ਸੀ,ਪੀ,ਆਈ(ਐਮ.ਐਲ)ਲਿਬਰੇਸ਼ਨ ਜੱਥੇਬੰਦੀ ਵੱਲੋਂ ਕੈਪਟਨ ਸਰਕਾਰ ਦੀ ਅਰਥੀ ਫੂਕੀ

ਬਾਘਾ ਪੁਰਾਣਾ 19 ਅਕਤੂਬਰ(ਰਾਜਿੰਦਰ ਸਿੰਘ ਕੋਟਲਾ)-ਵਿਧਾਨ ਸਭਾ ਇਜਲਾਸ ਦੌਰਾਨ ਕਿਰਤੀ ਲੋਕਾਂ ਦੇ ਮਸਲਿਆਂ ਨੂੰ ਨਾ ਵਿਚਾਰੇ ਜਾਣ ਦੇ ਵਿਰੋਧ ਚ ਔਰਤਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕਰਾਏ ਜਾਣ, ਬਿਜਲੀ ਯੂਨਿਟਾਂ ਦੇ ਰੇਟ ਅੱਧੇ ਕਰੇ ਜਾਣ ਤੇ ਦਲਿਤ ਵਿਦਿਆਰਥੀ ਦੇ ਵਜ਼ੀਫਿਆਂ ਚ ਘਪਲੇ ਕਰਨ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੇ ਜਾਣ ਆਦਿ ਮੰਗਾਂ ਨੂੰ ਲੈਕੇ ਔਰਤ ਕਰਜ਼ਾ ਮੁਕਤੀ ਅੰਦੋਲਨ ਤਹਿਤ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ ਅਰਥੀ ਫੂਕ ਰੋਸ ਮਾਰਚ ਐਸ ਡੀ ਐਮ ਦਫਤਰ ਤੋਂ ਲੈਕੇ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਦਫਤਰ ਤੱਕ ਕਰਦੇ ਹੋਏ ਕੈਪਟਨ ਸਰਕਾਰ ਦੀ ਅਰਥੀ ਫੂਕੀ ਗੲੀ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ(ਐਮ ਐਲ) ਲਿਬਰੇਸ਼ਨ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਅਮੀਰਾਂ ਨੂੰ ਗੱਫੇ ਦੇਣ ਵਾਲੀਆਂ ਸਰਕਾਰਾਂ ਗਰੀਬਾਂ ਦੇ ਕਰਜ਼ੇ ਮੁਆਫ਼ ਕਰਨ ਦੇ ਸੁਆਲਾਂ ਤੋਂ ਭੱਜ ਰਹੀ ਹੈ। ਇਸ ਮੌਕੇ ਔਰਤ ਕਰਜ਼ਾ ਮੁਕਤੀ ਅੰਦੋਲਨ ਦੀ ਬਲਾਕ ਪ੍ਰਧਾਨ ਸ਼ਿੰਦਰਪਾਲ ਕੌਰ ਲੰਡੇ ਤੇ ਬਲਾਕ ਸਕੱਤਰ ਹਰਮਨ ਬਾਘਾ ਪੁਰਾਣਾ ਨੇ ਕਿਹਾ ਕਿ ਔਰਤਾਂ ਸਿਰ ਚੜ੍ਹੇ ਕਰਜ਼ੇ ਦੀ ਮੁਆਫੀ ਤੱਕ ਅੱਜ ਪੰਜਾਬ ਭਰ ਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਮਸਲਿਆਂ ਦੇ ਹੱਲ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨਸੀਬ ਕੌਰ ਗੁਰਦੀਪ ਕੌਰ ਬਾਘਾ ਪੁਰਾਣਾ ਰਾਣੀ ਕੌਰ ਜੈ ਸਿੰਘ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ।