2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੇ ਵਲੰਟੀਅਰ ਹੀ ਨਹੀਂ ਲੱਭਣੇ:ਸੁਖਜੀਤ ਸਿੰਘ ਕਾਕਾ ਲੋਹਗੜ੍ਹ

ਧਰਮਕੋਟ, 8  ਫਰਵਰੀ (ਜਗਰਾਜ ਸਿੰਘ ਸੰਘਾ) "ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਧੁਰ ਅੰਦਰ ਤੱਕ ਅੱਕੇ ਹੋਏ ਲੋਕ ਹੁਣ ਇਸ ਪਾਰਟੀ ਦੇ ਨਖਿੱਧ ਸ਼ਾਸਨ ਨੂੰ ਪਰੇ ਧੱਕਣ ਲਈ ਪੱਬਾਂ ਭਾਰ ਹੋਏ ਪਏ ਹਨ ਅਤੇ ਕਾਂਗਰਸ ਦੀ ਸਰਕਾਰ ਲਿਆਉਣ ਲਈ ਇਥੋਂ ਤੱਕ ਉਤਸਕ ਹਨ ਕਿ ਸੱਥਾਂ ਵਿੱਚ ਕਾਂਗਰਸ ਦੇ ਅਤੀਤ ਵਾਲੇ ਰਾਜਭਾਗ ਦੇ ਗੁਣ ਗਾਨ ਕਰਕੇ ਲੋਕਾਂ ਨੂੰ ਪ੍ਰੇਰਤ  ਕਰਨ ਜੁੱਟ ਗਏ ਹਨ" । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ  ਨੇ ਇਥੋਂ ਤੱਕ ਕਿਹਾ ਕਿ ਖੁਦ ਪ੍ਰਚਾਰਕ ਬਣ ਗਲੀਆਂ ਵਿੱਚ ਘੁੰਮਦੇ ਲੋਕਾਂ ਦਾ ਕਾਂਗਰਸ ਪਾਰਟੀ ਨਾਲ ਹੁਣ ਤੱਕ ਕੋਈ ਵਾਹ ਵਾਸਤਾ ਵੀ ਨਹੀਂ ਪਰੰਤੂ ਉਹਨਾਂ ਨੇ ਆਪਣੇ ਤਜਰਬਿਆਂ ਦੇ ਅਧਾਰ ਤੇ ਨਿਚੋੜ ਕੱਢ ਲਿਆ ਹੈ ਕਿ ਕਾਂਗਰਸ ਵਰਗੀ ਲੋਕ ਪੱਖੀ ਅਤੇ ਤਜਰਬੇਕਾਰ ਪਾਰਟੀ ਤੋਂ ਬਗੈਰ ਪੰਜਾਬ ਦੀ ਤਰੱਕੀ ਅਸੰਭਵ ਹੈ। ਕਾਕਾ ਲੋਹਗੜ੍ਹ ਨੇ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਉੱਪਰ ਬੇਹੱਦ ਨਿਰਾਸ਼ਾ ਜ਼ਾਹਰ  ਕਰਦਿਆਂ ਕਿਹਾ ਕਿ ਹੱਦਾਂ ਬੰਨੇ ਟੱਪੀ ਪੰਜਾਬ ਅੰਦਰਲੀ ਅਮਨ ਕਾਨੂੰਨ ਦੀ ਬਦਤਰ ਸਥਿਤੀ ਨੇ ਲੋਕਾਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਹਨ। ਕਾਕਾ ਲੋਹਗੜ੍ਹ  ਨੇ ਕਿਹਾ ਕਿ ਰੋਜ਼ਾਨਾ  ਹੋ ਰਹੇ  ਕਤਲ, ਫਰੌਤੀਆਂ ਤੇ ਡਾਕੇ ਆਦਿ ਨੂੰ ਸਰਕਾਰ  ਤਮਾਸ਼ਬੀਨ ਬਣ ਕੇ ਦੇਖ ਰਹੀ ਹੈ ਪਰ ਪੁਲਿਸ ਨੂੰ ਸਖਤੀ ਨਾਲ ਨਜਿੱਠਣ ਦੇ ਆਦੇਸ਼ ਦੇਣ ਦੀ ਬਜਾਏ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਹੱਥ ਬੰਨ ਕੇ ਰੱਖੀ ਬੈਠੀ ਹੈ। ਉਹਨਾਂ  ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਕੱਤਰ ਕੀਤੀਆਂ ਜਾ ਰਹੀਆਂ ਆਪਣੀਆਂ ਕਾਰਜਸ਼ੈਲੀ  ਦੀਆਂ ਅੰਦਰੂਨੀ ਰਿਪੋਰਟਾਂ ਕੇਜਰੀਵਾਲ ਤੇ ਭਗਵੰਤ ਮਾਨ ਦੀ ਨੀਂਦ ਹਰਾਮ ਕਰ ਰਹੀਆਂ ਹਨ। ਸੁਖਜੀਤ ਸਿੰਘ ਕਾਕਾ ਲੋਹਗੜ ਨੇ  ਦਾਅਵਾ ਕੀਤਾ ਕਿ ਮੌਜੂਦਾ ਪਾਰਟੀ ਸਰਕਾਰ 2027 ਦੀਆਂ ਚੋਣਾਂ ਦੌਰਾਨ ਇਕਾਈ ਦੇ ਅੰਕੜੇ ਤੱਕ ਸਿਮਟ ਕੇ ਰਹਿ ਜਾਵੇਗੀ। ਉਹਨਾਂ ਆਖਿਆ ਕਿ ਜਿਸ ਉਮੀਦ ਨਾਲ ਲੋਕ ਕਾਂਗਰਸ ਪਾਰਟੀ ਵੱਲ ਤੱਕ ਰਹੇ ਹਨ ਉਸੇ ਉਮੀਦ ਉੱਪਰ ਖਰਾ ਉਤਰਨ ਲਈ ਕਾਂਗਰਸ ਪਾਰਟੀ ਵੱਲੋਂ ਰਾਜਨੀਤਿਕ ਸਰਗਰਮੀਆਂ ਹੁਣੇ ਤੋਂ ਹੀ ਤੇਜ਼ ਕਰ ਦਿੱਤੀਆਂ ਗਈਆਂ ਹਨ।