ਦੋ ਫੌਜੀ ਜਵਾਨਾਂ ਦੀ ਮੌਤ ,ਮੋਗਾ ਨੇੜੇ ਡੁੱਬੀ ਕਾਰ ‘ਚੋਂ ਲਾਸ਼ਾਂ ਬਰਾਮਦ ,ਪੁਲਿਸ ਅਤੇ ਫੌਜ ਵੱਲੋਂ ਮੌਤ ਦੇ ਕਾਰਨਾਂ ਦੀ ਤਫਤੀਸ਼ ਜਾਰੀ

ਮੋਗਾ, 7 ਮਾਰਚ (ਜਸ਼ਨ): ਮੋਗਾ ਜ਼ਿਲੇ ਪਿੰਡ ਭਿੰਡਰ ਖੁਰਦ ਵਿਖੇ ਅੱਜ ਛੱਪੜ ਵਿਚੋਂ ਦੋ ਫੌਜੀ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।  ਪ੍ਰਤੱਖ ਦਰਸ਼ੀਆਂ ਮੁਤਾਬਕ ਇਹਨਾਂ ਵਿਚੋਂ ਇਕ ਫੌਜੀ ਜਵਾਨ ਸੁਰਜੀਤ ਸਿੰਘ ਇਸੇ ਪਿੰਡ ਦਾ ਵਸਨੀਕ ਸੀ ਜਦਕਿ ਦੂਸਰਾ ਜਵਾਨ ਹਰਪ੍ਰੀਤ ਸਿੰਘ ਪਿੰਡ ਬਾਲਕੰਡਾ ਰੋਪੜ ਜ਼ਿਲੇ ਨਾਲ ਸਬੰਧਤ ਹੈ । ਸੁਰਜੀਤ ਸਿੰਘ ਇਸੇ ਐਤਵਾਰ ਆਪਣੇ ਪਰਿਵਾਰ ਨੂੰ ਮਿਲਣ ਉਪਰੰਤ ਜਲੰਧਰ ਵਿਖੇ ਫੌਜੀ ਸਕੂਲ ਵਿਚ 13 ਮੀਡੀਅਮ ਯੁਨਿਟ ਅਧੀਨ ਆਪਣੀ ਡਿੳੂਟੀ ’ਤੇ ਹਾਜ਼ਰ ਹੋ ਗਿਆ ਸੀ ਪਰ ਜਦ ਉਸ ਨੂੰ ਪਤਾ ਲੱਗਿਆ ਕਿ ਸੋਮਵਾਰ ਸ਼ਿਵਰਾਤਰੀ ਦੀ ਛੁੱਟੀ ਹੈ ਤਾਂ ਉਹ ਫਿਰ ਐਤਵਾਰ ਨੂੰ ਹੀ ਦੇਰ ਰਾਤ ਆਪਣੇ ਦੋਸਤ ਦੂਸਰੇ ਫੌਜੀ ਜਵਾਨ ਹਰਪ੍ਰੀਤ ਨਾਲ ਕਾਰ ’ਤੇ ਮੋਗਾ ਨੇੜਲੇ ਆਪਣੇ ਪਿੰਡ ਭਿੰਡਰ ਲਈ ਰਵਾਨਾ ਹੋਇਆ ਪਰ ਘਰ ਨਾ ਪਹੰੁਚਿਆ ਉਸ ਨੇ ਜਲਾਲਾਬਾਦ ਪਿੰਡ ਕੋਲ ਆ ਕੇ ਆਪਣੇ ਘਰ ਫੋਨ ਕੀਤਾ ਕਿ ‘‘ਗੇਟ ਖੁੱਲਾ ਰੱਖਿਓ ਮੈਂ ਆ ਰਿਹਾ ਹਾਂ’’। ਪਰ ਉਹ ਘਰ ਨਾ ਪਹੰੁਚਿਆ । ਪਿਛਲੇ ਤਿੰਨ ਦਿਨ ਫੌਜ ਦੇ ਅਧਿਕਾਰੀ ਅਤੇ ਪਰਿਵਾਰਕ ਮੈਂਬਰ ਸੁਰਜੀਤ ਸਿੰਘ ਅਤੇ ਹਰਪ੍ਰੀਤ ਦੀ ਤਲਾਸ਼ ਕਰਦੇ ਰਹੇ ਪਰ ਫੋਨ ਦੀ ਲੋਕੇਸ਼ਨ ਪਿੰਡ ਭਿੰਡਰ ਦੇ ਨੇੜੇ ਹੋਣ ਕਰਕੇ ਤਫਤੀਸ਼ ਅੱਗੇ ਨਹੀਂ ਸੀ ਵੱਧ ਰਹੀ ਪਰ ਅੱਜ ਪਿੰਡ ਤੋਂ ਬਾਹਰਵਾਰ ਸੜਕ ਦੇ ਬਿੱਲਕੁੱਲ ਨਾਲ ਵਾਲੇ ਛੱਪੜ ਵਿਚ ਇਕ ਕਾਰ ਦਾ ਟਾਇਰ ਦਿਖਾਈ ਦੇਣ ਨਾਲ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਜਦੋਂ ਜੇ ਸੀ ਬੀ ਦੀ ਮਦਦ ਨਾਲ ਕਾਰ ਬਾਹਰ ਕੱਢੀ ਗਈ ਤਾਂ ਕਾਰ ਵਿਚੋਂ ਦੋ ਫੌਜੀ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜੋ ਸੁਰਜੀਤ ਸਿੰਘ ਅਤੇ ਹਰਪ੍ਰੀਤ ਦੀਆਂ ਹੀ ਸਨ । ਪੁਲਿਸ ਵੱਲੋਂ ਸਾਰੀ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖਿਰ ਦੁਰਘਟਨਾ ਦਾ ਕਾਰਨ ਕੀ ਰਿਹਾ । ਮਿ੍ਰਤਕ ਸੁਰਜੀਤ ਸਿੰਘ ਦੇ ਦੋ ਛੋਟੇ ਲੜਕੇ ਹਨ । ਵਰਣਨਯੋਗ ਹੈ ਕਿ ਜਲਾਲਾਬਾਦ ਭਿੰਡਰ ਕਲਾਂ ਸੜਕ ’ਤੇ ਇਸ ਵਿਸ਼ਾਲ ਛੱਪੜ ਨੇੜੇ ਅਕਸਰ ਸੜਕ ’ਤੇ ਅਵਾਰਾ ਪਸ਼ੂ ਫਿਰਦੇ ਰਹਿੰਦੇ ਹਨ ਅਤੇ ਲੋਕਾਂ ਦਾ ਆਖਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਆਵਾਰਾ ਪਸ਼ੂ ਦੀ ਜੱਦ ਵਿਚ ਆ ਕੇ ਸੁਰਜੀਤ ਸਿੰਘ ਕਾਰ ਦਾ ਸੰਤੁਲਨ ਗੁਆ ਬੈਠਾ ਹੋਵੇ। ਜ਼ਿਕਰਯੋਗ ਹੈ ਕਿ ਮੋਗਾ ਨੇੜਲੇ ਲੋਕ ਅਜੇ ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੇ ਸਦਮੇਂ ਵਿਚੋਂ ਬਾਹਰ ਨਹੀਂ ਆਏ ਸਨ ਕਿ ਅੱਜ ਭਾਰਤੀ ਫੌਜ ਦੇ ਦੋ ਹੋਰ ਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ।