ਸੰਤ ਵੀਰ ਸਿੰਘ ਮੱਦੋਕੇ ਨਹੀਂ ਰਹੇ,ਅੰਤਿਮ ਸਸਕਾਰ 24 ਫਰਵਰੀ ਸੋਮਵਾਰ ਨੂੰ ਗੁਰੂਸਰ ਮੱਦੋਕੇ ਵਿਖੇ ਹੋਵੇਗਾ

Tags: 

ਮੋਗਾ,23 ਫਰਵਰੀ(ਜਸ਼ਨ) :ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੰਤ ਵੀਰ ਸਿੰਘ ਮੱਦੋਕੇ ਸਾਬਕਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅੱਜ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮੱਦੋਕੇ ਦੇ ਕਮੇਟੀ ਮੈਂਬਰਾਂ ਜਸਵੰਤ ਸਿੰਘ ,ਰਾਮ ਸਿੰਘ,ਜੋਗਾ ਸਿੰਘ ਅਤੇ ਪ੍ਰੀਤਮ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਵੀਰ ਸਿੰਘ ਦੀ ਤਬੀਅਤ ਪਿਛਲੇ ਕੁਝ ਸਮੇਂ ਤੋਂ ਨਾਸਾਜ਼ ਚੱਲ ਰਹੀ ਸੀ ਪਰ ਅੱਜ ਤੜਕਸਾਰ ਉਹਨਾਂ ਦੀ ਤਬੀਅਤ ਜ਼ਿਆਦਾ ਵਿਗੜਨ ਕਰਕੇ ਉਹਨਾਂ ਨੂੰ ਮੋਗਾ ਦੇ ਦਿੱਲੀ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ । ਕਮੇਟੀ ਮੈਂਬਰਾਂ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ  ਕਿ ਸੰਤ ਵੀਰ ਸਿੰਘ ਦਾ ਅੰਤਿਮ ਸਸਕਾਰ ਕੱਲ ਸਵੇਰੇ 12 ਵਜੇ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਮੱਦੋਕੇ ਵਿਖੇ ਕੀਤਾ ਜਾਵੇਗਾ। ਮੱਦੋਕੇ ਵਿਖੇ ਹੀ ਸੇਵਾ ਨਿਭਾਅ ਰਹੇ ਗਿਆਨੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੰਤ ਵੀਰ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਸਨ ਅਤੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਤੋਂ ਉਹਨਾਂ ਸੰਥਿਆ ਲਈ ਸੀ। ਸੰਜੀਦਗੀ ਦੀ ਮਿਸਾਲ ਸੰਤ ਵੀਰ ਸਿੰਘ ਨੇ ਗੁਰਮਤਿ ,ਸਿੱਖ ਰਹਿਤ ਮਰਿਆਦਾ ਅਤੇ ਇਤਿਹਾਸ ਬਾਰੇ ਭਰਪੂਰ ਗਿਆਨ ਹਾਸਲ ਕੀਤਾ ਅਤੇ ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਵਿਦਿਆਰਥੀ ‘ਗਿਆਨੀ’ ਹੋਣ ਦਾ ਰੁਤਬਾ ਹਾਸਿਲ ਕਰਨ ਦੇ ਯੋਗ ਹੋਏ ਹਨ। ਸੰਤ ਵੀਰ ਸਿੰਘ ਜੀ ਖੁਦ ਗੁਰੂਸਰ ਮੱਦੋਕੇ ਵਿਖੇ ਹਾਈ ਸਕੂਲ ਚਲਾ ਰਹੇ ਸਨ ਤਾਂ ਕਿ ਪੇਂਡੂ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾ ਸਕੇ। 90 ਸਾਲ ਦੇ ਕਰੀਬ ਉਮਰ ਹੋਣ ਦੇ ਬਾਵਜੂਦ ਸੰਤ ਵੀਰ ਸਿੰਘ ਸੇਵਾ ਤੇ ਸਿਮਰਨ ਦੇ ਪਾਂਧੀ ਬਣੇ ਰਹੇ ਅਤੇ ਉਹਨਾਂ ਦਾ ਸਮੁੱਚਾ ਜੀਵਨ ਨੌਜਵਾਨ ਪੀੜ੍ਹੀ ਲਈ ਹਮੇਸ਼ਾ ਰਾਹ ਦਸੇਰਾ ਬਣਿਆ ਰਹੇਗਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।