ਸੀਨੀਅਰ ਕਾਂਗਰਸੀ ਆਗੂ ਸ਼੍ਰੀ ਅਹਿਮਦ ਪਟੇਲ ਦੇ ਅੱਜ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ ਦੇਸ਼ ਇਕ ਕੀਮਤੀ ਸਿਆਸੀ ਹੀਰੇ ਤੋਂ ਮਹਿਰੂਮ ਹੋ ਗਿਐ: ਵਿਧਾਇਕ ਡਾ: ਹਰਜੋਤ ਕਮਲ
ਮੋਗਾ,25 ਨਵੰਬਰ (): ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਦੇ ਅੱਜ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਜਾਣ ’ਤੇ ਸਮੁੱਚੇ ਦੇਸ਼ ਵਿਚ ਸ਼ੋਕ ਦੀ ਲਹਿਰ ਹੈ ਕਿਉਂਕਿ ਸ਼ੀ੍ ਪਟੇਲ ਦਾ ਜਾਣਾ ਸਿਰਫ਼ ਕਾਂਗਰਸ ਲਈ ਹੀ ਵੱਡਾ ਨੁਕਸਾਨ ਨਹੀਂ ਹੈ ਸਗੋਂ ਸਮੁੱਚੇ ਭਾਰਤੀਆਂ ਲਈ ਪ੍ਰੇਰਨਾ ਸਰੋਤ ਸ਼੍ਰੀ ਪਟੇਲ ਦੇ ਜਾਣ ਨਾਲ ਦੇਸ਼ ਇਕ ਕੀਮਤੀ ਸਿਆਸੀ ਹੀਰੇ ਤੋਂ ਮਹਿਰੂਮ ਹੋ ਗਿਆ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਰਾਜਨੀਤਕ ਸਕੱਤਰ ਵਜੋਂ ਸੇਵਾਵਾਂ ਨਿਭਾਉਂਦਿਆਂ ਸ਼੍ਰੀ ਅਹਿਮਦ ਪਟੇਲ ਨੇ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਕੰਮ ਕੀਤਾ । ਡਾ: ਹਰਜੋਤ ਨੇ ਅਖਿਆ ਕਿ ਸ਼੍ਰੀ ਅਹਿਮਦ ਪਟੇਲ ਨੇ 1976 ‘ਚ ਸਰਗਰਮ ਰਾਜਨੀਤੀ ਵਿਚ ਕਦਮ ਰੱਖਿਆ ਅਤੇ ਗੁਜਰਾਤ ਦੇ ਭੜੂਚ ਜ਼ਿਲ੍ਹੇ ਤੋਂ ਸਥਾਨਕ ਬਾਡੀ ਦੀਆਂ ਚੋਣਾਂ ਲੜ ਕੇ ਰਾਜਨੀਤਕ ਜੀਵਨ ਦੀ ਸ਼ੁਰੂੁਆਤ ਕਰਨ ਉਪਰੰਤ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਰਹੇ ਅਤੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਕਾਰਜਕਾਲ ਦੌਰਾਨ ਉਹ ਪਾਰਲੀਮਾਨੀ ਸਕੱਤਰ ਵੀ ਰਹੇ।
ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਦੇ ਰੂਹੇ ਰਵਾਂਅ ਅਤੇ ਦੇਸ਼ ਦੇ ਹਰਮਨ ਪਿਆਰੇ ਨੇਤਾ ਅਹਿਮਦ ਪਟੇਲ ਜੀ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਜਾਣ ਨਾਲ ਜਿੱਥੇ ਕਾਂਗਰਸ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਦੇਸ਼ ਇਕ ਦੂਰਅੰਦੇਸ਼ ਕੌਮੀ ਨੇਤਾ ਤੋਂ ਮਹਿਰੂਮ ਹੋ ਗਿਆ ਹੈ। ਉਹਨਾਂ ਕਿਹਾ ਕਿ ਅਹਿਮਦ ਪਟੇਲ ਸਾਬ੍ਹ ਨੇ ਮੁਸ਼ਕਿਲ ਸਮੇਂ ‘ਚ ਪਾਰਟੀ ਦੀ ਮਜਬੂਤੀ ਲਈ ਮੋਰਚਾ ਸੰਭਾਲਦਿਆਂ ਪਾਰਟੀ ਦੀ ਬਿਹਤਰੀ ਲਈ ਕੰਮ ਕੀਤਾ । ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਇਸ ਦੁੱਖ ਦੀ ਘੜੀ ‘ਚ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਅਰਜੋਈ ਕਰਦੇ ਨੇ ਕਿ ਪਰਵਰਦਿਗਾਰ, ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤੌਫ਼ੀਕ ਦੇਵੇ ।