‘ਭਾਰਤ ਜੋੜੋ ਯਾਤਰਾ’, ਬੇਰੋਜ਼ਗਾਰੀ,ਮਹਿੰਗਾਈ ਅਤੇ ਵੰਡੀਆਂ ਪਾਉਣ ਵਾਲੀ ਰਾਜਨੀਤੀ ਖਿਲਾਫ਼ ਜਨ ਜਾਗਰਣ ਦਾ ਕੰਮ ਕਰੇਗੀ: ਗੋਗੀ ਦੌਧਰੀਆਂ
ਮੋਗਾ, 6 ਜਨਵਰੀ (ਜਸ਼ਨ):: ‘ਭਾਰਤ ਜੋੜੋ ਯਾਤਰਾ’ ਦਾ ਮੰਤਵ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਬਲਕਿ ਇਸ ਯਾਤਰਾ ਦਾ ਮੰਤਵ ਦੇਸ਼ ਦੇ ਲੋਕਾਂ ਨੂੰ ਜੋੜਨਾ ਹੈ ਅਤੇ ਕਾਂਗਰਸ ਦੇ ਰੂਹੇ ਰਵਾਂਅ ਸ਼੍ਰੀ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਾਫਲੇ ਦੇ ਰੂਪ ਵਿਚ ਵਿਚਰਦਿਆਂ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਨੂੰ ਸੁਣਨਾ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਗੋਗੀ ਦੌਧਰੀਆਂ ਨੇ ਆਖਿਆ ਕਿ ਇਹ ਯਾਤਰਾ ਵੱਡੇ ਪੱਧਰ ’ਤੇ ਬੇਰੋਜ਼ਗਾਰੀ, ਮਹਿੰਗਾਈ , ਵੰਡੀਆਂ ਪਾਉਣ ਵਾਲੀ ਰਾਜਨੀਤੀ ਅਤੇ ਰਾਜਨੀਤਕ ਵਿਵਸਥਾ ਦੇ ਕੇਂਦਰੀਕਰਨ ਖਿਲਾਫ਼ ਜਨ ਜਾਗਰਣ ਦਾ ਕੰਮ ਕਰ ਰਹੀ ਹੈ। ਗੋਗੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ‘ਭਾਰਤ ਜੋੜੋ ਯਾਤਰਾ ’ ਦੇਸ਼ ਦੇ ਲੋਕਾਂ ਨੂੰ ਇਕ ਸਾਂਝਾ ਪਲੇਟਫਾਰਮ ਮੁਹਈਆ ਕਰਵਾਉਣ ਦੇ ਨਾਲ ਨਾਲ ਭਾਰਤ ਦੀ ਏਕਤਾ ਅਤੇ ਆਮ ਲੋਕਾਂ ਦੇ ਸਬਰ ਦਾ ਜਸ਼ਨ ਵੀ ਹੈ। ਗੋਗੀ ਦੌਧਰੀਆਂ ਨੇ ਆਖਿਆ ਕਿ ਇਹ ਯਾਤਰਾ ਸਫਲਤਾ ਪੂਰਵਕ ਹਰਿਆਣਾ ਵਿਚ ਪ੍ਰਵੇਸ਼ ਕਰ ਚੁੱਕੀ ਹੈ ਅਤੇ 11 ਜਨਵਰੀ ਨੂੰ ਪੰਜਾਬ ਵਿਚ ਪ੍ਰਵੇਸ਼ ਕਰੇਗੀ। ਉਹਨਾਂ ਆਖਿਆ ਕਿ ਇਸ ਯਾਤਰਾ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਲੋਕ ਆਪ ਮੁਹਾਰੇ ਕਾਫਲੇ ਦਾ ਹਿੱਸਾ ਬਨਣਗੇ।