ਪੰਜਾਬ ਭਰ ਦੇ ਪੱਤਰਕਾਰ 24 ਫਰਵਰੀ ਨੂੰ ਜਲੰਧਰ ਵਿਖੇ ਹੋਣ ਵਾਲੀ ਕਾਨਫਰੰਸ ’ਚ ਕਰਨਗੇ ਸ਼ਮੂਲੀਅਤ : ਬਲਵਿੰਦਰ ਜੰਮੂ ,ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਬਾਰੇ ਹੋਈਆਂ ਅਹਿਮ ਵਿਚਾਰਾਂ

ਕੋਟਕਪੂਰਾ, 1 ਫਰਵਰੀ (ਜਸ਼ਨ):  ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਦੇ ਇੱਥੇ ਪੁੱਜਣ ’ਤੇ ਸਥਾਨਕ ਪੈ੍ਰਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਨਿੱਘਾ ਸੁਆਗਤ ਕੀਤਾ। ਬਲਵਿੰਦਰ ਜੰਮੂ ਨੇ ਪੰਜਾਬ ਭਰ ਦੇ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚੋਣਾਂ ਮੌਕੇ ਪੱਤਰਕਾਰਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਜਰੂਰਤ ਹੀ ਨਹੀਂ ਸਮਝੀ ਗਈ ਤੇ ਸਮੇਂ ਦੀਆਂ ਸਰਕਾਰਾਂ ਆਪਣੇ ਮੈਨੀਫੈਸਟੋਆਂ ’ਚ ਸ਼ਾਮਲ ਕਰਨ ਦੇ ਬਾਵਜੂਦ ਅਕਸਰ ਪੱਤਰਕਾਰਾਂ ਨਾਲ ਮਜਾਕ ਕਰਦੀਆਂ ਰਹਿੰਦੀਆਂ ਹਨ। ਉਨਾ ਦੱਸਿਆ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਸਰਕਾਰ ਵਲੋਂ ਪੱਤਰਕਾਰਾਂ ਨੂੰ ਵਧੇਰੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨਾ ਮੰਗ ਕੀਤੀ ਕਿ ਪੰਜਾਬ ਅੰਦਰ ਪੱਤਰਕਾਰਾਂ ਲਈ ਸੁਰੱਖਿਆ ਕਾਨੂੰਨ ਬਣਾਇਆ ਜਾਵੇ, ਪੰਜਾਬ ਅੰਦਰ ਕੰਮ ਕਰਦੇ ਸਮੂਹ ਫੀਲਡ ਤੇ ਡੈਸਕ ਪੱਤਰਕਾਰਾਂ ਲਈ ਬੱਸ ਸਫਰ ਦੀ ਸਹੂਲਤ ਤੁਰਤ ਲਾਗੂ ਹੋਵੇ, ਸਰਕਾਰ ਵਲੋਂ ਪੱਤਰਕਾਰਾਂ ਨੂੰ ਬੀਮਾ ਸਕੀਮ ਦੀ ਸਹੂਲਤ ’ਚ ਸ਼ਾਮਲ ਕੀਤਾ ਜਾਵੇ ਤਾਂ ਜੋ ਪੱਤਰਕਾਰਾਂ ਦਾ ਕੈਂਸਰ, ਕਾਲਾ ਪੀਲੀਆ, ਹਾਰਟ ਅਟੈਕ ਜਾਂ ਹੋਰ ਗੰਭੀਰ ਬਿਮਾਰੀਆਂ ਮੌਕੇ ਇਲਾਜ ਹੋ ਸਕੇ, ਪੁੱਡਾ ਵਲੋਂ ਲਾਗੂ ਕੀਤੀਆਂ ਜਾਂਦੀਆਂ ਸਕੀਮਾਂ ’ਚ ਪੱਤਰਕਾਰਾਂ ਨੂੰ ਮਕਾਨ ਲੈਣ ਲਈ ਯੋਗਤਾ ਪ੍ਰਦਾਨ ਕੀਤੀ ਜਾਵੇ। ਉਨਾ ਦੱਸਿਆ ਕਿ ਇਹ ਜਥੇਬੰਦੀ ਰਾਸ਼ਟਰੀ ਪੱਧਰ ’ਤੇ ਨੈਸ਼ਨਲ ਜਰਨਲਿਸਟ ਯੂਨੀਅਨ ਨਾਲ ਐਫਲੀਏਟਿਡ ਹੈ। ਉਨਾ ਇਹ ਵੀ ਦੱਸਿਆ ਕਿ 24 ਫਰਵਰੀ ਦਿਨ ਐਤਵਾਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ’ਚ ਹੋਣ ਵਾਲੀ ਕਾਨਫਰੰਸ ’ਚ ਪੰਜਾਬ ਭਰ ਦੇ ਪੱਤਰਕਾਰ ਸ਼ਾਮਲ ਹੋਣਗੇ। ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਵਲੋਂ ਪਿਛਲੇ ਲੰਮੇ ਸਮੇਂ ਤੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਅਤੇ ਮਾਣ-ਸਨਮਾਨ ਦੀ ਬਹਾਲੀ ਵਾਲੇ ਪੋ੍ਰਗਰਾਮ ਉਲੀਕੇ ਜਾ ਰਹੇ ਹਨ। ਉਨਾ ਆਖਿਆ ਕਿ ਜਥੇਬੰਦੀ ਵਲੋਂ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਕੰਮ ਕਰਨ ਵਾਲੇ ਪੱਤਰਕਾਰਾਂ ਨਾਲ ਰਾਬਤਾ ਬਣਾ ਕੇ ਜਿੱਥੇ ਜਥੇਬੰਦੀ ਨੂੰ ਮਜਬੂਤ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ, ਉੱਥੇ ਪਿ੍ਰੰਟ ਜਾਂ ਬਿਜਲਈ ਮੀਡੀਏ ਨਾਲ ਜੁੜੇ ਪੱਤਰਕਾਰਾਂ ਨੂੰ ਜਥੇਬੰਦੀ ਨਾਲ ਜੋੜ ਕੇ ਪੱਤਰਕਾਰਤਾ ਦੇ ਖੇਤਰ ’ਚ ਆ ਰਹੇ ਨਿਘਾਰ ਸਬੰਧੀ ਵਿਚਾਰਾਂ ਕਰਨ ਦੀ ਤਜਵੀਜ ਵੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ, ਅਮਿਤ ਸ਼ਰਮਾ, ਨਰਿੰਦਰ ਬੈੜ, ਹਰਪ੍ਰੀਤ ਸਿੰਘ ਚਾਨਾ, ਸ਼ਾਮ ਲਾਲ ਚਾਵਲਾ, ਭਾਰਤ ਭੂਸ਼ਨ ਆਜ਼ਾਦ, ਗੁਰਮੀਤ ਸਿੰਘ ਮੀਤਾ, ਚਮਨ ਲਾਲ ਰਿੰਕੀ, ਗਗਨਦੀਪ ਜਿੰਦਲ, ਰਾਮ ਕਿਸ਼ਨ ਕਟਾਰੀਆ, ਸੁਰਿੰਦਰ ਦਮਦਮੀ ਆਦਿ ਵੀ ਹਾਜਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ