ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸੁਖਜਿੰਦਰ ਰੰਧਾਵਾ ਦਾ ਫੂਕਿਆ ਪੁਤਲਾ

 

* ਕਿਹਾ ਕਿ ਜੇਕਰ ਰੰਧਾਵਾ ਨੇ ਅਮ੍ਰਿਤਪਾਲ ਸਿੰਘ ਦੇ ਸਬੰਧ ਵਿੱਚ ਕੀਤੀ ਬੇਹੂਦਾ ਬਿਆਨਬਾਜ਼ੀ ਬਾਰੇ ਮੁਆਫ਼ੀ ਨਾ ਮੰਗੀ ਤਾਂ ਉਨਾਂ ਦਾ ਕਾਲੀਆਂ ਝੰਡੀਆਂ ਨਾਲ ਥਾਂ-ਥਾਂ ਕਰਾਂਗੇ ਸਵਾਗਤ 

ਮੋਗਾ, 2 ਮਈ ( JASHAN) - ਅਕਾਲੀ ਦਲ-ਵਾਰਿਸ ਪੰਜਾਬ ਦੇ ਵੱਲੋਂ ਅੱਜ ਸ਼ਹਿਰ ਦੇ ਮੁੱਖ ਚੌਂਕ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਫੂਕਿਆ ਗਿਆ। ਪਾਰਟੀ ਦੇ ਹਲਕਾ ਮੋਗਾ ਦੇ ਇੰਚਾਰਜ ਰਛਪਾਲ ਸਿੰਘ ਸੋਸਣ ਦੀ ਦੇਖ-ਰੇਖ ਹੇਠ ਕੀਤੇ ਗਏ ਰੋਸ ਪ੍ਰਦਰਸ਼ਨ ਮੌਕੇ ਇਕੱਤਰ ਹੋਏ ਪਾਰਟੀ ਕਾਰਕੁੰਨਾਂ ਨੇ ਕਾਂਗਰਸ ਪਾਰਟੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਜ਼ੋਰਦਾਰ ਨਾਰ੍ਹੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਸੁਖਜਿੰਦਰ ਸਿੰਘ ਰੰਧਾਵਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮ੍ਰਿਤਪਾਲ ਸਿੰਘ ਦੇ ਖਿਲਾਫ਼ ਐਨਐਸਏ ਤੋੜਨ ਨੂੰ ਲੈ ਕੇ ਕੀਤੀ ਗਈ ਬੇਤੁਕੀ ਬਿਆਨਬਾਜ਼ੀ ਸਬੰਧੀ ਤੁਰੰਤ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਬੰਧ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਭੜਕਾਊ ਮਾਹੌਲ ਪੈਦਾ ਕਰਕੇ ਪੰਜਾਬ ਵਿੱਚ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨਾਲ ਧ੍ਰੋਹ ਕਮਾਉਣ ਵਾਲੀ ਕਾਂਗਰਸ ਪਾਰਟੀ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ। ਇਸ ਮੌਕੇ ਇਕੱਤਰ ਹੋਏ ਪਾਰਟੀ ਵਰਕਰਾਂ ਅਤੇ ਹੋਰਨਾਂ ਧਾਰਮਿਕ ਸੰਗਠਨਾਂ ਦੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲੇ ਅਤੇ ਬਾਅਦ ਵਿੱਚ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਰੱਖਣ ਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਿੱਚ ਹਮੇਸ਼ਾ ਕਾਂਗਰਸ ਪਾਰਟੀ ਮੋਹਰੀ ਰਹੀ ਹੈ। ਬੁਲਾਰਿਆਂ ਨੇ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਨਤਕ ਤੌਰ 'ਤੇ ਭਾਈ ਅੰਮ੍ਰਿਤ ਪਾਲ ਸਿੰਘ ਦੇ ਸੰਬੰਧ ਵਿੱਚ ਕੀਤੀ ਗਈ ਬੇਹੂਦਾ ਬਿਆਨਬਾਜ਼ੀ ਬਾਰੇ  ਮੁਆਫੀ ਨਾ ਮੰਗੀ ਤਾਂ ਉਨਾਂ ਦਾ ਪੰਜਾਬ ਭਰ ਵਿੱਚ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। 
ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ  ਕਰਮਜੀਤ ਸਿੰਘ ਰਸੂਲਪੁਰ, ਨਿਰਮਲ ਸਿੰਘ ਸੱਦਾ ਸਿੰਘ ਵਾਲਾ, ਬਲਵਿੰਦਰ ਸਿੰਘ, ਸਤਪਾਲ ਸਿੰਘ ਡਗਰੂ,ਅਰਸ਼ ਉਮਰੀਆਣਾ, ਜਸਵੰਤ ਸਿੰਘ ਮੰਗਾ, ਗੁਰਦੀਪ ਸਿੰਘ ਚੜਿਕ, ਬਲਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਜੰਡੂ, ਸੁਰਿੰਦਰ ਸਿੰਘ ਮਾਨ, ਮਿੰਟੁ ਸਿੰਘ ਸੋਸਣ, ਰਣਜੀਤ ਸਿੰਘ ਮਲ੍ਹੀਆਂ ਵਾਲਾ, ਸਿਮਰਨ ਸਿੰਘ ਆਦਿ ਹਾਜ਼ਰ ਸਨ।