ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਸਬੰਧਿਤ ਆਗੂ ਅਰਸ਼ ਨੂੰ ਪੁਲੀਸ ਨੇ ਹਿਰਾਸਤ ‘ਚ ਲਿਆ

ਧਰਮਕੋਟ 25 ਅਪਰੈਲ –(ਹਰਦੀਪ ਸਿੰਘ )
‘ਅਕਾਲੀ ਦਲ ਵਾਰਸ ਪੰਜਾਬ ਦੇ ‘ ਨਾਲ ਸਬੰਧਤ ਆਗੂ ਅਰਸ਼ ਉਮਰੀਆਣਾ ਨੂੰ ਪੁਲੀਸ ਨੇ ਅੱਜ ਹਿਰਾਸਤ ਵਿੱਚ ਲੈ ਲਿਆ ਹੈ। ਅਕਾਲੀ ਆਗੂ ਉਮਰੀਆਣਾ ਥਾਣਾ ਕੋਟ ਈਸੇ ਦੇ ਅੱਗੇ ਸੜਕ ਜਾਮ ਕਰਕੇ ਆਪਣੇ ਸਾਥੀਆਂ ਨਾਲ ਧਰਨਾ ਪ੍ਰਦਰਸ਼ਨ ਕਰ ਰਿਹਾ ਸੀ।ਉਮਰੀਆਣਾ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਸੀ ਅਤੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਵਾਰਸ ਪੰਜਾਬ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਸੀ। ਅਰਸ਼ ਉਮਰੀਆਣਾ ਦਾ ਕੋਟ ਈਸੇ ਖਾਂ ਦੇ ਕੁਝ ਸਿਆਸੀ ਲੋਕਾਂ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਉਸਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਕੇ  ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਲੋਕਾਂ ਤੋਂ ਉਸਦੀ ਜਾਨ ਨੂੰ ਖਤਰਾ ਹੈ।ਇਸ ਸਬੰਧੀ ਕੁਝ ਦਿਨ ਪਹਿਲਾਂ ਉਸਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਵੀ ਕੀਤੀ ਸੀ।ਇਸ ਤੋਂ ਬਾਅਦ ਥਾਣਾ ਕੋਟ ਈਸੇ ਖਾਂ ਦੇ ਮੁੱਖੀ ਸੁਨੀਤਾ ਬਾਵਾ ਨੇ ਜਾਂਚ ਦਾ ਹਵਾਲਾ ਦੇ ਕੇ ਅਰਸ਼ ਉਮਰੀਆਣਾ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਆਪਣੇ ਆਗੂ ਉਮਰੀਆਣਾ ਦਾ ਮਾਮਲਾ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਸ ਮਾਮਲੇ ਨੂੰ ਉਠਾਇਆ ਸੀ ।ਅੱਜ ਅਰਸ ਉਮਰੀਆਣਾ ਨੇ ਆਪਣੇ ਕੁਝ ਸਾਥੀਆਂ ਨੂੰ ਨਾਲ ਲੈਕੇ ਪਹਿਲਾਂ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਜਿਸਨੂੰ ਬਾਅਦ ਵਿੱਚ ਸਾਹਮਣੇ ਜੀਰਾ ਰਾਜ ਮਾਰਗ ਉੱਤੇ ਤਬਦੀਲ ਕਰ ਦਿੱਤਾ ਗਿਆ। ਇਸੇ ਦੌਰਾਨ ਦੂਜੀ ਧਿਰ ਵੀ ਧਰਨੇ ਵਾਲੀ ਜਗ੍ਹਾ ਪਾਸ ਆ ਗਈ ਅਤੇ ਫਿਰ ਦੋਨੋ ਧਿਰ ਇੱਕ ਦੂਜੇ ਵਿਰੁੱਧ ਨਾਅਰੇਬਾਜ਼ੀ ਉੱਤੇ ਉਤਰ ਆਈਆਂ। ਪੁਲੀਸ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਨ ਅਤੇ ਉੱਥੋ ਧਰਨਾ ਚੁਕਵਾਉਣ ਦਾ ਯਤਨ ਕੀਤਾ ਜਦੋਂ ਪੁਲੀਸ ਦੇ ਯਤਨ ਅਸਫਲ ਰਹੇ  ਤਾਂ ਪੁਲੀਸ ਨੂੰ ਹਲਕੇ ਬਲ ਦਾ ਪ੍ਰਯੋਗ ਕਰਨਾ ਪਿਆ। ਧਰਨਾਕਾਰੀਆਂ ਨੂੰ ਉੱਥੋਂ ਖਦੇੜ ਦਿੱਤਾ ਅਤੇ ਅਰਸ਼ ਉਮਰੀਆਣਾ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਥਾਣਾ ਮੁਖੀ ਸੁਨੀਤਾ ਬਾਵਾ ਨੇ ਦੱਸਿਆ ਕਿ ਲੜਾਈ ਝਗੜੇ ਨੂੰ ਮੁੱਖ ਰੱਖ ਕੇ ਅਤੇ ਸ਼ਹਿਰ ਵਿਚ ਅਮਨ ਕਾਨੂੰਨ ਦੇ ਖ਼ਤਰੇ ਨੂੰ ਭਾਂਪਦਿਆਂ ਪੁਲੀਸ ਨੇ ਦੋਹਾਂ ਧਿਰਾਂ ਦੀਆਂ ਜਮਾਨਤਾਂ ਲਈ ਐਸਡੀਐਮ ਅਦਾਲਤ ਧਰਮਕੋਟ ਨੂੰ ਕਾਗਜ਼ਾਤ ਅਗਲੇਰੀ ਕਾਰਵਾਈ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਮਨ ਕਾਨੂੰਨ ਹਰ ਹਾਲਤ ਵਿੱਚ ਕਾਇਮ ਰੱਖਿਆ ਜਾਵੇਗਾ।