ਮੱਲਾਂਵਾਲਾ ਤੋਂ ਘੁੜਿਆਲਾ ਤੱਕ ਬਣਨ ਵਾਲੀ ਪ੍ਰਸਤਾਵਿਤ ਨਵੀਂ ਰੇਲਵੇ ਲਾਈਨ ਦਾ ਕੰਮ ਜਲਦ ਹੋਵੇਗਾ ਸ਼ੁਰੂ : ਜ਼ਿਲ੍ਹਾ ਮਾਲ ਅਫ਼ਸਰ ,25.7 ਕਿਲੋਮੀਟਰ ਲੰਬੀ ਬਣੇਗੀ ਰੇਲ ਲਾਈਨ

ਫਿਰੋਜ਼ਪੁਰ, ਫਾਜਿਲਕਾ 23 ਜਨਵਰੀ ( ਸੰਦੀਪ ਕੰਬੋਜ ਜਈਆ) : ਮੱਲਾਂਵਾਲਾ ਤੋਂ ਘੁੜਿਆਲਾ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਲਈ ਉਲੀਕੇ ਗਏ ਪ੍ਰਸਤਾਵ ਤੇ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਰੇਲਵੇ ਲਾਈਨ ਦੀ ਲੰਬਾਈ 25.7 ਕਿਲੋਮੀਟਰ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਮਾਲ ਅਫ਼ਸਰ ਸ. ਮਨਜੀਤ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ। ਇਸ ਮੌਕੇ ਐਸ.ਡੀ.ਐਮ. ਪੱਟੀ ਮੈਡਮ ਅਨੁਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੋਕੇ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਰੇਲਵੇ ਲਾਈਨ ਸਥਾਪਿਤ ਕਰਨ ਲਈ ਇਕ-ਦੂਸਰੇ ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਹ ਲਾਈਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਲਾਂਵਾਲਾ ਖਾਸ, ਦੁੱਲਾ ਸਿੰਘ ਵਾਲਾ, ਕੁਤਬਦੀਨ ਅਤੇ ਕਾਲੇ ਕੇ ਹਿਠਾੜ ਪਿੰਡਾਂ ਵਿੱਚੋਂ ਵਛਾਈ ਜਾਵੇਗੀ। ਉਨ੍ਹਾਂ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਆਪਸੀ ਤਾਲਮੇਲ ਕਰਕੇ ਇਸ ਲਾਈਨ ਦੀ ਸਥਾਪਿਤੀ ਲਈ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਰੇਲਵੇ ਵਿਭਾਗ ਤੋਂ ਡਿਪਟੀ ਚੀਫ ਇੰਜੀਨੀਅਰ (ਜਲੰਧਰ) ਸ੍ਰੀ ਰਾਮੇਸ਼ ਚੰਦ, ਪ੍ਰਾਂਤਕ ਮੰਡਲ ਤੋਂ ਐਕਸੀਅਨ ਸ੍ਰੀ ਮਾਹੇਸ਼ ਕੁਮਾਰ, ਜੰਗਲਾਤ ਵਿਭਾਗ ਤੋਂ ਸ੍ਰੀ ਸੁਨੀਲ ਕੁਮਾਰ ਅਤੇ ਸ੍ਰੀ ਤਰਸੇਮ ਸਿੰਘ, ਲੋਕ ਨਿਰਮਾਣ ਵਿਭਾਗ ਤੋ. ਐਸ.ਡੀ.ਓ. ਟਹਿਲ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


