ਗੋਲੀ ਮਾਰ ਕੇ ਕਿਸਾਨ ਨੇ ਕੀਤੀ ਆਤਮਹੱਤਿਆ,ਕਰਜ਼ੇ ਦੇ ਬੋਝ ਕਾਰਨ ਆਪਣੀ ਹੀ 12 ਬੋਰ ਰਾਈਫਲ ਨਾਲ ਛਾਤੀ ‘ਚ ਮਾਰੀ ਗੋਲੀ

ਮੋਗਾ,9 ਮਾਰਚ (ਜਸ਼ਨ): ਪੰਜਾਬ ਵਿਚ ਖੁਦਕੁਸ਼ੀਆਂ ਦੇ ਰਾਹ ਪਈ ਕਿਰਸਾਨੀ ਲਈ ਕੋਈ ਢੋਅਮੇਲਾ ਨਜ਼ਰ ਨਹੀਂ ਆ ਰਿਹਾ ਤੇ ਅੱਜ ਅੰਨਦਾਤਾ ਕਹਾਉਣ ਵਾਲਾ ਇਕ ਹੋਰ ਧਰਤੀ ਪੁੱਤਰ ਖੁਦਕੁਸ਼ੀ ਕਰ ਗਿਆ। ਹਰ ਪੰਜਾਬੀ ਨੂੰ ਰੂਹ ਤੱਕ ਕੰਬਾ ਦੇਣ ਵਾਲੀ ਇਹ ਘਟਨਾ ਮੋਗਾ ਜ਼ਿਲੇ ਦੇ ਪਿੰਡ ਮਾਣੂੰਕੇ ਗਿੱਲ ਵਿਖੇ ਵਾਪਰੀ ਜਦੋਂ ਆਪਣੇ ਖੇਤਾਂ ਵਿਚ ਪਰਿਵਾਰ ਸਮੇਤ ਰਹਿੰਦੇ ਗੁਰਮੇਲ ਸਿੰਘ ਗੇਲਾ ਨੇ ਆਪਣੀ ਹੀ 12 ਬੋਰ ਲਾਇਸੈਂਸੀ ਰਾਈਫਲ ਨਾਲ ਆਪਣੀ ਛਾਤੀ ‘ਚ ਗੋਲੀ ਮਾਰ ਲਈ । ਉਸ ਨੇ ਪੈਰ ਨਾਲ ਬੰਦੂਕ ਦਾ ਘੋੜਾ ਦਬਾਇਆ ਤੇ ਗੋਲੀ ਚੱਲਦਿਆਂ ਹੀ ਉਸ ਦੀ ਮੌਕੇੇ ‘ਤੇ ਮੌਤ ਹੋ ਗਈ । ਨਿਹਾਲ ਸਿੰਘ ਵਾਲਾ ਦੀ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਇਕ ਥਾਣੇਦਾਰ  ਦਰਸ਼ਨ ਸਿੰਘ ਘਟਨਾ ਸਥਾਨ ਤੇ ਪੁੱਜੇ ਅਤੇ ਲਾਸ਼ ਨੂੰ ਆਪਣੇੇ ਕਬਜ਼ੇ ਵਿਚ ਲੈ ਲਿਆ । ਇਸ ਮੌਕੇ ਮਿ੍ਰਤਕ ਦੀ ਪਤਨੀ ਸੁਖਦੇਵ ਕੌਰ ਨੇ ਦੱਸਿਆ ਉਹਨਾਂ ਦੇ  ਪਰਿਵਾਰ ਸਿਰ ਵੱਖ ਵੱਖ ਬੈਂਕਾਂ ਦਾ 35 ਲੱਖ ਦੇ ਕਰੀਬ ਕਰਜ਼ਾ ਹੈ ਅਤੇ ਉਹਨਾਂ ਦੀ 7 ਏਕੜ ਜ਼ਮੀਨ ਵੀ ਗਹਿਣੇ ਰੱਖੀ ਹੋਈ ਹੈ ਜਿਸ ਕਰਕੇ ਉਸ ਦਾ ਪਤੀ ਮਾਨਸਿਕ ਤਣਾਅ ਵਿਚ ਰਹਿੰਦਾ ਸੀ । ਤਫਤੀਸ਼ੀ ਅਫਸਰ ਦਰਸ਼ਨ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਮੇਲ ਸਿੰਘ ਗੇਲਾ ਜਿਸ ਦੀ ਉਮਰ 50 ਸਾਲ ਦੇ ਕਰੀਬ ਸੀ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਪਰ ਖੇਤੀ ਵਿਚ ਲਗਾਤਾਰ ਘਾਟਾ ਪੈਣ ਕਰਕੇ ਉਹ ਤਕਰੀਬਨ 9 ਕਿੱਲੇ ਜ਼ਮੀਨ ਵੇਚ ਚੁੱਕਾ ਸੀ ਅਤੇ ਹੁਣ ਬਾਕੀ 7 ਕਿੱਲੇ ਜ਼ਮੀਨ ਵਿਚ ਵਾਹੀ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਗੁਰਮੇਲ ਸਿਰ ਤਕਰੀਬਨ 35 ਲੱਖ ਦਾ ਕਰਜ਼ਾ ਸੀ ਜਿਸ ਵਿਚੋਂ ਲੈਂਡ ਮਾਰਗੇਜ ਬੈਂਕ ਨਿਹਾਲ ਸਿੰਘ ਵਾਲਾ ,ਕੋਆਪਰੇਟਿਵ ਬੈਂਕ ਅਤੇ ਕੁਝ ਆਮ ਲੋਕਾਂ ਤੋਂ ਉਧਾਰ ਲਏ ਪੈਸੇ ਸ਼ਾਮਲ ਸਨ । ਗੁਰਮੇਲ ਦੇ ਭਰਾ ਗੁਰਸੇਵਕ ਨੇ ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ ਨੂੰ ਦੱਸਿਆ ਕਿ ਗੁਰਮੇਲ ਸਿੰਘ ਦੇ ਦੋ ਮੁੰਡੇ ਹਨ ਜੋ ਟਰੱਕ ਚਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ । ਉਸ ਨੇ ਦੱਸਿਆ ਕਿ ਕਰਜ਼ੇ ਕਾਰਨ ਗੁਰਮੇਲ ਸਿੰਘ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਅਤੇ ਉਹ ਡੱਬਵਾਲੀ ਤੋਂ ਲਗਾਤਾਰ ਦਵਾਈ ਵੀ ਲੈ ਰਿਹਾ ਸੀ। ਉਸ ਨੇ ਸਰਕਾਰ ਤੋਂ ਸਾਰਾ ਕਰਜ਼ਾ ਮੁਆਫ਼ ਕਰਨ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਮੰਗ ਕੀਤੀ ਤਾਂ ਕਿ ਮਿ੍ਰਤਕ ਦੇ ਦੋਨੋਂ ਪੁੱਤਰ ਅਤੇ ਪਰਿਵਾਰ ਆਪਣੀ ਰੋਟੀ ਰੋਜ਼ੀ ਚਲਾ ਸਕਣ। ਇਸ ਸਮੇਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਮਿ੍ਰਤਕ ਕਿਸਾਨ ਦੀ ਪਤਨੀ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।  ਉਹਨਾਂ ਦੱਸਿਆ ਕਿ ਪੁਲਿਸ ਲਾਇਸੈਂਸੀ ਰਾਇਫਲ ਦੀ ਮਲਕੀਅਤ ਅਤੇ ਆਤਮ ਹੱਤਿਆ ਦੇ ਹੋਰਨਾਂ ਪਹਿਲੂਆਂ ’ਤੇ ਵੀ ਤਫ਼ਤੀਸ਼ ਕਰ ਰਹੀ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ