ਰਾਹੁਲ ਗਾਂਧੀ ਦੀ ਅਗਵਾਈ ‘ਚ ਹੋਣ ਵਾਲੀ ਕਿਸਾਨ ਰੈਲੀ ਦੀ ਤਿਆਰੀ ਲਈ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਅਗਵਾਈ ‘ਚ ਹੋਈ ਮੀਟਿੰਗ

*ਮੋਗਾ ਹਲਕੇ ਤੋਂ 700 ਟਰੈਕਟਰ, 50 ਬੱਸਾਂ ਅਤੇ 100 ਗੱਡੀਆਂ ਦਾ ਵੱਡਾ ਕਾਫ਼ਲਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਰੈਲੀ ਵਿਚ ਹੋਵੇਗਾ ਸ਼ਾਮਲ: ਵਿਧਾਇਕ ਡਾ: ਹਰਜੋਤ ਕਮਲ
ਮੋਗਾ,2 ਅਕਤੂਬਰ (ਜਸ਼ਨ) : ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਸੰਘਰਸ਼ ਦੀ ਅਗਵਾਈ ਕਰਨ ਲਈ ਆਲ ਇੰਡੀਆ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਕੀਤੀ ਜਾ ਰਹੀ ਪੰਜਾਬ ਰੈਲੀ ਅਤੇ ਮਾਰਚ ਨੂੰ ਸਫ਼ਲ ਬਣਾਉਣ ਲਈ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੀ ਅਗਵਾਈ ਵਿਚ ਮੋਗਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ , ਵਿਧਾਇਕ ਡਾ:ਹਰਜੋਤ ਕਮਲ , ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਵਿਨੋਦ ਬਾਂਸਲ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ,ਚੇਅਰਮੈਨ ਮਾਰਕੀਟ ਕਮੇਟੀ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ,ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਕਾਂਗਰਸੀ ਵਰਕਰ ਪਤਵੰਤੇ ਹਾਜ਼ਰ ਸਨ । ਇਸ ਮੌਕੇ ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਵੱਲੋਂ ਆਪਸੀ ਤੋੜ ਵਿਛੋੜੇ ਦਾ ਵਿਖਾਵਾ ਕਰਨਾ ਸਿਰਫ਼ ਕਿਸਾਨ,ਆੜ੍ਹਤੀਆਂ ਅਤੇ ਮਜਦੂਰਾਂ ਨੂੰ ਵਰਗਲਾਉਣ ਦੀ ਨਾਕਾਮ ਸਾਜਿਸ਼ ਹੈ, ਕਿਉਕਿ ਮੋਦੀ ਸਰਕਾਰ ਵੱਲੋਂ ਅਕਾਲੀ ਦਲ ਦੀ ਸਹਿਮਤੀ ਨਾਲ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਬਾਰੇ ਸਾਰੇ ਲੋਕ ਭਲੀਭਾਂਤ ਜਾਣੂ ਹੋ ਗਏ ਹਨ। ਉਹਨਾਂ ਕਿਹਾ ਕਿ 4 ਅਕਤੂਬਰ ਤੋਂ ਪੰਜਾਬ ਭਰ ਵਿੱਚ ਟਰੈਕਟਰ ਰੈਲੀਆਂ ਦੀ ਅਗਵਾਈ ਸ਼੍ਰੀ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਸਮੇਤ ਸਮੁੱਚੀ ਲੀਡਰਸ਼ਿਪ ਕੱਸਬਾ ਬੱਧਨੀ ਕਲਾਂ ਤੋਂ ਸ਼ੁਰੂ ਕਰਕੇ ਪਿੰਡ ਲੋਪੋ, ਜਗਰਾਓ ਦੇ ਪਿੰਡ ਚਕਰ, ਲੱਖਾ,ਮਾਣੂੰਕੇ ਪਹੁਂੰਚੇਗੀ ਤੇ ਅਖੀਰ ਜੱਟਪੁਰਾ ਹੁੰਦੀ ਹੋਈ ਰਾਏਕੋਟ ਵਿਖੇ ਇੱਕ ਜਨ ਸਭਾ ਰੈਲੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਤੋ ਇਲਾਵਾ ਜਿਲ੍ਹਾ ਸੰਗਰੂਰ ਅਤੇ ਪਟਿਆਲਾ ਵਿਖੇ ਟਰੈਕਟਰ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕਿਸਾਨਾਂ ਦੇ ਹੱਕ ਵਿਚ ਪਹਿਲਾਂ ਹੀ ਮੋਗਾ ਦੇ ਕਾਂਗਰਸੀ ਖੇਮਿਆਂ ਵਿਚ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹੈ ਪਰ ਹੁਣ ਸ਼੍ਰੀ ਰਾਹੁਲ ਗਾਂਧੀ ਦੀ ਆਮਦ ਨਾਲ ਵਰਕਰਾਂ ਵਿਚ ਪਹਿਲਾਂ ਨਾਲੋਂ ਵਧੇਰੇ ਉਤਸ਼ਾਹ ਹੈ ,ਇਸ ਕਰਕੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਵੱਲੋਂ ਦਿੱਤੇ ਹੁੰਗਾਰੇ ਮੁਤਾਬਕ ਮੋਗਾ ਹਲਕੇ ਤੋਂ 700 ਟਰੈਕਟਰ , 50 ਬੱਸਾਂ ਅਤੇ 100 ਗੱਡੀਆਂ ਦਾ ਵੱਡਾ ਕਾਫ਼ਲਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਰੈਲੀ ਵਿਚ ਸ਼ਾਮਲ ਹੋਵੇਗਾ
ਇਸ ਮੌਕੇੇ ਮੁਹੰਮਦ ਸਦੀਕ ਨੇ ਆਖਿਆ ਕਿ ਲੋਕ ਹੁਣ ਮੋਦੀ ਖਿਲਾਫ਼ ਪੱਬਾਂ ਭਾਰ ਹੋ ਚੁੱਕੇ ਨੇ ਅਤੇ ਛੇਤੀ ਹੀ ਮੋਦੀ ਸਰਕਾਰ ਦਾ ਬਿਸਤਰਾ ਗੋਲ ਕੀਤਾ ਜਾਵੇਗਾ।
ਇਸ ਮੌਕੇ ਵਿਧਾਇਕ ਕੁਲਬੀਰ ਜ਼ੀਰਾ ਨੇ ਆਖਿਆ ਕਿ ਰਾਹੁਲ ਗਾਧੀ ਦੀ ਅਗਵਾਈ ਵਿਚ ਰੈਲੀ ਦੀ ਗੂੰਜ ਦਿੱਲੀ ਤੱਕ ਜਾਵੇਗੀ ਅਤੇ ਮੋਦੀ ਸਰਕਾਰ ਨੂੰ ਹਰ ਹਾਲ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ।
ਇਸ ਮੌਕੇ ਕਮਲਜੀਤ ਕੌਰ ਧੱਲੇਕੇ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਮੀਡੀਆ ਇੰਚਾਰਜ ਪੰਜਾਬ ਸੈੱਲ ਸੁਮਨ ਕੌਸ਼ਿਕ, ਸੀਨੀਅਰ ਕਾਂਗਰਸੀ ਆਗੂ ਸੀਰਾ ਚਕਰ,ਜਸਵਿੰਦਰ ਸਿੰਘ ਕਾਕਾ ਲੰਢੇਕੇ, ਪ੍ਰਵੀਨ ਪੀਨਾ,ਹਿੰਮਤ ਸਿੰਘ ਜੱਬਲ, ਗੁਰਮਿੰਦਰ ਬਬਲੂ,ਬਿੱਟੂ ਫਿਲਟਰਾਂ ਵਾਲੇ,ਅਸ਼ੋਕ ਧਮੀਜਾ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ।


