ਸਮਾਜ ਸੇਵਾ ਨੂੰ ਪ੍ਰਣਾਈ ਸੰਸਥਾ ‘ਸਮਾਜ ਸੇਵਾ ਸੁਸਾਇਟੀ’ ਵੱਲੋਂ 15 ਲਵਾਰਿਸ ਲਾਸ਼ਾਂ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

ਮੋਗਾ,7 ਮਾਰਚ (ਜਸ਼ਨ): ਸਮਾਜ ਸੇਵਾ ਨੂੰ ਪ੍ਰਣਾਈ ਸੰਸਥਾ ‘ਸਮਾਜ ਸੇਵਾ ਸੁਸਾਇਟੀ’ ਵੱਲੋਂ ਬੀਤੇ ਸਾਲ ਦੌਰਾਨ ਮਿਲੀਆਂ 15 ਲਵਾਰਿਸ ਲਾਸ਼ਾਂ ਨਮਿੱਤ ਪਾਠਾਂ ਦੇ ਭੋਗ ਪਾਏ ਗਏ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਸਾਂਝ ਰੋਡ ਵਿਖੇ ਹੋਏ ਸਮਾਗਮ ਦੌਰਾਨ ਰਾਗੀ ਜੱਥਿਆਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਸੰਗਤਾਂ ਨੇ ਲਵਾਰਿਸ  ਮਿ੍ਰਤਕਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਸ਼ਰਧਾਂਜਲੀਆਂ ਭੇਟ ਕੀਤੀਆਂ। 
ਇਸ ਮੌਕੇ ਸੰਬੋਧਨ ਕਰਦਿਆਂ ਯੰਗ ਵੈਲਫੇਅਰ ਕਲੱਬ ਦੇ ਅਹੁਦੇਦਾਰ ਪ੍ਰੋ: ਰਾਣਾ ਸੂਦ, ਸਮਾਜ ਸੇਵੀ ਮਹਿੰਦਰਪਾਲ ਲੂੰਬਾ, ਕੌਂਸਲਰ ਬਲਜੀਤ ਸਿੰਘ ਚਾਨੀ, ਸਟੇਟ ਐਵਾਰਡੀ ਅਧਿਆਪਕ ਤੇਜਿੰਦਰ ਸਿੰਘ ਜਸ਼ਨ ਨੇ ਆਖਿਆ ਕਿ ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਸਮਾਜ ਪ੍ਰਤੀ ਸੇਵਾਵਾਂ ਨਿਭਾਉਣਾ ਬੇਹੱਦ ਮੁਸ਼ਕਿਲ ਕਾਰਜ ਹੈ ਪਰ ਸਮਾਜ ਸੇਵਾ ਸੁਸਾਇਟੀ ਦੇ ਸਮੂਹ ਮੈਂਬਰ ਇਸ ਪਵਿੱਤਰ ਕਾਰਜ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਨ ਜਿਸ ਸਦਕਾ ਨਾ ਸਿਰਫ਼ ਹਾਦਸੇ ਦੇ ਸ਼ਿਕਾਰ ਵਿਅਕਤੀਆਂ ਨੂੰ ਮੌਕੇ ਸਿਰ ਮੁੱਢਲੀ ਸਹਾਇਤਾ ਮਿਲਦੀ ਹੈ ਬਲਕਿ ਸਮਾਜ ਨੂੰ ਸੇਵਾ ਲਈ ਪ੍ਰੇਰਨਾ ਵੀ ਮਿਲਦੀ ਹੈ । 
ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਸਮਾਜ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਹਨਾਂ ਦੀ ਬਦੌਲਤ ਸੁਸਾਇਟੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਲਵਾਰਿਸ ਲਾਸ਼ਾਂ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਅ ਰਹੀ ਹੈ। 
ਇਸ ਸਮਾਗਮ ਦੌਰਾਨ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ, ਪ੍ਰਵਾਸੀ ਪੰਜਾਬੀਆਂ, ਗੁਰਦੁਆਰਾ ਸਭਾਵਾਂ ਅਤੇ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸ਼ਾਲ, ਸਿਰੋਪਾਓ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। 
ਇਸ ਧਾਰਮਿਕ ਸਮਾਗਮ ਦੌਰਾਨ ਕੌਂਸਲਰ ਹਰਜਿੰਦਰ ਸਿੰਘ ਰੋਡੇ, ਯੰਗ ਵੈਲਫੇਅਰ ਕਲੱਬ ਦੇ ਮੈਂਬਰ, ਕੌਂਸਲਰ ਬਿਕਰਮਜੀਤ ਘਾਤੀ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਸੁਰਿੰਦਰ ਬਾਵਾ ਜ਼ਿਲ੍ਹਾ ਪ੍ਰਧਾਨ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ, ਰਾਕੇਸ਼ ਸਿਤਾਰਾ, ਜਗਦੀਸ਼ ਸਿੰਘ ਐਡਵੋਕੇਟ, ਪਰਮਜੀਤ ਸਿੰਘ ਮੁੰਡੇ, ਹਰਮੀਤ ਸਿੰਘ ਖਾਲਸਾ, ਪਰਮਜੀਤ ਸਿੰਘ ਵਕੀਲ, ਸਤਪਾਲ ਸਿੰਘ ਕੰਡਾ, ਹਰਦੀਪ ਸਿੰਘ ਜੰਡੂ, ਹਰਜੀਤ ਸਿੰਘ ਮੀਤਾ, ਡਾਕਟਰ ਜਗਤਾਰ ਸਿੰਘ, ਡਾ: ਰਵੀ ਨੰਦਨ ਸ਼ਰਮਾ, ਗੋਬਿੰਦ ਰਾਮ ਤਿਵਾੜੀ, ਗੋਲਡੀ ਜੰਡੂ,ਬਲਜਿੰਦਰ ਸਿੰਘ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ, ਜਗਰਾਜ ਸਿੰਘ ਕਲਸੀ, ਹਰਤੇਜ ਸਿੰਘ ਪਨੇਸਰ, ਸਿਮਰਜੀਤ ਸਿੰਘ ਡਾਲਾ, ਜੀਵਨ ਸਿੰਘ ਡਾਲਾ, ਬਲਰਾਜ ਸਿੰਘ ਅਤੇ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ। ਸਟੇਜ ਸਕੱਤਰ ਦੀ ਭੂਮਿਕਾ ਗੁਰਪ੍ਰੀਤਮ ਸਿੰਘ ਚੀਮਾ ਨੇ ਬਾਖੂਬੀ ਨਿਭਾਈ।