ਪਿਸਤੌਲ ਦੀ ਨੋਕ ’ਤੇ ਲੈਕਚਰਾਰ ਤੋਂ ਖੋਹੀ ਸਵਿੱਫਟ ਕਾਰ,ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਦਿਨ ਦਿਹਾੜੇ ਦਿੱਤਾ ਘਟਨਾ ਨੂੰ ਅੰਜਾਮ

ਮੋਗਾ,30 ਅਗਸਤ (ਜਸ਼ਨ): ਅੱਜ ਦੁਪਹਿਰ ਸਮੇਂ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ ਲੈਕਚਰਾਰ ਤੋਂ  ਸਵਿੱਫਟ ਕਾਰ ਖੋਹ ਲਈ ਅਤੇ ਫਰਾਰ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਰਕਾਰੀ ਹਾਈ ਸਕੂਲ ਰਾਮੂੰਵਾਲਾ ਨਵਾਂ ਵਿਖੇ ਸੇਵਾਵਾਂ ਨਿਭਾਅ ਰਹੇ ਲੈਕਚਰਾਰ ਹਰਜਿੰਦਰਪਾਲ ਸਿੰਘ ਸਕੂਲ ਤੋਂ ਛੁੱਟੀ ਉਪਰੰਤ ਆਪਣੇ ਪਿੰਡ ਬੁੱਧ ਸਿੰਘ ਵਾਲਾ ਪਰਤ ਰਹੇ ਸਨ ਤਾਂ ਜਦੋਂ ਉਹ ਮਲੀਆਂ ਵਾਲਾ ਸਕੂਲ ਨਜ਼ਦੀਕ ਪਹੁੰਚੇ ਤਾਂ ਉਹਨਾਂ ਦਾ ਪਿੱਛਾ ਕਰ ਰਹੇ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਦੀ ਕਾਰ ਅੱਗੇ ਲਗਾ ਕੇ ਕਾਰ ਨੂੰ ਰੋਕ ਲਿਆ ਅਤੇ ਪਿਸਤੌਲ ਦੀ ਨੋਕ ’ਤੇ ਉਹਨਾਂ ਨੂੰ ਕਾਰ ਛੱਡਣ ਲਈ ਮਜਬੂਰ ਕਰ ਦਿੱਤਾ। ਅੱਖ ਦੇ ਫੋਰ ਵਿਚ ਉਹ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ। ਲੈਕਚਰਾਰ ਹਰਜਿੰਦਰਪਾਲ ਨੇ ਕਿਸੇ ਹੋਰ ਮੋਟਰਸਾੲਕਲ ’ਤੇ ਸਵਾਰ ਹੋ ਕੇ ਚੜਿੱਕ ਪੁਲਿਸ ਸਟੇਸ਼ਨ ਨੂੰ ਘਟਨਾ ਦੀ ਸੂੁਚਨਾ ਦਿੱਤੀ । ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਐੱਸ ਐੱਚ ਓ ਜੈ ਪਾਲ ਸਿੰਘ ਤੁਰੰਤ ਲੈਕਚਰਾਰ ਨਾਲ ਘਟਨਾ ਸਥਲ ਵੱਲ ਰਵਾਨਾ ਹੋ ਗਏ ਅਤੇ ਨਕਾਬਪੋਸ਼ਾਂ ਦੀ ਪੈੜ ਨੱਪਣ ਲਈ ਕਾਰਵਾਈ ਆਰੰਭ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰੇ ਜ਼ਿਲੇ ਵਿਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ ਅਤੇ ਪੁੁਲਿਸ ਨਾਕਾਬੰਦੀ ਕਰਦੇ ਕਾਰ ਖੋਹਣ ਵਾਲੇ ਅਨਸਰਾਂ ਨੂੰ ਗਿ੍ਰਫਤਾਰ ਕਰਨ ਲਈ ਯਤਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਅਜੇ ਕੱਲ ਹੀ ਪੁਲਿਸ ਵਿਭਾਗ ਨੂੰ ਹਾਈਟੈੱਕ ਕਰਨ ਲਈ ਮੋਗਾ ਵਾਸਤੇ ਹੈਲਪਲਾਈਨ ਨੰਬਰ 112 ਦੀ ਸ਼ੁਰੂਆਤ ਕੀਤੀ ਗਈ ਸੀ।