ਰਾਹੁਲ ਗਾਂਧੀ ਦੀ ਪੰਜਾਬ ਫੇਰੀ ਸਿਆਸਤ ਤੋਂ ਪ੍ਰੇਰਿਤ :ਬੈਂਸ,ਕਿਹਾ, ਪੰਜਾਬ ਸਰਕਾਰ ਦੀ ਡਿਗਦੀ ਸਾਖ ਨੂੰ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਨੇ ਰਾਹੁਲ

ਲੁਧਿਆਣਾ, 2 ਅਕਤੂਬਰ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਕੁਲਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਕਿਸਾਨ ਮੁੱਦੇ ਤੇ ਰੱਖੀ ਗਈ ਪੰਜਾਬ ਫੇਰੀ ਤੇ ਟਿੱਪਣੀ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਫੇਰੀ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਪੰਜਾਬ ਵਿਚ ਕੈਪਟਨ ਸਰਕਾਰ ਦੀ ਡਿਗਦੀ ਸਾਖ ਨੂੰ ਬਚਾਉਣ ਦੀ ਨਾਕਾਮ ਕੋਸ਼ਿਸ਼ ਹੈ। ਬੈਂਸ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨ ਦਿੱਲੀ ਵਿਖੇ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕੀਤਾ ਗਿਆ ਹੈ ਅਤੇ ਦੇਸ਼ ਦੇ ਰਾਸ਼ਰਪਤੀ ਨੇ ਵੀ ਦਿੱਲੀ ਵਿਖੇ ਹੀ ਇਸ ਤੇ ਹਸਤਾਖਰ ਕਰਕੇ ਪ੍ਰਵਾਨਗੀ ਦਿੱਤੀ ਹੈ, ਇਸ ਲਈ ਕਿਸਾਨ ਵਿਰੋਧੀ ਖੇਤੀ ਸੁਧਾਰ ਕਾਨੂੰਨ ਦਾ ਵਿਰੋਧ ਵੀ ਦਿੱਲੀ ਵਿਖੇ ਹੀ ਹੋਣਾ ਚਾਹੀਦਾ ਹੈ, ਪ੍ਰੰਤੂ ਰਾਹੁਲ ਗਾਂਧੀ ਦਾ ਦਿੱਲੀ ਛੱਡ ਕੇ ਪੰਜਾਬ ਆਉਣਾ ਹਾਸੋਹੀਣਾ ਹੀ ਜਾਪਦਾ ਹੈ। ਬੈਂਸ ਨੇ ਕਿਹਾ ਕਿ ਜੇਕਰ ਇਹ ਸੱਚ ਮੁੱਚ ਹੀ ਕਿਸਾਨ ਹਿਤੈਸ਼ੀ ਹਨ ਤਾਂ ਇਨਾ ਨੂੰ ਚਾਹੀਦਾ ਹੈ ਕਿ ਸਮੁੱਚੇ ਭਾਰਤ ਵਰਸ਼ ਦੀਆਂ ਕਿਸਾਨ ਜੱਥੇਬੰਦੀਆਂ, ਕਿਸਾਨ ਹਿਤੈਸ਼ੀ ਸਿਆਸੀ ਪਾਰਟੀਆਂ ਅਤੇ ਭਰਾਤਰੀ ਜੱਥੇਬੰਦੀਆਂ ਨੂੰ ਦਿੱਲੀ ਵਿਖੇ ਬੁਲਾ ਕੇ ਕੇਂਦਰ ਸਰਕਾਰ ਦੀਆਂ ਜੜਾਂ ਹਿਲਾਉਣ ਅਤੇ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨ। ਬੈਂਸ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਪੰਜਾਬ ਵਿਰੋਧੀ ਰਹੀ ਹੈ ਅਤੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਸਿਆਸੀ ਸਟੰਟ ਤੋ ਵੱਧ ਕੁਝ ਵੀ ਨਹੀ। ਉਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਵੱਡੇ ਵੱਡੇ ਵਾਅਦੇ ਕਰਦੇ ਹੋਏ ਇੱਥੇ ਕਾਂਗਰਸ ਦੀ ਸਰਕਾਰ ਤਾਂ ਬਣਾ ਲਈ ਪ੍ਰੰਤੂ ਲਗਭਗ 4 ਸਾਲ ਲੰਘ ਜਾਣ ਦੇ ਬਾਵਜੂਦ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਸਗੋਂ ਪੰਜਾਬ ਵਿਚ ਹਜਾਰਾਂ ਕਰੋੜ ਰੁਪਏ ਦੇ ਘੁਟਾਲੇ ਕਰਕੇ ਇਸ ਸਰਕਾਰ ਨੇ ਆਪਣਾ ਵਿਸ਼ਵਾਸ ਗੁਆ ਲਿਆ। ਬੈਂਸ ਨੇ ਕਿਹਾ ਕਿ ਹੁਣ ਇਨ੍ਹਾ ਨੂੰ ਕੰਧ ਤੇ ਲਿੱਖਿਆ ਦਿਸਣ ਲੱਗ ਪਿਆ ਹੈ ਕਿ ਪੰਜਾਬ ਦੇ ਲੋਕ 2022 ਦੀਆਂ ਚੋਣਾ ਵਿਚ ਕਾਂਗਰਸ ਪਾਰਟੀ ਨੂੰ ਮੂੰਹ ਨਹੀ ਲਾਉਣਗੇ, ਇਸ ਲਈ ਪੰਜਾਬ ਕਾਂਗਰਸ ਪਾਰਟੀ ਦੀਆਂ ਵੱਡੀਆਂ ਤੋਪਾਂ ਨੂੰ ਇਥੇ ਬੁਲਾ ਕੇ ਆਪਣੀ ਡਿਗਦੀ ਹੋਈ ਸਾਖ ਬਚਾਉਣ ਦੀ ਕੋਸ਼ਿਸ਼ ਵਿਚ ਹੈ। ਬੈਂਸ ਨੇ ਕਿਹਾ ਕਿ ਇਥੋਂ ਦੇ ਕਿਸਾਨਾ ਸਮੇਤ ਹਰੇਕ ਵਰਗ ਦੇ ਲੋਕ ਜਾਣਦੇ ਹਨ ਕਿ ਕਿਹੜੀ ਸਿਆਸੀ ਪਾਰਟੀ ਭ੍ਰਿਸ਼ਟਾਚਾਰ ਵਿਰੁੱਧ ਅਤੇ ਉਨਾ ਦੀਆਂ ਹੱਕੀ ਮੰਗਾ ਲਈ ਸਰਕਾਰਾਂ ਨਾਲ ਸਹੀ ਮਾਇਨੇ ਵਿਚ ਲੜਦੀ ਹੈ। ਉਨਾ ਕਿਹਾ ਕਿ ਕਾਂਗਰਸੀਆਂ ਦੀ ਰਾਹੁ ਗਾਂਧੀ ਫੇਰੀ ਅਤੇ ਅਕਾਲੀਆਂ ਦੀਆਂ ਸਿਆਸੀ ਰੈਲੀਆਂ ਉਨਾ ਦੀ ਡੁਬਦੀ ਬੇੜੀ ਨੂੰ ਪਾਰ ਨਹੀ ਲਗਾ ਸਕਣਗੀਆਂ ਅਤੇ 2022 ਦੀਆਂ ਚੋਣਾ ਵਿਚ ਇਨਾ ਰਵਾਇਤੀ ਪਾਰਟੀਆਂ ਦਾ ਭੋਗ ਪੈ ਜਾਵੇਗਾ।