ਕਰੋਨਾ ਕਾਰਨ ਡੀ ਐੱਸ ਪੀ ਦੀ ਮੌਤ, ਕਰੋਨਾ ਦੀ ਮੁੜ ਆਮਦ ਕਾਰਨ ਹਾਲਾਤ ਨਾਜ਼ੁਕ ਹੋਣ ਦਾ ਖਦਸ਼ਾ, ਲੋਕ ਅਜੇ ਵੀ ਅਵੇਸਲੇ
ਸ਼ਾਹਕੋਟ,14 ਮਾਰਚ (ਜਸ਼ਨ): ਕਰੋਨਾ ਵਾਇਰਸ ਨੇ ਇਕ ਵਾਰ ਫੇਰ ਦਸਤਕ ਦਿੰਦਿਆਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਆਰੰਭ ਦਿੱਤਾ ਹੈ । ਅੱਜ ਤੜਕਸਾਰ ਸ਼ਾਹਕੋਟ ਵਿਖੇ ਤਾਇਨਾਤ ਡੀ ਐੱਸ ਪੀ ਵਰਿੰਦਰਪਾਲ ਸਿੰਘ ਦੀ ਕਰੋਨਾ ਕਾਰਨ ਮੌਤ ਹੋ ਗਈ । ਉਹ ਕਰੋਨਾ ਪਾਜ਼ਿਟਿਵ ਆਉਣ ਉਪਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ ਜਿੱਥੇ ਉਹਨਾਂ ਅੱਜ ਤੜਕੇ ਆਖਰੀ ਸਾਹ ਲਿਆ। ਇਹ ਖਬਰ ਆਉਂਦਿਆਂ ਹੀ ਸ਼ਾਹਕੋਟ ਅਤੇ ਮੋਗਾ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ । ਜ਼ਿਕਰਯੋਗ ਹੈ ਕਿ ਡੀ ਐੱਸ ਪੀ ਵਰਿੰਦਰਪਾਲ ਸਿੰਘ ਦੇ ਦੋਸਤਾਂ ਦਾ ਘੇਰਾ ਬਹੁਤ ਵੱਡਾ ਹੈ ਅਤੇ ਮੋਗਾ ਦੇ ਸਿਆਸੀ, ਮੀਡੀਆ ਅਤੇ ਪੰਜਾਬ ਪੁਲਿਸ ਦੀਆਂ ਕਈ ਸ਼ਖਸੀਅਤਾਂ ਉਹਨਾਂ ਦੇ ਮਿੱਤਰਾਂ ਵਿਚ ਸ਼ਾਮਲ ਨੇ । ਕਰੋਨਾ ਦੇ ਇਸ ਤਰਾਂ ਵਾਪਸ ਆਉਣ ਨਾਲ ਲੋਕਾਂ ਵਿਚ ਇਕ ਵਾਰ ਫੇਰ ਸਹਿਮ ਦਾ ਮਾਹੌਲ ਹੈ । ਜ਼ਿਕਰਯੌਗ ਹੈ ਕਿ ਮੋਗਾ ਵਿਚ ਬੀਤੇ ਕੱਲ 19 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਨੇ ਜਿਨਾਂ ਵਿਚ ਤਲਵੰਡੀ ਭੰਗੇਰੀਆਂ ਸਕੂਲ ਦੀਆਂ ਦੋ ਅਧਿਆਪਕਾਵਾਂ, ਮੋਗਾ ਦੇ ਪ੍ਰਾਇਮਰੀ ਸਕੂਲ ਦੇ ਦੋ ਅਧਿਆਪਕ ਜਿਹਨਾਂ ਵਿਚ ਇਕ ਮਹਿਲਾ ਅਧਿਆਪਕ ਮੋਗਾ ਦੇ ਉੱਘੇ ਕਾਂਗਰਸੀ ਆਗੂ ਦੀ ਪਤਨੀ ਹੈ । ਇਹ ਵੀ ਵਰਨਣਯੋਗ ਹੈ ਕਿ ਸੂਬੇ ਦੇ ਖਜ਼ਾਨਾ ਮੰਤਰੀ ਵੀ ਕਰੋਨਾ ਦੀ ਜ਼ਦ ਵਿਚ ਆ ਚੁੱਕੇ ਨੇ । ਬੇਸ਼ੱਕ ਪੰਜਾਬ ਸਰਕਾਰ ਆਪਣੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਭਰਪੂਰ ਯਤਨ ਕਰ ਰਹੀ ਹੈ ਪਰ ਲੋਕਾਂ ਦਾ ਅਵੇਸਲਾਪਣ ਘਾਤਕ ਸਿੱਧ ਹੋ ਰਿਹਾ ਹੈ।