ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਨੇ ਰਜਿੰਦਰਾ ਸਟੇਟ ਤੋਂ ਘੱਲਕਲਾਂ ਨੂੰ ਜਾਂਦੀ ਸੜਕ ਦੇ ਪੁਨਰ ਨਿਰਮਾਣ ਦੇ ਕਾਰਜ ਦਾ ਕੀਤਾ ਉਦਘਾਟਨ

ਮੋਗਾ, 28 ਅਗਸਤ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਪਿੰਡਾਂ ਦੇ ਇਕਸਾਰ ਵਿਕਾਸ ਕਰਵਾਉਣ ਦੀ ਲੜੀ ਤਹਿਤ ਮੋਗਾ ਦੇ ਰਜਿੰਦਰਾ ਸਟੇਟ ਤੋਂ ਘੱਲਕਲਾਂ ਨੂੰ ਜਾਂਦੀ ਸੜਕ ਦੇ ਪੁਨਰ ਨਿਰਮਾਣ ਦੇ ਕਾਰਜ ਦੀਆਂ ਉਦਘਾਟਨੀ ਰਸਮਾਂ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਨੇ ਨਿਭਾਈਆਂ। ਪ੍ਰੀਮਿਕਸ ਪਾਉਣ ਵਾਲੀ ਸਾਈਟ ’ਤੇ ਪੁੱਜਣ ਮੌਕੇ ਮੁਹੱਲਾ ਵਾਸੀਆਂ ਨੇ ਡਾ: ਰਜਿੰਦਰ ਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਮੁਹੱਲਾ ਨਿਵਾਸੀ ਇਸ ਸੜਕ ਦੇ ਨਿਰਮਾਣ ਨੂੰ ਤਰਸ ਰਹੇ ਸਨ  ਅਤੇ ਹੁਣ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਉਹਨਾਂ ਦੀ ਇਹ ਚਿਰੋਕਣੀ ਮੰਗ ਪੂਰੀ ਹੋਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਰਜਿੰਦਰ ਨੇ ਆਖਿਆ ਕਿ ਬੇਸ਼ੱਕ ਲਾਕਡਾਊਨ ਕਾਰਨ ਪਿਛਲੇ ਸਮੇਂ ਦੌਰਾਨ ਵਿਕਾਸ ਕਾਰਜ ਰੁਕੇ ਰਹੇ ਪਰ ਹੁੱਦ ਨਿਗਮ ਹਾਊਸ ਦੇ ਗਠਨ ਉਪਰੰਤ ਨਾ ਸਿਰਫ਼ ਰੁਕੇ ਹੋਏ ਕਾਰਜਾਂ ‘ਤੇ ਕੰਮ ਦੁਬਾਰਾ ਆਰੰਭ ਕਰਵਾਇਆ ਗਿਆ ਹੈ ਬਲਕਿ ਹਲਕੇ ਦੇ ਲੋਕਾਂ ਦੀ ਮੰਗ ’ਤੇ ਨਵੇਂ ਟੈਂਡਰ ਦੀ ਪਰਿਕਿਰਿਆ ਵੀ ਆਰੰਭੀ ਗਈ ਹੈ ਤਾਂ ਕਿ ਮੋਗਾ ਹਲਕੇ ਦਾ ਕੋਈ ਵੀ ਕੋਨਾ ਵਿਕਾਸ ਤੋਂ ਅਛੂਤਾ ਨਾ ਰਹੇ।  ਇਸ ਮੌਕੇ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਸਾਬਕਾ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਰਾਜੂ ਵਰਮਾ, ਸਾਬਕਾ ਕੌਂਸਲਰ ਹਰਬੰਸ ਸਿੰਘ,  ਅਸ਼ੋਕ ਕੁਮਾਰ, ਦੀਪੂ ਸਹੋਤਾ, ਅਜੇ ਲਹੋਰੀਆ ਆਦਿ ਹਾਜ਼ਰ ਸਨ।