ਲੋਕ ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ’ਤੇ ਮੋਗਾ ਦੀਆਂ ਵੱਖ ਵੱਖ ਸ਼ਖਸੀਅਤਾਂ ਨੇ ਕੀਤਾ ਡੂੰਘੇ ਦੁੱਖ ਦਾ ਇਜ਼ਹਾਰ
ਮੋਗਾ,24 ਫਰਵਰੀ (ਜਸ਼ਨ): ਬੀਤੇ ਕੱਲ ਪੰਜਾਬੀ ਗਜ਼ਲ ਗਾਇਕ ਜਗਜੀਤ ਜੀਰਵੀ ਦੀ ਮੌਤ ਦੀ ਖਬਰ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਅੱਜ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ਦੀ ਖ਼ਬਰ ਨੇ ਦੁਨੀਆਂ ਦੇ ਕੋਨੇ ਕੋਨੇ ਵਿਚ ਵੱਸਦੇ ਪੰਜਾਬੀਆਂ ਨੂੰ ਧੁਰ ਅੰਦਰ ਤੱਕ ਹਲੂਣ ਦਿੱਤਾ ਹੈ। ਸਿਕੰਦਰ ਦੀ ਮੌਤ ਨਾਲ ਪੰਜਾਬੀ ਸੰਗੀਤ ਇੰਡਸਟਰੀ ਨਾਲ ਜੁੜੀ ਹਰ ਸਖਸ਼ੀਅਤ ਅੱਜ ਮਾਯੂਸ ਹੋ ਗਈ ਏ। ਪਿਛਲੇ ਇਕ ਦੋ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਰਦੂਲ ਸਿਕੰਦਰ, ਕੋਰੋਨਾ ਸੰਕਰਮਣ ਤੋਂ ਪੀੜਤ ਦੱਸੇ ਜਾ ਰਹੇ ਹਨ ਅਤੇ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਜ਼ੇਰੇ ਇਲਾਜ਼ ਸਨ ਪਰ ਅੱਜ ਉਹਨਾਂ ਹਸਪਤਾਲ ‘ਚ ਹੀ ਆਖਰੀ ਸਾਹ ਲਿਆ। ਜਨਾਬ ਸਰਦੂਲ ਨੇ 80 ਦੇ ਦਹਾਕੇ ‘ਚ ‘‘ਰੋਡਵੇਜ਼ ਦੀ ਲਾਰੀ’’ ਗੀਤ ਨਾਲ ਰੇਡੀਓ ਅਤੇ ਟੈਲੀਵਿਜ਼ਨ ’ਤੇ ਆਪਣੀ ਹਾਜ਼ਰੀ ਲਗਵਾਈ ਅਤੇ ਉਸ ਤੋਂ ਬਾਅਦ ਉਹਨਾਂ ਸੋਲੋ ਅਤੇ ਡਿਊਟ ਗੀਤਾਂ ਨਾਲ ਸਭ ਦਾ ਦਿਲ ਟੁੰਬਿਆ। ‘ਖਤ ਟੁੱਕੜੇ ਟੁੱਕੜੇ ਕਰ ਦੇਣੇ, ਮੈਂ ਸਾੜ ਦੇਣਾ ਤਸਵੀਰਾਂ ਨੂੰ ’ ਵਰਗੇ ਮਕਬੂਲ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲਾ ਸਰਦੂਲ ਸਿੰਕਦਰ, ਸੰਗੀਤ ਦੀ ਦੁਨੀਆਂ ਦਾ ਅਜਿਹਾ ਨਾਮ ਹੈ, ਜਿਸ ਨੇ ਨਾ ਸਿਰਫ਼ ਪੰਜਾਬੀ ਸੱਭਿਆਚਾਰ ਨੂੰ ਹੋਰ ਅਮੀਰ ਕੀਤਾ ਬਲਕਿ ਸਾਫ਼ ਸੁਥਰੀ ਗਾਇਕੀ ਰਾਹੀਂ ਨੌਜਵਾਨਾਂ ਦੇ ਦਿਲਾਂ ਦੇ ਵਲਵਲਿਆਂ ਨੂੰ ਬਾਖੂਬੀ ਬਿਆਨ ਕੀਤਾ। ਸਰਦੂਲ ਦੇ ਜਾਣ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਸਰਦੂਲ ਆਪਣੇ ਪਿੱਛੇ ਆਪਣੀ ਪਤਨੀ ਅਮਰ ਨੂਰੀ ਅਤੇ ਬੱਚਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ। ਗਾਇਕੀ ਦੇ ਖੇਤਰ ਵਿਚ ਸਰਦੂਲ ਅਤੇ ਅਮਰ ਨੂਰੀ ਦੀ ਕੈਮਿਸਟਰੀ ਨੂੰ ਪੰਜਾਬੀਆਂ ਨੇ ਮੁਹੰਮਦ ਸਦੀਕ ਰਣਜੀਤ ਕੌਰ ਤੋਂ ਬਾਅਦ ਸ਼ਾਇਦ ਸਭ ਤੋਂ ਵੱਧ ਪਿਆਰ ਦਿੱਤਾ ਪਰ ਅਫਸੋਸ ਅੱਜ ਸਰਦੂਲ ਦੇ ਜਾਣ ਨਾਲ ਇਹ ਜੋੜੀ ਟੁੱਟ ਗਈ ।
ਸਰਦੂਲ ਸਿੰਕਦਰ ਦੀ ਬੇਵਕਤੀ ਮੌਤ ’ਤੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸਾਬਕਾ ਮੰਤਰੀ ਦਰਸ਼ਨ ਬਰਾੜ, ਵਿਧਾਇਕ ਮਨਜੀਤ ਬਿਲਾਸਪੁਰੀ, ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕਾ ਬੀਬੀ ਰਾਜਵਿਦੰਰ ਕੌਰ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਇਸ ਤੋਂ ਇਲਾਵਾ ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਉਂਕੇ ਅਤੇ ਮੋਗਾ ਦੀਆਂ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ ਨੇ ਸਰਦੂਲ ਦੀ ਬੇਵਕਤੀ ਮੌਤ ਨੂੰ ਇਕ ਯੁੱਗ ਦਾ ਅੰਤ ਦੱਸਿਆ। ਸੋਸ਼ਲ ਮੀਡੀਆ ’ਤੇ ਸਰਦੂਲ ਨੂੰ ਚਾਹੁੰਣ ਵਾਲਿਆਂ ਵੱਲੋਂ ਜਨਾਬ ਸਰਦੂਲ ਦੇ ਗਾਏ ਗੀਤਾਂ ਦੀਆਂ ਲਾਈਨਾਂ ਨੂੰ ਲਿਖ ਕੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦਾ ਆਖਣਾ ਹੈ ਕਿ ਸਾਫ਼ ਸੁਥਰੀ ਗਾਇਕੀ ਲਈ ਬਾਈ ਸਰਦੂਲ ਦਾ ਨਾਮ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ ਅਤੇ ਉਸ ਦੇ ਗੀਤ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਨੂੰ ਵੀ ਟੁੰਬਦੇ ਰਹਿਣਗੇ।