ਮੋਗਾ ਜ਼ਿਲ੍ਹੇ ‘ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ-ਬ-ਦਿਨ ਹੋ ਰਹੀ ਐ ਗੰਭੀਰ, ਪ੍ਰਸ਼ਾਸਨ ਨੂੰ ਕਿਸੇ ਵੱਡੇ ਹਾਦਸੇ ਦੀ ਉਡੀਕ

ਮੋਗਾ, 31 ਜੁਲਾਈ (): ਮੋਗਾ ਜ਼ਿਲ੍ਹੇ ‘ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੰੁਦੀ ਜਾ ਰਹੀ ਹੈ । ਅਕਾਲੀਆਂ ਦਾ ਰਾਜ ਹੋਵੇ ਜਾਂ ਫਿਰ ਕਾਂਗਰਸ ਦਾ ਮੌਜੂਦਾ ਕਾਰਜਕਾਲ, ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਾਲ ਯਤਨ ਨਹੀਂ ਕੀਤੇ ਅਤੇ ਇਸੇ ਅਣਗਹਿਲੀ ਦਾ ਨਤੀਜਾ ਇਹ ਹੈ ਕਿ ਸੜਕਾਂ ’ਤੇ ਤੁਰੇ ਫਿਰਦੇ ਇਹ ਜਾਨਵਰ ਮੌਤ ਦੇ ਸੌਦਾਗਰ ਸਿੱਧ ਰਹੇ ਰਹੇ ਹਨ ਅਤੇ ਆਏ ਦਿਨ ਨਾ ਸਿਰਫ਼ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ ਬਲਕਿ ਬੇਜ਼ੁਬਾਨ ਜਾਨਵਰ ਵੀ ਸੜਕਾਂ ’ਤੇ ਵਾਹਨਾਂ ਨਾਲ ਟਕਰਾ ਕੇ ਬੇਮੌਤੇ ਮਾਰੇ ਜਾ ਰਹੇ ਹਨ।
ਇਸੇ ਤਰਾਂ ਬੀਤੀ ਰਾਤ ਮੋਗਾ ਫਿਰੋਜ਼ਪੁਰ ਰੋਡ ’ਤੇ ਡਾ: ਪਰੇਮ ਸਿੰਘ ਵਾਲੀ ਗਲੀ ਦੇ ਸਾਹਮਣੇ ਪੁੱਲ ਦੀ ਚੜ੍ਹਾਈ ’ਤੇ ਵਾਪਰੇ ਹਾਦਸੇ ਦੌਰਾਨ ਕਿਸੇ ਵੱਡੇ ਵਾਹਨ ਨਾਲ ਟਕਰਾ ਕੇ ਇਕ ਢੱਟੇ ਦੀ ਮੌਤ ਹੋ ਗਈ। ਇਹ ਵਾਹਨ ਅਤੇ ਇਸ ਵਿਚਲੇ ਵਿਅਕਤੀਆਂ ਦੀ ਹੋਣੀਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਪਰ ਜਿਸ ਕਦਰ ਢੱਟੇ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ ਉਸ ਤੋਂ ਸਪੱਸ਼ਟ ਹੈ ਕਿ ਵਾਹਨ ਦਾ ਭਾਰੀ ਨੁਕਸਾਨ ਹੋਇਆ ਹੋਵੇਗਾ ਜਦਕਿ ਚਾਲਕ ਵੀ ਜ਼ਰੂਰ ਜ਼ਖਮੀਂ ਹੋਏ ਹੋਣਗੇ।
ਇਸੇ ਤਰਾਂ ਦਾ ਹਾਦਸਾ ਇਸੇ ਜਗਹ ’ਤੇ ਮਹਿਜ਼ ਕੁਝ ਦਿਨ ਪਹਿਲਾਂ ਰਾਤ ਨੂੰ ਵਾਪਰਿਆ ਜਦੋਂ ਇਕ ਟੈਂਪੂ ਢੱਟੇ ਟਾਲ ਟਕਰਾ ਗਿਆ ਅਤੇ ਟੈਂਪੂ ਉਲਟ ਗਿਆ । ਟੈਂਪੂ ਚਾਲਕ ਨੂੰ ਆਮ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ।
ਦਰਅਸਲ ਇਸ ਜਗਹ ’ਤੇ ਪੁਲ ਦੀ ਉਤਰਾਈ ਹੈ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵੱਲ ਨੂੰ ਜਾਂਦਿਆਂ ਪੁਲ ਫੇਰ ਉੱਚਾ ਹੋ ਜਾਂਦਾ ਹੈ , ਇਸ ਕਰਕੇ ਇਸ ਜਗਹ ਤੋਂ ਅਵਾਰਾ ਜਾਨਵਰ ਫੋਰ ਲੇਨ ’ਤੇ ਚੜ੍ਹ ਕੇ ਅਕਸਰ ਪੁਲ ਉੱਪਰ ਬੈਠੇ ਰਹਿੰਦੇ ਹਨ । ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਦੀ ਰਿਹਾਇਸ਼ ਵਾਲੀ ਗਲੀ ਦੇ ਸਾਹਮਣੇ ਕੂੜੇ ਦੇ ਢੇਰ ’ਤੇ ਖੜ੍ਹੇ ਇਹ ਜਾਨਵਰ ਰਾਹਗੀਰਾਂ ਲਈ ਮੁਸ਼ਕਿਲ ਦਾ ਸਬੱਬ ਬਣਦੇ ਹਨ । ਸਾਬਕਾ ਮੰਤਰੀ ਡਾ: ਮਾਲਤੀ ਥਾਪਰ ਦੀ ਰਿਹਾਇਸ਼ ਦੇ ਸਾਹਮਣੇ ਉੱਚੇ ਪੁੱਲ ‘ਤੇ ਬੈਠੇ ਇਹ ਅਵਾਰਾ ਜਾਨਵਰ ਕਿਸੇ ਪਲ ਵੀ ਵੱਡੇ ਸੜਕ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇੱਥੇ ਹੀ ਬੱਸ ਨਹੀਂ ਦੁੱਨੇਕੇ ਤੋਂ ਲੈ ਕੇ ਜਥੇਦਾਰ ਤੋਤਾ ਸਿੰਘ ਦੀ ਕੋਠੀ ਤੱਕ ਡਿਵਾਈਡਰ ’ਤੇ ਬੈਠੇ ਕਾਲੇ ਢੱਟੇ ਰਾਤ ਨੂੰ ਦਿਖਾਈ ਨਾ ਦੇਣ ਕਾਰਨ ਕਦੇ ਵੀ ਕਿਸੇ ਲਈ ਕਾਲ ਬਣ ਸਕਦੇ ਨੇ ਪਰ ਅਫਸੋਸ, ਪੰਜਾਬ ਦੀ ਸਭ ਤੋਂ ਅਮੀਰ ਨਗਰ ਨਿਗਮ ਕੋਲ ਸਮਾਂ ਨਹੀਂ ਕਿ ਇਹਨਾਂ ਅਵਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾਵਾਂ ਵਿਚ ਭੇਜਿਆ ਜਾਵੇ। ਲੋਕਾਂ ਨੂੰ ਆਸ ਸੀ ਕਿ ਪੜ੍ਹੀ ਲਿੱਖੀ ਮੇਅਰ ਨੀਤਿਕਾ ਭੱਲਾ ਸ਼ਾਇਦ, ਇਹਨਾਂ ਪਸ਼ੂਆਂ ਦੇ ਗਲਾਂ ਵਿਚ ਰਿਫਲੈਕਟਰ ਹੀ ਪਵਾ ਦੇਵੇ ਪਰ ਸ਼ਾਇਦ ਨਿਗਮ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਅਜੇ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੈ ਜਿਸ ਉਪਰੰਤ ‘ਗਊ ਸੈੱਸ’ ਦੇ ਰਹੇ ਲੋਕਾਂ ਨੂੰ ਰਾਹਤ ਦਿੱਤੇ ਜਾਣ ਦੀ ਪਰਿਕਿਰਿਆ ਸ਼ੁਰੂ ਹੋਵੇਗੀ।
ਇਹ ਵੀ ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੀ ਦੇਖ ਰੇਖ ਹੇਠ ਮੋਗਾ ਦੀ ਬਾਹਰੀ ਮੰਡੀ ਵਿਚ, ਚੜਿੱਕ ਰੋਡ ’ਤੇ ਅਤੇ ਪਿੰਡ ਕਿਸ਼ਨਪੁਰਾ ਵਿਖੇ ਗਊਸ਼ਾਲਾਵਾਂ ਮੌਜੂਦ ਹੋਣ ਅਤੇ ਲੋਕਾਂ ਤੋਂ ਗਊ ਸੈੱਸ ਇਕੱਤਰ ਕੀਤੇ ਜਾਣ ਦੇ ਬਾਵਜੂਦ ਕਿਸੇ ਤਰਾਂ ਦੀ ਰਾਹਤ ਨਹੀਂ ਦਿੱਤੀ ਜਾ ਰਹੀ । ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਅਤੇ ਨਗਰ ਨਿਗਮ ਅਧਿਕਾਰੀ ਕੁੰਭਕਰਨੀ ਨੀਂਦ ਸੌਂ ਰਹੇ ਹਨ।
'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਮੇਅਰ ਨੈਤਿਕ ਭੱਲਾ ਨੇ ਆਖਿਆ ਕਿ ਉਹਨਾਂ ਇਹ ਸਮੱਸਿਆ ਨੋਟ ਕਰ ਲਈ ਹੈ ਤੇ ਅੱਜ ਹੀ ਕੈਚਰ ਟੀਮ ਇਹਨਾਂ ਪਸ਼ੂਆਂ ਨੂੰ ਲੈਜਾਣ ਦਾ ਕਮ ਅਰੰਭੇਗੀ


