ਵਾਰਡਬੰਦੀ ਤੋਂ ਸ਼ਹਿਰਵਾਸੀ ਬਾਗੋਬਾਗ ਪਰ ਹਾਰਨ ਦੇ ਡਰ ਤੋਂ ਵਿਰੋਧੀ ਧਿਰਾਂ ਕਰ ਰਹੀਆਂ ਨੇ ਬੇਬੁਨਿਆਦ ਪ੍ਰਚਾਰ : ਕੁਲਵਿੰਦਰ ਚੱਕੀਆਂ

ਮੋਗਾ,19 ਸਤੰਬਰ (ਜਸ਼ਨ):‘ਸੂਭੇ ਭਰ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਮੋਗਾ ਸ਼ਹਿਰ ਦੀ ਵਾਰਡਬੰਦੀ ਨੂੰ ਲੈ ਕੇ  ਵਿਰੋਧੀ ਬੇਬੁਨਿਆਦ ਗੱਲਾਂ ਕਰ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਆਪਣੇ ਹਾਰਨ ਦਾ ਡਰ ਸਤਾ ਰਿਹਾ ਜਿਸ ਕਾਰਨ ਉਹ ਵਾਰਡਬੰਦੀ ਮਸਲੇ ਨਾਲ ਲੋਕਾਂ ਨੂੰ ਗੁਮਰਾਹ ਕਰਨ ਦੀ ਨਾਕਾਮ ਕੋਸ਼ਿਸ ਕਰ ਰਹੇ ਨੇ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 48 ਦੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕੀਤਾ । ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਾਰਡਬੰਦੀ ‘ਚ ਬੇਨਿਯਮੀਆਂ ਹੋਈਆਂ ਸਨ ਜਿਸ ਕਰਕੇ ਕਿਸੇ ਵਾਰਡ ‘ਚ ਘੱਟ ਵੋਟਾਂ ਸਨ ਅਤੇ ਕਿਸੇ ਵਿਚ ਚਾਰ ਗੁਣਾਂ ਵੱਧ ਵੋਟਾਂ ਸਨ ਅਤੇ ਉਹ ਇਸ ਬੇਤਰਤੀਬੀ ਦਾ ਸਿਆਸੀ ਲਾਹਾ ਲੈ ਰਹੇ ਸਨ। ਉਹਨਾਂ ਕਿਹਾ ਕਿ ਇਸ ਵਾਰ ਕੀਤੀ ਵਾਰਡਬੰਦੀ ਵਿਚ ਸਾਰੇ ਵਾਰਡਾਂ ਨੂੰ ਬਰਾਬਰ ਵੋਟਾਂ ਕਰਕੇ ਸਹੀ ਢੰਗ ਨਾਲ ਵਾਰਡਬੰਦੀ ਕੀਤੀ ਗਈ ਹੈ । ਉਹਨਾਂ ਆਖਿਆ ਕਿ ਗਲਤੀਆਂ ਨੂੰ ਸੁਧਾਰਨਾ ਚੰਗੀ ਗੱਲ ਹੈ ਅਤੇ ਇਸ ਵਾਰ ਇੰਜ ਹੀ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਰੇਲਵੇ ਕਰਾਸਿੰਗ ਅਤੇ ਹਾਈਵੇਅ ਦੇ ਖੇਤਰ ਦੇ ਨਾਲ ਨਾਲ ਸਾਰੇ ਵਰਗਾਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਨਵੀਂ ਵਾਰਡਬੰਦੀ ਕੀਤੀ ਗਈ ਹੈ । ਉਹਨਾਂ ਕਿਹਾ ਕਿ ਪੱਛੜੇ ਵਰਗਾਂ ਤੋਂ ਇਲਾਵਾ ਮਹਿਲਾ ਉਮੀਦਵਾਰਾਂ ਲਈ 50 ਪ੍ਰਤੀਸ਼ਤ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਔਰਤਾਂ ਨੂੰ ਰਾਜਨੀਤੀ ਵਿਚ ਸਰਗਰਮ ਭੂਮਿਕਾ ਦੇਣ ਦੇ ਹੱਕ ਵਿਚ ਹੈ। 
ਉਹਨਾਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਵਿਚ ਮੋਗਾ ਸ਼ਹਿਰ ਦਾ ਵਿਕਾਸ ਠੱਪ ਰਿਹਾ ,ਪਾਣੀ ਦੀ ਨਿਕਾਸੀ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ,ਟੁੱਟੀਆਂ ਸੜਕਾਂ ਨੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕੀਤਾ ਪਰ ਜਦੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ ਅਤੇ ਮੋਗੇ ਦੀ ਵਾਗਡੋਰ ਸੂਝਵਾਨ ਅਤੇ ਦੂਰਅੰਦੇਸ਼ ਆਗੂ ਵਿਧਾਇਕ ਡਾ: ਹਰਜੋਤ ਕਮਲ ਦੇ ਹੱਥਾਂ ਵਿਚ ਆਈ, ਉਸ ਸਮੇਂ ਤੋਂ ਸ਼ਹਿਰ ਦਾ ਸਰਵਪੱਖੀ ਵਿਕਾਸ ਆਰੰਭ ਹੋਇਆ । ਉਹਨਾਂ ਆਖਿਆ ਕਿ ਡਾ: ਹਰਜੋਤ ਕਮਲ ਨੇ ਖੁਦ ਦਿਲਚਸਪੀ ਲੈਂਦਿਆਂ ਸ਼ਹਿਰ ਦੇ ਹਰ ਵਾਰਡ ਵਿਚ ਵਿਕਾਸ ਕਾਰਜ ਕਰਵਾਏ ਹਨ ,ਜਿਸ ਤੋਂ ਵਿਰੋਧੀ ਸਹਿਮ ਵਿਚ ਹਨ ਅਤੇ ਉਹ ਵਾਰਡਬੰਦੀ ਦੇ ਨਾਮ ’ਤੇ ਸਿਆਸੀ ਜ਼ਮੀਨ ਤਲਾਸ਼ਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਬੱਸ ਸਟੈਂਡ ਤੋਂ ਮੇਨ ਬਾਜਾਰ, ਅੰਮਿ੍ਰਤਸਰ ਰੋਡ, ਜੀਰਾ ਵੱਲ ਜਾਣ ਵਾਲੀ ਸੜਕ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਟੁੱਟੀਆਂ ਪਾਈਆਂ ਸੀ ਉਸ ਨੂੰ ਵਿਧਾਇਕ ਡਾ: ਹਰਜੋਤ ਕਮਲ ਨੇ ਚਾਰਾਜੋਈ ਕਰਕੇ ਠੀਕ ਕਰਵਾਇਆ। ਸਹਿਰ ਚੋਂ ਲੰਘਦੀ ਨੈਸਨਲ ਹਾਈਵੇ ਤੇ ਸਾਈਡ ਵਾਲੀਆਂ ਸੜਕਾਂ ਦਾ ਜੋ ਬੁਰਾ ਹਾਲ ਸੀ ਤੇ ਜਿਵੇਂ ਵਿਧਾਇਕ ਹਰਜੋਤ ਨੇ ਇਹ ਠੀਕ ਕਰਾਈਆਂ ਕਿਸ ਤੋਂ ਲੁਕਿਆ ਹੈ ਅਤੇ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉਹਨਾਂ ਕਿਹਾ ਕਿ ਨਵੀਂ ਵਾਰਡਬੰਦੀ ਨਾਲ ਚੋਣਾਂ ਲੜਨ ਦੇ ਚਾਹਵਾਨ ਵੀ ਖੁਸ਼ ਹਨ ਅਤੇ ਸ਼ਹਿਰਵਾਸੀ ਵੀ ਖੁਸ਼ ਹਨ ਪਰ ਵਿਰੋਧੀ ਪਾਰਟੀਆਂ ਇਸ ਨੂੰ ਮੁੱਦਾ ਬਣਾ ਕੇ ਖਾਮਖਾਹ ਆਪਣਾ ਅਤੇ ਲੋਕਾਂ ਦਾ ਸਮਾਂ ਖਰਾਬ ਕਰ ਰਹੀਆਂ ਹਨ।