ਦਸ ਬੈਂਕਾਂ ਦਾ ਹੋਵੇਗਾ ਰਲੇਵਾਂ, ਬਣਨਗੇ ਵੱਡੇ ਚਾਰ ਬੈਂਕ

ਨਵੀਂ ਦਿੱਲੀ,30 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਸਰਕਾਰੀ ਬੈਂਕਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ‘ਚ ਵੱਡਾ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ 10 ਬੈਂਕਾਂ ਦਾ ਰਲੇਵਾਂ ਕਰਕੇ 4 ਵੱਡੇ ਬੈਂਕ ਬਣਾਉਣ ਦਾ ਐਲਾਨ ਕੀਤਾ ਹੈ, ਤੇ ਇੰਜ ਦੇਸ਼ ਦੇ ਸਰਵਜਨਿਕ ਖੇਤਰ ਦੇ ਬੈਂਕਾਂ ਦੀ ਸੰਖਿਆ ਮਹਿਜ਼ 12 ਰਹਿ ਜਾਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ 2017 ਵਿੱਚ ਮੋਦੀ ਸਰਕਾਰ ਨੇ ਭਾਰਤੀ ਸਟੇਟ ਬੈਂਕ ਵਿੱਚ 5 ਹੋਰ ਬੈਂਕਾਂ ਦਾ ਰਲੇਵਾਂ ਕੀਤਾ ਸੀ ਜਿਨ੍ਹਾਂ ਵਿੱਚ ਸਟੇਟ ਬੈਂਕ ਆਫ ਪਟਿਆਲਾ ,ਦੇਨਾ ਬੈਂਕ ਅਤੇ ਬੈਂਕ ਆਫ਼ ਬੜੌਦਾ ਸ਼ਾਮਲ ਸਨ । ਅੱਜ ਦੇ ਇਸ ਐਲਾਨ ਉਪਰੰਤ ਦੇਸ਼ ਵਿੱਚ ਸਰਕਾਰੀ ਬੈਂਕਾਂ ਦੀ ਸੰਖਿਆ ਸਿਰਫ 12 ਰਹਿ ਜਾਵੇਗੀ ਜਦ ਕਿ 2017 ਦੌਰਾਨ ਦੇਸ਼ ਵਿੱਚ ਕੁੱਲ 27 ਸਰਕਾਰੀ ਬੈਂਕ ਸਨ । ਅੱਜ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਬੈਂਕਾਂ ਦੇ ਰਲੇਵੇਂ ਦੇ ਬਾਵਜੂਦ ਬੈਂਕ ਕਰਮਚਾਰੀਆਂ ਦੀ ਛਾਂਟੀ ਨਹੀਂ ਕੀਤੀ ਜਾਵੇਗੀ । ਪ੍ਰੈੱਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਇਹ ਵੀ ਸਾਫ਼ ਕੀਤਾ ਕਿ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਡ ਬੈਂਕ ਦਾ ਪੰਜਾਬ ਨੈਸ਼ਨਲ ਬੈਂਕ ਵਿੱਚ ਰਲੇਵਾਂ ਕੀਤਾ ਜਾਵੇਗਾ ਜਦਕਿ ਕੇਨਰਾ ਬੈਂਕ ਵਿੱਚ ਸਿੰਡੀਕੇਟ ਬੈਂਕ ਦਾ ਰਲੇਵਾਂ ਅਤੇ ਇਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ ਵਿਚ ਰਲੇਵਾਂ ਕੀਤਾ ਜਾਵੇਗਾ। ਅੱਜ ਦੇ ਐਲਾਨ ਉਪਰੰਤ ਰਲੇਵੇਂ ਦੀ ਇਸ ਪ੍ਰਕਿਰਿਆ ਦੇ ਪੂਰਨ ਹੋਣ ਤੇ ਦੇਸ਼ ਵਿੱਚ ਭਾਰਤੀ ਸਟੇਟ ਬੈਂਕ ਆਫ ਬੜੌਦਾ ,ਪੰਜਾਬ ਨੈਸ਼ਨਲ ਬੈਂਕ ,ਕੇਨਰਾ ਬੈਂਕ, ਯੂਨੀਅਨ ਬੈਂਕ, ਇੰਡੀਅਨ ਬੈਂਕ ,ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਬੈਂਕ ਆਫ ਮਹਾਰਾਸ਼ਟਰਾ ਅਤੇ ਯੂਕੋ ਬੈਂਕ ਹੀ ਦੇਸ਼ ਵਿਚ ਸਰਕਾਰੀ ਬੈਂਕਾਂ ਵਜੋਂ ਸੇਵਾਵਾਂ ਦੇਣਗੇ।


