ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ‘ਚ ਕਾਂਗਰਸੀ ਵਰਕਰ ਕਾਫ਼ਲਿਆਂ ਦੇ ਰੂਪ ‘ਚ ਬੱਧਣੀ ਪਹੁੰਚ ਕੇ ਰੈਲੀ ਵਿਚ ਸ਼ਾਮਲ ਹੁੰਦਿਆਂ ਕੇਂਦਰ ਦੀ ਮੋਦੀ ਸਰਕਾਰ ਦੇ ਕੰਨਾਂ ਵਿਚੋਂ ਧੂੰਆਂ ਕੱਢਣਗੇ : ਪ੍ਰਕਾਸ਼ ਰਾਜਪੂਤ

ਮੋਗਾ,3 ਅਕਤੂਬਰ (ਜਸ਼ਨ): ‘4 ਅਕਤੂਬਰ ਨੂੰ ਬੱਧਣੀ ਕਲਾਂ ਵਿਖੇ ਰਾਹੁਲ ਗਾਂਧੀ ਦੀ ਅਗਵਾਈ ‘ਚ ਹੋਣ ਵਾਲੀ ਕਿਸਾਨ ਬਚਾਓ ਟਰੈਕਟਰ ਰੈਲੀ ਲਈ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ‘ਚ ਭਾਰੀ ਉਤਸ਼ਾਹ ਹੈ ਅਤੇ ਇਸ ਰੈਲੀ ਦੀ ਸਫ਼ਲਤਾ ਲਈ ਧਰਮਕੋਟ ਹਲਕੇ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿਚ ਕਾਂਗਰਸੀ ਵਰਕਰ ਕਾਫ਼ਲਿਆਂ ਦੇ ਰੂਪ ਵਿਚ ਪਹੁੰਚ ਕੇ ਰੈਲੀ ਵਿਚ ਸ਼ਾਮਲ ਹੰੁਦਿਆਂ ਕੇਂਦਰ ਦੀ ਮੋਦੀ ਸਰਕਾਰ ਦੇ ਕੰਨਾਂ ਵਿਚੋਂ ਧੂੰਆਂ ਕੱਢ ਦੇਣਗੇ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਯੂਥ ਆਗੂ ਪ੍ਰਕਾਸ਼ ਰਾਜਪੂਤ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜਪੂਤ ਨੇ ਆਖਿਆ ਕਿ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਪੰਜਾਬੀ ਹੁਣ ਉੱਠ ਖੜ੍ਹੇ ਹਨ ਅਤੇ ਕੱਲ ਰਾਹੁਲ ਗਾਂਧੀ ਦੀ ਅਗਵਾਈ ਵਿਚ ਹੋਣ ਵਾਲੀ ਰੈਲੀ ਕੇਂਦਰ ਨੂੰ ਇਹ ਤਿੰਨੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗੀ। ਉਹਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ ਨਾ ਕਰੇ ਕਿਉਂਕਿ ਪਹਿਲਾਂ ਖੇਤੀ ਸੋਧ ਬਿੱਲਾਂ ਦੇ ਹੱਕ ਵਿਚ ਪ੍ਰਚਾਰ ਕਰਨਾ ਅਤੇ ਬਾਅਦ ਵਿਚ ਯੂ ਟਰਨ ਲੈਂਦਿਆਂ ਗੱਠਜੋੜ ਤੋੜ ਕੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਸਿਰਫ਼ ਕੋਸ਼ਿਸ਼ ਹੈ ਪਰ ਉਹ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ । ਰਾਜਪੂਤ ਨੇ ਆਖਿਆ ਕਿ ਕੱਲ ਦੀ ਮੋਗਾ ਰੈਲੀ ਮੋਦੀ ਸਰਕਾਰ ਨੂੰ ਇਕ ਸੁਨੇਹਾ ਹੋਵੇਗੀ ਕਿ ਜੇਕਰ ਉਹਨਾਂ ਖੇਤੀ ਕਾਨੂੰਨਾਂ ’ਤੇ ਪੁਨਰ ਵਿਚਾਰ ਨਾ ਕੀਤਾ ਤਾਂ ਸੰਘਰਸ਼ ਪਹਿਲਾਂ ਨਾਲੋਂ ਵੀ ਤਿੱਖਾ ਹੋਵੇਗਾ।