ਜਵਾਹਰ ਸਿੰਘ ਦੇ ਗਰੀਬ ਦਲਿਤਾਂ ਨੂੰ ਨਾ ਉਜਾੜੋ ਸਰਕਾਰ ਜੀ

ਮੋਗਾ, 12 ਜਨਵਰੀ (ਬਿੱਟੂ ਪੁਰਬਾ) :ਜਵਾਹਰ ਸਿੰਘ ਦੇ ਗਰੀਬ ਦਲਿਤਾਂ ਨੂੰ ਨਾ ਉਜਾੜੋ ਸਰਕਾਰ ਜੀ, ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰਾਸ਼ਟਰੀ ਪਿਛੜਾ ਵਰਗ ਮੋਰਚਾ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ.ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਵਾਲਿਆਂ ਨੇ ਹਲਕਾ ਨਿਹਾਲ ਸਿੰਘ ਵਾਲਾ ਦੇ ਐਮ.ਐਲ.ਏ. ਸ. ਮਨਜੀਤ ਸਿੰਘ ਬਿਲਾਸਪੁਰ ਅਤੇ ਸਥਾਨਿਕ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਜਵਾਹਰ ਸਿੰਘ ਵਾਲਾ ਦੇ ਗਰੀਬ ਦਲਿਤਾਂ ਦਾ ਸੜਕ ਦੇ ਵਿੱਚ ਆ ਰਹੇ ਮਕਾਨਾਂ ਦਾ ਮਸਲਾ, ਸੂਹਿਰਦਤਾ ਨਾਲ ਨਬੇੜਿਆ ਜਾਵੇ ਅਤੇ ਗਰੀਬਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਾ ਕੀਤਾ ਜਾਵੇ।
ਜਿਕਰਯੋਗ ਹੈ ਕਿ ਹਾਈਵੇ ਬਨਣ ਦੇ ਚਲਦਿਆਂ ਪਿੰਡ ਜਵਾਹਰ ਸਿੰਘ ਵਾਲਾ ਦੇ 18-20 ਗਰੀਬ ਦਲਿਤ ਭਾਈਚਾਰੇ ਦੇ ਪੱਕੇ ਮਕਾਨ ਸੜਕ ਵਿੱਚ ਆਉਂਦੇ ਹਨ।ਸਰਕਾਰ ਬਹੁਤ ਹੀ ਨਿਗੁਣਾ-ਮੁਆਵਜਾ ਦੇ ਕੇ ਉਹਨਾਂ ਨੂੰ ਉੱਥੋਂ ਉਜਾੜਨਾ ਚਾਹੁੰਦੀ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨੋਂ ਹੀ ਦਲਿਤ ਵਿਰੋਧੀ ਸਾਬਿਤ ਹੋ ਰਹੀਆਂ ਹਨ।ਇਸਦੇ ਚੱਲਦਿਆਂ ਪਿਛਲੇ 04-05 ਮਹੀਨੇ ਤੋਂ ਇਹਨਾਂ ਗਰੀਬ ਦਲਿਤਾਂ ਨੇ ਸੜਕ ਦੇ ਕਿਨਾਰੇ ਦਿਨ-ਰਾਤ ਦਾ ਪੱਕਾ ਮੋਰਚਾ ਲਗਾ ਰੱਖਿਆ ਹੈ ਅਤੇ ਲਗਾਤਾਰ ਸੰਘਰਸ਼ ਕਰ ਰਹੇ ਹਨ।ਗਰੀਬ ਦਲਿਤਾਂ ਨੇ ਦਿਵਾਲੀ, ਨਵਾਂ ਸਾਲ, ਗੁਰਪੁਰਬ, ਸਭ ਭਾਰੀ ਧੁੰਦਾਂ ਵਿੱਚ ਅਤੇ ਤ੍ਰੇਲ-ਭਰੀਆਂ ਠੰਢੀਆਂ ਰਾਤਾਂ ਵਿੱਚ ਸੜਕ ਤੇ ਲਗਾਏ ਆਪਣੇ ਤੰਬੂ ਵਿੱਚ ਗੁਜਾਰੇ ਹਨ। ਅਜਿਹੇ ਵਿੱਚ ਕਿਸੇ ਵੀ ਦਿਨ ਭਾਰੀ ਠੰਢ ਕਰਕੇ ਕੋਈ ਵੀ ਅਣਹੋਣੀ ਵਾਪਰ ਸਕਦੀ ਹੈ।ਇੱਥੋ ਤੱਕ ਕਿ ਕਿਸੇ ਨਾ ਕਿਸੇ ਗਰੀਬ ਇਨਸਾਨ ਦੀ ਠੰਢ ਕਰਕੇ ਜਾਣ ਵੀ ਜਾ ਸਕਦੀ ਹੈ।
ਡਾ. ਹਰਗੁਰਪ੍ਰਤਾਪ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਅਗਰ ਮੋਰਚੇ ਤੇ ਡਟੇ ਕਿਸੇ ਗਰੀਬ ਦਲਿਤ ਵੀਰ ਦੀ ਜਾਨ ਨੂੰ ਕੁੱਝ ਹੋ ਗਿਆ ਤਾਂ ਇਹ ਮਸਲਾ ਜਵਾਹਰ ਸਿੰਘ ਵਾਲਾ ਦੇ 20 ਦਲਿਤ ਪਰਿਵਾਰਾਂ ਦਾ ਨਾ ਰਹਿ ਕਿ ਸਮੂਹ ਕਿਸਾਨਾਂ-ਮਜ਼ਦੂਰਾਂ ਅਤੇ ਪਿਛੜੇ ਵਰਗ ਦਾ ਮਸਲਾ ਬਣ ਜਾਵੇਗਾ। ਸਰਕਾਰ ਅਤੇ ਸਥਾਨਿਕ ਪ੍ਰਸ਼ਾਸ਼ਨ ਅਤੇ ਸਥਾਨਿਕ ਐਮ.ਐਲ.ਏ. ਮਨਜੀਤ ਸਿੰਘ ਬਿਲਾਸਪੁਰ ਖੁਦ ਪਹਿਲ ਕਦਮੀ ਕਰ ਕੇ ਦਲਿਤ ਭਾਈਚਾਰੇ ਦੀ ਸਤੁੰਸ਼ਟੀ ਕਰਵਾ ਕੇ ਇਸ ਮਸਲੇ ਦਾ ਸਾਰਥਿਕ ਹੱਲ ਕੱਢੇ।
ਉਹਨਾਂ ਇਸ ਮੌਕੇ ਦੀਆਂ ਸਾਰੀਆਂ ਇਨਸਾਫ ਪਸੰਦ ਜੱਥੇਬੰਦੀਆਂ ਨੂੰ ਜਵਾਹਰ ਸਿੰਘ ਵਾਲਾ ਦੇ ਗਰੀਬ-ਦਲਿਤਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਬੇਨਤੀ ਕੀਤੀ।


