ਨਵੇਂ ਰਾਹਾਂ ਦੇ ਪਾਂਧੀ ਬਾਪੂ ਗੋਪਾਲ ਸਿੰਘ ਸਿੱਧੂ ਕਾਹਨੇਵਾਲਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 7 ਸਤੰਬਰ ਨੂੰ

ਮੋਗਾ,6 ਸਤੰਬਰ (ਜਸ਼ਨ):  ਪੰਜਾਬੀ ਦਾ ਸਿਰਮੌਰ ਕਵੀ ਸੁਰਜੀਤ ਪਾਤਰ ਲਿਖਦਾ ਹੈ ‘‘ਮੈਂ ਪਗਡੰਡੀਆਂ ’ਤੇ ਨਹੀਂ ਚੱਲਦਾ ,ਮੈਂ ਚੱਲਦਾ ਹਾਂ ਤਾਂ ਰਾਹ ਬਣਦੇ ਨੇ ’’ ਅਜਿਹੀ ਸ਼ਖਸੀਅਤ ਦਾ ਮਾਲਕ ਸੀ ਬਾਪੂ ਗੋਪਾਲ ਸਿੰਘ ਸਿੱਧੂ,ਜਿਸ ਨੇ ਲੋਕਾਂ ਨੂੰ ਸਿਰੜ ,ਲਗਨ  ਅਤੇ ਜਜ਼ਬੇ ਨਾਲ ਉਚੇਰੀਆਂ ਮੰਜ਼ਿਲਾਂ ਸਰ ਕਰਨ ਦਾ ਵੱਲ ਸਿਖਾਇਆ । ਸਕੱਤਰ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਸੈੱਲ ਪੰਜਾਬ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਅਤੇ ਸਾਬਕਾ ਬਲਾਕ ਸਮੰਤੀ ਮੈਂਬਰ ਚਰਨਜੀਤ ਸਿੰਘ ਦੇ ਪਿਤਾ ਗੋਪਾਲ ਸਿੰਘ ਬੇਸ਼ੱਕ ਲੰਬਾ ਸਮਾਂ ਬੀਮਾਰੀ ਨਾਲ ਜੂਝਦੇ ਰਹੇ ਪਰ ਪਰਿਵਾਰ ਵੱਲੋਂ ਸਰਵਣ ਪੁੱਤਰਾਂ ਵਾਂਗ ਕੀਤੀ ਸੇਵਾ ਇਲਾਕੇ ਲਈ ਪ੍ਰੇਰਨਾ ਸਰੋਤ ਬਣੀ ਹੈ। ਸ: ਗੋਪਾਲ ਸਿੰਘ ਸਿੱਧੂ ਦਾ ਜਨਮ ਲਾਹੌਰ ਦੇ ਪਿੰਡ ਵੀਰਕੇ ਵਿਖੇ ਪਿਤਾ ਨਰੈਣ ਸਿੰਘ ਅਤੇ ਮਾਤਾ ਲੋਭ ਕੌਰ ਦੀ ਕੁੱਖੋਂ ਹੋਇਆ ਅਤੇ ਦੇਸ਼ ਦੀ ਵੰਡ ਮੌਕੇ 10 ਸਾਲਾਂ ਦੇ ਗੋਪਾਲ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਕਾਹਨੇਵਾਲ ਆ ਵੱਸੇ। ਬੀਬੀ ਮਹਿੰਦਰ ਕੌਰ ਨਾਲ ਵਿਆਹ ਉਪਰੰਤ ਇਹਨਾਂ ਦੇ ਦੋ ਪੁੰਤਰ ਅਤੇ ਇਕ ਪੁੱਤਰੀ ਦਾ ਪਾਲਣ ਪੋਸ਼ਣ ਦੋਹਾਂ ਜੀਆਂ ਨੇ ਜ਼ਿੰਮੇਵਾਰੀ ਨਾਲ ਕੀਤਾ ਅਤੇ ਪਰਿਵਾਰਕ ਸੰਸਕਾਰ ਦਿੰਦਿਆਂ ਸਮਾਜ ਵਿਚ ਸਤਿਕਾਰਤ ਸਥਾਨ ਦਿਵਾਏ । ਸਿਆਸੀ ਤੌਰ ’ਤੇ ਸ. ਗੋਪਾਲ ਸਿੰਘ ਹੁਰਾਂ ਦਾ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਨਾਲ ਜੁੜਿਆ ਰਿਹਾ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਨੇੜਲੇ ਸਾਥੀਆਂ ਵਜੋਂ ਜਾਣੇ ਜਾਂਦੇ ਸ. ਗੋਪਾਲ ਸਿੰਘ ਸਿੱਧੂ ਦੇ ਨਾਲ ਨਾਲ ਉਹਲਾਂ ਦੇ ਸਪੁੱਤਰਾਂ ਜਸਗਿੰਦਰ ਸਿੰਘ ਪੱਪੂ ਕਾਹਨੇਵਾਲਾ ਅਤੇ ਚਰਨਜੀਤ ਸਿੰਘ ਨੂੰ ਸ਼ੋ੍ਰਮਣੀ ਅਕਾਲੀ ਦਲ ਆਪਣੇ ਨਿੱਧੜਕ ਜਰਨੈਲਾਂ ਵਾਂਗ ਸਤਿਕਾਰ ਦਿੰਦਾ ਹੈ । ਬਾਬੂ ਗੋਪਾਲ ਸਿੰਘ ਦੇ ਪੋਤਰੇ ,ਨਵਜੋਤ ਸਿੰਘ ਸਿੰਧੂ ਅਤੇ ਗੁਰਚੇਤ ਸਿੰਘ ਸਿੰਧੂ ਕਨੇਡਾ ਦੀ ਧਰਤੀ ’ਤੇ ਸਿੱਧੂ ਪਰਿਵਾਰ ਵਜੋਂ ਆਪਣਾ ਨਾਮ ਰੌਸ਼ਨ ਕਰ ਰਹੇ ਹਨ। ਹੱਸਦੇ ਵੱਸਦੇ ਪਰਿਵਾਰ ਨੂੰ ਵਿਗੋਚਾ ਦੇ ਗਏ ਬਾਬੂ ਗੋਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਪਿੰਡ ਲਲਿਹਾਂਦੀ ਵਿਖੇ 7 ਸਤੰਬਰ ਦਿਨ ਸੋਮਵਾਰ ਨੂੰ 11 ਵਜੇ ਤੋਂ 1 ਵਜੇ ਤੱਕ ਹੋਵੇਗੀ ਜਿੱਥੇ ਸਮਾਜ ਦੀਆਂ ਵੱਖ ਵੱਖ ਸ਼ਖਸੀਅਤਾਂ ਉਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟਾ ਕਰਨਗੀਆਂ।