ਦੇਸ਼ ਦੇ ਇਤਿਹਾਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ : ਵਿਧਾਇਕ ਕੁਲਬੀਰ ਜ਼ੀਰਾ

ਮੋਗਾ,3 ਅਕਤੂਬਰ (ਜਸ਼ਨ): 4 ਅਕਤੂਬਰ ਨੂੰ ਬੱਧਣੀ ਕਲਾਂ ਵਿਖੇ ਰਾਹੁਲ ਗਾਂਧੀ ਦੀ ਅਗਵਾਈ ‘ਚ ਹੋਣ ਵਾਲੀ ਕਿਸਾਨ ਬਚਾਓ ਟਰੈਕਟਰ ਰੈਲੀ ਦੀ ਸਫ਼ਲਤਾ ਲਈ ਦਿਨ ਰਾਤ ਇਕ ਕਰ ਰਹੇ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਜ਼ੀਰਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ‘ਅੱਛੇ ਦਿਨ ਆਨੇ ਵਾਲੇ ਹੈ ’ ਹੁਣ ਦੇਸ਼ ਦੇ ਲੋਕਾਂ ਨੂੰ ਮੋਦੀ ਦਾ ਲਤੀਫ਼ਾ ਹੀ ਲੱਗ ਰਿਹਾ ਜਦੋਂ ਕੇਂਦਰ ਦੀ ਸੱਤਾ ਦੇ ਨਸ਼ੇ ਵਿਚ ਚੂਰ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੰੁਚਾਉਣ ਲਈ ਸਿਰਫ਼ ਦੇਸ਼ ਦੇ ਅੰਨ ਦਾਤੇ ਦੇ ਢਿੱਡ ਵਿਚ ਹੀ ਲੱਤ ਨਹੀਂ ਮਾਰ ਰਿਹਾ ਬਲਕਿ ਖੇਤੀ ਸੋਧ ਕਾਨੂੰਨਾਂ ਦੇ ਹੋਂਦ ਵਿਚ ਆਉਣ ਨਾਲ ਆਉਣ ਵਾਲੇ ਦਿਨਾਂ ਵਿਚ ਆਮ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਵੀ ਕਰਨਾ ਪਵੇਗਾ । ਜ਼ੀਰਾ ਨੇ ਆਖਿਆ ਕਿ ਮੋਦੀ ਸਰਕਾਰ ਇਹ ਨਾ ਸੋਚੇ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੰੁਚਾ ਕੇ ਉਹ 2024 ਦੀਆਂ ਚੋਣਾਂ ਜਿੱਤ ਕੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣਗੇ । ਕੁਲਬੀਰ ਜ਼ੀਰਾ ਨੇ ਆਖਿਆ ਕਿ ਦੇਸ਼ ਦੇ ਅੰਨਦਾਤੇ ਨਾਲ ਧ੍ਰੋਹ ਕਮਾ ਕੇ ਉਹ ਕਦੇ ਵੀ ਤਖਤਾਂ ਦਾ ਸੁਪਨੇ ਨਹੀਂ ਦੇਖ ਸਕਦੇ । ਉਹਨਾਂ ਕਿਹਾ ਕਿ ਇਹ ਦੇਸ਼ ਲਾਲ ਬਹਾਦਰ ਸ਼ਾਸਤਰੀ ਵਰਗੇ ਪ੍ਰਧਾਨ ਮੰਤਰੀ ਨੂੰ ਅੱਜ ਤੱਕ ਯਾਦ ਕਰਦਾ ਹੈ ਜਿਹਨਾਂ ਕਿਸਾਨਾਂ ਅਤੇ ਦੇਸ਼ ਦੇ ਜਵਾਨਾਂ ਦੇ ਹੱਕ ਵਿਚ ਨਾਅਰਾ ਦਿੱਤਾ ਸੀ । ਉਹਨਾਂ ਕਿਹਾ ਕਿ ਜੇਕਰ ਮੋਦੀ ਨੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਦੇਸ਼ ਦਾ ਅਵਾਮ ਇਤਿਹਾਸ ਦੇ ਵਰਕਿਆਂ ’ਤੇ ਨਰਿੰਦਰ ਮੋਦੀ ਦੇ ਕਾਰਜਕਾਲ ਨੂੰ ਕਾਲੇ ਅੱਖਰਾਂ ਵਿਚ ਲਿਖੇਗਾ । ਕੁਲਬੀਰ ਜ਼ੀਰਾ ਨੇ ਆਖਿਆ ਕਿ ਰਾਹੁਲ ਗਾਂਧੀ ਦੀ ਅਗਵਾਈ ‘ਚ ਹੋਣ ਵਾਲੀ ਮੋਗਾ ਰੈਲੀ ਕੇਂਦਰ ਨੂੰ ਇਹ ਤਿੰਨੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗੀ।