ਪੰਜਾਬ ਦੇ ਤਕਨੀਕੀ ਸਿੱਖਿਆ ਦੇ ਅੰਬਰ ਦਾ ਧਰੂ ਤਾਰਾ ਸੀ ਡਾ. ਜਸਮੇਲ ਸਿੰਘ ਧਾਲੀਵਾਲ --ਡਾ. ਦਿਲਜੀਤ ਸਿੰਘ ਸੰਧੂ

********(INTERNATIONAL PUNJABI NEWS BUREAU):******** 

ਕੋਟ ਈਸੇ ਖਾਂ ਤੇ ਮੋਗਾ ਇਲਾਕੇ ਦੀ ਪੁਰਾਣੀ ਪੀੜ੍ਹੀ ਦੇ ਲੋਕ ਡਾ. ਧਾਲੀਵਾਲ ਨੂੰ ਇੱਕ ਸਾਧਾਰਨ ਪੇਂਡੂ ਕਿਸਾਨ ਦਾ ਪੁੱਤਰ, ਸਰਕਾਰੀ ਮਾਸਟਰ, ਜੋ ਕਿ ਸੀਮਤ ਸਾਧਨਾਂ ਨਾਲ ਜਿੰਦਗੀ ਦਾ ਸੰਘਰਸ਼ ਕਰਦਾ ਹੈ, ਵਜੋਂ ਜਾਣਦੀ ਹੈ ਅਤੇ ਨਵੀਂ ਪੀੜ੍ਹੀ ਕਈ ਵਿਦਿਅਕ ਸੰਸਥਾਵਾਂ ਦਾ ਸੰਚਾਲਕ, ਯੂਨੀਵਰਸਿਟੀ ਦਾ ਚਾਂਸਲਰ, ਦੇਸ਼-ਵਿਦੇਸ਼ ਵਿੱਚ ਘੁੰਮਣ ਵਾਲਾ ਤੇ ਵੱਡੇ ਲੋਕਾਂ ਵਿੱਚ ਵਿਚਰਣ ਵਾਲੇ ਵਿਅਕਤੀ ਵਜੋਂ ਜਾਣਦੀ ਹੈ, ਪਰ ਇਨ੍ਹਾਂ ਦੋਹਾਂ ਵਿਚਾਲੇ ਦੇ ਸਫ਼ਰ ਤੋਂ ਬਹੁਤੇ ਲੋਕ ਅਣਜਾਣ ਹਨ। 

ਆਪਣੇ ਭਾਣਜੇ ਨੂੰ ਫਾਰਮੇਸੀ ਦੇ ਕੋਰਸ ਵਿੱਚ ਦਾਖਲਾ ਦਿਵਾਉਣ ਜਦੋਂ ਡਾ. ਧਾਲੀਵਾਲ ਦੱਖਣ ਭਾਰਤ ਗਏ ਤਾਂ ਇੱਕ ਨਵਾਂ ਵਿਚਾਰ ਉਨ੍ਹਾਂ ਦੀ ਸੋਚ ਚ ਉੱਤਰ ਗਿਆ ਕਿ ਅਸੀਂ ਪੰਜਾਬ ਵਿੱਚ ਅਜਿਹੀ ਸਿੱਖਿਆ ਦਾ ਪ੍ਰਬੰਧ ਕਿਉਂ ਨਹੀਂ ਕਰ ਸਕਦੇ ਤਾਂ ਜੋ ਸਾਡੇ ਬੱਚੇ ਸਾਡੇ ਤੋਂ ਦੂਰ ਨਾ ਜਾਣ, ਇਹ ਗੱਲ 87-88 ਦੀ ਹੈ ਤੇ ਉਸ ਵੇਲੇ ਪੰਜਾਬ ਵਿੱਚ ਹਾਲਾਤ ਪੂਰੀ ਤਰ੍ਹਾਂ ਖਰਾਬ ਸਨ, ਪਰ ਡਾ. ਧਾਲੀਵਾਲ ਨੇ ਉਸ ਵੇਲੇ ਪੰਜਾਬ ਵਿੱਚ ਤਕਨੀਕੀ ਸਿੱਖਿਆ ਨੂੰ ਉਭਾਰਣ ਦਾ ਸੰਕਲਪ ਲਿਆ ਤੇ ਆਪਣੀ ਪੱਕੀ ਸਰਕਾਰੀ ਨੌਕਰੀ ਦੀ ਕੁਰਬਾਨੀ ਦੇ ਕੇ ਬੇਹੱਦ ਨਾਜੁਕ ਦੌਰ ਵਿੱਚ ਕੋਟ ਈਸੇ ਖਾਂ ਵਿਖੇ ਤਕਨੀਕੀ ਸਿੱਖਿਆ ਦਾ ਦੀਵਾ ਜਗਾਇਆ, ਜਿਹੜਾ ਹੁਣ ਦੀਪਮਾਲਾ ਦੇ ਰੂਪ ਵਿੱਚ ਦੇਸ਼-ਵਿਦੇਸ਼ ਵਿੱਚ ਰੋਸ਼ਨੀ ਦੇ ਰਿਹਾ ਹੈ। ਮੈ ਉਸ ਦੌਰ ਦਾ ਗਵਾਹ ਹਾਂ ਕਿ ਪੰਜਾਬ ਦੇ ਖੂਨੀ ਹਾਲਾਤਾਂ ਤੇ ਸਾਧਨਾਂ ਦੀ ਘਾਟ ਦੀਆਂ ਤੇਜ਼ ਹਨੇਰੀਆਂ ਨੇ ਇਸ ਦੀਵੇ ਨੂੰ ਬੁਝਾਉਣ ਦੀ ਪੂਰੀ ਵਾਹ ਲਾਈ ਪਰ ਡਾਕਟਰ ਧਾਲੀਵਾਲ ਦੇ ਮਜ਼ਬੂਤ ਹੱਥਾਂ ਨੇ ਦੀਵੇ  ਨੂੰ ਬੁਝਣ ਨਾ ਦਿੱਤਾ । 
ਧਾਲੀਵਾਲ ਸਾਹਿਬ ਦੇ ਨਾਂ ਤਕਨੀਕੀ ਸਿੱਖਿਆ ਵਿੱਚ ਬਹੁਤ ਸਾਰੀਆਂ ਪਹਿਲ ਕਦਮੀਆਂ ਦਰਜ ਹਨ, ਜਿਵੇਂ ਕਿ ਪਹਿਲੇ ਪੂਰ ਦੇ ਫਾਰਮੇਸੀ ਤੇ ਇੰਜੀਨੀਅਰਿੰਗ ਕਾਲਜ ਖੋਲਣੇ ਤੇ ਗੁਰੂ ਕਾਂਸ਼ੀ ਦੇ ਰੂਪ ਵਿਚ ਨਿੱਜੀ ਯੂਨੀਵਰਸਿਟੀ ਦੀ ਸਥਾਪਨਾ ਕਰਨੀ, ਜਿਸ ਤੋਂ ਬਾਅਦ  ਤਾਂ ਦਰਜਨਾਂ ਨਿੱਜੀ ਯੂਨੀਵਰਸਿਟੀਆਂ ਅਤੇ  ਸੈਂਕੜੇ  ਕਾਲਜ ਹੋਂਦ ਵਿੱਚ ਆਏ। ਸਮਾਜ ਦੀ ਤਰੱਕੀ ਦੇ ਸਬੰਧ ਵਿੱਚ ਉਨ੍ਹਾਂ ਦੀ ਪੱਕੀ ਧਾਰਨਾ ਸੀ ਕਿ ਸਿਹਤ ਤੇ ਸਿੱਖਿਆ ਹੀ ਕਿਸੇ ਸਮਾਜ ਦੀ ਤਰੱਕੀ ਦੇ ਥੰਮ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਕਈ ਸਕੀਮਾਂ ਤੇ ਬਲਿਊ-ਪ੍ਰਿੰਟ ਵੱਖ-ਵੱਖ ਸਰਕਾਰਾਂ ਤੇ ਵਿਭਾਗਾਂ ਨੂੰ ਦਿੱਤੇ ਤੇ ਇਨ੍ਹਾਂ ਦੀ ਤਿਆਰੀ ਲਈ ਘੰਟਿਆਂ ਬੱਧੀ ਉਹ ਮੇਰੇ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ। 
ਅੱਜ ਮੇਰੇ ਤੋਂ ਕਰੀਬ 21-22 ਸਾਲ ਪਹਿਲਾਂ ਉਨ੍ਹਾਂ ਨੂੰ ਪੰਜਾਬ ਵਿੱਚ ਨਸ਼ਿਆਂ ਦੀ ਆਮਦ ਖਟਕ ਗਈ ਸੀ ਤੇ ਅਸੀਂ ਇਲਾਕੇ ਵਿੱਚ ਸਰਵੇ ਵੀ ਕਰਾਏ ਸਨ, ਇਸ ਤੋਂ ਉਨ੍ਹਾਂ ਦੀ ਦੂਰ ਦ੍ਰਿਸ਼ਟਤਾ ਸਾਫ਼ ਦਿਖਾਈ ਦਿੰਦੀ ਹੈ। 
ਖੇਡ ਮੇਲੇ, ਸੱਭਿਆਚਾਰਕ ਮੇਲੇ, ਬਾਬਾ ਬੰਦਾ ਸਿੰਘ ਬਹਦਰ ਸਮਾਗਮ, ਪ੍ਰੋ. ਮੋਹਨ ਸਿੰਘ ਮੇਲਾ, ਦੇਬੀ ਮਖਸੂਸਪੁਰੀ ਲਾਈਵ, ਧੀਆਂ ਦੀ ਲੋਹੜੀ, ਮੈਡੀਕਲ ਕੈਂਪ, ਲਿਖਣ ਨੂੰ ਬਹੁਤ ਕੁਝ ਹੈ। ਦੁਨੀਆਂ ਭਰ ਦੀਆਂ ਮਸ਼ਹੂਰ ਹਸਤੀਆਂ ਕਲਾਕਾਰ, ਉਨ੍ਹਾਂ ਦੀ ਬਦੌਲਤ ਗਗੜੇ ਦੀ ਧਰਤੀ ਤੇ ਆਏ। ਅਜਿਹੇ ਸਮਾਗਮਾਂ ਤੇ ਉਨ੍ਹਾਂ ਨੇ ਕਦੇ ਖਰਚੇ ਦਾ ਵੇਰਵਾ ਨਹੀਂ ਪੁੱਛਿਆ ਤੇ ਦਰਿਆਦਿਲੀ ਨਾਲ ਸਮਾਜ ਦੀ ਸੇਵਾ ਕੀਤੀ ਤੇ ਸ਼ਾਇਦ ਇਹ ਹੀ ਉਨ੍ਹਾਂ ਦੀ ਤਰੱਕੀ ਤੇ ਖੁਸ਼ੀ ਦਾ ਰਾਜ ਸੀ, ਪਰ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਤੇ ਉਹ ਸਾਨੂੰ ਛੱਡ ਕੇ ਚਲੇ ਗਏ। ਜੋ ਜਿੰਦਾਦਿਲੀ ਉਨ੍ਹਾਂ ਨਾਮੁਰਾਦ ਬਿਮਾਰੀ ਸਮੇਂ ਦਿਖਾਈ ਉਹ ਵੀ ਕਿਸੇ ਚਮਤਕਾਰ ਤੋਂ ਘਟ ਨਹੀਂ, ਜਿਵੇਂ ਕਿ ਉਨ੍ਹਾਂ ਨੂੰ ਅੰਦਰੋ ਕੋਈ ਸੋਝੀ ਪ੍ਰਾਪਤ ਹੋ ਚੁੱਕੀ ਸੀ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ ਤੇ ਸਾਨੂੰ ਉਨ੍ਹਾਂ ਦੇ ਦਿਖਾਏ ਰਸਤੇ ਤੇ ਚੱਲਣ ਦਾ ਬਲ ਬਖਸ਼ੇ। 

ਡਾ. ਦਿਲਜੀਤ ਸਿੰਘ ਸੰਧੂ, 
ਮੈਨਜਿੰਗ ਡਾਇਰੈਕਟਰ, 
ਬਾਬਾ ਈਸਰ ਸਿੰਘ ਸੰਸਥਾਵਾਂ ਗਗੜਾ (ਮੋਗਾ)