ਰਾਘਵ ਚੱਢਾ ਸਮੇਤ ਸਾਂਸਦਾਂ ਦੇ ਦਲ-ਬਦਲਣ ਨਾਲ ਆਮ ਪਾਰਟੀ ਦੀ ਪੰਜਾਬ ਨਾਲ ਧੋਖੇਬਾਜੀ ਬੇਨਕਾਬ : ਅਕਾਲੀ ਦਲ ਵਾਰਿਸ ਪੰਜਾਬ ਦੇ

****ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਰਾਹੀਂ ਬਾਹਰੀ ਚਿਹਰੇ ਪੰਜਾਬ ਤੇ ਥੋਪਣ ਵਾਲੀ ਸਿਆਸਤ ਹੋਈ ਫੇਲ***

******ਵੀਡੀਓ  ਦੇਖਣ ਲਈ ਖ਼ਬਰ ਦੇ ਅਖ਼ੀਰ ਵਿਚ ਦਿੱਤਾ ਲਿੰਕ, ਕਲਿਕ ਕਰੋ ਜੀ 

ਅੰਮ੍ਰਿਤਸਰ 24 ਅਪ੍ਰੈਲ (jashan  ) ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਆਮ ਆਦਮੀ ਪਾਰਟੀ ਸਿਰੇ ਦੇ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ ਹੋਰ ਸਾਂਸਦਾਂ ਦੇ ਦਲ-ਬਦਲਣ ਦੇ ਤਾਜ਼ਾ ਸਿਆਸੀ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਘਟਨਾ ਪੰਜਾਬ ਦੇ ਲੋਕਾਂ ਨਾਲ ਕੀਤੇ ਵੱਡੇ ਸਿਆਸੀ ਧੋਖੇ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀ ਹੈ। ਜਿਨ੍ਹਾਂ ਆਗੂਆਂ ਨੂੰ ਰਾਜ ਸਭਾ ਦੇ ਰਾਹੀਂ ਪੰਜਾਬ ਦੀ ਨੁਮਾਇੰਦਗੀ ਦੇ ਨਾਂ ‘ਤੇ ਅੱਗੇ ਲਿਆਇਆ ਗਿਆ ਸੀ, ਉਹਨਾਂ ਵੱਲੋਂ ਅੱਜ ਦਲ ਬਦਲੀ ਕਰਨਾਂ ਇਹ ਸਾਬਤ ਕਰਦਾ ਹੈ ਕਿ ਇਹ ਸਾਰਾ ਪ੍ਰਬੰਧ ਹੀ ਮੌਕਾਪਰਸਤੀ ‘ਤੇ ਖੜ੍ਹਾ ਸੀ। ਮੀਡੀਆ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਵਲੋਂ ਜਾਰੀ ਕੀਤੇ ਪ੍ਰੈਸ ਨੋਟ ਰਾਹੀ ਪਾਰਟੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਅਤੇ ਆਮ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਾਹਰੀ ਚਿਹਰਿਆਂ ਨੂੰ ਰਾਜ ਸਭਾ ਵਿੱਚ ਭੇਜਣਾਂ ਪੰਜਾਬ ਦੇ ਹੱਕਾਂ ਨਾਲ ਸਿੱਧਾ ਧੋਖਾ ਸੀ। ਉਹ ਆਗੂ ਕਦੇ ਵੀ ਪੰਜਾਬ ਦੇ ਅਸਲ ਮੁੱਦਿਆਂ ਨੌਜਵਾਨੀ, ਕਿਸਾਨੀ, ਪਾਣੀ, ਨਸ਼ਿਆਂ ਅਤੇ ਧਾਰਮਿਕ ਅਧਿਕਾਰਾਂ ‘ਤੇ ਖੁੱਲ੍ਹ ਕੇ ਨਹੀਂ ਬੋਲੇ, ਜਿਸ ਕਰਕੇ ਲੋਕ ਪਹਿਲਾਂ ਹੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ। ਅੱਜ ਦੇ ਦਲ-ਬਦਲ ਨੇ ਇਸ ਗੱਲ ‘ਤੇ ਮੋਹਰ ਲਾ ਦਿੱਤੀ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਇਹ ਵੀ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਨਹੀਂ, ਸਗੋਂ ਹੋਰ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਵੀ ਸਾਲਾਂ ਤੋਂ ਪੰਜਾਬ ਨੂੰ ਸਿਰਫ਼ ਸਿਆਸੀ ਮੰਚ ਵਜੋਂ ਵਰਤਿਆ ਹੈ। ਕਦੇ ਕਾਂਗਰਸ ਤੇ ਕਦੇ ਹੋਰ ਧਿਰਾਂ ਨੇ ਪੰਜਾਬ ਦੇ ਹੱਕਾਂ ਦੀ ਬਜਾਏ ਆਪਣੀ ਸਿਆਸਤ ਨੂੰ ਤਰਜੀਹ ਦਿੱਤੀ, ਜਿਸਦਾ ਨਤੀਜਾ ਅੱਜ ਦੇ ਹਾਲਾਤਾਂ ਵਜੋਂ ਸਾਹਮਣੇ ਆ ਰਿਹਾ ਹੈ।ਪਾਰਟੀ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਅੱਜ ਦੀ ਸਿਆਸਤ ਵਿੱਚ ਹੋ ਰਹੇ ਇਹ ਦਲ-ਬਦਲ ਸਾਬਤ ਕਰਦੇ ਹਨ ਕਿ ਮੁੱਖ ਧਾਰਾ ਪਾਰਟੀਆਂ ਵਿੱਚ ਕੋਈ ਸਿਧਾਂਤਕ ਵਚਨਬੱਧਤਾ ਨਹੀਂ ਰਹੀ। ਇਹ ਸਿਰਫ਼ ਸੱਤਾ ਦੀ ਖੇਡ ਬਣ ਚੁੱਕੀ ਹੈ, ਜਿੱਥੇ ਲੋਕਾਂ ਦੇ ਭਰੋਸੇ ਦੀ ਕੋਈ ਕਦਰ ਨਹੀਂ। ਪਾਰਟੀ ਨੇ ਅੱਗੇ ਕਿਹਾ ਕਿ ਇਥੇ ਬੱਸ ਨਹੀਂ ਅਜੇ ਤਾਂ ਆਮ ਆਦਮੀ ਪਾਰਟੀ ਦੀ ਤਾਣੀ ਉਦੜਨੀ ਸ਼ੁਰੂ ਹੋਈ ਹੈ, ਸਾਰੀ ਫ਼ਿਲਮ ਅਜੇ ਬਾਕੀ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅੰਦਰੂਨੀ ਸੱਚਾਈਆਂ ਸਾਹਮਣੇ ਆਉਣਗੀਆਂ ਜੋ ਲੋਕਾਂ ਨੂੰ ਦੱਸਣਗੀਆਂ ਕਿ ਕਿਵੇਂ ਪੰਜਾਬ ਦੇ ਹਿੱਤਾਂ ਦੀ ਰਾਖੀ ਅਤੇ ਬਦਲਾਅ ਦੇ ਨਾਮ ‘ਤੇ ਸਿਆਸਤ ਕੀਤੀ ਗਈ। ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਲੋਕ ਇਸ ਧੋਖੇ ਨੂੰ ਕਦੇ ਵੀ ਭੁੱਲਣ ਜਾਂ ਮੁਆਫ਼ ਕਰਨ ਵਾਲੇ ਨਹੀਂ ਹਨ। ਲੋਕਾਂ ਦੇ ਭਰੋਸੇ ਨਾਲ ਖੇਡਣ ਵਾਲੀਆਂ ਪਾਰਟੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਜਵਾਬ ਦੇਣਾ ਪਵੇਗਾ। ਅੰਤ ਵਿੱਚ ਪਾਰਟੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਰਹੇ ਹਨ ਅਤੇ ਉਹ ਮੌਕਾਪਰਸਤ ਤੇ ਸੌਦੇਬਾਜ਼ ਰਾਜਨੀਤੀ ਨੂੰ ਨਕਾਰ ਕੇ ਸਿਧਾਂਤਕ, ਪੰਥਕ ਅਤੇ ਪੰਜਾਬ ਕੇਂਦਰਤ ਸੋਚ ਨੂੰ ਅੱਗੇ ਲਿਆਉਣਗੇ ਅਤੇ ਆਉਣ ਵਾਲਾ ਸਮਾਂ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਹੋਵੇਗਾ ਜੋ ਸੱਚਮੁੱਚ ਪੰਜਾਬ ਦੇ ਹੱਕਾਂ ਅਤੇ ਅਧਿਕਾਰਾਂ ਲਈ ਲੜ ਰਿਹਾ ਹੈ ਅਤੇ ਪੰਜਾਬ ਦੇ ਸੁਨਿਹਰੇ ਭਵਿੱਖ ਦੀ ਇਬਾਰਤ ਕਰੇਗਾ।