ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ 22 ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ,ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀਆਂ ਨਿਰਪੱਖ ਨੀਤੀਆਂ ਤੋਂ ਖੁਸ਼ : ਰਾਹੁਲ ਸਿੰਘ ਸਿੱਧੂ

ਕੋਟਕਪੂਰਾ, 2 ਫਰਵਰੀ (ਟਿੰਕੂ ਪਰਜਾਪਤ) :- ਨੇੜਲੇ ਪਿੰਡ ਢੀਮਾਂਵਾਲੀ ਦੇ ਮੈਂਬਰ ਪੰਚਾਇਤ ਤਰਸੇਮ ਸਿੰਘ ਦਿਉਲ ਦੇ ਗ੍ਰਹਿ ਵਿਖੇ ਹੋਏ ਸਾਦਾ ਸਮਾਰੋਹ ਦੌਰਾਨ ਉੱਘੇ ਸਮਾਜਸੇਵੀ ਦਿਲਾਵਰ ਸਿੰਘ ਬਰਾੜ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ 22 ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ। ਉਕਤ ਪਰਿਵਾਰਾਂ ਦੇ ਮੁਖੀਆਂ ਨੂੰ ਸਿਰੋਪਾਓ ਪਾ ਕੇ ਜੀ ਆਇਆਂ ਆਖਦਿਆਂ ਤੇ ਉਨਾਂ ਦਾ ਧੰਨਵਾਦ ਕਰਦਿਆਂ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਵਿਸ਼ਵਾਸ਼ ਦਿਵਾਇਆ ਕਿ ਉਕਤ ਪਾਰਟੀਆਂ ਦਾ ਕਾਂਗਰਸ ’ਚ ਹਮੇਸ਼ਾਂ ਮਾਣ ਸਨਮਾਨ ਬਰਕਰਾਰ ਰਹੇਗਾ। ਉਨਾ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਦੀਆਂ ਨਿਰਪੱਖ ਅਤੇ ਦਰੁਸਤ ਨੀਤੀਆਂ ਕਾਰਨ ਅਕਾਲੀ ਦਲ ਅਤੇ ‘ਆਪ’ ਦੇ ਵਰਕਰ ਧੜਾਧੜ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਉਨਾ ਅਕਾਲੀ ਦਲ ਬਾਦਲ ਵਲੋਂ ਪੰਜਾਬ ਦਾ ਨੁਕਸਾਨ ਕਰਨ ਵਾਲੀਆਂ ਅੰਕੜਿਆਂ ਸਹਿਤ ਗੱਲਾਂ ਸਾਂਝੀਆਂ ਕੀਤੀਆਂ। ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪਾਟੋਧਾੜ ਅਤੇ ਦੋਗਲੀ ਨੀਤੀ ਕਾਰਨ ਉਸ ਪਾਰਟੀ ਦਾ ਅਧਾਰ ਲਗਾਤਾਰ ਖਤਮ ਹੁੰਦਾ ਜਾ ਰਿਹਾ ਹੈ। ਕਿਉਂਕਿ ਭਗਵੰਤ ਮਾਨ ਨੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਮਜੀਠੀਆ ਤੋਂ ਮਾਫੀ ਮੰਗਣ ਦੇ ਰੋਸ ਵਜੋਂ ਪੰਜਾਬ ਦੇ ਸੂਬਾਈ ਕਨਵੀਨਰ ਦੇ ਅਹੁਦੇ ਤੋਂ ਰੋਸ ਵਜੋਂ ਅਸਤੀਫਾ ਦਿੱਤਾ ਸੀ ਪਰ ਹੁਣ ਬਿਨਾ ਕੋਈ ਕਾਰਨ ਦੱਸਿਆਂ ਦੁਬਾਰਾ ਫਿਰ ਪਾਰਟੀ ਦੀ ਅਗਵਾਈ ਕਬੂਲ ਕਰ ਲਈ। ਹੁਣ ਪੰਜਾਬ ਵਾਸੀ ਭਗਵੰਤ ਮਾਨ ਤੋਂ ਪੁੱਛਦੇ ਹਨ ਕਿ ਕੀ ਹੁਣ ਅਰਵਿੰਦ ਕੇਜਰੀਵਾਲ ਨੇ ਗਲਤੀ ਮੰਨ ਕੇ ਤੁਹਾਨੂੰ ਸੰਤੁਸ਼ਟ ਕਰ ਦਿੱਤਾ ਹੈ ਜਾਂ ਅਸਤੀਫਾ ਦੇਣ ਵਾਲੀ ਡਰਾਮੇਬਾਜੀ ਲੋਕਾਂ ਦੇ ਅੱਖਾਂ ’ਚ ਘੱਟਾ ਪਾਉਣ ਵਾਲੀ ਕਾਰਵਾਈ ਸੀ? ਇਸ ਮੌਕੇ ਉਪਰੋਕਤ ਤੋਂ ਇਲਾਵਾ ਭਾਈ ਰਸਬੀਰ ਸਿੰਘ ਸਿੱਧੂ, ਸ਼ੇਰਬਾਜ਼ ਸਿੰਘ, ਇਕਬਾਲ ਸਿੰਘ ਦਿਉਲ, ਜਸਵਿੰਦਰ ਸਿੰਘ ਗੋਲਾ, ਕੀਪਾ ਸਿੰਘ ਦਿਉਲ ਆਦਿ ਨੇ ਵੀ ਸੰਬੋਧਨ ਕੀਤਾ।