ਅਕਾਲੀ ਦਲ-ਵਾਰਿਸ ਪੰਜਾਬ ਦੇ ਉਮੀਦਵਾਰ ਜੋਰਾ ਸਿੰਘ ਪੰਨੂ ਦੀ ਉਮੀਦਵਾਰੀ ਰੱਦ, ਅਜਾਦ ਉਮੀਦਵਾਰ ਫੌਜੀ ਹੋਵੇਗਾ ਹੁਣ ਵਾਰਿਸ ਪੰਜਾਬ ਦਾ ਉਮੀਦਵਾਰ

ਮੋਗਾ,19 may (jashan )
ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਨੇ ਦੋਸ਼ ਲਾਇਆ ਹੈ ਕਿ ਅਕਾਲੀ ਦਲ-ਵਾਰਿਸ ਪੰਜਾਬ ਦੇ ਵਾਰਡ ਨੰਬਰ 35 ਤੋਂ ਨੌਜਵਾਨ ਉਮੀਦਵਾਰ ਜੋਰਾ ਸਿੰਘ ਪੰਨੂੰ ਦੀ ਹਾਕਮ ਧਿਰ ਦੇ ਆਗੂ ਤੇ ਐਮ ਸੀ ਉਮੀਦਵਾਰ ਗੁਰਮਿੰਦਰ ਜੀਤ ਸਿੰਘ ਬਬਲੂ ਨੇ ਆਪਣਾ ਰਸੂਖ ਵਰਤਦਿਆਂ ਟਿਕਟ ਕਟਵਾ ਦਿੱਤੀ। ਦੁਪਹਿਰ ਨੂੰ ਲਾਈ ਗਈ ਲਿਸਟ ਵਿਚ ਜੋਰਾ ਸਿੰਘ ਪੰਨੂੰ ਦੀ ਫਾਈਲ 'ਤੇ ਕੋਈ ਇਤਰਾਜ਼ ਨਹੀਂ ਸੀ ਪਰ ਅੱਧੀ ਰਾਤ ਨੂੰ ਜਾਰੀ ਕੀਤੀ ਗਈ ਲਿਸਟ ਵਿਚ ਜੋਰਾ ਸਿੰਘ ਪੰਨੂੰ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ। ਇਸੇ ਵਾਰਡ 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਗੁਰਸੇਵਕ ਸਿੰਘ ਫੌਜੀ ਅੱਜ ਅਕਾਲੀ ਦਲ-ਵਾਰਿਸ ਪੰਜਾਬ ਵਿੱਚ ਸ਼ਾਮਿਲ ਹੋ ਗਏ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਅਤੇ ਨਾਮਜ਼ਦਗੀ ਰੱਦ ਹੋਣ ਵਾਲੇ ਉਮੀਦਵਾਰ ਜੋਰਾ ਸਿੰਘ ਪੰਨੂੰ ਤੇ ਸਾਥੀ ਨੌਜਵਾਨਾਂ ਨੇ ਗੁਰਸੇਵਕ ਸਿੰਘ ਫੌਜੀ ਦੀ ਹਮਾਇਤ ਕਰ ਦਿੱਤੀ ਹੈ।
ਅੱਜ ਇਥੇ ਬੁੱਕਣਵਾਲਾ ਰੋਡ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਂਵੀਂ ਕੋਲ ਇਕੱਤਰ ਹੋਏ ਨੌਜਵਾਨਾਂ ਨੇ ਸਾਬਕਾ ਮੰਤਰੀ ਮਰਹੂਮ ਸ. ਤੋਤਾ ਸਿੰਘ ਦੇ ਪੀ ਏ ਰਹੇ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਮਿੰਦਰ ਜੀਤ ਸਿੰਘ ਬਬਲੂ ਖਿਲਾਫ਼ ਤਿੱਖਾ ਰੋਸ ਜਾਹਰ ਕੀਤਾ। ਉਹਨਾਂ ਕਿਹਾ ਕਿ 26 ਮਈ ਨੂੰ ਹੋ ਰਹੀਆਂ ਚੋਣਾਂ ਵਿਚ ਇਸ ਜਿਆਦਤੀ ਦਾ ਬਦਲਾ ਗੁਰਸੇਵਕ ਸਿੰਘ ਫੌਜੀ ਨੂੰ ਜਿਤਾ ਕੇ ਲਿਆ ਜਾਵੇਗਾ।
ਇਸ ਮੌਕੇ ਅਕਾਲੀ ਦਲ-ਵਾਰਿਸ ਪੰਜਾਬ ਦੇ ਆਗੂ ਤੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਵਾਰਡ ਨੰਬਰ 35 ਵਿੱਚ ਸਭ ਤੋਂ ਮਜਬੂਤ ਉਮੀਦਵਾਰ ਜੋਰਾ ਸਿੰਘ ਪੰਨੂ ਸੀ, ਜਿਸ ਕਰਕੇ ਉਸਦੀ ਨਾਮਜ਼ਦਗੀ ਰੱਦ ਕਰਵਾ ਕੇ ਬਬਲੂ ਨੇ ਆਪਣੀ ਜਿੱਤ ਦਾ ਰਾਹ ਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਨੌਜਵਾਨ ਫੌਜੀ ਨੂੰ ਜਿਤਾ ਕੇ ਇਸ ਅਪਮਾਨ ਦਾ ਬਦਲਾ ਲੈਣਗੇ।


