੂ ਬਣਾਉਣ, ਤਾਂ ਜੋ ਸਾਡੇ ਇਲਾਕੇ ਦੀ ਆਵਾਜ਼ ਲੋਕ ਸਭਾ 'ਚ ਬੁਲੰਦ ਹੋ ਸਕੇ, ਜਿਸ ਨੂੰ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵੀ ਜੇਤੂ ਐੱਮ.ਪੀ. 70 ਸਾਲਾਂ ਤੋਂ ਨਹੀਂ ਚੁੱਕਿਆ। ਉਨ੍ਹਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਵੱਡੀ ਗਿਣਤੀ ’ਚ ਪੁੱਜੇ ਭਾਜਪਾ ਆਗੂਆਂ, ਅਧਿਕਾਰੀਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ

ਵਿਧਾਇਕ ਲਾਡੀ ਢੋਂਸ ਅਤੇ ਡਾ. ਅਮਨਦੀਪ ਕੌਰ ਨਾਲ ਕਰਮਜੀਤ ਨੇ ਧਰਮਕੋਟ ਦੇ ਪਿੰਡਾਂ ਅਤੇ ਮੋਗਾ ‘ਚ ਕੀਤਾ ਪ੍ਰਚਾਰ

ਹਰ ਘਰ ਦੀ ਆਰਥਿਕ ਖ਼ੁਸ਼ਹਾਲੀ ਲਈ ਕਰਾਂਗਾ ਕੰਮ - ਕਰਮਜੀਤ ਅਨਮੋਲ

ਧਰਮਕੋਟ/ ਮੋਗਾ, 9 ਮਈ   ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਬਣ ਕੇ ਹਰੇਕ ਘਰ ਦੀ ਆਰਥਿਕ ਤਰੱਕੀ ਲਈ ਕੰਮ ਕਰਨਗੇ। ਇਸ ਮਕਸਦ ਦੀ ਪੂਰਤੀ ਲਈ ਇਲਾਕੇ ਵਿੱਚ ਖੇਤੀਬਾੜੀ ‘ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਿਤ ਕਰਨਗੇ ਅਤੇ ਨੌਜਵਾਨਾਂ ਲਈ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈਲਪਮੈਂਟ ਸੈਂਟਰ) ਬਣਾਉਣ ਨੂੰ ਉਨ੍ਹਾਂ ਆਪਣਾ ਮੁੱਖ ਟੀਚਾ ਦੱਸਿਆ।ਕਰਮਜੀਤ ਅਨਮੋਲ ਵੀਰਵਾਰ ਨੂੰ ਪਹਿਲਾਂ ਧਰਮਕੋਟ ਦੇ ਪਿੰਡਾਂ ਅਤੇ ਬਾਅਦ ਵਿੱਚ ਮੋਗਾ ਸ਼ਹਿਰ ਅੰਦਰ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਅਤੇ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਮੌਜੂਦ ਸਨ। ਪਹਿਲਾਂ ਵਾਂਗ ਅੱਜ ਵੀ ਕਰਮਜੀਤ ਦੇ ਹੱਕ ਵਿੱਚ ਨਾਮੀ ਫ਼ਿਲਮ ਸਿਤਾਰੇ ਅਤੇ ਗਾਇਕ ਮੈਦਾਨ ‘ਚ ਉੱਤਰੇ ਹੋਏ ਸਨ। ਅਦਾਕਾਰ ਕਰਤਾਰ ਚੀਮਾ, ਮਲਕੀਤ ਰੌਣੀ, ਹਰਭਜਨ ਸ਼ੇਰਾ ਅਤੇ ਰਵਿੰਦਰ ਮੰਡ ਨੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਤਕਰੀਰਾਂ ਕੀਤੀਆਂ ਅਤੇ ਵੋਟਾਂ ਮੰਗੀਆਂ।ਆਪਣੇ ਭਾਸ਼ਣਾਂ ‘ਚ ਕਰਮਜੀਤ ਨੇ ਕਿਹਾ ਕਿ ਖੇਤੀ ਪ੍ਰਧਾਨ ਇਲਾਕਾ ਹੋਣ ਦੇ ਨਾਤੇ ਮੋਗਾ ਧਰਮਕੋਟ ‘ਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਮੇਂ ਦੀ ਮੁੱਖ ਲੋੜ ਹੈ। ਇਸ ਦੀ ਸਥਾਪਤੀ ਨਾਲ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ-ਕਾਰੋਬਾਰੀਆਂ ਦੀ ਸਿੱਧੇ ਤੌਰ ‘ਤੇ ਆਰਥਿਕ ਤਰੱਕੀ ਹੋਵੇਗੀ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਣਾ ਉਨ੍ਹਾਂ ਦਾ ਮੁੱਖ ਮਿਸ਼ਨ ਹੈ, ਕਿਉਂਕਿ ਹੱਥ ਦੇ ਹੁਨਰ ਵਾਲਾ ਕੋਈ ਵੀ ਇਨਸਾਨ ਵੇਲਾ ਜਾਂ ਬੇਰੁਜ਼ਗਾਰ ਨਹੀਂ ਰਹਿੰਦਾ, ਸਗੋਂ ਦੂਸਰਿਆਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਬਣਦਾ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ‘ਚ ਹਰ ਵਰਗ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀਆਂ ਲਈ ਖੋਲੇ ਮੁਫ਼ਤ ਯੂਪੀਐਸਸੀ ਕੋਚਿੰਗ ਸੈਂਟਰ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਨਾਲ ਇਲਾਕੇ ‘ਚ ਆਪਣੇ ਪੀਸੀਐਸ ਅਤੇ ਆਈਐਸ ਅਫਸਰ ਪੈਦਾ ਹੋਣਗੇ।ਆਪਣੇ ਭਾਸ਼ਣਾਂ ਵਿੱਚ ਵਿਧਾਇਕ ਲਾਡੀ ਢੋਂਸ ਅਤੇ ਡਾ. ਅਮਨਦੀਪ ਕੌਰ ਅਰੋੜਾ ਨੇ ਮਾਨ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਖੁੱਲ੍ਹੇ ਫੰਡਾ ਦੀ ਜਾਣਕਾਰੀ ਦਿੰਦੇ ਹੋਏ ਦੋ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਘਰਾਂ ਤੇ ਖੇਤਾਂ ਲਈ ਦਿੱਤੀ ਮੁਫ਼ਤ ਅਤੇ ਆਮੋ ਆਮ ਬਿਜਲੀ ਅਤੇ ਟੇਲਾਂ ‘ਚ ਆਮੋ ਆਮ ਕੀਤੇ ਨਹਿਰੀ ਪਾਣੀ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।ਉੱਘੇ ਫ਼ਿਲਮਕਾਰ ਕਰਤਾਰ ਚੀਮਾ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਮਜੀਤ ਅਨਮੋਲ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹਨ। ਜੋ ਤੁਹਾਡੇ ਸਹੀ ਨੁਮਾਇੰਦੇ ਹਨ। ਇਸ ਲਈ ਉਹ ਹੀ ਤੁਹਾਡੇ ਵੋਟ ਦੇ ਹੱਕਦਾਰ ਹਨ।ਹਰਭਜਨ ਸ਼ੇਰਾਂ ਨੇ ਕਿਹਾ ਕਿ ਕਰਮਜੀਤ ਅਨਮੋਲ ਇਸ ਇਲਾਕੇ ਦੇ ਸੰਸਾਰ ਪ੍ਰਸਿੱਧ ਹਸਤੀ ਮਰਹੂਮ ਕੁਲਦੀਪ ਮਾਣਕ ਜੀ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇਹਨਾਂ ਦੀ ਨਿਮਰਤਾ ਅਤੇ ਸੱਚੀ-ਸੁੱਚੀ ਨੀਅਤ ਸਦਕਾ ਹੀ ਇਹ ਫ਼ਿਲਮਾਂ ਅਤੇ ਗਾਇਕੀ ਦੀ ਦੁਨੀਆ ਵਿੱਚ ਸਿਖ਼ਰਾਂ ‘ਤੇ ਪਹੁੰਚੇ ਹਨ ਅਤੇ ਤੁਸੀਂ ਹੁਣ ਉਨ੍ਹਾਂ ਨੂੰ ਦੇਸ਼ ਦੀ ਸਿਆਸਤ ਦੇ ਸਭ ਤੋਂ ਉੱਚੇ ਅਤੇ ਸੁੱਚੇ ਮੰਦਰ ਵਿੱਚ ਪਹੁੰਚਾਉਣਾ ਹੈ।ਫ਼ਿਲਮਾਂ ਤੇ ਰੰਗ ਮੰਚ ਦੇ ਅਦਾਕਾਰਾ ਮਲਕੀਤ ਸਿੰਘ ਰੋਣੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਰਮਜੀਤ ਅਨਮੋਲ ਆਮ ਘਰਾਂ ਚੋਂ ਉੱਠ ਕੇ ਕਲਾ ਦੀ ਦੁਨੀਆ ਵਿੱਚ ਪਹੁੰਚੇ ਹਨ ਅਤੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਇਸ ਹਲਕੇ ਤੋਂ ਟਿਕਟ ਦੇ ਕੇ ਤੁਹਾਡੀ ਸੇਵਾ ਕਰਨ ਦਾ ਅਵਸਰ ਸੌਂਪਿਆ ਹੈ। ਜਿਸ ਉੱਪਰ ਫੁੱਲ ਚੜ੍ਹਾਉਣ ਦੀ ਲੋੜ ਹੈ।ਅੱਜ ਦੀਆਂ ਚੋਣ ਰੈਲੀਆਂ ਦੌਰਾਨ ਧਰਮਕੋਟ ਦੇ ਪਿੰਡ ਲੁਹਾਰ, ਵਰ੍ਹੇ, ਜਨੇਰ, ਖੋਸਾ, ਮਨਾਵਾਂ, ਦੌਲੇ ਵਾਲ, ਮਸੀਤਾਂ ਸਮੇਤ ਕੋਈ ਢਾਈ ਦਰਜਨ ਪਿੰਡਾਂ ਵਿਚ ਜਨ ਸਭਾਵਾਂ ਹੋਈਆਂ, ਜਿੱਥੇ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।

 

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਭਗਵਾਨ ਪਰਸ਼ੂਰਾਮ ਜੈਅੰਤੀ ਤੇ ਅੰਤਰਰਾਸ਼ਟਰੀ ਮਾਂ ਦਿਵਸ ਮਨਾਇਆ ਗਿਆ

ਮੋਗਾ, 9 ਮਈ (ਜਸ਼ਨਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਵਾਈਸ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਮੈਡਮ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪਰਸ਼ੂਰਾਮ ਜੈਅੰਤੀ ਅਤੇ ਅੰਤਰਰਾਸ਼ਟਰੀ ਮਾਂ ਦਿਵਸ ਮਨਾਇਆ ਗਿਆ। ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਸਕੂਲ ਦੀ ਹਿੰਦੀ ਅਧਿਆਪਕਾ ਕਰਮਜੀਤ ਕੌਰ ਨੇ ਭਗਵਾਨ ਪਰਸ਼ੂਰਾਮ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਨਰਸਰੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਮਾਂ ਦਿਵਸ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲਿਆ। ਉਹਨਾਂ ਨੇ ਆਪਣੀ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਸੁੰਦਰ ਕਾਰਡ ਬਣਾਇਆ ਅਤੇ ਕਵਿਤਾਵਾਂ ਲਿਖੀਆਂ। ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਾਂ ਦਿਵਸ ਹਰ ਸਾਲ ਮਈ ਮਹੀਨੇ ਦੇ ਦੂਜੇ  ਐਤਵਾਰ ਨੂੰ ਮਨਾਇਆ ਜਾਂਦਾ ਹੈ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਐਤਵਾਰ ਨੂੰ ਘਰ ਵਿੱਚ ਹੀ ਆਪਣੀ ਮਾਂ ਦੇ ਲਈ ਆਪਣਾ ਪਿਆਰ ਪ੍ਰਗਟ ਕਰਦੇ ਹੋਏ ਮਾਂ ਦੇ ਲਈ ਉਸ ਦਾ ਮਨ ਪਸੰਦ ਖਾਣਾ ਤਿਆਰ ਕਰਨਗੇ । ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਮੈਡਮ ਹਰਪ੍ਰੀਤ ਕੌਰ ਨੇ ਸਾਰੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ  ਕੀਤੀ।

ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ

ਸ੍ਰੀ ਅਨੰਦਪੁਰ ਸਾਹਿਬ, 9 ਮਈ (ਪੱਤਰ ਪ੍ਰੇਰਕ) : ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਸੂਬਾ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਮੰਦਿਰ ਵਿਖੇ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਧਰਤੀ ਭਗਤੀ ਅਤੇ ਸ਼ਕਤੀ ਦੇ ਸਿਧਾਂਤਾਂ ਦੀ ਮਾਂ ਹੈ ਅਤੇ ਉਹ ਇਸ ਤੋਂ ਪ੍ਰੇਰਨਾ ਲੈ ਕੇ ਇਲਾਕੇ ਦੇ ਲੋਕਾਂ ਦੀ ਪੂਰੀ ਤਾਕਤ ਨਾਲ ਸੇਵਾ ਕਰਨਗੇ | ਓਹਨਾ ਨੇ ਕਿਹਾ ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਜ਼ਰੂਰ ਮਿਲੇਗਾ। ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਲੋਕਤੰਤਰ ਵਿੱਚ ਫੈਸਲਾ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ। ਅਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਸਾਨੂੰ ਭਰੋਸਾ ਹੈ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ਰਿਕਾਰਡ ਤੋੜ ਬਹੁਮਤ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦੇ ਹਨ ਕਿ ਉਨ੍ਹਾਂ ਨੂੰ ਗੁਰੂ ਨਗਰੀ ਦੀ ਸੇਵਾ ਕਰਨ ਲਈ ਪਾਰਟੀ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਡਾ: ਸੁਭਾਸ਼ ਨੇ ਕਿਹਾ ਕਿ ਅੱਜ ਮੈਂ ਗੁਰੂ ਨਗਰੀ ਦੇ ਵਿਕਾਸ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਹੈ ਅਤੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੀ ਮੈਂ ਇੱਥੋਂ ਚੋਣ ਲੜਨ ਜਾ ਰਿਹਾ ਹਾਂ | ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਵਿਸ਼ਵ ਪ੍ਰਸਿੱਧ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਬੰਗਲੁਰੂ ਵਾਂਗ ਮੋਹਾਲੀ ਨੂੰ ਵੀ ਆਈਟੀ ਹੱਬ ਵਜੋਂ ਤਰੱਕੀ ਕਰਨੀ ਚਾਹੀਦੀ ਹੈ ਅਤੇ ਮੈਂ ਇਸ ਲਈ ਯਕੀਨੀ ਤੌਰ 'ਤੇ ਉਪਰਾਲੇ ਕਰਾਂਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮਿਥਿਹਾਸਕ ਅਤੇ ਗੌਰਵਮਈ ਇਤਿਹਾਸ ਦੀ ਗਵਾਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਵਾਤਾਵਰਨ ਕਮਲ ਦੇ ਖਿੜਨ ਲਈ ਪੂਰੀ ਤਰ੍ਹਾਂ ਅਨੁਕੂਲ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਥਾਨਕ ਲੋਕ ਹਾਜ਼ਰ ਸਨ।

ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਈ ਗਈ ‘ਪਰਸ਼ੂਰਾਮ ਜਯੰਤੀ’

ਮੋਗਾ, 9 ਮਈ (ਜਸ਼ਨਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗਰੁੱਪ ਚੇਅਰਮੈਨ ਡਾ. ਸਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਮਨਾਈ ਗਈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਭਾਗਵਾਨ ਪਰਸ਼ੂਰਾਮ ਜੀ ਨਾਲ ਸੰਬੰਧਤ ਚਾਰਟ ਅਤੇ ਉਹਨਾਂ ਬਾਰੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਗਏ। ਉੇਹਨਾਂ ਦੱਸਿਆ ਕਿ ਪਰਸ਼ੂਰਾਮ ਜਯੰਤੀ ਹਰ ਸਾਲ ਪੰਜਾਬੀ ਮਹੀਨੇ ਵੈਸਾਖ ਦੀ ਤੀਜੀ ਤਿੱਥ ਤੇ ਮਨਾਈ ਜਾਂਦੀ ਹੈ। ਭਗਵਾਰ ਪਰਸ਼ੂਰਾਮ ਦੇ ਪਿਤਾ ਦਾ ਨਾਮ ਜਮਦਗਨਿ ਅਤੇ ਮਾਤਾ ਦਾ ਨਾਮ ਰੇਨੂਕਾ ਸੀ। ਇਹਨਾਂ ਦਾ ਜਨਮ ਭਾਰਗਵ ਵੰਸ਼ ਵਿੱਚ ਹੋਇਆ ਸੀ ਅਤੇ ਉਹ ਵਿਸ਼ਨੂੰ ਭਗਵਾਨ ਦੇ ਛੇਵੇਂ ਅਵਤਾਰ ਸਨ। ਉਹਨਾਂ ਦਾ ਜਨਮ ਤਰੇਤਾਯੁਗ ਵਿੱਚ ਹੋਇਆ ਸੀ। ਉਹਨਾਂ ਦੀ ਗਿਣਤੀ ਮਹਾਰਿਸ਼ੀ ਵੇਦ ਵਿਆਸ, ਅਸ਼ਵਤਥਾਮਾ, ਰਾਜਾ ਬਲਿ, ਭਗਵਾਨ ਹਨੂਮਾਨ, ਕਰਿਪਚਾਰਿਆ, ਰਾਜਾ ਮਾਰਕਂਡੇਯ, ਵਿਭੀਸ਼ਨ ਸਮੇਤ ਉਹਨਾਂ ਅੱਠ ਕਿਰਦਾਰਾਂ ਵਿੱਚ ਹੁੰਦੀ ਹੈ ਜਿੰਨ੍ਹਾਂ ਨੂੰ ਕਾਲਾੰਤਰ ਤੱਕ ਅਮਰ ਮੰਨਿਆ ਜਾਂਦਾ ਹੈ। ਉਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਕ੍ਰੋਧੀ ਸੁਭਾਅ ਦੇ ਸਨ ਅਤੇ ਉਹਨਾਂ ਨੇ 21 ਵਾਰ ਇਸ ਧਰਤੀ ਤੋਂ ਕਸ਼ਤਰੀ ਰਾਜਿਆਂ ਦਾ ਅੰਤ ਕਰ ਦਿੱਤਾ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਜਦੋਂ ਵੀ ਕਿਸੇ ਮਹਾਨ ਸ਼ਖਸੀਅਤ ਨਾਲ ਸੰਬੰਧਤ ਕੋਈ ਦਿਹਾੜਾ ਆਉਂਦਾ ਹੈ ਤਾਂ ਸਕੂਲ਼ ਵਿੱਚ ਉਸਨੂੰ ਜ਼ਰੂਰ ਮਨਾਇਆ ਜਾਂਦਾ ਹੈ ਤਾਂ ਜੋ ਇਸ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਹੋ ਸਕੇ ਅਤੇ ਉਹਨਾਂ ਮਹਾਨ ਸ਼ਖਸੀਅਤਾਂ ਦੇ ਜੀਵਨ ਆਚਰਨ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਆਪਣੇ ਜੀਵਨ ਨੂੰ ਵੀ ਚੰਗੀ ਸੇਧ ਦੇ ਸਕਣ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।