ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ‘ਰਾਧੇ-ਰਾਧੇ ਟਰੱਸਟ’ ਨੇ 600 ਲੜਕੀਆਂ ਨੂੰ ਵੰਡੇ 2400 ਸੈਨੇਟਰੀ ਪੈਡ
ਤੰਦਰੁਸਤੀ ਲਈ ਲੜਕੀਆਂ ‘ਯੋਗਾ’ ਨੂੰ ਅਪਣਾਉਣ : ਰਾਜਸ਼੍ਰੀ ਸ਼ਰਮਾ
ਮੋਗਾ, 8 ਮਾਰਚ(ਜਸ਼ਨ) : ਹਰ ਸਾਲ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ , ਔਰਤਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਦੇ ਰੂਪ ਵਿੱਚ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸੇ ਸੰਦਰਭ ਵਿੱਚ,‘ਰਾਧੇ-ਰਾਧੇ ਟਰੱਸਟ’ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ 10ਵੀਂ ਅਤੇ 11ਵੀਂ ਜਮਾਤ ਦੀਆਂ ਲਗਭਗ 600 ਵਿਦਿਆਰਥਣਾਂ ਨੂੰ 2400 ਸੈਨੇਟਰੀ ਨੈਪਕਿਨ ਵੰਡਣ ਦੇ ਨਾਲ ਨਾਲ ਲੜਕੀਆਂ ਨੂੰ ਕਿਸ਼ੋਰ ਅਵਸਥਾ ਅਤੇ ਮਾਹਵਾਰੀ ਦੌਰਾਨ ਸਰੀਰਕ ਸਫਾਈ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ‘ਰਾਧੇ ਰਾਧੇ ਟਰੱਸਟ’ ਦੀ ਸੰਸਥਾਪਕ ਰਾਜਸ਼੍ਰੀ ਸ਼ਰਮਾ ਅਤੇ ਪਵਨ ਬਿੰਦਰਾ (ਪ੍ਰਧਾਨ) ਵੱਲੋਂ ਲੜਕੀਆਂ ਨੂੰ ਸਾਫ਼-ਸਫ਼ਾਈ ਅਤੇ ਖਾਣ-ਪੀਣ ਦੀਆਂ ਸਹੀ ਆਦਤਾਂ ਬਾਰੇ ਜਾਗਰੂਕ ਕਰਦਿਆਂ ਕੱਪੜੇ ਦੀ ਥਾਂ ਸੈਨੇਟਰੀ ਪੈਡ ਵਰਤਣ ’ਤੇ ਜ਼ੋਰ ਦਿੱਤਾ ਗਿਆ।
ਉਹਨਾਂ ਲੜਕੀਆਂ ਨੂੰ ਅੱਲ੍ਹੜ ਉਮਰੇ ਸਿਹਤ ਨੂੰ ਧਿਆਨ ਰੱਖਣ ਲਈ ਰੋਜ਼ਾਨਾ ਦੇ ਖਾਣ ਪੀਣ ਅਤੇ ਸਿਹਤ ਲਈ ਹਾਨੀਕਾਰਕ ਵਸਤਾਂ ਸਬੰਧੀ ਗਿਆਨ ਵੀ ਦਿੱਤਾ ਤਾਂ ਕਿ ਉਹ ਤੰਦਰੁਸਤ ਰਹਿ ਕੇ ‘ਸਵੱਸਥ ਭਾਰਤ’ ਦੇ ਸੰਕਲਪ ਨੂੰ ਯਕੀਨੀ ਬਣਾ ਸਕਣ।
ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਮਾਜ ਸੇਵੀ ਰਾਜਸ਼੍ਰੀ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਕਈ ਕਾਰਨਾਂ ਕਰਕੇ ਕਿਸ਼ੋਰ ਲੜਕੀਆਂ ਨੂੰ ਨਿਯਮਤ ਪੀਰੀਅਡਜ਼ ਨਹੀਂ ਆਉਂਦੇ ਅਤੇ ਹਰ ਪਰਿਵਾਰ ਵਿੱਚ ਇੱਕ ਜਾਂ ਦੋ ਕੇਸ ਪੀ.ਸੀ.ਓ.ਡੀ. ਸਮੱਸਿਆ ਦੇ ਸਾਹਮਣੇ ਆਉਂਦੇ ਹਨ। ਫਟਨੈੱਸ-ਗੁਰੂ ਰਾਜਸ਼੍ਰੀ ਨੇ ਦੱਸਿਆ ਕਿ ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਾਰੀਆਂ ਲੜਕੀਆਂ ਨੂੰ ਨਿਯਮਿਤ ਤੌਰ ‘ਤੇ ਯੋਗਾ ਕਰਨਾ ਚਾਹੀਦਾ ਹੈ।
ਸੈਨੇਟਰੀ ਪੈਡ ਵੰਡਣ ਤੋਂ ਬਾਅਦ ਧੰਨਵਾਦੀ ਮਤੇ ਦੌਰਾਨ ਸਕੂਲ ਦੇ ਪਿ੍ਰੰਸੀਪਲ ਜਸਵਿੰਦਰ ਸਿੰਘ ਅਤੇ ਹਰਸਿਮਰਨ ਸਿੰਘ ਨੇ ਰਾਜਸ਼੍ਰੀ ਨੂੰ ਸਕੂਲ ਵਿੱਚ ਲੜਕੀਆਂ ਲਈ ਯੋਗਾ ਕਲਾਸਾਂ ਲਗਾ ਕੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕਿਹਾ, ਜਿਸ ਨੂੰ ਰਾਜਸ਼੍ਰੀ ਨੇ ਮੌਕੇ ’ਤੇ ਹੀ ਪ੍ਰਵਾਨ ਕਰ ਲਿਆ। ਟਰੱਸਟ ਦੇ ਪ੍ਰਧਾਨ ਪਵਨ ਬਿੰਦਰਾ ਨੇ ਵੀ ਇਸ ਨੇਕ ਕਾਰਜ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਜਸਵਿੰਦਰ ਸਿੰਘ, ਹਰਸਿਮਰਨ ਸਿੰਘ ਦੇ ਨਾਲ ਮੈਡਮ ਜੋਤੀ ਅਤੇ ਸੰਦੀਪ ਕੁਮਾਰ ਵੀ ਹਾਜ਼ਰ ਸਨ।