ਵਿਧਾਇਕ ਡਾ: ਹਰਜੋਤ ਕਮਲ ਨੇ ਜੁਝਾਰੂ ਪੱਤਰਕਾਰ ਜੋਗਿੰਦਰ ਦੀ ਮੌਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਮੋਗਾ,16 ਸਤੰਬਰ (ਜਸ਼ਨ) ::ਸੜਕ ਦੁਰਘਟਨਾ ‘ਚ ਸਦੀਵੀ ਵਿਛੋੜਾ ਦੇ ਗਏ ਪੱਤਰਕਾਰ ਜੋਗਿੰਦਰ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੁੰਦਾ ਹੈ ਅਤੇ ਮੀਡੀਆ ਕਰਮੀ ਸਮਾਜ ਲਈ ਨਿਸ਼ਕਾਮ ਸੇਵਾ ਕਰਦਿਆਂ ਸਰਕਾਰ ਅਤੇ ਲੋਕਾਂ ਦਰਮਿਆਨ ਕੜੀ ਦਾ ਕੰਮ ਕਰਦੇ ਨੇ ਅਤੇ ਇਸੇ ਕਰਕੇ ਸਮਾਜ, ਪੱਤਰਕਾਰਾਂ ਨੂੰ ਸਤਿਕਾਰ ਦਿੰਦਾ ਹੈ । ਉਹਨਾਂ ਆਖਿਆ ਕਿ ਲੋਕ ਮਸਲਿਆਂ ਨੂੰ ਉਭਾਰਨ ਵਾਲੇ ਸੰਜੀਦਾ ਪੱਤਰਕਾਰ ਜੋਗਿੰਦਰ ਦੇ ਅਕਾਲ ਚਲਾਣੇ ਨਾਲ, ਉਹਨਾਂ ਨੂੰ ਨਿੱਜੀ ਤੌਰ ’ਤੇ ਘਾਟਾ ਪਿਆ ਹੈ । ਉਹਨਾਂ ਆਖਿਆ ਕਿ ਵਿਦਿਆਰਥੀ ਜੀਵਨ ਤੋਂ ਬਾਅਦ ਉਹਨਾਂ ਜਦੋਂ ਦਾ ਸਿਆਸਤ ਵਿਚ ਪੈਰ ਰੱਖਿਆ ਹੈ, ਹਰ ਪੱਤਰਕਾਰ ਨੇ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਹੈ ਅਤੇ ਇਹਨਾਂ ਸਹਿਯੋਗੀ ਪੱਤਰਕਾਰਾਂ ਵਿਚ ਜੋਗਿੰਦਰ ਵੀ ਸ਼ਾਮਲ ਸੀ। ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਨਿੱਜੀ ਤੌਰ ’ਤੇ ਜੋਗਿੰਦਰ ਦੀ ਪਤਨੀ ਅਤੇ ਬੱਚਿਆਂ ਦੇ ਸਿਰ ’ਤੇ ਆਪਣੇ ਪਰਿਵਾਰ ਵਾਂਗ ਹਮੇਸ਼ਾ ਹੱਥ ਰੱਖਣਗੇ ਖਾਸਕਰ ਦੋਨਾਂ ਬੱਚਿਆਂ ਦੀ ਸਿੱਖਿਆ ਲਈ ਅਗਵਾਈ ਦਿੰਦੇ ਰਹਿਣਗੇ । ਉੁਹਨਾਂ ਜੋਗਿੰਦਰ ਦੇ ਮਾਤਾ ਪਿਤਾ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਜੋਗਿੰਦਰ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।