ਥਾਣਾ ਜੈਤੋ ਅਧੀਨ ਇਲਾਕੇ 'ਚ ਅਮਨ ਸ਼ਾਂਤੀ ਬਹਾਲ ਰੱਖਣਾ , ਨਸ਼ਾ ਕਾਰੋਬਾਰੀਆਂ ਨੂੰ ਨੱਥ ਪਾਉਣਾ ਮੇਰਾ ਮੁੱਖ ਮਕਸਦ : ਐਸ.ਐਚ.ਓ. ਇਕਬਾਲ ਸੰਧੂ

ਨਵੇਂ ਥਾਣਾ ਮੁਖੀ ਇਕਬਾਲ ਸੰਧੂ ਨੇ ਜੈਤੋ ਪੁਲਿਸ ਥਾਣੇ ਦਾ ਸੰਭਾਲਿਆ ਚਾਰਜ
ਜੈਤੋ, 24 ਦਸੰਬਰ (ਮਨਜੀਤ ਸਿੰਘ ਢੱਲਾ)-ਪੁਲਿਸ ਥਾਣਾ ਜੈਤੋ ਅਧੀਨ ਇਲਾਕੇ ਵਿੱਚ ਅਮਨ ਸਾਂਤੀ ਬਹਾਲ ਰੱਖਣਾ ਅਤੇ ਨਸ਼ਾ ਕਾਰੋਬਾਰੀਆਂ ਨੂੰ ਉਨਾਂ ਦੇ ਅਸਲ ਠਿਕਾਣੇ 'ਤੇ ਭੇਜਣਾ ਮੇਰਾ ਮੁੱਖ ਮਕਸਦ ਰਹੇਗਾ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਥਾਣਾ ਜੈਤੋ   -ਫਰੀਦਕੋਟ ਤੋਂ ਬਦਲ ਕੇ ਆਏ ਇੰਸਪੈਕਟਰ ਇਕਬਾਲ ਸਿੰਘ ਸੰਧੂ ਨੇ ਪੁਲਿਸ ਥਾਣਾ ਮੁਖੀ ਜੈਤੋ ਦਾ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਨਵ ਨਿਯੁਕਤ ਥਾਣਾ ਮੁਖੀ  ਇਕਬਾਲ ਸੰਧੂ ਨੇ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਪਣੇ ਨਜ਼ਦੀਕ ਗੈਰ ਸਮਾਜਿਕ ਕਾਰੋਬਾਰ ਕਰਨ ਵਾਲੇ ਅਨਸਰਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਕੇ ਪੁਲਿਸ ਵਿਭਾਗ ਨੂੰ ਸਹਿਯੋਗ ਕੀਤਾ ਜਾਵੇ ਤਾਂ ਜੋ ਇਲਾਕੇ ਵਿੱਚੋਂ ਸ਼ਰਾਰਤੀ ਅਤੇ ਗੈਰ ਸਮਾਜਿਕ ਕਾਰੋਬਾਰ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ । ਉਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਹਰੇਕ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ । ਪੁਲਿਸ ਥਾਣਾ ਮੁਖੀ ਨੇ ਇਲਾਕਾ ਨਿਵਾਸੀਆਂ ਨੂੰ ਕੋਵਿਡ- 19 ਤੋਂ ਬਚਾਅ ਲਈ ਸਰਕਾਰ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ । ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਪੁਲਿਸ ਸਖਤੀ ਨਾਲ ਪੇਸ਼ ਆਵੇਗੀ। ਇਸ ਮੌਕੇ ਪੁਲਿਸ ਮੁਖੀ ਇਕਬਾਲ ਸਿੰਘ ਸੰਧੂ ਦੇ ਆਉਣ ਤੇ ਮੁੱਖ ਮੁਨਸ਼ੀ ਸੁਖਵਿੰਦਰਪਾਲ ਸਿੰਘ, ਤੇਜ਼ ਪਾਲ, ਸਹਾਇਕ ਥਾਣੇਦਾਰ ਦਲਜੀਤ ਸਿੰਘ, ਸੁਖਬੀਰ ਸਿੰਘ ਸੰਧੂ, ਗੁਰਵਿੰਦਰ ਸਿੰਘ ਖਾਰਾ, ਜੈਤੋ ਪੁਲਿਸ ਸਾਂਝ ਕੇਂਦਰ ਦੇ ਇੰਚਾਰਜ ਮੈਡਮ ਬਲਜਿੰਦਰ ਕੌਰ,ਏ.ਐਸ.ਆਈ ਬਲਵਿੰਦਰ ਸਿੰਘ ਆਦਿ ਪੁਲਿਸ ਕਰਮਚਾਰੀਆਂ ਵਲੋਂ ਥਾਣਾ ਮੁਖੀ ਦਾ ਚਾਰਜ ਸੰਭਾਲਣ ਤੇ ਜੀ ਆਇਆਂ ਕਿਹਾ।