ਵਿਧਾਇਕ ਲਾਡੀ ਢੋਂਸ ਅਤੇ ਡਾ. ਅਮਨਦੀਪ ਕੌਰ ਨਾਲ ਕਰਮਜੀਤ ਨੇ ਧਰਮਕੋਟ ਦੇ ਪਿੰਡਾਂ ਅਤੇ ਮੋਗਾ ‘ਚ ਕੀਤਾ ਪ੍ਰਚਾਰ

ਹਰ ਘਰ ਦੀ ਆਰਥਿਕ ਖ਼ੁਸ਼ਹਾਲੀ ਲਈ ਕਰਾਂਗਾ ਕੰਮ - ਕਰਮਜੀਤ ਅਨਮੋਲ

ਧਰਮਕੋਟ/ ਮੋਗਾ, 9 ਮਈ   ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਬਣ ਕੇ ਹਰੇਕ ਘਰ ਦੀ ਆਰਥਿਕ ਤਰੱਕੀ ਲਈ ਕੰਮ ਕਰਨਗੇ। ਇਸ ਮਕਸਦ ਦੀ ਪੂਰਤੀ ਲਈ ਇਲਾਕੇ ਵਿੱਚ ਖੇਤੀਬਾੜੀ ‘ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਿਤ ਕਰਨਗੇ ਅਤੇ ਨੌਜਵਾਨਾਂ ਲਈ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈਲਪਮੈਂਟ ਸੈਂਟਰ) ਬਣਾਉਣ ਨੂੰ ਉਨ੍ਹਾਂ ਆਪਣਾ ਮੁੱਖ ਟੀਚਾ ਦੱਸਿਆ।ਕਰਮਜੀਤ ਅਨਮੋਲ ਵੀਰਵਾਰ ਨੂੰ ਪਹਿਲਾਂ ਧਰਮਕੋਟ ਦੇ ਪਿੰਡਾਂ ਅਤੇ ਬਾਅਦ ਵਿੱਚ ਮੋਗਾ ਸ਼ਹਿਰ ਅੰਦਰ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਅਤੇ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਮੌਜੂਦ ਸਨ। ਪਹਿਲਾਂ ਵਾਂਗ ਅੱਜ ਵੀ ਕਰਮਜੀਤ ਦੇ ਹੱਕ ਵਿੱਚ ਨਾਮੀ ਫ਼ਿਲਮ ਸਿਤਾਰੇ ਅਤੇ ਗਾਇਕ ਮੈਦਾਨ ‘ਚ ਉੱਤਰੇ ਹੋਏ ਸਨ। ਅਦਾਕਾਰ ਕਰਤਾਰ ਚੀਮਾ, ਮਲਕੀਤ ਰੌਣੀ, ਹਰਭਜਨ ਸ਼ੇਰਾ ਅਤੇ ਰਵਿੰਦਰ ਮੰਡ ਨੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਤਕਰੀਰਾਂ ਕੀਤੀਆਂ ਅਤੇ ਵੋਟਾਂ ਮੰਗੀਆਂ।ਆਪਣੇ ਭਾਸ਼ਣਾਂ ‘ਚ ਕਰਮਜੀਤ ਨੇ ਕਿਹਾ ਕਿ ਖੇਤੀ ਪ੍ਰਧਾਨ ਇਲਾਕਾ ਹੋਣ ਦੇ ਨਾਤੇ ਮੋਗਾ ਧਰਮਕੋਟ ‘ਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਮੇਂ ਦੀ ਮੁੱਖ ਲੋੜ ਹੈ। ਇਸ ਦੀ ਸਥਾਪਤੀ ਨਾਲ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ-ਕਾਰੋਬਾਰੀਆਂ ਦੀ ਸਿੱਧੇ ਤੌਰ ‘ਤੇ ਆਰਥਿਕ ਤਰੱਕੀ ਹੋਵੇਗੀ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਣਾ ਉਨ੍ਹਾਂ ਦਾ ਮੁੱਖ ਮਿਸ਼ਨ ਹੈ, ਕਿਉਂਕਿ ਹੱਥ ਦੇ ਹੁਨਰ ਵਾਲਾ ਕੋਈ ਵੀ ਇਨਸਾਨ ਵੇਲਾ ਜਾਂ ਬੇਰੁਜ਼ਗਾਰ ਨਹੀਂ ਰਹਿੰਦਾ, ਸਗੋਂ ਦੂਸਰਿਆਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਬਣਦਾ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ‘ਚ ਹਰ ਵਰਗ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀਆਂ ਲਈ ਖੋਲੇ ਮੁਫ਼ਤ ਯੂਪੀਐਸਸੀ ਕੋਚਿੰਗ ਸੈਂਟਰ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਨਾਲ ਇਲਾਕੇ ‘ਚ ਆਪਣੇ ਪੀਸੀਐਸ ਅਤੇ ਆਈਐਸ ਅਫਸਰ ਪੈਦਾ ਹੋਣਗੇ।ਆਪਣੇ ਭਾਸ਼ਣਾਂ ਵਿੱਚ ਵਿਧਾਇਕ ਲਾਡੀ ਢੋਂਸ ਅਤੇ ਡਾ. ਅਮਨਦੀਪ ਕੌਰ ਅਰੋੜਾ ਨੇ ਮਾਨ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਖੁੱਲ੍ਹੇ ਫੰਡਾ ਦੀ ਜਾਣਕਾਰੀ ਦਿੰਦੇ ਹੋਏ ਦੋ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਘਰਾਂ ਤੇ ਖੇਤਾਂ ਲਈ ਦਿੱਤੀ ਮੁਫ਼ਤ ਅਤੇ ਆਮੋ ਆਮ ਬਿਜਲੀ ਅਤੇ ਟੇਲਾਂ ‘ਚ ਆਮੋ ਆਮ ਕੀਤੇ ਨਹਿਰੀ ਪਾਣੀ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।ਉੱਘੇ ਫ਼ਿਲਮਕਾਰ ਕਰਤਾਰ ਚੀਮਾ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਮਜੀਤ ਅਨਮੋਲ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹਨ। ਜੋ ਤੁਹਾਡੇ ਸਹੀ ਨੁਮਾਇੰਦੇ ਹਨ। ਇਸ ਲਈ ਉਹ ਹੀ ਤੁਹਾਡੇ ਵੋਟ ਦੇ ਹੱਕਦਾਰ ਹਨ।ਹਰਭਜਨ ਸ਼ੇਰਾਂ ਨੇ ਕਿਹਾ ਕਿ ਕਰਮਜੀਤ ਅਨਮੋਲ ਇਸ ਇਲਾਕੇ ਦੇ ਸੰਸਾਰ ਪ੍ਰਸਿੱਧ ਹਸਤੀ ਮਰਹੂਮ ਕੁਲਦੀਪ ਮਾਣਕ ਜੀ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇਹਨਾਂ ਦੀ ਨਿਮਰਤਾ ਅਤੇ ਸੱਚੀ-ਸੁੱਚੀ ਨੀਅਤ ਸਦਕਾ ਹੀ ਇਹ ਫ਼ਿਲਮਾਂ ਅਤੇ ਗਾਇਕੀ ਦੀ ਦੁਨੀਆ ਵਿੱਚ ਸਿਖ਼ਰਾਂ ‘ਤੇ ਪਹੁੰਚੇ ਹਨ ਅਤੇ ਤੁਸੀਂ ਹੁਣ ਉਨ੍ਹਾਂ ਨੂੰ ਦੇਸ਼ ਦੀ ਸਿਆਸਤ ਦੇ ਸਭ ਤੋਂ ਉੱਚੇ ਅਤੇ ਸੁੱਚੇ ਮੰਦਰ ਵਿੱਚ ਪਹੁੰਚਾਉਣਾ ਹੈ।ਫ਼ਿਲਮਾਂ ਤੇ ਰੰਗ ਮੰਚ ਦੇ ਅਦਾਕਾਰਾ ਮਲਕੀਤ ਸਿੰਘ ਰੋਣੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਰਮਜੀਤ ਅਨਮੋਲ ਆਮ ਘਰਾਂ ਚੋਂ ਉੱਠ ਕੇ ਕਲਾ ਦੀ ਦੁਨੀਆ ਵਿੱਚ ਪਹੁੰਚੇ ਹਨ ਅਤੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਇਸ ਹਲਕੇ ਤੋਂ ਟਿਕਟ ਦੇ ਕੇ ਤੁਹਾਡੀ ਸੇਵਾ ਕਰਨ ਦਾ ਅਵਸਰ ਸੌਂਪਿਆ ਹੈ। ਜਿਸ ਉੱਪਰ ਫੁੱਲ ਚੜ੍ਹਾਉਣ ਦੀ ਲੋੜ ਹੈ।ਅੱਜ ਦੀਆਂ ਚੋਣ ਰੈਲੀਆਂ ਦੌਰਾਨ ਧਰਮਕੋਟ ਦੇ ਪਿੰਡ ਲੁਹਾਰ, ਵਰ੍ਹੇ, ਜਨੇਰ, ਖੋਸਾ, ਮਨਾਵਾਂ, ਦੌਲੇ ਵਾਲ, ਮਸੀਤਾਂ ਸਮੇਤ ਕੋਈ ਢਾਈ ਦਰਜਨ ਪਿੰਡਾਂ ਵਿਚ ਜਨ ਸਭਾਵਾਂ ਹੋਈਆਂ, ਜਿੱਥੇ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।