ਮਜ਼ਦੂਰ ਦਿਵਸ ‘ਤੇ ਡਾ. ਹਰਬੰਸ ਕੌਰ ਗਿੱਲ ਦੀ ਕਵਿਤਾ

ਮਜ਼ਦੂਰ
ਐ ਗਣਤੰਤਰ ਦੇਸ਼ ਪਿਆਰੇ,
ਸਾਡੀ ਸਭ ਦੀ ਅੱਖ ਦੇ ਤਾਰੇ,
ਮੈਨੂੰ ਤਾਂ ਤੂੰ ਏਨਾ ਦੱਸ ਦੇ,
ਕੀ ਮਜ਼ਦੂਰ ਮਨੁੱਖ ਨਹੀਂ ਹੁੰਦੇ?
ਕੀ ਉਹਨਾਂ ਦੇ ਲੇਖਾਂ ਦੇ ਵਿੱਚ,
ਕੰਮ ਕਾਰਾਂ ਨਾਲ ਘੁਲਣਾ ਲਿਖਿਆ?
ਕੀ ਮਿੱਟੀ ਵਿੱਚ ਮਿੱਟੀ ਹੋ ਕੇ
ਥਾਂ ਥਾਂ ਜਾ ਕੇ ਰੁਲਣਾ ਲਿਖਿਆ,?
ਆਸਾਂ ਖੁਆਸਾਂ ਦਿਲ ਵਿਚ ਦੱਬ ਕੇ,
ਗੁਜ਼ਾਰਾ ਆਪਣਾ ਕਰ ਲੈਂਦੇ ਨੇ।
ਉਹ ਵੀ ਡੰਗਰਾਂ ਢੋਰਾਂ ਵਾਂਗੂੰ,
ਜੋ ਮਿਲਦਾ ਢਿੱਡ ਭਰ ਲੈਂਦੇ ਨੇ।
ਮੈਂ ਤਾਂ ਸੁਣਿਆ ਗਣਤੰਤਰ ਵਿਚ,
ਜੀਣ ਦਾ ਸਾਵਾਂ ਹੱਕ ਹੁੰਦਾ ਏ।
ਕੀ ਮਜ਼ਦੂਰਾਂ ਵਿੱਚ ਲਹੂ ਨਹੀਂ ਹੁੰਦਾ,
ਉਸਦਾ ਰੰਗ ਕੋਈ ਵੱਖ ਹੁੰਦਾ ਏ,?
ਸੜਕ ਕਿਨਾਰੇ ਸੌ ਜਾਂਦੇ ਨੇ,
ਕੀ ਉਨ੍ਹਾਂ ਲਈ ਹੋਰ ਥਾਂ ਨਈ ਹੁੰਦਾ?
ਮਜ਼ਦੂਰ ਗੱਡੀ ਹੇਠਾਂ ਮਰ ਗਏ,
ਕੀ ਇਨ੍ਹਾਂ ਦਾ ਕੋਈ ਨਾਂ ਨਈ ਹੁੰਦਾ?
ਮਜ਼ਦੂਰ ਨੇ ਇਸ ਦੇਸ਼ ਦੇ ਵਾਰਿਸ,
ਇਹ ਚੁੱਪ ਕਰਕੇ ਨਾ ਹੁਣ ਬਹਿਣਗੇ।
ਇਕ ਹੱਥ ਡੰਡਾ, ਦੂਜੇ ਝੰਡਾ ਫੜ ਕੇ,
ਬਰਾਬਰ ਜਿਊਂਣ ਦਾ ਹੱਕ ਲੈਣਗੇ।
ਡਾ ਹਰਬੰਸ ਕੌਰ ਗਿੱਲ
9646449871


