ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਵਿਖੇ ਅੰਤਿਮ ਸਸਕਾਰ ਵਾਲੀ ਭੱਠੀ ਦੀ ਗੈਸ ਲੀਕ ਹੋਣ ਕਾਰਨ ਧਮਾਕਾ,22 ਵਿਅਕਤੀ ਝੁਲਸੇ,
ਮੋਗਾ , 20 ਸਤੰਬਰ (ਜਸ਼ਨ) – ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਵਿਖੇ ਕੱਲ (19 ਸਤੰਬਰ) ਦੁਪਹਿਰ ਸਮੇਂ ਸ਼ਮਸ਼ਾਨਘਾਟ ‘ਚ ਦੇਹ ਦਾ ਸਸਕਾਰ ਮੌਕੇ ਭੱਠੀ ਵਿਚ ਗੈਸ ਲੀਕ ਹੋਣ ਕਾਰਨ, ਲੱਗੀ ਅੱਗ ਕਾਰਨ 22 ਦੇ ਕਰੀਬ ਵਿਅਕਤੀ ਝੁਲਸ ਗਏ| ਜ਼ਖ਼ਮੀ ਵਿਅਕਤੀਆਂ ਵਿਚ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਲੜਕਾ ਸਰਬਜੀਤ ਸਿੰਘ ਵੀ ਸ਼ਾਮਲ ਹੈ।।
ਥਾਣਾ ਅਜੀਤ ਵਾਲ ਦੇ ਮੁੱਖ ਅਫਸਰ ਬੇਅੰਤ ਸਿੰਘ ਭੱਟੀ ਨੇ ਦੱਸਿਆ ਕਿ ਘਟਨਾ ਪਿੰਡ ਢੁੱਡੀਕੇ ਦੇ ਸ਼ਮਸ਼ਾਨਘਾਨ ਵਿਖੇ ਵਾਪਰੀ ਜਦੋਂ ਦੇਹ ਸਸਕਾਰ ਮੌਕੇ ਪਿੰਡ ਵਾਸੀ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਮੌਜੂਦ ਸਨ| ਦੇਹ ਸਸਕਾਰ ਮੌਕੇ ਜਦੋਂ ਸਟੈਂਡ ਨੂੰ ਅੰਦਰ ਰੱਖਿਆ ਗਿਆ ਤਾਂ ਅਚਾਨਕ ਬਕਸੇ ਅੰਦਰ ਗੈਸ ਸਿਲੰਡਰ ਫੱਟਣ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਉੱਥੇ ਖੜ੍ਹੇ ੋਕ ਅੱਗ ਦੀ ਲਪੇਟ ਵਿਚ ਆ ਗਏ| ਉਹਨਾਂ ਦੱਸਿਆ ਕਿ ਬਾਅਦ ਵਿਚ ਦੇਰ ਸ਼ਾਮ ਮ੍ਰਿਤਕ ਦੇਹ ਦਾ ਸਸਕਾਰ ਲੱਕੜਾਂ ਨਾਲ ਕਰ ਦਿੱਤਾ ਗਿਆ|
ਪ੍ਰਤੱਖ ਦਰਸ਼ੀਆਂ ਮੁਤਾਬਕ ਸਸਕਾਰ ਕਰਨ ਮੌਕੇ , ਮ੍ਰਿਤਕ ਦੀ ਰਿਸ਼ਤੇਦਾਰ ਮਹਿਲਾ ਵੱਲੋਂ ਮ੍ਰਿਤਕ ਦਾ ਆਖਰੀ ਵਾਰ ਮੂੰਹ ਵੇਖਣ ਦੀ ਇੱਛਾ ਜ਼ਾਹਿਰ ਕੀਤੀ ਗਈ| ਜਦੋਂ ਹੀ ਮਹਿਲਾ ਮ੍ਰਿਤਕ ਨੂੰ ਦੇਖ ਕੇ ਵਾਪਸ ਆ ਰਹੀ ਸੀ ਤਾਂ ਭੱਠੀ ਵਾਲੇ ਸਟੈਂਡ ਨੂੰ ਅੰਦਰ ਕਰਨ ਲੱਗਿਆਂ ਵੱਡਾ ਧਮਾਕਾ ਹੋ ਗਿਆ | ਇਸ ਧਮਾਕੇ ਵਿਚ 22 ਵਿਅਕਤੀ ਝੁਲਸ ਗਏ | ਕਿਹਾ ਜਾ ਰਿਹਾ ਹੈ ਗੈਸ ਚੈਂਬਰ ‘ਚ ਪਹਿਲਾਂ ਹੀ ਗੈਸ ਜਮ੍ਹਾ ਹੋ ਚੁੱਕੀ ਸੀ ਜਿਸ ਕਾਰਨ ਇਹ ਘਟਨਾ ਵਾਪਰੀ|