ਨਗਰ ਨਿਗਮ 'ਚ ਬੇਭਰੋਸਗੀ ਮਤੇ ਦੇ ਮਦੇ -ਨਜ਼ਰ ਵਿਰੋਧੀ ਨੇਤਾ ਬਾਜਵਾ ਦੀ ਅਗਵਾਈ 'ਚ ਕਾਂਗਰਸੀ ਬੈਠੇ ਸਿਰ ਜੋੜ ਕੇ ,ਹਾਕਮ ਧਿਰ ਦੇ ਖੇਮੇ 'ਚ ਗੁੱਡੂ ਦੇ ਨਾਮ ਤੇ ਸਹਿਮਤੀ ਬਣਨ ਦੇ ਚਰਚੇ

ਮੋਗਾ, 19 ਜੂਨ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :  ਨਗਰ ਨਿਗਮ ਮੋਗਾ ਵਿਚ ਕਾਂਗਰਸ ਦੀ  ਮੇਅਰ ਨਿਤਿਕਾ ਭੱਲਾ ਵਿਰੁੱਧ ਜਿੱਥੇ ਹੁਕਮਰਾਨ ਧਿਰ ਵਲੋਂ ਡਾ ਅਮਨਦੀਪ ਅਰੋੜਾ ਦੀ ਅਗਵਾਈ ਹੇਠ 42 ਕੌਸਲਰਾਂ ਦੇ ਦਸਤਖਸਤਾ ਵਾਲਾ   ਬੇਭਰੋਸਗੀ ਮਤਾ ਦੇ ਕੇ ਮੇਅਰ ਨੂੰ ਨਿਗਮ ਹਾਊਸ ਦੀ ਮੀਟਿੰਗ ਰੱਖ ਕੇ ਆਪਣਾ ਬਹੁਮਤ ਦਿਖਾਉਣ ਦੀ ਚਣੌਤੀ ਕੁੱਝ ਦਿਨ ਪਹਿਲਾ ਦਿੱਤੀ ਸੀ ਤੇ ਹਾਲੇ ਮੇਅਰ ਸ੍ਰੀਮਤੀ ਭੱਲਾ ਵਲੋਂ ਮੀਟਿੰਗ ਰੱਖਣੀ ਬਾਕੀ ਹੈ ਉੱਥੇ ਹੀ ਨਗਰ ਨਿਗਮ ਮੋਗਾ ਵਿਚ ਹੁਣ ’ਕੁਰਸੀ’ ਯੁੱਧ ਹੋਰ ਤੇਜ਼ ਹੋਣ ਦੀ ਸੰਭਾਵਨਾ ਬਣ ਗਈ ਹੈ, ਕਿਉਕਿ ਕਾਂਗਰਸ ਵਲੋਂ ਆਪਣੇ ਮੇਅਰ ਦੀ ਕੁਰਸੀ ਸੁਰੱਖਿਅਤ ਬਣਾਉਣ ਲਈ ਸਾਰੀ ਸਿਆਸੀ ਤਾਕਤ ਝੋਕ ਦਿੱਤੀ ਹੈ। ਮੋਗਾ ਪੁੱਜੇ ਕਾਂਗਰਸ ਦੇ ਦਿੱਗਜ ਨੇਤਾ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇੱਥੇ ਹੋਟਲ ਕਿੰਗਡਮ ਵਿਖੇ ਕਾਂਗਰਸੀਆਂ ਨਾਲ ਬੰਦ ਕਮਰਾ ਮੀਟਿੰਗ ਕਰਕੇ ਸਾਰੇ ਧੜਿਆਂ ਨੂੰ ’ਏਕੇ’ ਨਾਲ ਮੇਅਰ ਦਾ ਸਾਥ ਦੇਣ ਦੀ ਅਪੀਲ ਕੀਤੀ। ਭਾਵੇਂ ਮੀਡੀਆਂ ਤੋਂ ਇਸ ਮੀਟਿੰਗ ਦੀ ਪੂਰੀ ਤਰ੍ਹਾਂ ਨਾਲ ਦੁੂਰੀ ਰੱਖੀ ਗਈ ਪ੍ਰੰਤੂ ਮਿਲੇ ਅੰਦਰਲੇ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਵਿਰੋਧੀ ਧਿਰ ਨੇਤਾ ਸ੍ਰੀ ਬਾਜਵਾ ਨੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਮੇਤ ਸਮੁੱਚੇ ਕਾਂਗਰਸੀਆਂ ਨੂੰ ਇਹ ਆਖ ਦਿੱਤਾ ਹੈ ਜੋਂ ਮਰਜ਼ੀ ਕਰੋਂ ਪ੍ਰੰਤੂ ਮੇਅਰ ਸ੍ਰੀਮਤੀ ਭੱਲਾ ਕੁਰਸੀ ਤੇ ਬਣੇ ਰਹਿਣੇ ਜ਼ਰੂਰੀ ਹਨ। ਬਾਜਵਾ ਦੀ ਇਸ ਮੀਟਿੰਗ ਵਿਚ ਕਾਂਗਰਸ ਦੇ ਕੌਸ਼ਲਰਾਂ ਤੋਂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ਼ ਨਿਹਾਲ ਸਿੰਘ ਵਾਲਾ, ਮਾਲਵਿਕਾ ਸੂਦ ਹਲਕਾ ਇੰਚਾਰਜ਼ ਮੋਗਾ, ਸਾਬਕਾ ਵਿਧਾਇਕ ਵਿਜੇ ਸਾਥੀ, ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਸਾਬਕਾ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ, ਮਨਜੀਤ ਸਿੰਘ ਮਾਨ ਮੈਬਰ ਪੀ ਪੀ ਸੀ ਸੀ, ਪ੍ਰਧਾਨ ਹਰੀ ਸਿੰਘ ਖਾਈ, ਪ੍ਰਧਾਨ ਉਪਿੰਦਰ ਗਿੱਲ, ਸੂਬਾ ਸਕੱਤਰ ਸਵਰਨ ਸਿੰਘ ਆਦੀਵਾਲ, ਕਾਂਗਰਸੀ ਕੌਸ਼ਲਰ, ਪ੍ਰਧਾਨ ਗੁਰਬੀਰ ਸਿੰਘ ਗੋਗਾ ਸੰਗਲਾ, ਸੋਹਨਾ ਖੇਲਾ ਪੀ ਏ, ਪ੍ਰਧਾਨ ਬਲਜਿੰਦਰ ਸਿੰਘ ਬੱਲੀ ਡਾਲਾ, ਸਰਪੰਚ ਹਰਪ੍ਰੀਤ ਸ਼ੇਰੇਵਾਲਾ, ਦੀਪੂ ਸਹੋਤਾ, ਰਾਜਨ ਬਾਂਸਲ, ਪ੍ਰਧਾਨ ਮਿੱਕੀ ਹੁੰਦਲ, ਸੰਨੀ ਗਿੱਲ ਬੀੜ ਚੜਿੱਕ ਆਦਿ ਹਾਜ਼ਰ ਸਨ। ਇਸ ਮੀਟਿੰਗ ਤੋਂ ਪਹਿਲਾ ਸ੍ਰੀ ਬਾਜਵਾ ਨੇ ਮੋਗਾ ਵਿਖੇ ਦਿਨ ਦਿਹਾੜੇ ਕਤਲ ਕੀਤੇ ਸਰਾਫ਼ ਕਾਰੋਬਾਰੀ ਵਿੱਕੀ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੁੂਜੇ ਪਾਸੇ ਹੁਕਮਰਾਨ ਧਿਰ ਵਲੋਂ ਸ੍ਰੀਮਤੀ ਨਿਤਿਕਾ ਭੱਲਾ ਨੂੰ ਮੇਅਰ ਪਦ ਤੋਂ ਲਾਹ ਕੇ ਆਪਣਾ ਮੇਅਰ ਬਣਾਉਣ ਲਈ ਤਿਆਰੀ ਪਹਿਲਾ ਹੀ ਖਿੱਚੀ ਹੋਈ ਹੈ। ਬੇਭਰੋਸਗੀ ਮਤਾ ਦੇਣ ਵੇਲੇ ਹਲਕਾ ਵਿਧਾਇਕਾ ਡਾ ਅਮਨਦੀਪ ਅਰੋੜਾ ਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਕਈ ਉਨ੍ਹਾਂ ਕੌਸ਼ਲਰਾਂ ਨੂੰ ਮੇਅਰ ਸ਼੍ਰੀਮਤੀ ਭੱਲਾ ਦੇ ਵਿਰੋਧ ਵਿਚ ਖੜ੍ਹਾ ਕਰਨ ਵਿਚ ਕਾਮਯਾਬ ਹੋ ਚੁੱਕੇ ਹਨ ਜਿਹੜੇ ਅਕਾਲੀ ਤੇ ਕਾਂਗਰਸੀ ਕੌਸ਼ਲਰ ਆਪੋ ਆਪਣੀਆਂ ਪਾਰਟੀਆਂ  ਦੇ ਵਫ਼ਾਦਾਰ ਅਖਵਾਉਦੇ ਸਨ ਪ੍ਰੰਤੂ ਬੇਭਰੋਸਗੀ ਮਤੇ ਤੇ ਇੰਨ੍ਹਾਂ ਦੇ ਦਸਤਖਤ ਹੋਣ ਮਗਰੋਂ ਮੇਅਰ ਧੜਾ ਹੱਕਾ ਬੱਕਾ ਰਹਿ ਗਿਆ ਸੀ। ਕਾਂਗਰਸ ਦੇ ਅੰਦਰੂਨੀ ਸੂਤਰ ਆਖਦੇ ਹਨ ਕਿ ਮੇਅਰ ਧੜੇ ਕੋਲ ਹੁਣ 13 ਕੌਸ਼ਲਰਾਂ ਦਾ ਸਮਰਥਨ ਹੈ ਜਦੋਂਕਿ ਉਸਨੂੰ ਹਾਲੇ 4 ਹੋਰ ਕੌਸ਼ਲਰਾਂ ਦੀ ਲੋੜ ਹੈ। ਸੂਤਰ ਦੱਸਦੇ ਹਨ ਕਿ ਹੁਕਮਰਾਨ ਧਿਰ ਦੇ ਪਾਲੇ ਵਿਚ ਗਏ ਇੱਕ ਕਾਂਗਰਸੀ ਕੌਸ਼ਲਰ ਨੇ ਅੱਜ ਮੁੜ ਕਾਂਗਰਸ ਦੇ ਹੱਕ ਵਿਚ ਖੜ੍ਹਨ ਦਾ ਵਿਸਵਾਸ ਦਿਵਾਇਆਂ ਹੈ।ਓਧਰ ਮੇਅਰ ਪਦ ਲਈ ਕੌਸ਼ਲਰ ਗੁੱਡੂ ਦੇ ਹੱਕ ਵਿਚ ਬਹੁਗਿਣਤੀ ਕੌਸ਼ਲਰ ਡਟੇ ਆ ਰਹੇ ਹਨ 
ਹਲਕਾ ਵਿਧਾਇਕਾ ਡਾ ਅਮਨਦੀਪ ਅਰੋੜਾ ਵਲੋਂ ਭਾਵੇਂ ਹਾਲੇ ਤੱਕ ਕਿਸੇ ਵੀ ਕੌਸ਼ਲਰ ਨੂੰ ਮੇਅਰ ਪਦ ਲਈ ਜਨਤਕ ਤੌਰ ਤੇ ਉਮੀਦਵਾਰ ਵਜੋਂ ਪੇਸ਼ ਨਹੀਂ ਕੀਤਾ ਪ੍ਰੰਤੂ ਨਗਰ ਨਿਗਮ ਮੋਗਾ ਦੇ ਕੌਸ਼ਲਰ ਤੇ ਸਮਾਜਿਕ ਕਾਰਜ਼ਾਂ ਵਿਚ ਵੱਡਾ ਰੁਤਬਾ ਰੱਖਦੇ ਕੌਸ਼ਲਰ ਗੌਰਵ ਗੁਪਤਾ ਗੁੱਡੂ ਦਾ ਨਾਮ ਸਭ ਦੀ ਮਨ ਪਸੰਦ ਬਣਿਆ ਹੋਣ ਕਰਕੇ ਬਹੁ ਗਿਣਤੀ ਕੌਸ਼ਲਰ ਗੁੱਡੂ ਦੇ ਹੱਕ ਵਿਚ ਡਟੇ ਹੋਏ ਹਨ। ਸੁੂਤਰ ਦੱਸਦੇ ਹਨ ਕਿ ਕੁੱਝ ਕੌਸ਼ਲਰਾਂ ਨੇ ਭਾਵੇਂ ਆਪਣੀਆਂ ਰਵਾਇਤੀ ਸਿਆਸੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਨਾਲ ਹੀ ਰਹਿਣ ਦਾ ਫ਼ੈਸਲਾ ਲਿਆ ਹੋਇਆ ਹੈ ਪ੍ਰੰਤੂ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੇਅਰ ਪਦ ਲਈ ਗੱਡੂ ਨੂੰ ਹੁਕਮਰਾਨ ਧਿਰ ਉਮੀਦਵਾਰ ਬਣਾਉਦੀ ਹੈ ਤਾਂ ਉਹ ਆਪਣੀ ਵੋਟ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗੁੱਡੂ ਨੂੰ ਪਾਉਣਗੇ ਕਿਉਕਿ ਬਹੁਤੇ ਕੌਸ਼ਲਰਾਂ ਦਾ ਮੰਨਣਾ ਹੈ ਕਿ ਗੁੱਡੂ ਵਿਚ ਸ਼ਹਿਰ ਦੇ ਵਿਕਾਸ ਦੀ ਤੜਪ ਸਾਫ਼ ਦਿਖਾਈ ਦਿੰਦੀ ਹੈ ਤੇ ਇਹੋ ਕਾਰਨ ਹੈ ਕਿ ਉਹ ਮੇਅਰ ਪਦ ਲਈ ਗੁੱਡੂ ਦੇ ਹੱਕ ਵਿਚ ਡਟੇ ਹੋਏ ਹਨ।
ਵਿਧਾਇਕ ਲਾਡੀ ਢੋਸ ਤੇ ਜ਼ਿਲਾ ਪ੍ਰਧਾਨ ਹਰਮਨਦੀਪ ਦੀਦਰੇਵਾਲਾ ਵੀ ਆਪ ਦਾ ਮੇਅਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ
ਲਗਾਇਆ ਹੋਇਆ ਹੈ।  ਅੱਜ ਕਾਂਗਰਸੀਆਂ ਦੀ ਮੀਟਿੰਗ ਮਗਰੋਂ ਹੁਕਮਰਾਨ ਧਿਰ ਨੇ ਸਰਗਰਮੀਆਂ ਹੋਰ ਵਧਾ ਦਿੱਤੀਆਂ ਹਨ। ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਜ਼ਿਲਾ ਪ੍ਰਧਾਨ ਹਰਮਨਦੀਪ ਸਿੰਘ ਦੀਦਰੇਵਾਲਾ ਵਲੋਂ ਪਲ ਪਲ ਮੋਗਾ ਦੀ ਰਾਜਨੀਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਹਲਕਾ ਵਿਧਾਇਕਾ ਡਾ ਅਮਨਦੀਪ ਅਰੋੜਾ ਦਾ ਸਾਥ ਦਿੰਦੇ ਹੋਏ ਇੰਨ੍ਹਾਂ ਆਗੂਆਂ ਵਲੋਂ ਮੋਗਾ ਵਿਖੇ ਆਪ ਦਾ ਮੇਅਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਹਲਕਾ ਧਰਮਕੋਟ ਦੇ ਵਿਧਾਇਕ ਲਾਡੀ ਢੋਸ ਨੂੰ ਸਿਆਸਤ ਦੀ ਗੁੜ੍ਹਤੀ ਆਪਣੇ ਪੁਰਖਿਆ ਤੋਂ ਮਿਲੀ ਹੈ ਤੇ ਇਹੋ ਕਾਰਨ ਹੈ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਦੀਆਂ ਸਾਰੀਆਂ ਤਿਕੜਮਬਾਜ਼ੀਆਂ   ਪਹਿਲਾ ਹੀ ਪਤਾ ਹੋਣ ਕਰਕੇ ਉਹ ਚੁੱਪ ਚਪੀਤੇ ਆਪ ਦਾ ਨਿਗਮ ਵਿਚ ਝੰਡਾ ਬੁਲੰਦ ਕਰਨ ਲਈ ਕੰਮ ਕਰ ਰਹੇ ਹਨ। ਇਸ ਕਰਕੇ ਆਉਣ ਵਾਲਾ ਇੱਕ ਹਫ਼ਤਾ ਮੋਗਾ ਦੀ ਰਾਜਨੀਤੀ ਲਂਈ ਅਹਿਮ ਹੈ 
ਨਗਰ ਨਿਗਮ ਮੋਗਾ ਦੇ ਮੇਅਰ ਵਿਰੁੱਧ ਬੇਭਰੋਸਗੀ ਮਤਾ ਦੇਣ ਮਗਰੋਂ ਹੁਣ ਮੀਟਿੰਗ ਰੱਖਣ ਦਾ ਸਮਾਂ ਨੇੜੇ ਆਉਣ ਲੱਗਾ ਹੈ ਜਿਸ ਕਰਕੇ ਕਾਂਗਰਸ ਤੇ ਹੁਕਮਰਾਨ ਧਿਰ ਸਰਗਰਮ ਹੋਣ ਲੱਗੀਆਂ ਹਨ। ਚੰਡੀਗੜ੍ਹ ਤੱਕ ਦੇ ਸਿਆਸੀ ਗਲਿਆਰਿਆਂ ਵਿਚ ਵੀ ਮੋਗਾ ਦੀ ਚਰਚਾ ਚੱਲ ਰਹੀ ਹੈ ਤੇ ਇਹੋ ਕਾਰਨ ਹੈ ਕਿ ਕਾਂਗਰਸ ਦੇ ਵੱਡੇ ਸਿਆਸੀ ਆਗੂ ਮੋਗਾ ਆ ਰਹੇ ਹਨ। ਆਉਣ ਵਾਲਾ ਇੱਕ ਹਫ਼ਤਾ ਮੋਗਾ ਦੀ ਰਾਜਨੀਤੀ ਲਈ ਅਹਿਮ ਹੋ ਸਕਦਾ ਹੈ।

- ਵਿਧਾਇਕਾ ਅਮਨਦੀਪ ਅਰੋੜਾ ਦਾ ਆਖਣਾ ਹੈਕਿ ਮੋਗਾ ਦੇ ਵਿਕਾਸ ਲਈ ਕੌਸ਼ਲਰ ਆਪ ਦਾ ਸਾਥ ਦੇਣਗੇ।
ਹਲਕਾ ਮੋਗਾ ਦੇ ਵਿਧਾਇਕਾ ਡਾ ਅਮਨਦੀਪ ਅਰੋੜਾ ਵਾਰ- ਵਾਰ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਦੀ ਆਪ ਸਰਕਾਰ ਸੂਬੇ ਦੇ ਵਿਕਾਸ ਲਈ ਗਤੀਸੀਲ ਕੰਮ ਕਰ ਰਹੀ ਹੈ ਪ੍ਰੰਤੂ ਮੋਗਾ ਸ਼ਹਿਰ ਵਿਖੇ ਵਿਕਾਸ ਦੀ ਖੜੋਤ ਨੂੰ ਤੋੜਨ ਲਈ ਹੀ ਕੌਸ਼ਲਰਾਂ ਵਲੋਂ ਆਪ ਪਾਰਟੀ ਦਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕੇ ਜਲਦੀ ਹੀ ਮੋਗਾ ਨਿਵਾਸੀਆਂ ਨੂੰ ਆਪ ਪਾਰਟੀ ਵਲੋਂ ਸ਼ਹਿਰ ਦੇ ਵਿਕਾਸ ਲਈ ਤਤਪਰ ਰਹਿਣ ਵਾਲਾ ਆਗੂ ਮੇਅਰ ਵਜੋਂ ਦਿੱਤਾ ਜਾਵੇਗਾ।