ਮੋਗਾ ਮੇਅਰ ਦੀ ਚੋਣ 31ਜਨਵਰੀ ਤੋਂ ਪਹਿਲਾਂ ਕਰਵਾਉਣੀ ਪਵੇਗੀ, ਮਾਨਯੋਗ ਹਾਈਕੋਰਟ ਨੇ ਸੁਣਾਇਆ ਫੈਸਲਾ

ਮੋਗਾ, 12 ਜਨਵਰੀ (ਬਿੱਟੂ ਪੁਰਬਾ) : ਸਿਵਲ ਸੁਸਾਇਟੀ ਮੋਗਾ ਵੱਲੋਂ ਮੋਗਾ ਸ਼ਹਿਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਵਿੱਢੀ ਗਈ ਮੁਹਿੰਮ ਨੂੰ ਅੱਜ ਵੱਡਾ ਬਲ ਮਿਲਿਆ ਜਦ 9 ਕਾਂਗਰਸੀ ਕੌਂਸਲਰਾਂ ਦੀ ਸਿਵਲ ਰਿੱਟ ਪਟੀਸ਼ਨ ਨੰ: 201 ਤੇ ਫੈਸਲਾ ਸੁਣਾਉਂਦਿਆ ਮਾਨਯੋਗ ਹਾਈਕੋਰਟ ਨੇ 31 ਜਨਵਰੀ ਤੋਂ ਪਹਿਲਾਂ ਮੋਗਾ ਮੇਅਰ ਦੀ ਚੋਣ ਕਰਵਾਉਣ ਦਾ ਹੁਕਮ ਸੁਣਾ ਦਿੱਤਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜਰ ਅਜੇ ਗੋਰਾ ਸੂਦ, ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ ਅਤੇ ਬਲਵਿੰਦਰ ਸਿੰਘ ਰੋਡੇ ਨੇ ਦੱਸਿਆ ਕਿ ਮੇਅਰ ਦੇ ਅਸਤੀਫੇ ਤੋਂ ਬਾਅਦ ਸਿਵਲ ਸੁਸਾਇਟੀ ਮੋਗਾ ਵੱਲੋਂ ਸ਼ਹਿਰ ਵਿੱਚ ਵੱਡੀ ਮਾਤਰਾ ਵਿੱਚ ਪੋਸਟਰ ਅਤੇ ਬੈਨਰ ਲਗਾਏ ਗਏ ਸਨ ਅਤੇ 26 ਦਸੰਬਰ ਨੂੰ ਟਾਊਨ ਹਾਲ ਕਲੱਬ ਵਿੱਚ ਲੋਕਾਂ ਦਾ ਇਕੱਠ ਕਰਕੇ ਵਾਰਡਬੰਦੀ ਅਤੇ ਮੇਅਰ ਦੀ ਚੋਣ ਸਬੰਧੀ ਮਸਲੇ ਉਠਾਏ ਸਨ ਅਤੇ ਅਗਾਮੀ ਕੌਂਸਲ ਚੋਣਾਂ ਲਈ ਮੋਗਾ ਸ਼ਹਿਰ ਦੇ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਸੀ, ਜਿਸ ਤੋਂ ਸ਼ਹਿਰ ਦੀ ਰਾਜਨੀਤੀ ਵਿੱਚ ਇਕਦਮ ਭੁਚਾਲ ਆ ਗਿਆ ਸੀ। ਕੌਂਸਲਰ ਗੌਰਵ ਗੁੱਡੂ ਅਤੇ ਰੀਮਾ ਸੂਦ ਵੱਲੋਂ ਮੇਅਰ ਦੀ ਚੋਣ ਕਰਵਾਉਣ ਲਈ ਪੱਤਰ ਲਿਖਿਆ ਸੀ ਤੇ 9 ਕਾਂਗਰਸੀ ਕੌਂਸਲਰਾਂ ਸਾਹਿਲ ਅਰੋੜਾ, ਅਮਨਪ੍ਰੀਤ ਕੌਰ ਮਾਨ, ਤਰਸੇਮ ਸਿੰਘ, ਰਾਮ ਕੌਰ, ਮਨਜੀਤ ਕੌਰ ਗਿੱਲ, ਵਿਜੇ ਖੁਰਾਣਾ, ਜਸਪ੍ਰੀਤ ਸਿੰਘ ਵਿੱਕੀ ਸਰਪੰਚ, ਰੀਮਾ ਸੂਦ ਅਤੇ ਅਮਰਜੀਤ ਅੰਬੀ ਵੱਲੋਂ ਮਾਨਯੋਗ ਹਾਈਕੋਰਟ ਦਾ ਰੁੱਖ ਕੀਤਾ ਸੀ ਤੇ ਅੱਜ ਮਾਨਯੋਗ ਹਾਈਕੋਰਟ ਵੱਲੋਂ ਇਹ ਇਤਿਹਾਸਕ ਫੈਸਲਾ ਸੁਣਾਇਆ, ਜਿਸ ਨਾਲ ਸ਼ਹਿਰ ਦੀ ਰਾਜਨੀਤੀ ਇੱਕ ਵਾਰ ਗਰਮਾ ਗਈ ਹੈ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਵੱਲੋਂ ਉਕਤ ਕੌਂਸਲਰਾਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕੌਂਸਲਰਾਂ ਨੂੰ ਪਾਰਟੀ ਪੱਧਰ ਤੋਂ ਉਪਰ ਉਠ ਕੇ ਇੱਕਜੁਟ ਹੋ ਕੇ ਨਵੇਂ ਮੇਅਰ ਦੀ ਚੋਣ ਕਰਨ ਅਤੇ ਕੌਂਸਲ ਦੇ ਰਹਿੰਦੇ ਸਮੇਂ ਵਿੱਚ ਮੋਗਾ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੀ ਅਪੀਲ ਕੀਤੀ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਅਹੁਦੇਦਾਰਾਂ ਅਤੇ ਮੌਜੂਦ ਕੌਂਸਲਰਾਂ ਨੇ ਮਾਨਯੋਗ ਹਾਈਕੋਰਟ ਦਾ ਵੀ ਧੰਨਵਾਦ ਕੀਤਾ ਜਿਸ ਦੇ ਇਸ ਫੈਸਲੇ ਨਾਲ ਮੋਗਾ ਸ਼ਹਿਰ ਵਿੱਚ ਲੋਕਤੰਤਰ ਮਜਬੂਤ ਹੋਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਸ਼ਿਵਸ਼ਰਨ ਸਿੰਘ, ਹਰਭਜਨ ਸਿੰਘ ਬਹੋਨਾ, ਪ੍ਰਿਤਪਾਲ ਸਿੰਘ ਗਿੱਲ ਅਤੇ ਸਾਥੀ ਵਿਜੇ ਕੁਮਾਰ ਹਾਜਰ ਸਨ।